ਬਾਈਬਲ ਵਰਤ ਰੱਖਣ ਬਾਰੇ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਦੇ ਜ਼ਮਾਨੇ ਵਿਚ ਜਦੋਂ ਵਰਤ ਸਹੀ ਇਰਾਦੇ ਨਾਲ ਰੱਖਿਆ ਜਾਂਦਾ ਸੀ, ਤਾਂ ਪਰਮੇਸ਼ੁਰ ਇਸ ਨੂੰ ਮਨਜ਼ੂਰ ਕਰਦਾ ਸੀ। ਪਰ ਜਦੋਂ ਇਹ ਗ਼ਲਤ ਇਰਾਦੇ ਨਾਲ ਰੱਖਿਆ ਜਾਂਦਾ ਸੀ, ਤਾਂ ਪਰਮੇਸ਼ੁਰ ਇਸ ਨੂੰ ਨਾਮਨਜ਼ੂਰ ਕਰਦਾ ਸੀ। ਪਰ ਬਾਈਬਲ ਅੱਜ ਲੋਕਾਂ ਨੂੰ ਨਾ ਤਾਂ ਵਰਤ ਰੱਖਣ ਲਈ ਕਹਿੰਦੀ ਹੈ ਅਤੇ ਨਾ ਹੀ ਮਨ੍ਹਾ ਕਰਦੀ ਹੈ।
ਬਾਈਬਲ ਵਿਚ ਦੱਸੇ ਕੁਝ ਲੋਕਾਂ ਨੇ ਵਰਤ ਕਿਉਂ ਰੱਖਿਆ ਸੀ?
ਪਰਮੇਸ਼ੁਰ ਤੋਂ ਮਦਦ ਅਤੇ ਅਗਵਾਈ ਲੈਣ ਲਈ। ਯਰੂਸ਼ਲਮ ਤਕ ਸਫ਼ਰ ਕਰਨ ਵਾਲੇ ਲੋਕਾਂ ਨੇ ਵਰਤ ਰੱਖ ਕੇ ਦਿਖਾਇਆ ਕਿ ਉਹ ਸੱਚ-ਮੱਚ ਪਰਮੇਸ਼ੁਰ ਤੋਂ ਮਦਦ ਚਾਹੁੰਦੇ ਸਨ। (ਅਜ਼ਰਾ 8:21-23) ਪੌਲੁਸ ਅਤੇ ਬਰਨਾਬਾਸ ਨੇ ਕਈ ਵਾਰ ਮੰਡਲੀ ਦੇ ਬਜ਼ੁਰਗ ਨਿਯੁਕਤ ਕਰਦੇ ਸਮੇਂ ਵਰਤ ਰੱਖਿਆ ਸੀ।—ਰਸੂਲਾਂ ਦੇ ਕੰਮ 14:23.
ਪਰਮੇਸ਼ੁਰ ਦੇ ਮਕਸਦ ʼਤੇ ਆਪਣਾ ਧਿਆਨ ਲਗਾਈ ਰੱਖਣ ਲਈ। ਯਿਸੂ ਨੇ ਆਪਣੇ ਬਪਤਿਸਮੇ ਤੋਂ ਬਾਅਦ 40 ਦਿਨ ਵਰਤ ਰੱਖਿਆ ਤਾਂਕਿ ਉਹ ਆਪਣੀ ਸੇਵਕਾਈ ਦੌਰਾਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕੇ।—ਲੂਕਾ 4:1, 2.
ਪਿਛਲੇ ਪਾਪਾਂ ਦਾ ਪਛਤਾਵਾ ਕਰਨ ਲਈ। ਪਰਮੇਸ਼ੁਰ ਨੇ ਯੋਏਲ ਨਬੀ ਰਾਹੀਂ ਬੇਵਫ਼ਾ ਇਜ਼ਰਾਈਲੀਆਂ ਨੂੰ ਕਿਹਾ: “ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ।”—ਯੋਏਲ 2:12-15.
ਪ੍ਰਾਸਚਿਤ ਦਾ ਦਿਨ ਮਨਾਉਣ ਲਈ। ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨੂੰ ਜੋ ਕਾਨੂੰਨ ਦਿੱਤਾ ਸੀ, ਉਸ ਵਿਚ ਪ੍ਰਾਸਚਿਤ ਦੇ ਦਿਨ ਵਰਤ ਰੱਖਣ ਦਾ ਹੁਕਮ ਵੀ ਦਿੱਤਾ ਸੀ। a (ਲੇਵੀਆਂ 16:29-31) ਇਸ ਮੌਕੇ ʼਤੇ ਵਰਤ ਰੱਖਣਾ ਸਹੀ ਸੀ ਕਿਉਂਕਿ ਇਜ਼ਰਾਈਲੀਆਂ ਨੂੰ ਯਾਦ ਆਉਂਦਾ ਸੀ ਕਿ ਉਹ ਨਾਮੁਕੰਮਲ ਸਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਮਾਫ਼ੀ ਦੀ ਲੋੜ ਸੀ।
ਵਰਤ ਰੱਖਣ ਦੇ ਕੁਝ ਗ਼ਲਤ ਇਰਾਦੇ ਕਿਹੜੇ ਹਨ?
ਦੂਸਰਿਆਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ। ਯਿਸੂ ਨੇ ਸਿਖਾਇਆ ਕਿ ਵਰਤ ਰੱਖਣ ਦੀ ਗੱਲ ਇਕ ਵਿਅਕਤੀ ਅਤੇ ਰੱਬ ਦੇ ਵਿਚਕਾਰ ਹੋਣੀ ਚਾਹੀਦੀ ਹੈ।—ਮੱਤੀ 6:16-18.
ਆਪਣੇ ਆਪ ਨੂੰ ਧਰਮੀ ਸਾਬਤ ਕਰਨਾ। ਕੋਈ ਇਨਸਾਨ ਵਰਤ ਰੱਖ ਕੇ ਨੈਤਿਕ ਤੌਰ ਤੇ ਦੂਸਰਿਆਂ ਨਾਲੋਂ ਨਾ ਤਾਂ ਜ਼ਿਆਦਾ ਚੰਗਾ ਤੇ ਨਾ ਹੀ ਜ਼ਿਆਦਾ ਧਰਮੀ ਬਣ ਜਾਂਦਾ ਹੈ।—ਲੂਕਾ 18:9-14.
ਜਾਣ-ਬੁੱਝ ਕੇ ਵਾਰ-ਵਾਰ ਕੀਤੇ ਗਏ ਪਾਪ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਨੀ। ਪਰਮੇਸ਼ੁਰ ਨੇ ਸਿਰਫ਼ ਉਨ੍ਹਾਂ ਲੋਕਾਂ ਦੇ ਵਰਤ ਕਬੂਲ ਕੀਤੇ ਜਿਨ੍ਹਾਂ ਨੇ ਉਸ ਦਾ ਕਹਿਣਾ ਮੰਨਿਆ ਅਤੇ ਆਪਣੇ ਪਾਪਾਂ ਲਈ ਦਿਲੋਂ ਪਛਤਾਵਾ ਕੀਤਾ।—ਯਸਾਯਾਹ 58:3, 4.
ਇਕ ਧਾਰਮਿਕ ਰੀਤ ਨਿਭਾਉਣੀ। ਇਸ ਮਾਮਲੇ ਵਿਚ ਪਰਮੇਸ਼ੁਰ ਦੀ ਤੁਲਨਾ ਉਸ ਪਿਤਾ ਨਾਲ ਕੀਤੀ ਜਾ ਸਕਦੀ ਹੈ ਜੋ ਉਦੋਂ ਨਾਖ਼ੁਸ਼ ਹੁੰਦਾ ਜਦੋਂ ਉਸ ਦੇ ਬੱਚੇ ਦਿਲੋਂ ਨਹੀਂ, ਸਗੋਂ ਸਿਰਫ਼ ਫ਼ਰਜ਼ ਸਮਝ ਕੇ ਉਸ ਨੂੰ ਪਿਆਰ ਦਿਖਾਉਂਦੇ ਹਨ।—ਯਸਾਯਾਹ 58:5-7.
ਕੀ ਮਸੀਹੀਆਂ ਲਈ ਵਰਤ ਰੱਖਣਾ ਜ਼ਰੂਰੀ ਹੈ?
ਨਹੀਂ। ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਪ੍ਰਾਸਚਿਤ ਦੇ ਦਿਨ ਵਰਤ ਰੱਖਣ ਨੂੰ ਕਿਹਾ ਸੀ। ਪਰ ਜਦੋਂ ਯਿਸੂ ਨੇ ਲੋਕਾਂ ਦੇ ਪਾਪਾਂ ਦੀ ਖ਼ਾਤਰ ਹਮੇਸ਼ਾ ਲਈ ਇਹ ਕੀਮਤ ਚੁਕਾਈ, ਤਾਂ ਪਰਮੇਸ਼ੁਰ ਨੇ ਵਰਤ ਰੱਖਣ ਦੀ ਮੰਗ ਖ਼ਤਮ ਕਰ ਦਿੱਤੀ। (ਇਬਰਾਨੀਆਂ 9:24-26; 1 ਪਤਰਸ 3:18) ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ ਜਿਸ ਵਿਚ ਪ੍ਰਾਸਚਿਤ ਦੇ ਦਿਨ ਬਾਰੇ ਦੱਸਿਆ ਗਿਆ ਸੀ। (ਰੋਮੀਆਂ 10:4; ਕੁਲੁੱਸੀਆਂ 2:13, 14) ਇਸ ਲਈ ਹਰ ਮਸੀਹੀ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੇ ਵਰਤ ਰੱਖਣਾ ਹੈ ਜਾਂ ਨਹੀਂ।—ਰੋਮੀਆਂ 14:1-4.
ਮਸੀਹੀ ਜਾਣਦੇ ਹਨ ਕਿ ਭਗਤੀ ਕਰਨ ਲਈ ਵਰਤ ਰੱਖਣਾ ਜ਼ਰੂਰੀ ਨਹੀਂ ਹੈ। ਬਾਈਬਲ ਵਿਚ ਕਦੀ ਵੀ ਵਰਤ ਦਾ ਸੰਬੰਧ ਖ਼ੁਸ਼ੀ ਨਾਲ ਨਹੀਂ ਜੋੜਿਆ ਗਿਆ। ਇਸ ਦੇ ਉਲਟ, ਸੱਚੀ ਭਗਤੀ ਕਰ ਕੇ ਖ਼ੁਸ਼ੀ ਮਿਲਦੀ ਹੈ ਜਿਸ ਤੋਂ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ ਹੈ ਕਿ ਉਹ “ਖ਼ੁਸ਼ਦਿਲ ਪਰਮੇਸ਼ੁਰ” ਹੈ।—1 ਤਿਮੋਥਿਉਸ 1:11; ਉਪਦੇਸ਼ਕ ਦੀ ਪੋਥੀ 3:12, 13; ਗਲਾਤੀਆਂ 5:22.
ਵਰਤ ਰੱਖਣ ਬਾਰੇ ਬਾਈਬਲ ਦੇ ਵਿਚਾਰ ਸੰਬੰਧੀ ਗ਼ਲਤ ਧਾਰਣਾਵਾਂ
ਗ਼ਲਤ ਧਾਰਣਾ: ਪੌਲੁਸ ਰਸੂਲ ਨੇ ਵਿਆਹੇ ਮਸੀਹੀ ਜੋੜਿਆਂ ਨੂੰ ਵਰਤ ਰੱਖਣ ਦੀ ਸਲਾਹ ਦਿੱਤੀ ਸੀ।—1 ਕੁਰਿੰਥੀਆਂ 7:5, ਕਿੰਗ ਜੇਮਸ ਵਰਜ਼ਨ।
ਸੱਚਾਈ: ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ 1 ਕੁਰਿੰਥੀਆਂ 7:5 ਵਿਚ ਵਰਤ ਰੱਖਣ ਦਾ ਜ਼ਿਕਰ ਨਹੀਂ ਕੀਤਾ ਗਿਆ। b ਬਾਈਬਲ ਦੀ ਨਕਲ ਬਣਾਉਣ ਵਾਲਿਆਂ ਨੇ ਸਿਰਫ਼ ਇਸ ਆਇਤ ਵਿਚ ਹੀ ਨਹੀਂ, ਸਗੋਂ ਮੱਤੀ 17:21; ਮਰਕੁਸ 9:29 ਅਤੇ ਰਸੂਲਾਂ ਦੇ ਕੰਮ 10:30 ਵਿਚ ਵੀ ਵਰਤ ਰੱਖਣ ਦਾ ਵਿਚਾਰ ਪਾ ਦਿੱਤਾ ਸੀ। ਅੱਜ ਦੇ ਜ਼ਮਾਨੇ ਦੇ ਜ਼ਿਆਦਾਤਰ ਬਾਈਬਲ ਅਨੁਵਾਦਾਂ ਵਿਚ ਇਨ੍ਹਾਂ ਆਇਤਾਂ ਵਿਚ ਵਰਤ ਰੱਖਣ ਦੇ ਵਿਚਾਰ ਨੂੰ ਕੱਢ ਦਿੱਤਾ ਗਿਆ ਹੈ।
ਗ਼ਲਤ ਧਾਰਣਾ: ਯਿਸੂ ਨੇ ਬਪਤਿਸਮੇ ਤੋਂ ਬਾਅਦ 40 ਦਿਨ ਉਜਾੜ ਵਿਚ ਵਰਤ ਰੱਖਿਆ। ਮਸੀਹੀਆਂ ਨੂੰ ਇਸ ਦੀ ਯਾਦ ਵਿਚ ਵਰਤ ਰੱਖਣਾ ਚਾਹੀਦਾ ਹੈ।
ਸੱਚਾਈ: ਯਿਸੂ ਨੇ ਇਸ ਤਰ੍ਹਾਂ ਦਾ ਵਰਤ ਰੱਖਣ ਦਾ ਕਦੀ ਵੀ ਹੁਕਮ ਨਹੀਂ ਦਿੱਤਾ ਅਤੇ ਨਾ ਹੀ ਬਾਈਬਲ ਦੀ ਕਿਸੇ ਆਇਤ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਇਹ ਵਰਤ ਰੱਖਿਆ ਹੋਵੇ। c
ਗ਼ਲਤ ਧਾਰਣਾ: ਮਸੀਹੀਆਂ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਵੇਲੇ ਵਰਤ ਰੱਖਣਾ ਚਾਹੀਦਾ ਹੈ।
ਸੱਚਾਈ: ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਵੇਲੇ ਵਰਤ ਰੱਖਣ ਦਾ ਹੁਕਮ ਨਹੀਂ ਦਿੱਤਾ ਸੀ। (ਲੂਕਾ 22:14-18) ਭਾਵੇਂ ਯਿਸੂ ਨੇ ਦੱਸਿਆ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਚੇਲੇ ਵਰਤ ਰੱਖਣਗੇ, ਪਰ ਉਹ ਹੁਕਮ ਨਹੀਂ ਦੇ ਰਿਹਾ ਸੀ, ਸਗੋਂ ਸਿਰਫ਼ ਦੱਸ ਰਿਹਾ ਸੀ ਕਿ ਕੀ ਹੋਣਾ ਸੀ। (ਮੱਤੀ 9:15) ਬਾਈਬਲ ਦੱਸਦੀ ਹੈ ਕਿ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਤੋਂ ਪਹਿਲਾਂ ਜੇ ਕੋਈ ਮਸੀਹੀ ਭੁੱਖਾ ਹੈ, ਤਾਂ ਘਰੋਂ ਰੋਟੀ ਖਾ ਕੇ ਆਵੇ।—1 ਕੁਰਿੰਥੀਆਂ 11:33, 34.
a ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਪ੍ਰਾਸਚਿਤ ਦੇ ਦਿਨ “ਤੁਸਾਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ।” (ਲੇਵੀਆਂ 16:29, 31) ਇਹ ਸ਼ਬਦ ਵਰਤ ਰੱਖਣ ਨੂੰ ਦਰਸਾਉਂਦੇ ਹਨ। (ਯਸਾਯਾਹ 58:3) ਕੰਨਟੈਮਪ੍ਰੇਰੀ ਇੰਗਲਿਸ਼ ਵਰਯਨ ਵਿਚ ਇਨ੍ਹਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ: “ਆਪਣੇ ਪਾਪਾਂ ਲਈ ਤੋਬਾ ਜ਼ਾਹਰ ਕਰਨ ਲਈ ਤੁਹਾਨੂੰ ਭੁੱਖੇ ਰਹਿਣਾ ਚਾਹੀਦਾ ਹੈ।”
b See A Textual Commentary on the Greek New Testament, by Bruce M. Metzger, Third Edition, page 554.
c ਈਸਟਰ ਤੋਂ 40 ਦਿਨ ਪਹਿਲਾਂ ਵਰਤ ਰੱਖਣ ਦੇ ਇਤਿਹਾਸ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਦੱਸਦਾ ਹੈ: ‘ਪਹਿਲੀਆਂ ਤਿੰਨ ਸਦੀਆਂ ਵਿਚ ਪਸਾਹ ਦੇ ਖਾਣੇ (ਈਸਟਰ) ਦੀ ਤਿਆਰੀ ਲਈ ਵਰਤ ਰੱਖਣ ਦਾ ਸਮਾਂ ਇਕ ਹਫ਼ਤੇ ਤੋਂ ਜ਼ਿਆਦਾ ਨਹੀਂ ਹੁੰਦਾ ਸੀ। ਇਹ ਅਕਸਰ ਇਕ ਜਾਂ ਦੋ ਦਿਨਾਂ ਲਈ ਰੱਖਿਆ ਜਾਂਦਾ ਸੀ। 40 ਦਿਨ ਦੇ ਸਮੇਂ ਦਾ ਜ਼ਿਕਰ ਪਹਿਲੀ ਵਾਰ ਨਾਈਸੀਆ ਸ਼ਹਿਰ ਵਿਚ ਹੋਈ ਸਭਾ (325 ਈਸਵੀ) ਦੇ ਪੰਜਵੇਂ ਨਿਯਮ ਵਿਚ ਆਉਂਦਾ ਹੈ। ਹਾਲਾਂਕਿ ਕੁਝ ਵਿਦਵਾਨ ਨਹੀਂ ਮੰਨਦੇ ਕਿ ਇਹ 40 ਦਿਨ ਵਰਤ ਰੱਖਣ ਦੇ ਸਮੇਂ ਵੱਲ ਇਸ਼ਾਰਾ ਕਰਦਾ ਹੈ।’—ਦੂਜਾ ਐਡੀਸ਼ਨ; ਖੰਡ 8, ਸਫ਼ਾ 468.