Skip to content

ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਅੱਜ ਜੋ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਉਨ੍ਹਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ, ਪਰ ਪਰਮੇਸ਼ੁਰ ਨੂੰ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦਾ ਫ਼ਿਕਰ ਹੈ। ਪਰਮੇਸ਼ੁਰ ਦਾ ਰਾਜ ਉਨ੍ਹਾਂ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ ਜਿਨ੍ਹਾਂ ਤੋਂ ਸਾਨੂੰ ਦੁੱਖ ਪਹੁੰਚਦਾ ਹੈ ਜਿਨ੍ਹਾਂ ਵਿਚ ਕੁਦਰਤੀ ਆਫ਼ਤਾਂ ਵੀ ਸ਼ਾਮਲ ਹਨ। ਉਸ ਸਮੇਂ ਤਕ ਪਰਮੇਸ਼ੁਰ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿੰਦਾ ਰਹੇਗਾ।—2 ਕੁਰਿੰਥੀਆਂ 1:3.

 ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਕੁਦਰਤੀ ਆਫ਼ਤਾਂ ਲਿਆ ਕੇ ਪਰਮੇਸ਼ੁਰ ਸਾਨੂੰ ਸਜ਼ਾ ਨਹੀਂ ਦਿੰਦਾ?

 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਸਜ਼ਾ ਦੇਣ ਲਈ ਕੁਦਰਤੀ ਤਾਕਤਾਂ ਦਾ ਇਸਤੇਮਾਲ ਕੀਤਾ। ਪਰ ਉਹ ਤਰੀਕਾ ਕੁਦਰਤੀ ਆਫ਼ਤਾਂ ਤੋਂ ਬਿਲਕੁਲ ਵੱਖਰਾ ਸੀ।

  •   ਕੁਦਰਤੀ ਆਫ਼ਤਾਂ ਆਉਣ ʼਤੇ ਮੌਤਾਂ ਅਤੇ ਅੰਧਾ-ਧੁੰਦ ਨੁਕਸਾਨ ਹੁੰਦਾ ਹੈ। ਇਸ ਤੋਂ ਉਲਟ, ਜਦੋਂ ਪਰਮੇਸ਼ੁਰ ਨੇ ਸਜ਼ਾ ਦੇਣ ਲਈ ਕੁਦਰਤੀ ਤਾਕਤਾਂ ਦਾ ਇਸਤੇਮਾਲ ਕੀਤਾ, ਤਾਂ ਉਸ ਨੇ ਸਿਰਫ਼ ਦੁਸ਼ਟਾਂ ਨੂੰ ਹੀ ਖ਼ਤਮ ਕੀਤਾ ਸੀ। ਮਿਸਾਲ ਲਈ, ਪੁਰਾਣੇ ਸਮੇਂ ਵਿਚ ਸਦੂਮ ਤੇ ਗਮੋਰਾ ਦੇ ਨਾਸ਼ ਵੇਲੇ ਪਰਮੇਸ਼ੁਰ ਨੇ ਚੰਗੇ ਆਦਮੀ ਲੂਤ ਤੇ ਉਸ ਦੀਆਂ ਦੋ ਧੀਆਂ ਨੂੰ ਬਚਾਇਆ ਸੀ। (ਉਤਪਤ 19:29, 30) ਉਸ ਸਮੇਂ ਪਰਮੇਸ਼ੁਰ ਲੋਕਾਂ ਦੇ ਦਿਲ ਪੜ੍ਹ ਸਕਦਾ ਸੀ ਅਤੇ ਉਸ ਨੇ ਸਿਰਫ਼ ਦੁਸ਼ਟਾਂ ਦਾ ਹੀ ਨਾਸ਼ ਕੀਤਾ।—ਉਤਪਤ 18:23-32; 1 ਸਮੂਏਲ 16:7.

  •   ਕੁਦਰਤੀ ਆਫ਼ਤਾਂ ਆਮ ਤੌਰ ਤੇ ਚੇਤਾਵਨੀ ਦੇ ਕੇ ਨਹੀਂ ਆਉਂਦੀਆਂ। ਦੂਜੇ ਪਾਸੇ, ਪਰਮੇਸ਼ੁਰ ਕੁਦਰਤੀ ਤਾਕਤਾਂ ਨੂੰ ਦੁਸ਼ਟ ਲੋਕਾਂ ਦੇ ਖ਼ਿਲਾਫ਼ ਵਰਤਣ ਤੋਂ ਪਹਿਲਾਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਸੀ। ਚੇਤਾਵਨੀ ਨੂੰ ਸੁਣਨ ਵਾਲਿਆਂ ਕੋਲ ਨਾਸ਼ ਤੋਂ ਬਚਣ ਦਾ ਮੌਕਾ ਹੁੰਦਾ ਸੀ।—ਉਤਪਤ 7:1-5; ਮੱਤੀ 24:38, 39.

  •   ਕੁਝ ਕੁਦਰਤੀ ਆਫ਼ਤਾਂ ਇਨਸਾਨ ਦੇ ਫ਼ੈਸਲਿਆਂ ਅਤੇ ਕੰਮਾਂ ਕਰਕੇ ਆਈਆਂ। ਕਿਵੇਂ? ਕੁਦਰਤੀ ਵਾਤਾਵਰਣ ਖ਼ਰਾਬ ਕਰਨ ਕਰਕੇ ਅਤੇ ਉਨ੍ਹਾਂ ਇਲਾਕਿਆਂ ਵਿਚ ਘਰ ਬਣਾਉਣ ਕਰਕੇ ਜਿੱਥੇ ਭੁਚਾਲ਼ ਤੇ ਹੜ੍ਹ ਆਉਣ ਦਾ ਖ਼ਤਰਾ ਜ਼ਿਆਦਾ ਹੈ ਅਤੇ ਜਿੱਥੇ ਮੌਸਮ ਬਹੁਤ ਖ਼ਰਾਬ ਹੁੰਦਾ ਹੈ। (ਪ੍ਰਕਾਸ਼ ਦੀ ਕਿਤਾਬ 11:18) ਇਨਸਾਨਾਂ ਦੀਆਂ ਗ਼ਲਤੀਆਂ ਦੇ ਬੁਰੇ ਨਤੀਜਿਆਂ ਲਈ ਸਾਨੂੰ ਪਰਮੇਸ਼ੁਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ।—ਕਹਾਉਤਾਂ 19:3.

 ਕੀ ਕੁਦਰਤੀ ਆਫ਼ਤਾਂ ਆਖ਼ਰੀ ਦਿਨਾਂ ਦੀ ਨਿਸ਼ਾਨੀ ਹੈ?

 ਹਾਂਜੀ, ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ “ਇਸ ਯੁਗ ਦੇ ਆਖ਼ਰੀ ਸਮੇਂ” ਜਾਂ ‘ਆਖ਼ਰੀ ਦਿਨਾਂ’ ਵਿਚ ਕੁਦਰਤੀ ਆਫ਼ਤਾਂ ਆਉਣਗੀਆਂ। (ਮੱਤੀ 24:3; 2 ਤਿਮੋਥਿਉਸ 3:1) ਮਿਸਾਲ ਲਈ, ਸਾਡੇ ਸਮੇਂ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।” (ਮੱਤੀ 24:7) ਜਲਦੀ ਹੀ ਪਰਮੇਸ਼ੁਰ ਉਨ੍ਹਾਂ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ ਜਿਨ੍ਹਾਂ ਤੋਂ ਸਾਨੂੰ ਦੁੱਖ ਪਹੁੰਚਦਾ ਹੈ ਜਿਨ੍ਹਾਂ ਵਿਚ ਕੁਦਰਤੀ ਆਫ਼ਤਾਂ ਵੀ ਸ਼ਾਮਲ ਹਨ।—ਪ੍ਰਕਾਸ਼ ਦੀ ਕਿਤਾਬ 21:3, 4.

 ਪਰਮੇਸ਼ੁਰ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਿਵੇਂ ਕਰਦਾ ਹੈ?

  •   ਪਰਮੇਸ਼ੁਰ ਆਪਣੇ ਬਚਨ ਬਾਈਬਲ ਰਾਹੀਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿੰਦਾ ਹੈ। ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ ਅਤੇ ਸਾਨੂੰ ਦੁਖੀ ਦੇਖ ਕੇ ਉਸ ਨੂੰ ਦੁੱਖ ਲੱਗਦਾ ਹੈ। (ਯਸਾਯਾਹ 63:9; 1 ਪਤਰਸ 5:6, 7) ਇਹ ਸਾਨੂੰ ਉਸ ਸਮੇਂ ਬਾਰੇ ਵੀ ਦੱਸਦੀ ਹੈ ਜਦੋਂ ਕੁਦਰਤੀ ਆਫ਼ਤਾਂ ਫਿਰ ਕਦੇ ਨਹੀਂ ਆਉਣਗੀਆਂ।—“ ਬਾਈਬਲ ਦੀਆਂ ਆਇਤਾਂ ਜਿਨ੍ਹਾਂ ਤੋਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਮਿਲਦਾ ਹੈ” ਦੇਖੋ।

  •   ਪਰਮੇਸ਼ੁਰ ਆਪਣੇ ਲੋਕਾਂ ਰਾਹੀਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿੰਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਯਿਸੂ ਦੀ ਰੀਸ ਕਰਨ ਲਈ ਵਰਤਦਾ ਹੈ। ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯਿਸੂ “ਟੁੱਟੇ ਦਿਲ ਵਾਲਿਆਂ” ਅਤੇ “ਸਾਰੇ ਸੋਗੀਆਂ” ਨੂੰ ਦਿਲਾਸਾ ਦੇਵੇਗਾ। (ਯਸਾਯਾਹ 61:1, 2) ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ।—ਯੂਹੰਨਾ 13:15.

     ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਪਰਮੇਸ਼ੁਰ ਆਪਣੇ ਲੋਕਾਂ ਨੂੰ ਵਰਤਦਾ ਹੈ।—ਰਸੂਲਾਂ ਦੇ ਕੰਮ 11:28-30; ਗਲਾਤੀਆਂ 6:10.

ਪੋਰਟੋ ਰੀਕੋ ਵਿਚ ਯਹੋਵਾਹ ਦੇ ਗਵਾਹ ਤੂਫ਼ਾਨ ਦੇ ਸ਼ਿਕਾਰ ਲੋਕਾਂ ਨੂੰ ਰਾਹਤ ਪਹੁੰਚਾਉਂਦੇ ਹੋਏ

 ਕੀ ਬਾਈਬਲ ਦੇ ਅਸੂਲ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਹਿਲਾਂ ਤੋਂ ਹੀ ਤਿਆਰ ਕਰ ਸਕਦੇ ਹਨ?

 ਹਾਂਜੀ। ਚਾਹੇ ਬਾਈਬਲ ਇਸ ਲਈ ਨਹੀਂ ਲਿਖੀ ਗਈ ਕਿ ਅਸੀਂ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਪਹਿਲਾਂ ਤੋਂ ਤਿਆਰੀ ਕਰੀਏ, ਪਰ ਇਸ ਵਿਚ ਦਿੱਤੇ ਅਸੂਲ ਸਾਡੀ ਮਦਦ ਕਰ ਸਕਦੇ ਹਨ। ਮਿਸਾਲ ਲਈ:

  •   ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਕਰੋ। ਬਾਈਬਲ ਕਹਿੰਦੀ ਹੈ, “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਖ਼ਤਰਾ ਆਉਣ ਤੋਂ ਪਹਿਲਾਂ ਹੀ ਤਿਆਰੀ ਕਰਨੀ ਸਮਝਦਾਰੀ ਹੈ। ਇਸ ਤਰ੍ਹਾਂ ਦੀ ਤਿਆਰੀ ਵਿਚ ਐਮਰਜੈਂਸੀ ਕਿੱਟ ਤਿਆਰ ਕਰਨੀ ਚਾਹੀਦੀ ਹੈ ਤਾਂਕਿ ਕੁਦਰਤੀ ਆਫ਼ਤ ਆਉਣ ʼਤੇ ਤੁਸੀਂ ਉੱਥੋਂ ਇਕਦਮ ਭੱਜਣ ਲਈ ਤਿਆਰ ਹੋਵੋ ਅਤੇ ਆਪਣੇ ਪਰਿਵਾਰ ਨਾਲ ਪ੍ਰੈਕਟਿਸ ਕਰੋ ਕਿ ਆਫ਼ਤ ਆਉਣ ʼਤੇ ਤੁਸੀਂ ਇਕ-ਦੂਜੇ ਨੂੰ ਕਿੱਥੇ ਮਿਲੋਗੇ।

  •   ਚੀਜ਼ਾਂ ਨਾਲੋਂ ਜ਼ਿੰਦਗੀ ਕੀਮਤੀ ਹੈ। ਬਾਈਬਲ ਦੱਸਦੀ ਹੈ: “ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ।” (1 ਤਿਮੋਥਿਉਸ 6:7, 8) ਸਾਨੂੰ ਆਫ਼ਤ ਵੇਲੇ ਆਪਣਾ ਘਰ ਅਤੇ ਚੀਜ਼ਾਂ ਛੱਡਣ ਲਈ ਤਿਆਰ ਹੋਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚੀਜ਼ਾਂ ਨਾਲੋਂ ਜ਼ਿੰਦਗੀ ਕੀਮਤੀ ਹੈ।—ਮੱਤੀ 6:25.