‘ਆਖ਼ਰੀ ਦਿਨਾਂ’ ਜਾਂ “ਅੰਤ ਦੇ ਸਮੇਂ” ਦੀ ਕੀ ਨਿਸ਼ਾਨੀ ਹੈ?
ਬਾਈਬਲ ਵਿੱਚੋਂ ਜਵਾਬ
ਬਾਈਬਲ ਅਜਿਹੀਆਂ ਘਟਨਾਵਾਂ, ਹਾਲਾਤਾਂ ਅਤੇ ਲੋਕਾਂ ਦੇ ਰਵੱਈਏ ਬਾਰੇ ਦੱਸਦੀ ਹੈ ਜੋ “ਇਸ ਯੁਗ ਦੇ ਆਖ਼ਰੀ ਸਮੇਂ” ਦੀ ਨਿਸ਼ਾਨੀ ਹੋਵੇਗੀ। (ਮੱਤੀ 24:3) ਬਾਈਬਲ ਵਿਚ ਇਸ ਸਮੇਂ ਨੂੰ “ਆਖ਼ਰੀ ਦਿਨ” ਅਤੇ “ਅੰਤ ਦੇ ਸਮੇਂ” ਕਿਹਾ ਗਿਆ ਹੈ।—2 ਤਿਮੋਥਿਉਸ 3:1; ਦਾਨੀਏਲ 8:19, ਈਜ਼ੀ ਟੂ ਰੀਡ ਵਰਯਨ.
‘ਆਖ਼ਰੀ ਦਿਨਾਂ’ ਬਾਰੇ ਕਿਹੜੀਆਂ ਕੁਝ ਭਵਿੱਖਬਾਣੀਆਂ ਹਨ?
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੁਝ ਘਟਨਾਵਾਂ ਇੱਕੋ ਸਮੇਂ ʼਤੇ ਹੋਣਗੀਆਂ ਜੋ ਆਖ਼ਰੀ ਦਿਨਾਂ ਦੀ “ਨਿਸ਼ਾਨੀ” ਹੋਵੇਗੀ। (ਲੂਕਾ 21:7) ਕੁਝ ਮਿਸਾਲਾਂ ʼਤੇ ਗੌਰ ਕਰੋ:
ਵੱਡੇ ਪੈਮਾਨੇ ʼਤੇ ਯੁੱਧ। ਯਿਸੂ ਨੇ ਪਹਿਲਾਂ ਕਿਹਾ ਸੀ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।” (ਮੱਤੀ 24:7) ਇਸੇ ਤਰ੍ਹਾਂ ਪ੍ਰਕਾਸ਼ ਦੀ ਕਿਤਾਬ 6:4 ਵਿਚ ਪਹਿਲਾਂ ਹੀ ਇਕ ਘੋੜਸਵਾਰ ਬਾਰੇ ਦੱਸਿਆ ਗਿਆ ਸੀ ਜੋ ਯੁੱਧ ਨੂੰ ਦਰਸਾਉਂਦਾ ਹੈ ਅਤੇ ਜੋ “ਧਰਤੀ ਉੱਤੋਂ ਸ਼ਾਂਤੀ ਖ਼ਤਮ” ਕਰ ਦੇਵੇਗਾ।
ਕਾਲ਼। ਯਿਸੂ ਨੇ ਪਹਿਲਾਂ ਕਿਹਾ ਸੀ: “ਥਾਂ-ਥਾਂ ਕਾਲ਼ ਪੈਣਗੇ।” (ਮੱਤੀ 24:7) ਪ੍ਰਕਾਸ਼ ਦੀ ਕਿਤਾਬ ਵਿਚ ਇਕ ਹੋਰ ਘੋੜਸਵਾਰ ਬਾਰੇ ਦੱਸਿਆ ਗਿਆ ਸੀ ਜੋ ਇਸ ਗੱਲ ਦੀ ਨਿਸ਼ਾਨੀ ਹੈ ਕਿ ਵੱਡੇ ਪੱਧਰ ʼਤੇ ਕਾਲ਼ ਪੈਣਗੇ।—ਪ੍ਰਕਾਸ਼ ਦੀ ਕਿਤਾਬ 6:5, 6.
ਵੱਡੇ-ਵੱਡੇ ਭੁਚਾਲ਼। ਯਿਸੂ ਨੇ ਕਿਹਾ ਸੀ ਕਿ “ਥਾਂ-ਥਾਂ . . . ਭੁਚਾਲ਼ ਆਉਣਗੇ।” (ਮੱਤੀ 24:7; ਲੂਕਾ 21:11) ਇਨ੍ਹਾਂ ਵੱਡੇ-ਵੱਡੇ ਭੁਚਾਲ਼ਾਂ ਕਰਕੇ ਦੁਨੀਆਂ ਭਰ ਵਿਚ ਹੋਰ ਜ਼ਿਆਦਾ ਦੁੱਖ ਵਧਣਗੇ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੌਤਾਂ ਦੀ ਦਰ ਵਧੇਗੀ।
ਬੀਮਾਰੀਆਂ। ਯਿਸੂ ਦੇ ਕਹੇ ਅਨੁਸਾਰ “ਮਹਾਂਮਾਰੀਆਂ” ਫੈਲਣਗੀਆਂ।—ਲੂਕਾ 21:11.
ਅਪਰਾਧ। ਭਾਵੇਂ ਕਿ ਅਪਰਾਧ ਸਦੀਆਂ ਤੋਂ ਹੁੰਦੇ ਆਏ ਹਨ, ਪਰ ਯਿਸੂ ਨੇ ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ ‘ਬੁਰਾਈ ਵਧੇਗੀ।’—ਮੱਤੀ 24:12.
ਧਰਤੀ ਦੀ ਤਬਾਹੀ। ਪ੍ਰਕਾਸ਼ ਦੀ ਕਿਤਾਬ 11:18 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਨਸਾਨ “ਧਰਤੀ ਨੂੰ ਤਬਾਹ” ਕਰਨਗੇ। ਅੱਜ ਇਨਸਾਨਾਂ ਦੇ ਗ਼ਲਤ ਕੰਮਾਂ ਅਤੇ ਭ੍ਰਿਸ਼ਟਾਚਾਰ ਕਰਕੇ ਧਰਤੀ ਤਬਾਹ ਹੋ ਰਹੀ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਬੁਰੇ ਤੋਂ ਬੁਰਾ ਹੁੰਦਾ ਜਾ ਰਿਹਾ ਰਵੱਈਆ। 2 ਤਿਮੋਥਿਉਸ 3:1-4 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕ “ਨਾਸ਼ੁਕਰੇ, ਵਿਸ਼ਵਾਸਘਾਤੀ, . . . ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ” ਹੋਣਗੇ। ਜਦੋਂ ਲੋਕਾਂ ਵਿਚ ਇਹ ਔਗੁਣ ਹੱਦੋਂ ਵੱਧ ਹੋਣਗੇ, ਤਾਂ ਉਸ ਸਮੇਂ ਨੂੰ ‘ਮੁਸੀਬਤਾਂ ਨਾਲ ਭਰਿਆ’ ਸਮਾਂ ਕਿਹਾ ਜਾਵੇਗਾ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।
ਪਰਿਵਾਰਾਂ ਵਿਚ ਫੁੱਟ। 2 ਤਿਮੋਥਿਉਸ 3:2, 3 ਵਿਚ ਪਹਿਲਾਂ ਹੀ ਦੱਸਿਆ ਸੀ ਕਿ ਬਹੁਤ ਸਾਰੇ ਲੋਕ “ਨਿਰਮੋਹੀ” ਹੋਣਗੇ ਅਤੇ ਬੱਚੇ “ਮਾਤਾ-ਪਿਤਾ ਦੇ ਅਣਆਗਿਆਕਾਰ” ਹੋਣਗੇ।
ਰੱਬ ਲਈ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ। ਯਿਸੂ ਨੇ ਪਹਿਲਾਂ ਹੀ ਕਿਹਾ ਸੀ: “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।” (ਮੱਤੀ 24:12) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਜ਼ਿਆਦਾਤਰ ਲੋਕਾਂ ਦਾ ਰੱਬ ਲਈ ਪਿਆਰ ਠੰਢਾ ਪੈ ਜਾਵੇਗਾ। ਇਸੇ ਤਰ੍ਹਾਂ 2 ਤਿਮੋਥਿਉਸ 3:4 ਵਿਚ ਆਖ਼ਰੀ ਦਿਨਾਂ ਬਾਰੇ ਦੱਸਿਆ ਗਿਆ ਸੀ ਕਿ ਇਸ ਤਰ੍ਹਾਂ ਦੇ ਲੋਕ “ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”
ਭਗਤੀ ਕਰਨ ਦਾ ਦਿਖਾਵਾ ਕਰਨ ਵਾਲੇ। 2 ਤਿਮੋਥਿਉਸ 3:5 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕ ਰੱਬ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਨਗੇ, ਪਰ ਉਹ ਉਸ ਦੇ ਮਿਆਰਾਂ ਮੁਤਾਬਕ ਨਹੀਂ ਚੱਲਣਗੇ।
ਬਾਈਬਲ ਦੀਆਂ ਭਵਿੱਖਬਾਣੀਆਂ ਦੀ ਹੋਰ ਜ਼ਿਆਦਾ ਸਮਝ। ਦਾਨੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਸੀ ਕਿ “ਅੰਤ ਦੇ ਸਮੇਂ” ਵਿਚ ਬਹੁਤ ਸਾਰੇ ਲੋਕ ਬਾਈਬਲ ਦਾ ਸਹੀ ਗਿਆਨ ਲੈਣਗੇ ਅਤੇ ਉਹ ਭਵਿੱਖਬਾਣੀਆਂ ਦੀ ਸਹੀ ਸਮਝ ਵੀ ਹਾਸਲ ਕਰਨਗੇ।—ਦਾਨੀਏਲ 12:4.
ਸਾਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ। ਯਿਸੂ ਨੇ ਪਹਿਲਾਂ ਹੀ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”—ਮੱਤੀ 24:14.
ਲੋਕ ਗੱਲ ਨਹੀਂ ਸੁਣਨਗੇ ਤੇ ਮਜ਼ਾਕ ਉਡਾਉਣਗੇ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਜ਼ਿਆਦਾਤਰ ਲੋਕ ਉਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਨਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ। (ਮੱਤੀ 24:37-39) ਨਾਲੇ 2 ਪਤਰਸ 3:3, 4 ਵਿਚ ਵੀ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੁਝ ਲੋਕ ਸਬੂਤਾਂ ਦਾ ਮਜ਼ਾਕ ਉਡਾਉਣਗੇ ਅਤੇ ਇਨ੍ਹਾਂ ʼਤੇ ਬਿਲਕੁਲ ਵੀ ਯਕੀਨ ਨਹੀਂ ਕਰਨਗੇ।
ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ। ਯਿਸੂ ਨੇ ਕਿਹਾ ਸੀ ਕਿ ਇੱਕੋ ਸਮੇਂ ʼਤੇ ਕੁਝ ਜਾਂ ਜ਼ਿਆਦਾਤਰ ਭਵਿੱਖਬਾਣੀਆਂ ਨਹੀਂ, ਸਗੋਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ। ਇਨ੍ਹਾਂ ਤੋਂ ਪਤਾ ਲੱਗੇਗਾ ਕਿ ਇਹ ਆਖ਼ਰੀ ਦਿਨ ਹਨ।—ਮੱਤੀ 24:33.
ਕੀ ਅਸੀਂ ‘ਅੰਤ ਦੇ ਦਿਨਾਂ’ ਵਿਚ ਰਹਿ ਰਹੇ ਹਾਂ?
ਜੀ ਹਾਂ। ਦੁਨੀਆਂ ਦੇ ਹਾਲਾਤਾਂ ਅਤੇ ਬਾਈਬਲ ਵਿਚ ਦੱਸੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਆਖ਼ਰੀ ਦਿਨ 1914 ਵਿਚ ਸ਼ੁਰੂ ਹੋਏ ਸਨ ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। ਇਹ ਜਾਣਨ ਲਈ ਕਿ ਦੁਨੀਆਂ ਦੇ ਹਾਲਾਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ, ਇਹ ਵੀਡੀਓ ਦੇਖੋ:
1914 ਵਿਚ ਸਵਰਗ ਵਿਚ ਰੱਬ ਦਾ ਰਾਜ ਸ਼ੁਰੂ ਹੋ ਗਿਆ ਸੀ ਅਤੇ ਇਸ ਨੇ ਸਭ ਤੋਂ ਪਹਿਲਾਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਅਤੇ ਧਰਤੀ ਉੱਤੇ ਸੁੱਟ ਦਿੱਤਾ। ਹੁਣ ਉਹ ਸਿਰਫ਼ ਧਰਤੀ ਉੱਤੇ ਹੀ ਆਪਣਾ ਪ੍ਰਭਾਵ ਪਾ ਸਕਦੇ ਹਨ। (ਪ੍ਰਕਾਸ਼ ਦੀ ਕਿਤਾਬ 12:7-12) ਸ਼ੈਤਾਨ ਨੇ ਬਹੁਤ ਸਾਰੇ ਲੋਕਾਂ ਉੱਤੇ ਪ੍ਰਭਾਵ ਪਾਇਆ ਹੈ ਜੋ ਉਨ੍ਹਾਂ ਦੇ ਬੁਰੇ ਰਵੱਈਏ ਅਤੇ ਕੰਮਾਂ ਤੋਂ ਦੇਖਿਆ ਜਾ ਸਕਦਾ ਹੈ। ਇਸੇ ਕਰਕੇ ‘ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਏ’ ਹਨ ਅਤੇ ‘ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’—2 ਤਿਮੋਥਿਉਸ 3:1.
ਬਹੁਤ ਸਾਰੇ ਲੋਕ ਇਨ੍ਹਾਂ ਮੁਸੀਬਤਾਂ ਨਾਲ ਭਰੇ ਸਮੇਂ ਕਰਕੇ ਨਿਰਾਸ਼ ਹਨ। ਉਹ ਚਿੰਤਾ ਵਿਚ ਹਨ ਕਿ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਲੋਕ ਇਕ-ਦੂਜੇ ਨੂੰ ਹੀ ਖ਼ਤਮ ਕਰ ਦੇਣਗੇ।
ਪਰ ਦੂਜੇ ਪਾਸੇ, ਇਸ ਦੁਨੀਆਂ ਦੇ ਹਾਲਾਤਾਂ ਕਰਕੇ ਹੋਰਾਂ ਵਾਂਗ ਪਰੇਸ਼ਾਨ ਲੋਕਾਂ ਕੋਲ ਭਵਿੱਖ ਲਈ ਇਕ ਉਮੀਦ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਰੱਬ ਦਾ ਰਾਜ ਜਲਦੀ ਹੀ ਇਸ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਜੜ੍ਹੋਂ ਉਖਾੜ ਸੁੱਟੇਗਾ। (ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 21:3, 4) ਉਹ ਧੀਰਜ ਨਾਲ ਰੱਬ ਦੇ ਵਾਅਦਿਆਂ ਦੇ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: “ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।”—ਮੱਤੀ 24:13; ਮੀਕਾਹ 7:7.