ਬਰਤਾਨੀਆ ਫੋਟੋ ਗੈਲਰੀ 1 (ਜਨਵਰੀ ਤੋਂ ਅਗਸਤ 2015)
ਬਰਤਾਨੀਆ ਵਿਚ ਯਹੋਵਾਹ ਦੇ ਗਵਾਹ ਮਿਲ-ਹਿਲ, ਲੰਡਨ ਵਿੱਚੋਂ ਆਪਣੇ ਸ਼ਾਖ਼ਾ ਦਫ਼ਤਰ ਨੂੰ ਤਕਰੀਬਨ 70 ਕਿਲੋਮੀਟਰ (43 ਮੀਲ) ਦੂਰ ਪੂਰਬ ਵੱਲ ਚੈਮਸਫੋਰਡ, ਐਸੈਕਸ ਸ਼ਹਿਰ ਦੇ ਨੇੜੇ ਬਣਾ ਰਹੇ ਹਨ। ਜਨਵਰੀ ਤੋਂ ਅਗਸਤ 2015 ਦੌਰਾਨ ਕਾਮਿਆਂ ਨੇ ਰਹਿਣ ਜਾਂ ਸਾਮਾਨ ਰੱਖਣ ਲਈ ਥਾਵਾਂ ਤਿਆਰ ਕੀਤੀਆਂ ਤਾਂਕਿ ਉਸਾਰੀ ਦਾ ਕੰਮ ਸ਼ੁਰੂ ਹੋ ਸਕੇ।
23 ਜਨਵਰੀ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਸ਼ਹਿਰ ਦੇ ਸਰਕਾਰੀ ਅਧਿਕਾਰੀਆਂ ਤੋਂ ਇਜਾਜ਼ਤ ਲੈਣ ਤੋਂ ਬਾਅਦ ਕਾਮਿਆਂ ਨੇ ਡਿੱਗੇ ਹੋਏ ਦਰਖ਼ਤਾਂ ਨੂੰ ਚੁੱਕਿਆ ਤਾਂਕਿ ਕੰਮ ਕਰਨ ਲਈ ਜਗ੍ਹਾ ਤਿਆਰ ਹੋ ਸਕੇ। ਉਨ੍ਹਾਂ ਨੇ ਧਿਆਨ ਰੱਖਿਆ ਕਿ ਉਨ੍ਹਾਂ ਦਾ ਕੰਮ ਪੰਛੀਆਂ ਦੇ ਆਲ੍ਹਣੇ ਬਣਾਉਣ ਦੇ ਮੌਸਮ ਤੋਂ ਪਹਿਲਾਂ ਪੂਰਾ ਹੋ ਜਾਵੇ। ਤੁਰਨ ਲਈ ਥਾਂ ਬਣਾਉਣ ਵਾਸਤੇ ਲੱਕੜਾਂ ਦੇ ਫੱਟੇ ਲਾਏ ਜਾ ਰਹੇ ਹਨ ਅਤੇ ਉਸਾਰੀ ਦੇ ਕੰਮ ਵਿਚ ਵਰਤਣ ਲਈ ਲੱਕੜ ਨੂੰ ਸੰਭਾਲ ਕੇ ਰੱਖਿਆ ਜਾ ਰਿਹਾ ਹੈ।
30 ਜਨਵਰੀ 2015—ਖਾਣਾ ਖਾਣ ਦੀ ਜਗ੍ਹਾ
ਬਿਜਲੀ ਦਾ ਕੰਮ ਕਰਨ ਵਾਲਾ ਸਕ੍ਰੀਨਾਂ ਲਈ ਸਾਕਟ ਲਾਉਂਦਾ ਹੋਇਆ। ਇਹ ਥਾਂ ਪਹਿਲਾਂ ਛੋਟਾ ਜਿਹਾ ਹੋਟਲ ਹੁੰਦਾ ਸੀ। ਹੁਣ ਇੱਥੇ ਰਸੋਈ ਅਤੇ ਖਾਣਾ ਖਾਣ ਦੀ ਜਗ੍ਹਾ ਬਣਾਈ ਜਾ ਰਹੀ ਹੈ। ਇਨ੍ਹਾਂ ਸਕ੍ਰੀਨਾਂ ʼਤੇ ਕਾਮੇ ਸਵੇਰੇ ਪਰਮੇਸ਼ੁਰ ਦੇ ਬਚਨ ਵਿੱਚੋਂ ਹੁੰਦੀ ਚਰਚਾ ਅਤੇ ਬੈਥਲ ਪਰਿਵਾਰ ਲਈ ਹੁੰਦੀ ਪਹਿਰਾਬੁਰਜ ਸਟੱਡੀ ਨੂੰ ਸੁਣ ਤੇ ਦੇਖ ਸਕਣਗੇ।
23 ਫਰਵਰੀ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਸਵੈ-ਸੇਵਕਾਂ ਸੁਰੱਖਿਆ ਲਈ ਵਾੜ ਲਾਉਂਦੀਆਂ ਹੋਈਆਂ। ਇਹ ਵਾੜ ਉਸਾਰੀ ਦੀ ਜਗ੍ਹਾ ਦੇ ਵੱਡੇ-ਵੱਡੇ ਹਿੱਸਿਆਂ ਦੁਆਲੇ ਲਾਈ ਜਾਵੇਗੀ। ਪੇਂਡੂ ਇਲਾਕਾ ਹੋਣ ਕਰਕੇ ਕਦਮ ਚੁੱਕੇ ਗਏ ਤਾਂਕਿ ਉਸਾਰੀ ਦਾ ਕੰਮ ਹੋਣ ਕਰਕੇ ਪੇੜ-ਪੌਦਿਆਂ ਅਤੇ ਜੰਗਲੀ ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚੇ। ਮਿਸਾਲ ਲਈ, ਵਾੜ ਦੇ ਥੱਲੇ 20 ਸੈਂਟੀਮੀਟਰ (8 ਇੰਚ) ਵਿੱਥ ਛੱਡੀ ਗਈ ਹੈ ਤਾਂਕਿ ਬਿਜੂਆਂ ਨੂੰ ਖਾਣੇ ਦੀ ਭਾਲ ਕਰਨ ਵਿਚ ਜਾਂ ਰਾਤ ਨੂੰ ਹੋਰ ਕੰਮ ਕਰਨ ਵਿਚ ਕੋਈ ਮੁਸ਼ਕਲ ਨਾ ਹੋਵੇ।
23 ਫਰਵਰੀ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਰਹਿਣ ਵਾਲੀ ਥਾਂ ਤੋਂ ਉਸਾਰੀ ਦੀ ਮੁੱਖ ਜਗ੍ਹਾ ʼਤੇ ਆਉਣ-ਜਾਣ ਲਈ ਇਕ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਜੋ ਥੋੜ੍ਹੇ ਸਮੇਂ ਲਈ ਹੋਵੇਗਾ।
5 ਮਾਰਚ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਪੂਰਬ ਵੱਲੋਂ ਦੇਖਣ ਤੇ ਤਿਆਰ ਕੀਤਾ ਗਿਆ ਪੂਰਾ ਰਸਤਾ ਦਿਖਾਈ ਦਿੰਦਾ ਹੈ। ਉੱਪਰੋਂ ਸੱਜੇ ਪਾਸੇ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਰਸਤਾ ਉਸਾਰੀ ਦੀ ਮੁੱਖ ਜਗ੍ਹਾ ਨਾਲ ਜਾ ਕੇ ਜੁੜਦਾ ਹੈ। ਥੱਲੇ ਨੂੰ ਖੱਬੇ ਪਾਸੇ ਦਿਸਣ ਵਾਲੀਆਂ ਇਮਾਰਤਾਂ ਨੂੰ ਅਪਾਰਟਮੈਂਟਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਤਾਂਕਿ ਕਾਮੇ ਇੱਥੇ ਰਹਿ ਸਕਣ। ਨਾਲ ਦੇ ਖੇਤਾਂ ਵਿਚ ਰਹਿਣ ਲਈ ਹੋਰ ਮਕਾਨ ਤਿਆਰ ਕੀਤੇ ਜਾਣਗੇ।
20 ਅਪ੍ਰੈਲ 2015—ਰਹਿਣ ਦੀ ਜਗ੍ਹਾ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਇਕ ਮੈਂਬਰ ਅਤੇ ਸਾਡੇ ਮੁੱਖ ਦਫ਼ਤਰ ਤੋਂ ਇਕ ਹੋਰ ਭਰਾ ਉਸਾਰੀ ਦਾ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਮਿਲਣ ਆਏ। ਬਾਅਦ ਵਿਚ ਉਸੇ ਹਫ਼ਤੇ ਦੌਰਾਨ ਬਰਤਾਨੀਆ ਅਤੇ ਆਇਰਲੈਂਡ ਦੇ ਸਾਰੇ ਕਿੰਗਡਮ ਹਾਲਾਂ ਵਿਚ ਇਕ ਖ਼ਾਸ ਸਭਾ ਦਾ ਪ੍ਰਸਾਰਣ ਕੀਤਾ ਗਿਆ। ਇਹ ਘੋਸ਼ਣਾ ਕੀਤੀ ਗਈ ਕਿ ਇਕ ਦਿਨ ਪਹਿਲਾਂ ਦੀ ਸ਼ਾਮ ਨੂੰ ਚੈਮਸਫੋਰਡ ਸ਼ਹਿਰ ਦੀ ਕੌਂਸਲ ਨੇ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
13 ਮਈ 2015—ਕਾਮਿਆਂ ਦੇ ਰਹਿਣ ਲਈ ਮੁੱਖ ਜਗ੍ਹਾ
ਕਾਮੇ ਦੋ ਵੱਡੇ-ਵੱਡੇ ਬਲੂਤ ਦੇ ਦਰਖ਼ਤਾਂ ਵਿਚਕਾਰ ਜਾਲ਼ੀ ਵਰਗੀ ਚੀਜ਼ ਲਾਉਂਦੇ ਹੋਏ ਜੋ ਦਰਖ਼ਤਾਂ ਦੀਆਂ ਜੜ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਹ ਖ਼ਾਸ ਚੁਰਾਹਾ ਸਾਜ਼ੋ-ਸਾਮਾਨ ਦੀ ਥਾਂ ਅਤੇ ਉਸਾਰੀ ਦੀ ਮੁੱਖ ਜਗ੍ਹਾ ਨੂੰ ਜੋੜਦਾ ਹੈ। ਇਸ ਰਸਤੇ ਰਾਹੀਂ ਦਰਖ਼ਤ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਭਾਰੇ ਸਾਮਾਨ ਨੂੰ ਲਿਜਾਇਆ ਜਾ ਸਕਦਾ ਹੈ।
21 ਮਈ 2015—ਰਹਿਣ ਦੀ ਜਗ੍ਹਾ
ਥੋੜ੍ਹੇ ਚਿਰ ਵਾਸਤੇ ਰਹਿਣ ਲਈ ਜਗ੍ਹਾ ਬਣਾਉਣ ਵਾਸਤੇ ਕਾਮੇ ਖਾਈਆਂ ਪੁੱਟਦੇ ਹੋਏ। ਉਨ੍ਹਾਂ ਦੇ ਪਿੱਛੇ ਦਿਖਾਈ ਦਿੰਦੇ 50 ਮਕਾਨ ਬਣਾਏ ਗਏ ਹਨ ਜਿੱਥੇ ਉਸਾਰੀ ਦੌਰਾਨ ਕਾਮੇ ਰਹਿਣਗੇ।
16 ਜੂਨ 2015—ਰਹਿਣ ਦੀ ਜਗ੍ਹਾ
ਪਲੰਬਰ ਕੁਝ ਸਮੇਂ ਵਾਸਤੇ ਬਣਾਈ ਗਈ ਰਹਿਣ ਦੀ ਜਗ੍ਹਾ ʼਤੇ ਪਾਣੀ ਦੇ ਪਾਈਪ ਪਾਉਂਦਾ ਹੋਇਆ।
16 ਜੂਨ 2015—ਰਹਿਣ ਦੀ ਜਗ੍ਹਾ
ਪੂਰਬ ਵੱਲੋਂ ਦੇਖਣ ʼਤੇ ਕੁਝ ਸਮੇਂ ਵਾਸਤੇ ਰਹਿਣ ਲਈ ਬਣਾਏ ਗਏ ਘਰ ਦਿਖਾਈ ਦਿੰਦੇ ਹਨ। ਅਗਲੇ ਪਾਸੇ ਰਹਿਣ ਲਈ ਬਣਾਏ ਜਾਣ ਵਾਲੇ ਹੋਰ ਘਰਾਂ ਲਈ ਨੀਂਹਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਖੱਬੇ ਪਾਸੇ ਰਹਿਣ ਲਈ ਇਮਾਰਤਾਂ ਹਨ ਜਿੱਥੇ ਕਾਮਿਆਂ ਦੇ ਖਾਣਾ ਖਾਣ ਲਈ ਕਮਰਾ ਹੈ। ਸ਼ਾਖ਼ਾ ਦਫ਼ਤਰ ਪਿਛਲੇ ਪਾਸੇ ਵਿਚਕਾਰਲੀ ਜਗ੍ਹਾ ʼਤੇ ਬਣਾਇਆ ਜਾਵੇਗਾ।
16 ਜੂਨ 2015—ਰਹਿਣ ਦੀ ਜਗ੍ਹਾ
ਇਕ ਤਕਨੀਸ਼ਨ ਕਮਰੇ ਵਿਚ ਟੈਲੀਫ਼ੋਨ ਦੀਆਂ ਤਾਰਾਂ ਜੋੜਦੀ ਹੋਈ। ਸ਼ੁਰੂ ਵਿਚ ਉਸਾਰੀ ਨਾਲ ਸੰਬੰਧਿਤ ਕੰਮਾਂ, ਦੂਜੀਆਂ ਸ਼ਾਖ਼ਾਵਾਂ ਨਾਲ ਗੱਲਬਾਤ ਕਰਨ ਅਤੇ ਅਮਰੀਕਾ ਵਿਚ ਮੁੱਖ ਦਫ਼ਤਰ ਦੀ ਨਿਗਰਾਨੀ ਹੇਠ ਕੰਮ ਕਰਨ ਲਈ ਕੰਪਿਊਟਰਾਂ ਅਤੇ ਇੰਟਰਨੈੱਟ ਨੂੰ ਜੋੜਨ ਦੀ ਲੋੜ ਸੀ।
6 ਜੁਲਾਈ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਇਕ ਠੇਕੇਦਾਰ GPS ਯੰਤਰ ਦੀ ਮਦਦ ਨਾਲ ਟੋਇਆਂ ਦੀ ਜਗ੍ਹਾ ਮਾਪਦਾ ਹੋਇਆ। ਇਨ੍ਹਾਂ ਟੋਇਆਂ ਦੀ ਮਦਦ ਨਾਲ ਪੁਰਾਤੱਤਵ-ਵਿਗਿਆਨੀਆਂ ਨੇ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਜਗ੍ਹਾ ਦੀ ਜਾਂਚ ਕੀਤੀ। ਚੈਮਸਫੋਰਡ ਦੇ ਨੇੜੇ ਰੋਮੀ ਲੋਕ ਰਹਿੰਦੇ ਹੁੰਦੇ ਸਨ, ਇਸ ਲਈ ਸ਼ੁਰੂ ਵਿਚ ਜਾਂਚ ਕਰਨ ਲਈ ਪੁੱਟੇ 107 ਟੋਇਆਂ ਵਿੱਚੋਂ ਹਾਲੇ ਤਕ ਰੋਮੀਆਂ ਦੇ ਜ਼ਮਾਨੇ ਦੀ ਕੋਈ ਚੀਜ਼ ਨਹੀਂ ਮਿਲੀ।
6 ਜੁਲਾਈ 2015—ਸਾਜ਼ੋ-ਸਾਮਾਨ ਦੀ ਮੁੱਖ ਜਗ੍ਹਾ
ਦਰਵਾਜ਼ੇ ਦੀਆਂ ਚੁਗਾਠਾਂ ਨੂੰ ਕੱਟ ਕੇ ਉਨ੍ਹਾਂ ਨੂੰ ਆਕਾਰ ਦਿੰਦੀ ਹੋਈ। ਕਾਮਿਆਂ ਦੇ ਰਹਿਣ ਵਾਲੀ ਜਗ੍ਹਾ ʼਤੇ ਕੁਝ ਇਮਾਰਤਾਂ ਦੀ ਮੁਰੰਮਤ ਕਰ ਕੇ ਵਰਕਸ਼ਾਪਾਂ ਬਣਾਈਆਂ ਜਾ ਰਹੀਆਂ ਹਨ। ਇੱਥੇ ਥੋੜ੍ਹੇ ਸਮੇਂ ਵਾਸਤੇ ਦਫ਼ਤਰ ਅਤੇ ਹੋਰ ਥਾਵਾਂ ਵੀ ਬਣਾਈਆਂ ਜਾਣਗੀਆਂ।
6 ਜੁਲਾਈ 2015—ਸਾਜ਼ੋ-ਸਾਮਾਨ ਦੀ ਮੁੱਖ ਜਗ੍ਹਾ
ਭਰਤੀ ਪਾਉਣ ਲਈ ਟਰੱਕ ਨੂੰ ਮਿੱਟੀ ਨਾਲ ਭਰਦੀ ਹੋਈ।
7 ਜੁਲਾਈ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਦੱਖਣ ਵੱਲੋਂ 85 ਏਕੜ ਜਗ੍ਹਾ ਦਾ ਨਜ਼ਾਰਾ। ਇਸ ਦੀ ਨੇੜਲੀ ਮੁੱਖ ਸੜਕ (ਦਿਖਾਈ ਨਹੀਂ ਗਈ) ਤੋਂ ਸਮੁੰਦਰੀ ਬੰਦਰਗਾਹ, ਹਵਾਈ ਅੱਡੇ ਅਤੇ ਲੰਡਨ ਸ਼ਹਿਰ ਵਿਚ ਆਸਾਨੀ ਨਾਲ ਜਾਇਆ ਜਾ ਸਕਦਾ ਹੈ।
23 ਜੁਲਾਈ 2015—ਸ਼ਾਖ਼ਾ ਦਫ਼ਤਰ ਦੀ ਉਸਾਰੀ ਦੀ ਜਗ੍ਹਾ
ਠੇਕੇਦਾਰ ਨਵਾਂ ਸ਼ਾਖ਼ਾ ਦਫ਼ਤਰ ਬਣਾਉਣ ਲਈ ਪਹਿਲਾਂ ਤੋਂ ਬਣੀਆਂ ਇਮਾਰਤਾਂ ਨੂੰ ਢਾਹੁੰਦੇ ਹੋਏ
20 ਅਗਸਤ 2015—ਸਾਜ਼ੋ-ਸਾਮਾਨ ਦੀ ਮੁੱਖ ਜਗ੍ਹਾ
60 ਟਨ ਭਾਰੀ ਕ੍ਰੇਨ ਪਹਿਲਾਂ ਤੋਂ ਹੀ ਬਣੇ ਹੋਏ ਕਮਰੇ ਨੂੰ ਥੱਲੇ ਰੱਖਦੀ ਹੋਈ। ਅੱਗੇ ਛੱਡੀ ਹੋਈ ਖਾਲੀ ਥਾਂ ʼਤੇ ਹੋਰ ਵੀ ਕਮਰੇ ਰੱਖੇ ਜਾਣਗੇ। ਇਨ੍ਹਾਂ ਕਮਰਿਆਂ ਨੂੰ ਦਫ਼ਤਰਾਂ ਵਜੋਂ ਵਰਤਿਆ ਜਾਵੇਗਾ।