Skip to content

ਸੈਂਕੜੇ ਆਵਾਜ਼ਾਂ ਵਿਚ ਰਿਕਾਰਡ ਕੀਤੀ ਗਈ ਮੁਫ਼ਤ ਆਡੀਓ ਬਾਈਬਲ

ਸੈਂਕੜੇ ਆਵਾਜ਼ਾਂ ਵਿਚ ਰਿਕਾਰਡ ਕੀਤੀ ਗਈ ਮੁਫ਼ਤ ਆਡੀਓ ਬਾਈਬਲ

“ਮਜ਼ੇਦਾਰ, ਸੋਚਣ ਲਈ ਮਜਬੂਰ ਕਰਨ ਵਾਲੀ ਤੇ ਜਾਨਦਾਰ।”

“ਬਾਈਬਲ ਪੜ੍ਹ ਕੇ ਮਨ ਵਿਚ ਤਸਵੀਰ ਬਣ ਜਾਂਦੀ ਹੈ।”

“ਜ਼ਿੰਦਗੀ ਵਿਚ ਪਹਿਲੀ ਵਾਰ ਬਾਈਬਲ ਦੀ ਆਡੀਓ ਸੁਣ ਕੇ ਇੰਨਾ ਮਜ਼ਾ ਆਇਆ!”

ਇਹ ਟਿੱਪਣੀਆਂ ਉਨ੍ਹਾਂ ਦੀਆਂ ਹਨ ਜਿਨ੍ਹਾਂ ਨੇ jw.org ਉੱਤੇ ਅੰਗ੍ਰੇਜ਼ੀ ਵਿਚ ਮੱਤੀ ਦੀ ਕਿਤਾਬ ਦੀ ਆਡੀਓ ਰਿਕਾਰਡਿੰਗ ਸੁਣੀ।

ਯਹੋਵਾਹ ਦੇ ਗਵਾਹਾਂ ਨੇ 1978 ਵਿਚ ਪਹਿਲੀ ਆਡੀਓ ਬਾਈਬਲ ਤਿਆਰ ਕੀਤੀ। ਸਮਾਂ ਬੀਤਣ ਨਾਲ ਇਸ ਬਾਈਬਲ ਦੀਆਂ ਆਡੀਓ ਰਿਕਾਰਡਿੰਗਾਂ ਦਾ ਕੁਝ ਹਿੱਸਾ ਜਾਂ ਸਾਰੀਆਂ ਰਿਕਾਰਡਿੰਗਾਂ 20 ਭਾਸ਼ਾਵਾਂ ਵਿਚ ਉਪਲਬਧ ਕਰਾਈਆਂ ਗਈਆਂ।

2013 ਵਿਚ ਰਿਲੀਜ਼ ਹੋਏ ਨਿਊ ਵਰਲਡ ਟ੍ਰਾਂਸਲੇਸ਼ਨ ਕਰਕੇ ਨਵੀਆਂ ਰਿਕਾਰਡਿੰਗਾਂ ਤਿਆਰ ਕਰਨ ਦੀ ਲੋੜ ਪਈ। ਪੁਰਾਣੀ ਬਾਈਬਲ ਦੀ ਰਿਕਾਰਡਿੰਗ ਸਿਰਫ਼ ਤਿੰਨ ਆਵਾਜ਼ਾਂ ਵਿਚ ਕੀਤੀ ਗਈ ਸੀ, ਪਰ ਨਵੀਂ ਬਾਈਬਲ ਵਿਚ ਜ਼ਿਕਰ ਕੀਤੇ ਹਰ ਪਾਤਰ ਲਈ ਇਕ ਵੱਖਰੀ ਆਵਾਜ਼ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਬਾਈਬਲ ਵਿਚ ਜ਼ਿਕਰ ਕੀਤੇ ਪਾਤਰਾਂ ਲਈ 1,000 ਤੋਂ ਜ਼ਿਆਦਾ ਆਵਾਜ਼ਾਂ ਚਾਹੀਦੀਆਂ ਹਨ।

ਵੱਖੋ-ਵੱਖਰੀਆਂ ਆਵਾਜ਼ਾਂ ਹੋਣ ਕਰਕੇ ਸੁਣਨ ਵਾਲਿਆਂ ਦੇ ਮਨ ਵਿਚ ਬਾਈਬਲ ਦੇ ਬਿਰਤਾਂਤਾਂ ਦੀ ਤਸਵੀਰ ਬਣਦੀ ਹੈ। ਇਨ੍ਹਾਂ ਰਿਕਾਰਡਿੰਗਾਂ ਵਿਚ ਸਾਊਂਡ ਇਫੈਕਟਸ ਅਤੇ ਸੰਗੀਤ ਨਹੀਂ ਹਨ, ਪਰ ਫਿਰ ਵੀ ਇਨ੍ਹਾਂ ਵਿਚ ਜੋ ਦੱਸਿਆ ਗਿਆ ਹੈ, ਉਹ ਅਸਲੀ ਲੱਗਦਾ ਹੈ।

ਇਸ ਰਿਕਾਰਡਿੰਗ ਲਈ ਇੰਨੀਆਂ ਸਾਰੀਆਂ ਆਵਾਜ਼ਾਂ ਦੇਣ ਵਾਸਤੇ ਧਿਆਨ ਨਾਲ ਯੋਜਨਾ ਬਣਾਉਣ ਦੀ ਲੋੜ ਹੈ। ਸ਼ੁਰੂ ਵਿਚ ਖੋਜਕਾਰਾਂ ਨੂੰ ਇਹ ਜਾਣਨ ਦੀ ਲੋੜ ਸੀ ਕਿ ਪੜ੍ਹੀ ਜਾਣ ਵਾਲੀ ਜਾਣਕਾਰੀ ਵਿਚ ਕੌਣ ਗੱਲ ਕਰ ਰਿਹਾ ਹੈ, ਉਸ ਗੱਲ ਦਾ ਕੀ ਮਤਲਬ ਹੈ ਤੇ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਮਿਸਾਲ ਲਈ, ਜੇ ਬਿਰਤਾਂਤ ਵਿਚ ਕੋਈ ਰਸੂਲ ਬੋਲ ਰਿਹਾ ਹੈ, ਪਰ ਉਸ ਦਾ ਨਾਂ ਨਹੀਂ ਪਤਾ ਲੱਗ ਰਿਹਾ, ਤਾਂ ਉਸ ਵਾਸਤੇ ਕਿਸ ਦੀ ਆਵਾਜ਼ ਵਰਤੀ ਜਾਣੀ ਚਾਹੀਦੀ ਹੈ? ਜੇ ਕਿਸੇ ਗੱਲ ਵਿਚ ਸ਼ੱਕ ਜ਼ਾਹਰ ਹੁੰਦਾ ਹੈ, ਤਾਂ ਸ਼ਾਇਦ ਇਹ ਆਵਾਜ਼ ਥੋਮਾ ਦੀ ਹੋਵੇ, ਜਦ ਕਿ ਜੋਸ਼ੀਲੀ ਆਵਾਜ਼ ਪਤਰਸ ਦੀ ਹੋ ਸਕਦੀ ਹੈ।

ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਆਵਾਜ਼ ਦੇਣ ਵਾਲੇ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ। ਜਵਾਨ ਯੂਹੰਨਾ ਲਈ ਇਕ ਜਵਾਨ ਆਦਮੀ ਦੀ ਆਵਾਜ਼ ਦੀ ਲੋੜ ਸੀ, ਬਜ਼ੁਰਗ ਯੂਹੰਨਾ ਲਈ ਬਜ਼ੁਰਗ ਆਦਮੀ ਦੀ ਆਵਾਜ਼ ਵਰਤੀ ਗਈ।

ਇਸ ਤੋਂ ਇਲਾਵਾ, ਵਧੀਆ ਤਰੀਕੇ ਨਾਲ ਪੜ੍ਹਨ ਵਾਲਿਆਂ ਦੀ ਲੋੜ ਸੀ। ਇਸ ਕੰਮ ਲਈ ਜ਼ਿਆਦਾਤਰ ਉਨ੍ਹਾਂ ਨੂੰ ਚੁਣਿਆ ਗਿਆ ਜੋ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾਂ ਦਫ਼ਤਰ ਵਿਚ ਸੇਵਾ ਕਰਦੇ ਹਨ। ਉਨ੍ਹਾਂ ਦੀ ਆਵਾਜ਼ ਨੂੰ ਪਰਖਣ ਲਈ ਆਡੀਸ਼ਨ ਲਏ ਜਾਂਦੇ ਹਨ ਜਿਨ੍ਹਾਂ ਵਾਸਤੇ ਉਨ੍ਹਾਂ ਨੂੰ ਜਾਗਰੂਕ ਬਣੋ! ਰਸਾਲੇ ਵਿੱਚੋਂ ਇਕ ਪੈਰਾ ਤਿਆਰ ਕਰਨ ਅਤੇ ਪੜ੍ਹਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੇ ਬਾਈਬਲ ਵਿੱਚੋਂ ਉਹ ਡਾਇਲਾਗ ਵੀ ਪੜ੍ਹੇ ਜਿਨ੍ਹਾਂ ਵਿਚ ਗੁੱਸਾ, ਉਦਾਸੀ, ਖ਼ੁਸ਼ੀ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਗਈਆਂ ਸਨ। ਇਹ ਆਡੀਸ਼ਨ ਲੈਣ ਨਾਲ ਪੜ੍ਹਨ ਵਾਲਿਆਂ ਦੀ ਕਾਬਲੀਅਤ ਪਤਾ ਲੱਗਦੀ ਹੈ ਅਤੇ ਫ਼ੈਸਲਾ ਕਰਨ ਵਿਚ ਮਦਦ ਮਿਲਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਜਾਣਕਾਰੀ ਨੂੰ ਵਧੀਆ ਪੜ੍ਹ ਸਕਦੇ ਹਨ।

ਜਦੋਂ ਉਨ੍ਹਾਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਕਿਹੜੇ ਡਾਇਲਾਗ ਪੜ੍ਹਨੇ ਹਨ, ਤਾਂ ਉਹ ਬਰੁਕਲਿਨ ਜਾਂ ਪੈਟਰਸਨ ਦੇ ਸਟੂਡੀਓ ਜਾਂਦੇ ਹਨ ਜਿੱਥੇ ਉਨ੍ਹਾਂ ਦੇ ਡਾਇਲਾਗ ਰਿਕਾਰਡ ਕੀਤੇ ਜਾਂਦੇ ਹਨ। ਕੋਚ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਹ ਸਹੀ ਅੰਦਾਜ਼ ਜਾਂ ਸਹੀ ਆਵਾਜ਼ ਵਿਚ ਪੜ੍ਹਨ। ਕੋਚ ਅਤੇ ਪੜ੍ਹਨ ਵਾਲੇ ਨੂੰ ਇਕ ਖ਼ਾਸ ਸਕ੍ਰਿਪਟ ਦਿੱਤੀ ਜਾਂਦੀ ਹੈ ਜਿਸ ਵਿਚ ਹਿਦਾਇਤਾਂ ਹੁੰਦੀਆਂ ਹਨ ਕਿ ਹਰ ਡਾਇਲਾਗ ਵਿਚ ਕਿੱਥੇ ਰੁਕਣਾ ਹੈ ਅਤੇ ਕਿੱਥੇ ਜ਼ੋਰ ਦੇਣਾ ਹੈ। ਕੋਚ ਮਦਦ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਦੀਆਂ ਪੁਰਾਣੀਆਂ ਰਿਕਾਰਡਿੰਗਾਂ ਵੀ ਵਰਤਦਾ ਹੈ।

ਕੁਝ ਕਾਂਟ-ਛਾਂਟ ਸਟੂਡੀਓ ਵਿਚ ਰਿਕਾਰਡਿੰਗ ਸਮੇਂ ਕੀਤੀ ਜਾਂਦੀ ਹੈ। ਗੱਲ ਦੇ ਸਹੀ ਮਤਲਬ ਲਈ ਕਦੇ-ਕਦੇ ਐਡੀਟਰ ਨੂੰ ਕਈ ਵਾਰ ਰਿਕਾਰਡ ਕੀਤੇ ਗਏ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਦੀ ਲੋੜ ਪੈਂਦੀ ਹੈ।

ਇਹ ਨਹੀਂ ਪਤਾ ਕਿ 2013 ਵਿਚ ਰਿਲੀਜ਼ ਕੀਤੇ ਗਏ ਨਿਊ ਵਰਲਡ ਟ੍ਰਾਂਸਲੇਸ਼ਨ ਦੀ ਰਿਕਾਰਡਿੰਗ ਨੂੰ ਪੂਰਾ ਹੋਣ ਲਈ ਕਿੰਨਾ ਸਮਾਂ ਲੱਗੇਗਾ। ਪਰ ਜਿਉਂ ਹੀ ਬਾਈਬਲ ਦੀ ਕਿਸੇ ਕਿਤਾਬ ਦੀ ਰਿਕਾਰਡਿੰਗ ਹੋ ਜਾਵੇਗੀ, ਤਾਂ ਇਸ ਨੂੰ jw.org ʼਤੇ ਪਾ ਦਿੱਤਾ ਜਾਵੇਗਾ ਅਤੇ “ਬਾਈਬਲ ਦੀਆਂ ਕਿਤਾਬਾਂ” ਨਾਂ ਦੇ ਪੇਜ ਉੱਤੇ ਇਸ ਕਿਤਾਬ ਦੇ ਨਾਂ ਨਾਲ ਇਕ ਆਡੀਓ ਆਈਕਨ ਦਿਖਾਈ ਦੇਵੇਗਾ।