ਬਾਈਬਲ ਦਾਹ-ਸੰਸਕਾਰ ਬਾਰੇ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਵਿਚ ਦਾਹ-ਸੰਸਕਾਰ ਬਾਰੇ ਕੋਈ ਖ਼ਾਸ ਹਿਦਾਇਤ ਨਹੀਂ ਦਿੱਤੀ ਗਈ। ਬਾਈਬਲ ਵਿਚ ਕਿਤੇ ਵੀ ਮਰੇ ਹੋਏ ਨੂੰ ਦਫ਼ਨਾਉਣ ਦਾ ਜਾਂ ਦਾਹ-ਸੰਸਕਾਰ ਕਰਨ ਦਾ ਹੁਕਮ ਨਹੀਂ ਦਿੱਤਾ ਗਿਆ।
ਬਾਈਬਲ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਮਰੇ ਹੋਇਆਂ ਨੂੰ ਦਫ਼ਨਾਇਆ ਸੀ। ਮਿਸਾਲ ਲਈ, ਅਬਰਾਹਾਮ ਦੀ ਪਤਨੀ ਸਾਰਾਹ ਦੀ ਮੌਤ ਹੋ ਗਈ ਤੇ ਉਸ ਨੇ ਸਾਰਾਹ ਨੂੰ ਦਫ਼ਨਾਉਣ ਲਈ ਜਗ੍ਹਾ ਲੱਭਣ ਲਈ ਕਾਫ਼ੀ ਜਤਨ ਕੀਤੇ।—ਉਤਪਤ 23:2-20; 49:29-32.
ਬਾਈਬਲ ਵਿਚ ਅਜਿਹੇ ਵਫ਼ਾਦਾਰ ਸੇਵਕਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਨੇ ਮਰੇ ਹੋਇਆਂ ਨੂੰ ਸਾੜਿਆ ਸੀ। ਮਿਸਾਲ ਲਈ, ਜਦੋਂ ਇਜ਼ਰਾਈਲ ਦਾ ਰਾਜਾ ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰ ਯੁੱਧ ਵਿਚ ਮਾਰੇ ਗਏ, ਤਾਂ ਉਨ੍ਹਾਂ ਦੀਆਂ ਲਾਸ਼ਾਂ ਦੁਸ਼ਮਣਾਂ ਦੇ ਇਲਾਕੇ ਵਿਚ ਸਨ ਅਤੇ ਉਨ੍ਹਾਂ ਨੇ ਲਾਸ਼ਾਂ ਦੀ ਬੇਅਦਬੀ ਕੀਤੀ। ਸਾਰੀ ਗੱਲ ਜਾਣਨ ਤੋਂ ਬਾਅਦ ਵਫ਼ਾਦਾਰ ਇਜ਼ਰਾਈਲੀ ਯੋਧਿਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਲਿਆ ਕੇ ਸਾੜ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਹੱਡੀਆਂ ਨੂੰ ਦਫ਼ਨਾ ਦਿੱਤਾ। (1 ਸਮੂਏਲ 31:8-13) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇੱਦਾਂ ਕਰਨਾ ਗ਼ਲਤ ਨਹੀਂ ਸੀ।—2 ਸਮੂਏਲ 2:4-6.
ਦਾਹ-ਸੰਸਕਾਰ ਬਾਰੇ ਗ਼ਲਤ ਧਾਰਣਾਵਾਂ
ਗ਼ਲਤ ਧਾਰਣਾ: ਦਾਹ-ਸੰਸਕਾਰ ਕਰਨ ਨਾਲ ਮਰੇ ਹੋਏ ਦੀ ਬੇਇੱਜ਼ਤੀ ਹੁੰਦੀ ਹੈ।
ਸੱਚਾਈ: ਬਾਈਬਲ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਇਕ ਇਨਸਾਨ ਮਿੱਟੀ ਵਿਚ ਮੁੜ ਜਾਂਦਾ ਹੈ। (ਉਤਪਤ 3:19) ਇਹ ਕੁਦਰਤੀ ਹੈ ਕਿ ਜਦੋਂ ਲਾਸ਼ ਗਲ਼ ਜਾਂਦੀ ਹੈ, ਤਾਂ ਉਹ ਮਿੱਟੀ ਬਣ ਜਾਂਦੀ ਹੈ। ਦਾਹ-ਸੰਸਕਾਰ ਕਰਨ ਨਾਲ ਸਰੀਰ ਜਲਦੀ ਸੁਆਹ ਜਾਂ ਮਿੱਟੀ ਬਣ ਜਾਂਦਾ ਹੈ।
ਗ਼ਲਤ ਧਾਰਣਾ: ਬਾਈਬਲ ਦੇ ਜ਼ਮਾਨੇ ਵਿਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਲਾਇਆ ਜਾਂਦਾ ਸੀ ਜਿਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੁੰਦੀ ਸੀ।
ਸੱਚਾਈ: ਕੁਝ ਅਣਆਗਿਆਕਾਰ ਲੋਕਾਂ ਦੀਆਂ ਲਾਸ਼ਾਂ ਨੂੰ ਸਾੜਿਆ ਗਿਆ, ਜਿਵੇਂ ਆਕਾਨ ਅਤੇ ਉਸ ਦੇ ਪਰਿਵਾਰ ਨੂੰ। (ਯਹੋਸ਼ੁਆ 7:25) ਪਰ ਸਾਰੇ ਅਣਆਗਿਆਕਾਰ ਲੋਕਾਂ ਦੀਆਂ ਲਾਸ਼ਾਂ ਨਾਲ ਇੱਦਾਂ ਨਹੀਂ ਕੀਤਾ ਜਾਂਦਾ ਸੀ। (ਬਿਵਸਥਾ ਸਾਰ 21:22, 23) ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਿ ਕੁਝ ਵਫ਼ਾਦਾਰ ਸੇਵਕਾਂ ਦੀਆਂ ਲਾਸ਼ਾਂ ਨੂੰ ਵੀ ਸਾੜਿਆ ਗਿਆ ਸੀ, ਜਿਵੇਂ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਦੀ।
ਗ਼ਲਤ ਧਾਰਣਾ: ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜੀਉਂਦਾ ਨਹੀਂ ਕਰ ਸਕੇਗਾ ਜਿਨ੍ਹਾਂ ਦਾ ਦਾਹ-ਸੰਸਕਾਰ ਕੀਤਾ ਜਾਂਦਾ ਹੈ।
ਸੱਚਾਈ: ਮਰੇ ਹੋਇਆਂ ਨੂੰ ਦੁਬਾਰਾ ਜੀਉਂਦੇ ਕੀਤੇ ਜਾਣ ਸੰਬੰਧੀ ਪਰਮੇਸ਼ੁਰ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਕਿਸੇ ਦੀ ਲਾਸ਼ ਦਫ਼ਨਾਈ ਗਈ ਸੀ, ਦਾਹ-ਸੰਸਕਾਰ ਕੀਤਾ ਗਿਆ ਸੀ, ਪਾਣੀ ਵਿਚ ਡੁੱਬਣ ਕਰਕੇ ਮੌਤ ਹੋ ਗਈ ਸੀ ਜਾਂ ਜੰਗਲੀ ਜਾਨਵਰਾਂ ਨੇ ਖਾ ਲਈ ਸੀ। (ਪ੍ਰਕਾਸ਼ ਦੀ ਕਿਤਾਬ 20:13) ਸਰਬਸ਼ਕਤੀਮਾਨ ਆਸਾਨੀ ਨਾਲ ਦੁਬਾਰਾ ਤੋਂ ਕਿਸੇ ਵਿਅਕਤੀ ਦਾ ਨਵਾਂ ਸਰੀਰ ਬਣਾ ਸਕਦਾ ਹੈ।—1 ਕੁਰਿੰਥੀਆਂ 15:35, 38.