ਕੀ ਸਿਗਰਟ ਪੀਣੀ ਪਾਪ ਹੈ?
ਬਾਈਬਲ ਕੀ ਕਹਿੰਦੀ ਹੈ
ਬਾਈਬਲ ਸਿਗਰਟ ਪੀਣ a ਜਾਂ ਹੋਰ ਤਰੀਕੇ ਨਾਲ ਤਮਾਖੂ ਦਾ ਸੇਵਨ ਕਰਨ ਬਾਰੇ ਕੁਝ ਨਹੀਂ ਦੱਸਦੀ। ਪਰ ਇਸ ਵਿਚ ਦਿੱਤੇ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਆਦਤਾਂ ਤੋਂ ਨਫ਼ਰਤ ਹੈ ਜੋ ਗੰਦੀਆਂ ਹਨ ਅਤੇ ਜਿਨ੍ਹਾਂ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਿਗਰਟ ਪੀਣੀ ਪਾਪ ਹੈ।
ਜੀਵਨ ਦੀ ਕਦਰ। “ਪਰਮੇਸ਼ੁਰ . . . ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ। (ਰਸੂਲਾਂ ਦੇ ਕੰਮ 17:24, 25) ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਇਸ ਲਈ ਸਾਨੂੰ ਸਿਗਰਟ ਪੀਣ ਵਰਗੀਆਂ ਗੰਦੀਆਂ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਸਾਡੀ ਮੌਤ ਜਲਦੀ ਹੋ ਸਕਦੀ ਹੈ। ਪੂਰੀ ਦੁਨੀਆਂ ਵਿਚ ਸਿਗਰਟ ਪੀਣ ਕਰਕੇ ਜ਼ਿਆਦਾਤਰ ਲੋਕ ਮਰਦੇ ਹਨ ਜਦ ਕਿ ਇਸ ਤੋਂ ਬਚਿਆ ਜਾ ਸਕਦਾ ਹੈ।
ਗੁਆਂਢੀ ਲਈ ਪਿਆਰ। “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਸਿਗਰਟ ਪੀਣ ਵਾਲਾ ਇਨਸਾਨ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਪਿਆਰ ਨਹੀਂ ਦਿਖਾਉਂਦਾ। ਜੋ ਲੋਕ ਸਿਗਰਟ ਪੀਣ ਕਰਨ ਵਾਲਿਆਂ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਨੂੰ ਉਹ ਬੀਮਾਰੀਆਂ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜੋ ਅਕਸਰ ਸਿਗਰਟ ਪੀਣ ਵਾਲਿਆਂ ਨੂੰ ਲੱਗਦੀਆਂ ਹਨ।
ਪਵਿੱਤਰ ਰਹਿਣਾ। “ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ।” (ਰੋਮੀਆਂ 12:1) “ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।” (2 ਕੁਰਿੰਥੀਆਂ 7:1) ਸਿਗਰਟ ਪੀਣੀ ਕੁਦਰਤੀ ਨਹੀਂ ਹੈ ਅਤੇ ਇਸ ਨਾਲ ਇਕ ਵਿਅਕਤੀ ਪਵਿੱਤਰ ਨਹੀਂ ਰਹਿੰਦਾ ਯਾਨੀ ਉਹ ਸਰੀਰਕ ਤੌਰ ʼਤੇ ਸਾਫ਼ ਅਤੇ ਸ਼ੁੱਧ ਨਹੀਂ ਰਹਿੰਦਾ। ਇਹ ਲੋਕ ਸਭ ਕੁਝ ਜਾਣਦੇ ਹੋਏ ਜ਼ਹਿਰ ਲੈਂਦੇ ਹਨ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।
ਕੀ ਬਾਈਬਲ ਮੌਜ-ਮਸਤੀ ਕਰਨ ਲਈ ਭੰਗ ਪੀਣ ਜਾਂ ਹੋਰ ਨਸ਼ੇ ਕਰਨ ਬਾਰੇ ਕੁਝ ਕਹਿੰਦੀ ਹੈ?
ਬਾਈਬਲ ਵਿਚ ਭੰਗ ਜਾਂ ਹੋਰ ਨਸ਼ਿਆਂ ਬਾਰੇ ਨਹੀਂ ਦੱਸਿਆ ਗਿਆ। ਪਰ ਬਾਈਬਲ ਵਿਚ ਕੁਝ ਅਜਿਹੇ ਅਸੂਲ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੌਜ-ਮਸਤੀ ਕਰਨ ਲਈ ਵੀ ਨਸ਼ਾ ਕਰਨਾ ਗ਼ਲਤ ਹੈ। ਅਸੀਂ ਜਿਨ੍ਹਾਂ ਅਸੂਲਾਂ ਦੀ ਉੱਪਰ ਗੱਲ ਕੀਤੀ ਹੈ, ਉਹ ਤਾਂ ਲਾਗੂ ਹੁੰਦੇ ਹਨ ਅਤੇ ਅੱਗੇ ਦਿੱਤੇ ਹੋਰ ਅਸੂਲ ਵੀ ਲਾਗੂ ਹੁੰਦੇ ਹਨ:
ਸੋਚਣ-ਸਮਝਣ ਦੀ ਕਾਬਲੀਅਤ। “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ . . . ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37, 38) “ਪੂਰੇ ਹੋਸ਼ ਵਿਚ ਰਹੋ।” (1 ਪਤ. 1:13) ਨਸ਼ੇ ਕਰਨ ਵਾਲਾ ਇਨਸਾਨ ਚੰਗੀ ਤਰ੍ਹਾਂ ਸੋਚ ਨਹੀਂ ਸਕਦਾ ਅਤੇ ਬਹੁਤ ਸਾਰੇ ਲੋਕ ਤਾਂ ਇਸ ਦੇ ਆਦੀ ਹੋ ਜਾਂਦੇ ਹਨ। ਚੰਗੀਆਂ ਗੱਲਾਂ ਸੋਚਣ ਦੀ ਬਜਾਇ ਉਨ੍ਹਾਂ ਦਾ ਸਾਰਾ ਧਿਆਨ ਇਸ ਗੱਲ ʼਤੇ ਲੱਗਾ ਰਹਿੰਦਾ ਹੈ ਕਿ ਕਿਵੇਂ ਅਤੇ ਕਿੱਥੋਂ ਨਸ਼ਾ ਹਾਸਲ ਕਰਨ।—ਫ਼ਿਲਿੱਪੀਆਂ 4:8.
ਸਰਕਾਰ ਦੇ ਕਾਨੂੰਨ ਨੂੰ ਮੰਨਣਾ। “ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ” ਰਹੋ। (ਤੀਤੁਸ 3:1) ਬਹੁਤ ਸਾਰੇ ਦੇਸ਼ਾਂ ਵਿਚ ਕੁਝ ਨਸ਼ੇ ਨਾ ਕਰਨ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸਰਕਾਰ ਦੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ।—ਰੋਮੀਆਂ 13:1.
a ਸਿਗਰਟ ਪੀਣ ਵਿਚ ਕਈ ਗੱਲਾਂ ਸ਼ਾਮਲ ਹਨ, ਜਿਵੇਂ ਬੀੜੀ, ਸਿਗਾਰ, ਚਿਲਮ ਜਾਂ ਹੁੱਕੇ ਰਾਹੀਂ ਤਮਾਖੂ ਦੇ ਸੂਟੇ ਲਾਉਣੇ। ਪਰ ਇਸ ਵਿਚ ਦੱਸੇ ਅਸੂਲ ਤਮਾਖੂ ਚੱਬਣ, ਨਸਵਾਰ ਸੁੰਘਣ, ਨਿਕੋਟੀਨ ਵਾਲੀਆਂ ਇਲੈਕਟ੍ਰਾਨਿਕ ਸਿਗਰਟਾਂ ਅਤੇ ਹੋਰ ਚੀਜ਼ਾਂ ʼਤੇ ਵੀ ਲਾਗੂ ਹੁੰਦੇ ਹਨ।