Skip to content

ਜਾਣਕਾਰੀ ਨੂੰ ਸੁਹਾਵਣਾ ਬਣਾਉਣ ਵਾਲੀਆਂ ਤਸਵੀਰਾਂ

ਜਾਣਕਾਰੀ ਨੂੰ ਸੁਹਾਵਣਾ ਬਣਾਉਣ ਵਾਲੀਆਂ ਤਸਵੀਰਾਂ

ਸਾਡੇ ਫੋਟੋਗ੍ਰਾਫਰ ਸਾਡੇ ਪ੍ਰਕਾਸ਼ਨਾਂ ਨੂੰ ਸੁਹਾਵਣਾ ਬਣਾਉਣ ਵਾਲੀਆਂ ਅਤੇ ਜਾਣਕਾਰੀ ਨਾਲ ਦਿੱਤੀਆਂ ਤਸਵੀਰਾਂ ਕਿੱਥੋਂ ਲੈਂਦੇ ਹਨ? ਇਸ ਦੇ ਲਈ ਉਠਾਏ ਜਾਂਦੇ ਕਦਮਾਂ ਨੂੰ ਸਮਝਾਉਣ ਲਈ ਆਓ ਦੇਖੀਏ ਕਿ ਅਕਤੂਬਰ-ਦਸੰਬਰ 2015 ਦੇ ਜਾਗਰੂਕ ਬਣੋ! ਰਸਾਲੇ ਦੇ ਮੁੱਖ ਪੰਨੇ ਨੂੰ ਕਿਵੇਂ ਡੀਜ਼ਾਈਨ ਕੀਤਾ ਗਿਆ ਸੀ ਤੇ ਇਸ ਦੀ ਫੋਟੋ ਕਿੱਥੋਂ ਲਈ ਗਈ ਸੀ। a

  • ਡੀਜ਼ਾਈਨ। ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਚ ਤਸਵੀਰਾਂ ਤਿਆਰ ਕਰਨ ਵਾਲੇ ਵਿਭਾਗ ਨੇ ਪਹਿਲਾਂ “ਪੈਸੇ ਬਾਰੇ ਸਹੀ ਨਜ਼ਰੀਆ” ਲੇਖ ਪੜ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਲੇਖ ਨੂੰ ਸਜਾਉਣ ਲਈ ਤਸਵੀਰਾਂ ਦੇ ਕੱਚੇ ਨਕਸ਼ੇ ਬਣਾਏ। ਫਿਰ ਉਨ੍ਹਾਂ ਨੇ ਪ੍ਰਬੰਧਕ ਸਭਾ ਦੀ ਲਿਖਾਈ ਕਮੇਟੀ (Writing Committee) ਨੂੰ ਇਹ ਨਕਸ਼ੇ ਦਿਖਾਏ ਜਿਸ ਨੇ ਲੇਖ ਵਾਸਤੇ ਤਸਵੀਰਾਂ ਖਿੱਚਣ ਦੀ ਮਨਜ਼ੂਰੀ ਦੇ ਦਿੱਤੀ।

    ਮੁੱਖ ਪੰਨੇ ਦੇ ਕੁਝ ਡੀਜ਼ਾਈਨ ਜਿਨ੍ਹਾਂ ਉੱਤੇ ਲਿਖਾਈ ਵਿਭਾਗ ਨੇ ਵਿਚਾਰ ਕੀਤਾ ਸੀ

  • ਜਗ੍ਹਾ। ਸੱਚ-ਮੁੱਚ ਦੀ ਬੈਂਕ ਵਿਚ ਫੋਟੋਆਂ ਖਿੱਚਣ ਦੀ ਬਜਾਇ ਫੋਟੋਗ੍ਰਾਫੀ ਟੀਮ ਨੇ ਵਾਚਟਾਵਰ ਸਿੱਖਿਆ ਕੇਂਦਰ ਦੀ ਇਕ ਲਾਬੀ ਨੂੰ ਕਾਲਪਨਿਕ ਬੈਂਕ ਬਣਾ ਲਿਆ। b

  • ਕਿਰਦਾਰ। ਕਿਰਦਾਰਾਂ, ਜੋ ਯਹੋਵਾਹ ਦੇ ਗਵਾਹ ਸਨ, ਨੂੰ ਚੁਣਿਆ ਗਿਆ ਜਿਨ੍ਹਾਂ ਨੇ ਉਸੇ ਤਰ੍ਹਾਂ ਨਜ਼ਰ ਆਉਣਾ ਸੀ ਜਿਸ ਤਰ੍ਹਾਂ ਕਿਸੇ ਵੱਡੇ ਸ਼ਹਿਰ ਦੀ ਬੈਂਕ ਵਿਚ ਲੋਕ ਨਜ਼ਰ ਆਉਂਦੇ ਹਨ। ਇਨ੍ਹਾਂ ਕਿਰਦਾਰਾਂ ਦੇ ਰਿਕਾਰਡ ਰੱਖੇ ਜਾਂਦੇ ਹਨ ਤਾਂਕਿ ਉਨ੍ਹਾਂ ਦੀਆਂ ਫੋਟੋਆਂ ਵਾਰ-ਵਾਰ ਸਾਡੇ ਪ੍ਰਕਾਸ਼ਨਾਂ ਵਿਚ ਨਾ ਵਰਤੀਆਂ ਜਾਣ।

  • ਚੀਜ਼ਾਂ। ਤਸਵੀਰਾਂ ਤਿਆਰ ਕਰਨ ਵਾਲੇ ਵਿਭਾਗ ਨੇ ਹੋਰ ਦੇਸ਼ ਦੇ ਪੈਸੇ ਇਸਤੇਮਾਲ ਕੀਤੇ ਤਾਂਕਿ ਲੱਗੇ ਕਿ ਬੈਂਕ ਅਮਰੀਕਾ ਦੀ ਨਹੀਂ, ਸਗੋਂ ਹੋਰ ਦੇਸ਼ ਦੀ ਹੈ। ਫੋਟੋਗ੍ਰਾਫੀ ਟੀਮ ਨੇ ਚੀਜ਼ਾਂ ਦਾ ਇਸਤੇਮਾਲ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸੀਨ ਪੂਰੀ ਤਰ੍ਹਾਂ ਅਸਲੀ ਲੱਗੇ। ਕਰੇਗ ਨਾਂ ਦਾ ਫੋਟੋਗ੍ਰਾਫਰ ਕਹਿੰਦਾ ਹੈ: “ਪਹਿਲਾਂ ਤੋਂ ਕਾਫ਼ੀ ਤਿਆਰੀ ਕੀਤੀ ਜਾਂਦੀ ਹੈ।”

  • ਕੱਪੜੇ ਤੇ ਮੇਕ-ਅੱਪ। ਬੈਂਕ ਦੇ ਸੀਨ ਦੀ ਫੋਟੋ ਵਾਸਤੇ ਕਿਰਦਾਰ ਆਪਣੇ ਕੱਪੜੇ ਲਿਆਏ ਸਨ। ਪਰ ਜਿਨ੍ਹਾਂ ਇਤਿਹਾਸਕ ਸੈਟਿੰਗਜ਼ ਜਾਂ ਸੀਨਾਂ ਵਾਸਤੇ ਖ਼ਾਸ ਕੱਪੜੇ ਚਾਹੀਦੇ ਹੁੰਦੇ ਹਨ, ਉਨ੍ਹਾਂ ਵਾਸਤੇ ਤਸਵੀਰਾਂ ਤਿਆਰ ਕਰਨ ਵਾਲਾ ਵਿਭਾਗ ਖੋਜਬੀਨ ਕਰ ਕੇ ਢੁਕਵੇਂ ਕੱਪੜੇ ਤਿਆਰ ਕਰ ਸਕਦਾ ਹੈ। ਮੇਕ-ਅੱਪ ਕਰਨ ਵਾਲੇ, ਕਿਰਦਾਰਾਂ ਦਾ ਉਸੇ ਤਰ੍ਹਾਂ ਮੇਕ-ਅੱਪ ਕਰਦੇ ਹਨ ਜਿਸ ਤਰ੍ਹਾਂ ਦਾ ਕਿਸੇ ਜ਼ਮਾਨੇ ਵਿਚ ਮਾਹੌਲ ਅਨੁਸਾਰ ਕੀਤਾ ਜਾਂਦਾ ਸੀ ਜਾਂ ਜਿਸ ਤਰ੍ਹਾਂ ਦਾ ਕਿਸੇ ਫੋਟੋ ਵਿਚ ਦਿਖਾਇਆ ਹੁੰਦਾ ਹੈ। ਕਰੇਗ ਕਹਿੰਦਾ ਹੈ: “ਅੱਜ-ਕੱਲ੍ਹ ਨਵੀਂ ਤਕਨੀਕ ਕਰਕੇ ਫੋਟੋਆਂ ਵਿਚਲੀ ਹਰ ਬਾਰੀਕੀ ਨਜ਼ਰ ਆ ਜਾਂਦੀ ਹੈ। ਇਸ ਲਈ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਸਭ ਕੁਝ ਐਨ ਸਹੀ ਹੋਵੇ। ਇਕ ਛੋਟੀ ਜਿਹੀ ਗ਼ਲਤੀ ਕਰਕੇ ਸਾਰੀ ਤਸਵੀਰ ਖ਼ਰਾਬ ਹੋ ਸਕਦੀ ਹੈ।”

  • ਫੋਟੋ ਖਿੱਚਣ ਦਾ ਸਮਾਂ। ਫੋਟੋਗ੍ਰਾਫਰ ਪੱਕਾ ਕਰਦੇ ਹਨ ਕਿ ਬੈਂਕ ਵਿਚ ਰੌਸ਼ਨੀ ਤੋਂ ਪਤਾ ਲੱਗਦਾ ਹੈ ਕਿ ਇਹ ਦਿਨ ਦਾ ਸਮਾਂ ਹੈ। ਹਰ ਵਾਰ ਫੋਟੋ ਲੈਣ ਲੱਗਿਆਂ ਫੋਟੋਗ੍ਰਾਫਰਾਂ ਨੂੰ ਦੇਖਣ ਦੀ ਲੋੜ ਹੈ ਕਿ ਰੌਸ਼ਨੀ (ਜਿਸ ਤੋਂ ਪਤਾ ਲੱਗੇ ਕਿ ਸੂਰਜ ਦੀ ਰੌਸ਼ਨੀ, ਚੰਦ ਦੀ ਰੌਸ਼ਨੀ ਜਾਂ ਨਕਲੀ ਰੌਸ਼ਨੀ ਹੈ) ਐਨ ਸਹੀ ਹੈ ਜੋ ਸੀਨ ਵਿਚਲੀ ਰੌਸ਼ਨੀ ਨਾਲ ਮਿਲਦੀ-ਜੁਲਦੀ ਹੈ ਅਤੇ ਸੀਨ ਦੇ ਮਾਹੌਲ ਮੁਤਾਬਕ ਠੀਕ ਹੈ। ਕਰੇਗ ਕਹਿੰਦਾ ਹੈ: “ਵੀਡੀਓ ਦੇ ਉਲਟ, ਸਾਡੇ ਕੋਲ ਮਾਹੌਲ ਤੈਅ ਕਰਨ ਲਈ ਸਿਰਫ਼ ਇਕ ਤਸਵੀਰ ਹੁੰਦੀ ਹੈ।”

  • ਸੰਪਾਦਨ। ਬਾਅਦ ਵਿਚ ਸੰਪਾਦਕਾਂ ਨੇ ਪੈਸਿਆਂ ਉੱਪਰਲੇ ਠੱਪੇ ਨੂੰ ਧੁੰਦਲਾ ਕਰ ਦਿੱਤਾ ਤਾਂਕਿ ਲੋਕ ਫੋਟੋ ਵਿਚਲੇ ਲੋਕਾਂ ʼਤੇ ਧਿਆਨ ਦੇਣ ਨਾ ਕਿ ਪੈਸਿਆਂ ਉੱਤੇ ਕਿ ਇਹ ਕਿਹੜੇ ਦੇਸ਼ ਦੀ ਕਰੰਸੀ ਹੈ। ਹਾਲਾਂਕਿ ਦਰਵਾਜ਼ੇ ਅਤੇ ਖਿੜਕੀਆਂ ਦੀਆਂ ਫ਼ਰੇਮਾਂ ਲਾਲ ਰੰਗ ਦੀਆਂ ਸਨ, ਪਰ ਸੰਪਾਦਕਾਂ ਨੇ ਇਨ੍ਹਾਂ ਦਾ ਰੰਗ ਵੀ ਹਰਾ ਕਰ ਦਿੱਤਾ ਤਾਂਕਿ ਇਹ ਰਸਾਲੇ ਦੇ ਰੰਗ ਨਾਲ ਮੇਲ ਖਾਣ।

ਪੈਟਰਸਨ ਵਿਚ ਕੀਤੀ ਜਾਂਦੀ ਫੋਟੋਗ੍ਰਾਫੀ ਤੋਂ ਇਲਾਵਾ, ਦੁਨੀਆਂ ਭਰ ਵਿਚ ਸ਼ਾਖ਼ਾ ਦਫ਼ਤਰਾਂ ਵਿਚ ਫੋਟੋਗ੍ਰਾਫਰ ਹਨ ਜਿਨ੍ਹਾਂ ਨੂੰ ਸਾਡੇ ਪ੍ਰਕਾਸ਼ਨਾਂ ਲਈ ਫੋਟੋਆਂ ਭੇਜਣ ਵਾਸਤੇ ਪੁੱਛਿਆ ਜਾ ਸਕਦਾ ਹੈ ਜਿਵੇਂ ਆਸਟ੍ਰੇਲੀਆ, ਕੋਰੀਆ, ਕੈਨੇਡਾ, ਜਰਮਨੀ, ਜਪਾਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਮਲਾਵੀ ਅਤੇ ਮੈਕਸੀਕੋ। ਹਰ ਮਹੀਨੇ ਪੈਟਰਸਨ ਵਿਚ ਤਸਵੀਰਾਂ ਤਿਆਰ ਕਰਨ ਵਾਲਾ ਵਿਭਾਗ ਤਕਰੀਬਨ 2,500 ਫੋਟੋਆਂ ਕੰਪਿਊਟਰ ਪ੍ਰੋਗ੍ਰਾਮ ਵਿਚ ਪਾਉਂਦਾ ਹੈ। ਇਨ੍ਹਾਂ ਵਿੱਚੋਂ ਕਈ ਫੋਟੋਆਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਛਾਪੀਆਂ ਜਾਂਦੀਆਂ ਹਨ ਅਤੇ 2015 ਵਿਚ ਇਨ੍ਹਾਂ ਦੋਹਾਂ ਰਸਾਲਿਆਂ ਦੇ ਹਰ ਅੰਕ ਦੀਆਂ ਕੁੱਲ ਮਿਲਾ ਕੇ 11,50,00,000 ਕਾਪੀਆਂ ਵੰਡੀਆਂ ਗਈਆਂ। ਤੁਸੀਂ ਸਾਡੇ ਪੈਟਰਸਨ, ਨਿਊਯਾਰਕ ਜਾਂ ਦੁਨੀਆਂ ਭਰ ਵਿਚ ਸਾਡੇ ਸ਼ਾਖ਼ਾ ਦਫ਼ਤਰਾਂ ਦਾ ਟੂਰ ਕਰ ਕੇ ਹੋਰ ਜਾਣਕਾਰੀ ਲੈ ਸਕਦੇ ਹੋ।

ਪ੍ਰਚਾਰ ਵੇਲੇ ਰਸਾਲਾ ਦਿੰਦਾ ਹੋਇਆ

a ਮੁੱਖ ਪੰਨੇ ਲਈ ਬਹੁਤ ਸਾਰੀਆਂ ਫੋਟੋਆਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਹੀ ਵਰਤੀਆਂ ਜਾਂਦੀਆਂ ਹਨ। ਪਰ ਕਈ ਫੋਟੋਆਂ ਨੂੰ ਤਸਵੀਰਾਂ ਵਾਲੀ ਲਾਇਬ੍ਰੇਰੀ ਵਿਚ ਰੱਖ ਦਿੱਤਾ ਜਾਂਦਾ ਹੈ ਤੇ ਬਾਅਦ ਵਿਚ ਹੋਰ ਪ੍ਰਾਜੈਕਟਾਂ ਲਈ ਵਰਤਿਆ ਜਾਂਦਾ ਹੈ।

b ਜੇ ਸ਼ਹਿਰ ਦੀ ਕਿਸੇ ਸੜਕ ʼਤੇ ਫੋਟੋ ਲਈ ਜਾਣੀ ਹੈ, ਤਾਂ ਤਸਵੀਰਾਂ ਤਿਆਰ ਕਰਨ ਵਾਲੇ ਵਿਭਾਗ ਨੂੰ ਅਕਸਰ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਉਹ ਸਰਕਾਰ ਨੂੰ ਦੱਸਦੇ ਹਨ ਕਿ ਫੋਟੋ ਲਈ ਕਿੰਨੇ ਜਣੇ ਹੋਣਗੇ, ਕਿੰਨਾ ਸਾਮਾਨ ਵਰਤਿਆ ਜਾਵੇਗਾ ਅਤੇ ਫੋਟੋ ਵਾਸਤੇ ਕਿਹੜੀ ਰੌਸ਼ਨੀ ਵਰਤੀ ਜਾਵੇਗੀ।