ਬਾਈਬਲ ਮੇਕ-ਅੱਪ ਕਰਨ ਅਤੇ ਗਹਿਣੇ ਪਾਉਣ ਬਾਰੇ ਕੀ ਕਹਿੰਦੀ ਹੈ?
ਬਾਈਬਲ ਕਹਿੰਦੀ ਹੈ
ਭਾਵੇਂ ਬਾਈਬਲ ਵਿਚ ਇਸ ਵਿਸ਼ੇ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਗਈ, ਪਰ ਇਹ ਮੇਕ-ਅੱਪ ਕਰਨ, ਗਹਿਣੇ ਪਾਉਣ ਜਾਂ ਹੋਰ ਹਾਰ-ਸ਼ਿੰਗਾਰ ਕਰਨ ਨੂੰ ਗ਼ਲਤ ਨਹੀਂ ਕਹਿੰਦੀ। ਪਰ ਬਾਈਬਲ ਬਾਹਰੀ ਹਾਰ-ਸ਼ਿੰਗਾਰ ਕਰਨ ਦੀ ਬਜਾਇ ‘ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਨ’ ʼਤੇ ਜ਼ੋਰ ਦਿੰਦੀ ਹੈ।—1 ਪਤਰਸ 3:3, 4.
ਹਾਰ-ਸ਼ਿੰਗਾਰ ਕਰਨਾ ਗ਼ਲਤ ਨਹੀਂ ਹੈ
ਬਾਈਬਲ ਵਿਚ ਦਰਜ ਵਫ਼ਾਦਾਰ ਔਰਤਾਂ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਸੀ। ਰਿਬਕਾਹ, ਜਿਸ ਦਾ ਵਿਆਹ ਅਬਰਾਹਾਮ ਦੇ ਪੁੱਤਰ ਇਸਹਾਕ ਨਾਲ ਹੋਇਆ ਸੀ, ਨੇ ਸੋਨੇ ਦੀ ਨੱਥ, ਕੰਗਣ ਅਤੇ ਹੋਰ ਮਹਿੰਗੇ ਗਹਿਣੇ ਪਾਏ ਸਨ ਜੋ ਉਸ ਨੂੰ ਉਸ ਦੇ ਹੋਣ ਵਾਲੇ ਸਹੁਰੇ ਨੇ ਦਿੱਤੇ ਸਨ। (ਉਤਪਤ 24:22, 30, 53) ਇਸੇ ਤਰ੍ਹਾਂ ਅਸਤਰ ਨੇ ਆਪਣੀ ਖ਼ੂਬਸੂਰਤੀ ਨਿਖਾਰਨ ਲਈ ਕਈ ਚੀਜ਼ਾਂ ਲਾਈਆਂ ਤਾਂਕਿ ਉਹ ਫ਼ਾਰਸ ਦੇ ਰਾਜੇ ਦੀ ਰਾਣੀ ਬਣਨ ਦੇ ਕਾਬਲ ਹੋਵੇ। (ਅਸਤਰ 2:7, 9, 12) ਖ਼ੂਬਸੂਰਤੀ ਨਿਖਾਰਨ ਵਾਲੀਆਂ ਚੀਜ਼ਾਂ ਵਿਚ ਕਈ ਤਰ੍ਹਾਂ ਦੇ ਮੇਕ-ਅੱਪ ਵੀ ਸ਼ਾਮਲ ਸਨ।
ਬਾਈਬਲ ਵਿਚ ਗਹਿਣਿਆਂ ਦੀਆਂ ਮਿਸਾਲਾਂ ਦੇ ਕੇ ਵਧੀਆ ਗੱਲਾਂ ਦੱਸੀਆਂ ਗਈਆਂ ਹਨ। ਮਿਸਾਲ ਲਈ, ਚੰਗੀ ਸਲਾਹ ਦੇਣ ਵਾਲਾ ਉਸ ਵਿਅਕਤੀ ਲਈ “ਸੋਨੇ ਦੀ ਬਾਲੀ” ਹੈ ਜੋ ਉਸ ਦੀ ਸਲਾਹ ‘ਸੁਣਦਾ’ ਹੈ। (ਕਹਾਉਤਾਂ 25:12) ਇਸੇ ਤਰ੍ਹਾਂ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨਾਲ ਆਪਣੇ ਵਿਵਹਾਰ ਦੀ ਤੁਲਨਾ ਉਸ ਪਤੀ ਨਾਲ ਕੀਤੀ ਜੋ ਆਪਣੀ ਪਤਨੀ ਨੂੰ ਕੰਗਣ, ਹਾਰ ਅਤੇ ਵਾਲ਼ੀਆਂ ਨਾਲ ਸਜਾਉਂਦਾ ਹੈ। ਇਨ੍ਹਾਂ ਗਹਿਣਿਆਂ ਨਾਲ ਇਜ਼ਰਾਈਲ ਕੌਮ “ਵੱਡੀ ਸੁੰਦਰ” ਬਣ ਗਈ।—ਹਿਜ਼ਕੀਏਲ 16:11-13.
ਮੇਕ-ਅੱਪ ਅਤੇ ਗਹਿਣਿਆਂ ਬਾਰੇ ਗ਼ਲਤ ਧਾਰਣਾਵਾਂ
ਗ਼ਲਤ ਧਾਰਣਾ: 1 ਪਤਰਸ 3:3 ਵਿਚ ਬਾਈਬਲ ਦੱਸਦੀ ਹੈ ਕਿ “ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ ਅਤੇ ਸ਼ਾਨਦਾਰ ਕੱਪੜੇ ਪਾਉਣੇ ਗ਼ਲਤ ਹਨ।”
ਸੱਚਾਈ: ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਕਿ ਬਾਈਬਲ ਵਿਚ ਬਾਹਰੀ ਰੂਪ ਨੂੰ ਸ਼ਿੰਗਾਰਨ ਨਾਲੋਂ ਮਨ ਦੀ ਸੁੰਦਰਤਾ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। (1 ਪਤਰਸ 3:3-6) ਇਸ ਤਰ੍ਹਾਂ ਦੀ ਤੁਲਨਾ ਬਾਈਬਲ ਦੀਆਂ ਹੋਰ ਆਇਤਾਂ ਵਿਚ ਵੀ ਕੀਤੀ ਗਈ ਹੈ।—1 ਸਮੂਏਲ 16:7; ਕਹਾਉਤਾਂ 11:22; 31:30; 1 ਤਿਮੋਥਿਉਸ 2:9, 10.
ਗ਼ਲਤ ਧਾਰਣਾ: ਦੁਸ਼ਟ ਰਾਣੀ ਈਜ਼ਬਲ ਨੇ “ਆਪਣੀਆਂ ਅੱਖਾਂ ਵਿੱਚ ਕੱਜਲ ਪਾਇਆ” ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਮੇਕ-ਅੱਪ ਕਰਨਾ ਗ਼ਲਤ ਹੈ।—2 ਰਾਜਿਆਂ 9:30.
ਸੱਚਾਈ: ਈਜ਼ਬਲ ਜਾਦੂਗਰੀ ਕਰਦੀ ਸੀ ਅਤੇ ਕਾਤਲ ਸੀ। ਉਸ ਨੂੰ ਉਸ ਦੇ ਇਨ੍ਹਾਂ ਦੁਸ਼ਟ ਕੰਮਾਂ ਲਈ ਸਜ਼ਾ ਦਿੱਤੀ ਗਈ, ਨਾ ਕਿ ਹਾਰ-ਸ਼ਿੰਗਾਰ ਕਰਨ ਕਰਕੇ।—2 ਰਾਜਿਆਂ 9:7, 22, 36, 37.