ਚੱਲਦੀ-ਫਿਰਦੀ ਲਾਇਬ੍ਰੇਰੀ
7 ਅਕਤੂਬਰ 2013 ਨੂੰ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਪੜ੍ਹਨ ਤੇ ਇਸ ਦੀ ਸਟੱਡੀ ਕਰਨ ਲਈ ਮੋਬਾਇਲਾਂ ਤੇ ਟੈਬਲੇਟ ਵਾਸਤੇ ਇਕ ਐਪ JW Library ਰੀਲੀਜ਼ ਕੀਤਾ। ਇਸ ਮੁਫ਼ਤ ਐਪ ਦੀ ਮਦਦ ਨਾਲ ਅੰਗ੍ਰੇਜ਼ੀ ਵਿਚ ਬਾਈਬਲ ਦੇ ਛੇ ਤਰਜਮੇ ਪੜ੍ਹੇ ਜਾ ਸਕਦੇ ਹਨ ਜਿਨ੍ਹਾਂ ਵਿਚ ਕਿੰਗ ਜੇਮਜ਼ ਵਰਯਨ ਅਤੇ 2013 ਵਿਚ ਸੋਧਿਆ ਗਿਆ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਵੀ ਸ਼ਾਮਲ ਹੈ। a
ਇਹ ਐਪ ਕਿਉਂ ਬਣਾਇਆ ਗਿਆ?
ਕਰੋੜਾਂ ਲੋਕ ਕੰਮ ਅਤੇ ਗੱਲਬਾਤ ਕਰਨ ਵਾਸਤੇ ਸਮਾਰਟ ਫ਼ੋਨ, ਟੈਬਲੇਟ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਵਰਤਦੇ ਹਨ। ਇਨ੍ਹਾਂ ਚੀਜ਼ਾਂ ਰਾਹੀਂ ਲੋਕ jw.org ਉੱਤੇ ਬਾਈਬਲ ਪੜ੍ਹ ਤੇ ਸਟੱਡੀ ਕਰ ਸਕਦੇ ਸਨ। ਤਾਂ ਫਿਰ JW Library ਐਪ ਕਿਉਂ ਬਣਾਇਆ ਗਿਆ?
ਪਹਿਲੀ ਗੱਲ, ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਚਲਾਉਣ ਵਾਸਤੇ ਇੰਟਰਨੈੱਟ ਦੀ ਲੋੜ ਨਹੀਂ ਪੈਂਦੀ। ਇਹ ਕਿਤੇ ਵੀ ਵਰਤਿਆ ਜਾ ਸਕਦਾ ਹੈ। ਦੂਸਰੀ, ਇਹ ਪਾਠਕਾਂ ਦੀ ਮਦਦ ਲਈ ਖ਼ਾਸ ਤੌਰ ਤੇ ਤਿਆਰ ਕੀਤਾ ਗਿਆ ਹੈ ਤਾਂਕਿ ਉਹ ਆਸਾਨੀ ਨਾਲ ਬਾਈਬਲ ਦੀਆਂ ਆਇਤਾਂ ਦੇਖ ਸਕਣ ਅਤੇ ਹੋਰ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਕਰ ਸਕਣ। ਕਿਵੇਂ?
ਬਾਈਬਲ ਸਟੱਡੀ ਵਿਚ ਮਦਦ ਕਰਨ ਲਈ JW Library
ਪਹਿਲੀ ਵਾਰ JW Library ਖੋਲ੍ਹਣ ਤੇ ਸਕ੍ਰੀਨ ਉੱਤੇ ਬਾਈਬਲ ਦੀਆਂ ਕਿਤਾਬਾਂ ਦੇ ਨਾਂ ਆ ਜਾਂਦੇ ਹਨ। ਜਦੋਂ ਬਾਈਬਲ ਦੀ ਕਿਸੇ ਕਿਤਾਬ ʼਤੇ ਟੈਪ ਕੀਤਾ ਜਾਂਦਾ ਹੈ, ਤਾਂ ਉਸ ਕਿਤਾਬ ਦੇ ਅਧਿਆਵਾਂ ਦੀ ਲਿਸਟ ਖੁੱਲ੍ਹ ਜਾਂਦੀ ਹੈ। ਲਿਸਟ ਦੀ ਮਦਦ ਨਾਲ ਕੁਝ ਹੀ ਸਕਿੰਟਾਂ ਵਿਚ ਕਿਸੇ ਵੀ ਅਧਿਆਇ ਦੀਆਂ ਆਇਤਾਂ ਦੇਖੀਆਂ ਜਾ ਸਕਦੀਆਂ ਹਨ। ਇਹ ਐਪ ਹੋਰ ਵੀ ਕਈ ਤਰੀਕਿਆਂ ਨਾਲ ਬਾਈਬਲ ਸਟੱਡੀ ਕਰਨ ਵਿਚ ਮਦਦ ਕਰਦਾ ਹੈ:
ਫੁਟਨੋਟਾਂ ਵਿਚ ਆਇਤਾਂ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ ਜਾਂ ਦੱਸਿਆ ਗਿਆ ਹੈ ਕਿ ਆਇਤਾਂ ਦੇ ਸ਼ਬਦਾਂ ਦਾ ਹੋਰ ਕਿਵੇਂ ਅਨੁਵਾਦ ਕੀਤਾ ਜਾ ਸਕਦਾ ਹੈ
ਕਿਸੇ ਆਇਤ ਨਾਲ ਸੰਬੰਧਿਤ ਹੋਰ ਆਇਤਾਂ (ਕ੍ਰਾਸ ਰੈਫ਼ਰੈਂਸ)
ਇਸ ਵਿਚ ਸਰਚ ਫੀਚਰ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ ਕਿ ਕੋਈ ਸ਼ਬਦ ਬਾਈਬਲ ਵਿਚ ਕਿੰਨੀ ਵਾਰ ਵਰਤਿਆ ਗਿਆ ਹੈ
ਹਰ ਕਿਤਾਬ ਦੇ ਸ਼ੁਰੂ ਵਿਚ ਉਸ ਕਿਤਾਬ ਦੀਆਂ ਖ਼ਾਸ-ਖ਼ਾਸ ਗੱਲਾਂ ਦੱਸੀਆਂ ਗਈਆਂ ਹਨ
ਹਰ ਕਿਤਾਬ ਦੇ ਲਿਖਾਰੀ ਦਾ ਨਾਂ, ਲਿਖਣ ਦੀ ਜਗ੍ਹਾ ਤੇ ਸਮਾਂ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਚ ਕਿਹੜੇ ਸਮੇਂ ਦੀਆਂ ਘਟਨਾਵਾਂ ਲਿਖੀਆਂ ਗਈਆਂ ਹਨ
ਇਸ ਵਿਚ ਰੰਗਦਾਰ ਨਕਸ਼ੇ, ਚਾਰਟ, ਸਮਾਂ-ਰੇਖਾਵਾਂ ਤੇ ਚਿੱਤਰ ਦਿੱਤੇ ਗਏ ਹਨ
ਯਹੋਵਾਹ ਦੇ ਗਵਾਹਾਂ ਦੇ ਦੂਸਰੇ ਪ੍ਰਕਾਸ਼ਨਾਂ ਵਾਂਗ JW Library ਵੀ ਮੁਫ਼ਤ ਦਿੱਤਾ ਜਾਂਦਾ ਹੈ। ਦਾਨ ਦੀ ਸਹਾਇਤਾ ਨਾਲ ਬਣਾਇਆ ਗਿਆ ਇਹ ਬਾਈਬਲ ਐਪ ਹੁਣ ਤਕ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। (2 ਕੁਰਿੰਥੀਆਂ 9:7) ਕਿਉਂ ਨਾ ਤੁਸੀਂ ਵੀ ਇਸ ਅਨੋਖੀ ਚੱਲਦੀ-ਫਿਰਦੀ ਲਾਇਬ੍ਰੇਰੀ ਨੂੰ ਵਰਤੋ ਤੇ ਇਸ ਦਾ ਫ਼ਾਇਦਾ ਲਓ?
a ਜਨਵਰੀ 2014 ਵਿਚ ਇਸ ਐਪ ਨੂੰ ਅਪਡੇਟ ਕੀਤਾ ਗਿਆ। ਹੁਣ ਇਸ ਵਿਚ ਰੋਜ਼ ਬਾਈਬਲ ਦੀ ਜਾਂਚ ਕਰੋ ਅਤੇ ਯਹੋਵਾਹ ਦੇ ਗਵਾਹਾਂ ਦੁਆਰਾ ਵਰਤੀ ਜਾਂਦੀ ਗੀਤਾਂ ਦੀ ਕਿਤਾਬ ਵੀ ਹੈ। ਇਹ ਐਪ ਅਜੇ ਸਿਰਫ਼ ਅੰਗ੍ਰੇਜ਼ੀ ਵਿਚ ਉਪਲਬਧ ਹੈ।