ਉਹ ਕੰਮ ਮੰਗਦੇ ਹਨ ਪਰ ਤਨਖ਼ਾਹ ਨਹੀਂ
ਪਿਛਲੇ 28 ਸਾਲਾਂ ਦੌਰਾਨ 11 ਹਜ਼ਾਰ ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਲਗਭਗ 120 ਦੇਸ਼ਾਂ ਵਿਚ ਇਮਾਰਤਾਂ ਦੀ ਉਸਾਰੀ ਕਰਨ ਲਈ ਆਪਣੇ ਘਰ, ਇੱਥੋਂ ਤਕ ਕਿ ਆਪਣੇ ਦੇਸ਼ ਛੱਡੇ ਹਨ। ਸਾਰਿਆਂ ਨੇ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਆਪਣਾ ਹੁਨਰ ਤੇ ਤਾਕਤ ਇਸਤੇਮਾਲ ਕੀਤੀ ਹੈ ਅਤੇ ਉਹ ਕੋਈ ਤਨਖ਼ਾਹ ਨਹੀਂ ਲੈਂਦੇ।
ਬਹੁਤ ਸਾਰੇ ਗਵਾਹਾਂ ਨੇ ਪ੍ਰਾਜੈਕਟ ਵਾਲੀ ਜਗ੍ਹਾ ਜਾਣ ਦਾ ਖ਼ਰਚਾ ਆਪ ਕੀਤਾ। ਕਈਆਂ ਨੇ ਛੁੱਟੀਆਂ ਵਿਚ ਕੰਮ ਕੀਤਾ। ਕਈਆਂ ਨੇ ਆਪਣੀ ਨੌਕਰੀ ਤੋਂ ਛੁੱਟੀ ਲਈ ਜਿਸ ਕਰਕੇ ਉਨ੍ਹਾਂ ਦੀ ਕਾਫ਼ੀ ਸਾਰੀ ਤਨਖ਼ਾਹ ਕੱਟੀ ਗਈ।
ਉਨ੍ਹਾਂ ਨੂੰ ਇਹ ਕੁਰਬਾਨੀਆਂ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਸੀ, ਸਗੋਂ ਉਨ੍ਹਾਂ ਨੇ ਦੁਨੀਆਂ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ। (ਮੱਤੀ 24:14) ਉਨ੍ਹਾਂ ਨੇ ਬਾਈਬਲਾਂ ਤੇ ਹੋਰ ਪ੍ਰਕਾਸ਼ਨਾਂ ਦੀ ਛਪਾਈ ਕਰਨ ਲਈ ਇਮਾਰਤਾਂ, ਦਫ਼ਤਰਾਂ, ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਕੀਤੀ ਹੈ। ਯਹੋਵਾਹ ਦੇ ਗਵਾਹਾਂ ਨੇ 10 ਹਜ਼ਾਰ ਤਕ ਸੀਟਾਂ ਵਾਲੇ ਅਸੈਂਬਲੀ ਹਾਲ ਅਤੇ 300 ਸੀਟਾਂ ਵਾਲੇ ਕਿੰਗਡਮ ਹਾਲ ਬਣਾਏ ਹਨ।
ਇਹ ਕੰਮ ਅਜੇ ਵੀ ਹੋ ਰਿਹਾ ਹੈ। ਜਦੋਂ ਕੰਮ ਕਰਨ ਵਾਲੇ ਸਾਰੇ ਲੋਕ ਪ੍ਰਾਜੈਕਟ ਵਾਲੀ ਜਗ੍ਹਾ ਪਹੁੰਚ ਜਾਂਦੇ ਹਨ, ਤਾਂ ਉੱਥੇ ਦਾ ਬ੍ਰਾਂਚ ਆਫ਼ਿਸ ਉਨ੍ਹਾਂ ਦੇ ਰਹਿਣ, ਖਾਣ-ਪੀਣ, ਕੱਪੜੇ ਧੋਣ ਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ। ਉੱਥੇ ਦੇ ਗਵਾਹ ਵੀ ਉਸਾਰੀ ਦੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਂਦੇ ਹਨ।
ਇਸ ਵੱਡੇ ਕੰਮ ਦਾ ਸਾਰਾ ਪ੍ਰਬੰਧ ਕਰਨ ਲਈ 1985 ਵਿਚ ਇਕ ਇੰਟਰਨੈਸ਼ਨਲ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਲਈ ਵਲੰਟੀਅਰ ਯਹੋਵਾਹ ਦੇ ਗਵਾਹ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਉਮਰ 19 ਤੇ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਉਸਾਰੀ ਦਾ ਘੱਟੋ-ਘੱਟ ਇਕ ਕੰਮ ਆਉਣਾ ਚਾਹੀਦਾ ਹੈ। ਵਲੰਟੀਅਰਾਂ ਨੂੰ ਦੋ ਹਫ਼ਤੇ ਤੋਂ ਲੈ ਕੇ ਤਿੰਨ ਮਹੀਨਿਆਂ ਤਕ ਕੰਮ ਕਰਨ ਲਈ ਘੱਲਿਆ ਜਾਂਦਾ ਹੈ, ਪਰ ਕਈ ਪ੍ਰਾਜੈਕਟਾਂ ʼਤੇ ਇਕ ਸਾਲ ਜਾਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ।
ਕੰਮ ਕਰਨ ਵਾਲੇ ਵਲੰਟੀਅਰਾਂ ਦੀਆਂ ਪਤਨੀਆਂ ਨੂੰ ਸਰੀਏ ਵਗੈਰਾ ਨੂੰ ਤਾਰਾਂ ਨਾਲ ਬੰਨ੍ਹਣ, ਟਾਈਲਾਂ ਲਾਉਣ, ਰੇਗਮਾਰ ਨਾਲ ਰਗੜਾਈ ਕਰਨ ਤੇ ਰੰਗ ਕਰਨ ਵਰਗੇ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਈ ਜਣੀਆਂ ਕੰਮ ਕਰਨ ਵਾਲਿਆਂ ਲਈ ਖਾਣਾ ਬਣਾਉਂਦੀਆਂ ਹਨ ਜਾਂ ਕਮਰਿਆਂ ਦੀ ਸਫ਼ਾਈ ਕਰਦੀਆਂ ਹਨ।
ਆਪਣੇ ਘਰਾਂ ਨੂੰ ਮੁੜ ਜਾਣ ਤੋਂ ਬਾਅਦ ਕੁਝ ਵਲੰਟੀਅਰ ਚਿੱਠੀ ਲਿਖ ਕੇ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਕੰਮ ਕਰਨ ਲਈ ਬੁਲਾਇਆ ਗਿਆ। ਇਕ ਪਤੀ-ਪਤਨੀ ਨੇ ਲਿਖਿਆ: “ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਬੁਡਾਪੈਸਟ ਦੇ ਬ੍ਰਾਂਚ ਆਫ਼ਿਸ ਦੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਦਿੱਤਾ। ਹੰਗਰੀ ਵਿਚ ਯਹੋਵਾਹ ਦੇ ਗਵਾਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਅਤੇ ਸਾਡੇ ਕੰਮ ਦੀ ਕਦਰ ਕੀਤੀ। ਇਕ ਮਹੀਨੇ ਬਾਅਦ ਉਨ੍ਹਾਂ ਨੂੰ ਛੱਡ ਕੇ ਆਉਣਾ ਬਹੁਤ ਮੁਸ਼ਕਲ ਸੀ। ਪਰ ਇੱਦਾਂ ਹਮੇਸ਼ਾ ਹੀ ਹੁੰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਬਸੰਤ ਵਿਚ ਫਿਰ ਕੰਮ ਕਰਨ ਜਾਵਾਂਗੇ। ਅਸੀਂ ਜਦੋਂ ਵੀ ਕਿਤੇ ਕੰਮ ਕਰਨ ਗਏ ਹਾਂ, ਸਾਨੂੰ ਲੱਗਾ ਕਿ ਉਹ ਮਹੀਨਾ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਮਹੀਨਾ ਸੀ।”