Skip to content

ਪਾਠਕਾਂ ਦੀ ਮਦਦ ਕਰਨ ਲਈ ਤਸਵੀਰਾਂ

ਪਾਠਕਾਂ ਦੀ ਮਦਦ ਕਰਨ ਲਈ ਤਸਵੀਰਾਂ

ਯਹੋਵਾਹ ਦੇ ਗਵਾਹਾਂ ਦੇ ਬਹੁਤ ਸਾਰੇ ਪ੍ਰਕਾਸ਼ਨਾਂ ਵਿਚ ਰੰਗਦਾਰ ਤਸਵੀਰਾਂ ਹੁੰਦੀਆਂ ਹਨ ਜੋ ਜਾਣਕਾਰੀ ਨੂੰ ਹੋਰ ਸਮਝਣ ਵਿਚ ਮਦਦ ਕਰਦੀਆਂ ਹਨ। ਪਰ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ। 1879 ਵਿਚ ਛਪੇ ਜ਼ਾਯੰਸ ਵਾਚ ਟਾਵਰ ਦੇ ਪਹਿਲੇ ਅੰਕ ਵਿਚ ਕੋਈ ਤਸਵੀਰ ਨਹੀਂ ਸੀ। ਕਈ ਦਹਾਕਿਆਂ ਤਕ ਸਾਡੇ ਪ੍ਰਕਾਸ਼ਨ ਜਾਣਕਾਰੀ ਨਾਲ ਭਰੇ ਹੁੰਦੇ ਸਨ ਤੇ ਕਦੀ-ਕਦਾਈਂ ਹੀ ਕੋਈ ਤਸਵੀਰ ਜਾਂ ਬਲੈਕ-ਐਂਡ-ਵਾਈਟ ਫੋਟੋ ਹੁੰਦੀ ਸੀ।

ਪਰ ਹੁਣ ਸਾਡੇ ਕਈ ਪ੍ਰਕਾਸ਼ਨ ਤਸਵੀਰਾਂ ਨਾਲ ਭਰੇ ਹੁੰਦੇ ਹਨ। ਸਾਡੇ ਕਲਾਕਾਰ ਤੇ ਫੋਟੋਗ੍ਰਾਫਰ ਤਸਵੀਰਾਂ ਤੇ ਫੋਟੋਆਂ ਤਿਆਰ ਕਰਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਤੁਸੀਂ ਸਾਡੇ ਪ੍ਰਕਾਸ਼ਨਾਂ ਜਾਂ ਇਸ ਵੈੱਬਸਾਈਟ ਉੱਤੇ ਦੇਖਦੇ ਹੋ। ਇਨ੍ਹਾਂ ਨੂੰ ਤਿਆਰ ਕਰਨ ਲਈ ਧਿਆਨ ਨਾਲ ਰਿਸਰਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਰਾਹੀਂ ਇਤਿਹਾਸ ਅਤੇ ਬਾਈਬਲ ਦੀਆਂ ਸੱਚਾਈਆਂ ਬਾਰੇ ਕਈ ਮਹੱਤਵਪੂਰਣ ਸਬਕ ਸਿਖਾਏ ਜਾਂਦੇ ਹਨ।

ਉਦਾਹਰਣ ਲਈ, ਇਸ ਲੇਖ ਨਾਲ ਦਿੱਤੀ ਗਈ ਤਸਵੀਰ ʼਤੇ ਗੌਰ ਕਰੋ ਜੋ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’ ਕਿਤਾਬ ਦੇ 19ਵੇਂ ਅਧਿਆਇ ਵਿਚ ਪਹਿਲੀ ਵਾਰ ਛਪੀ ਸੀ। ਇਸ ਵਿਚ ਪੁਰਾਣਾ ਕੁਰਿੰਥੁਸ ਸ਼ਹਿਰ ਦਿਖਾਇਆ ਗਿਆ ਹੈ। ਜਿਵੇਂ ਬਾਈਬਲ ਵਿਚ ਰਸੂਲਾਂ ਦੇ ਕੰਮ ਦੀ ਕਿਤਾਬ ਦੇ 18ਵੇਂ ਅਧਿਆਇ ਵਿਚ ਦੱਸਿਆ ਗਿਆ ਹੈ, ਪੌਲੁਸ ਰਸੂਲ ਨਿਆਂ ਦੇ ਸਿੰਘਾਸਣ ਸਾਮ੍ਹਣੇ ਖੜ੍ਹਾ ਹੈ। ਪੌਲੁਸ ਜਿਸ ਸੰਗਮਰਮਰ ਦੀ ਇਮਾਰਤ ਵਿਚ ਗਾਲੀਓ ਸਾਮ੍ਹਣੇ ਪੇਸ਼ ਹੋਇਆ ਹੋਣਾ, ਉਸ ਇਮਾਰਤ ਦੇ ਰੰਗ ਅਤੇ ਜਗ੍ਹਾ ਬਾਰੇ ਖੁਦਾਈ ਦੌਰਾਨ ਖੋਜਕਾਰਾਂ ਨੂੰ ਜੋ ਜਾਣਕਾਰੀ ਮਿਲੀ ਸੀ, ਉਹ ਉਨ੍ਹਾਂ ਨੇ ਕਲਾਕਾਰਾਂ ਨੂੰ ਦਿੱਤੀ। ਖੋਜਕਾਰਾਂ ਨੇ ਪਹਿਲੀ ਸਦੀ ਵਿਚ ਰੋਮੀਆਂ ਦੇ ਪਹਿਰਾਵੇ ਬਾਰੇ ਵੀ ਜਾਣਕਾਰੀ ਦਿੱਤੀ ਤਾਂਕਿ ਰਾਜਪਾਲ ਗਾਲੀਓ (ਤਸਵੀਰ ਦੇ ਗੱਭੇ) ਨੂੰ ਸ਼ਾਹੀ ਲਿਬਾਸ ਵਿਚ ਦਿਖਾਇਆ ਜਾ ਸਕੇ। ਉਸ ਨੇ ਇਕ ਕੁੜਤਾ ਤੇ ਜਾਮਣੀ ਕਿਨਾਰੀ ਵਾਲਾ ਲੰਬਾ ਚੋਗਾ ਅਤੇ ਕਲਸੀਆਈ ਨਾਂ ਦੇ ਬੂਟ ਪਾਏ ਹੋਏ ਹਨ। ਖੋਜਕਾਰਾਂ ਨੇ ਨੋਟ ਕੀਤਾ ਕਿ ਨਿਆਂ ਦੀ ਜਗ੍ਹਾ ਖੜ੍ਹੇ ਗਾਲੀਓ ਦਾ ਮੂੰਹ ਉੱਤਰ-ਪੱਛਮ ਵੱਲ ਹੋਣਾ। ਇਸ ਤੋਂ ਕਲਾਕਾਰ ਨੂੰ ਪਤਾ ਲੱਗਾ ਕਿ ਸੀਨ ਵਿਚ ਰੌਸ਼ਨੀ ਕਿੰਨੀ ਕੁ ਹੋਣੀ ਚਾਹੀਦੀ ਸੀ।

ਤਰਤੀਬਵਾਰ ਲਿਸਟ ਅਤੇ ਕਾਰਗਰ ਸਿਸਟਮ

ਅਸੀਂ ਸਾਰੀਆਂ ਤਸਵੀਰਾਂ ਦੀ ਲਿਸਟ ਤੇ ਰਿਸਰਚ ਕੀਤੀ ਜਾਣਕਾਰੀ ਰੱਖਦੇ ਹਾਂ ਤਾਂਕਿ ਇਨ੍ਹਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਜਾ ਸਕੇ। ਕਈ ਸਾਲਾਂ ਤਕ ਅਸੀਂ ਸਾਰੀਆਂ ਤਸਵੀਰਾਂ ਵਗੈਰਾ ਵੱਡੇ ਲਿਫ਼ਾਫ਼ਿਆਂ ਵਿਚ ਪਾ ਕੇ ਪ੍ਰਕਾਸ਼ਨਾਂ ਅਨੁਸਾਰ ਰੱਖਦੇ ਸੀ ਜਿਨ੍ਹਾਂ ਵਿਚ ਉਹ ਵਰਤੀਆਂ ਗਈਆਂ ਸਨ। ਫੋਟੋਆਂ ਨੂੰ ਵਿਸ਼ੇ ਦੇ ਅਨੁਸਾਰ ਫਾਈਲਾਂ ਵਿਚ ਰੱਖਿਆ ਜਾਂਦਾ ਸੀ। ਪਰ ਜਿੱਦਾਂ-ਜਿੱਦਾਂ ਤਸਵੀਰਾਂ ਤੇ ਫੋਟੋਆਂ ਦੀ ਗਿਣਤੀ ਵਧਦੀ ਗਈ, ਉਨ੍ਹਾਂ ਨੂੰ ਲੱਭ ਕੇ ਦੁਬਾਰਾ ਇਸਤੇਮਾਲ ਕਰਨਾ ਮੁਸ਼ਕਲ ਹੁੰਦਾ ਗਿਆ।

1991 ਵਿਚ ਅਸੀਂ ਇਮੇਜ ਸਰਵਿਸਜ਼ ਸਿਸਟਮ ਨਾਂ ਦਾ ਇਕ ਪ੍ਰੋਗ੍ਰਾਮ ਬਣਾਇਆ ਜਿਸ ਦੀ ਮਦਦ ਨਾਲ ਤਸਵੀਰਾਂ ਤੇ ਫੋਟੋਆਂ ਲੱਭੀਆਂ ਜਾ ਸਕਦੀਆਂ ਹਨ। ਇਸ ਸਿਸਟਮ ਵਿਚ 4 ਲੱਖ 40 ਹਜ਼ਾਰ ਤੋਂ ਜ਼ਿਆਦਾ ਤਸਵੀਰਾਂ ਹਨ। ਸਾਡੇ ਪ੍ਰਕਾਸ਼ਨਾਂ ਵਿਚ ਵਰਤੀਆਂ ਗਈਆਂ ਤਸਵੀਰਾਂ ਤੋਂ ਇਲਾਵਾ ਹਜ਼ਾਰਾਂ ਹੋਰ ਵੀ ਫੋਟੋਆਂ ਦੀ ਲਿਸਟ ਬਣਾਈ ਗਈ ਹੈ ਜਿਨ੍ਹਾਂ ਨੂੰ ਭਵਿੱਖ ਵਿਚ ਛਪਣ ਵਾਲੇ ਪ੍ਰਕਾਸ਼ਨਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਹਰ ਤਸਵੀਰ ਤੇ ਫੋਟੋ ਬਾਰੇ ਜਾਣਕਾਰੀ ਦਾ ਰਿਕਾਰਡ ਰੱਖਿਆ ਜਾਂਦਾ ਹੈ, ਜਿਵੇਂ ਕਿ ਇਹ ਕਦੋਂ ਤੇ ਕਿੱਥੇ ਇਸਤੇਮਾਲ ਕੀਤੀ ਗਈ ਹੈ, ਤਸਵੀਰ ਵਿਚਲੇ ਸਾਰੇ ਲੋਕਾਂ ਦੇ ਨਾਂ ਅਤੇ ਇਸ ਵਿਚ ਕਿਹੜੇ ਸਮੇਂ ਦਾ ਨਜ਼ਾਰਾ ਪੇਸ਼ ਕੀਤਾ ਗਿਆ ਹੈ। ਨਵੇਂ ਪ੍ਰਕਾਸ਼ਨ ਤਿਆਰ ਕਰਦੇ ਵੇਲੇ ਛੇਤੀ ਨਾਲ ਤਸਵੀਰਾਂ ਲੱਭ ਜਾਣ ਦਾ ਬਹੁਤ ਫ਼ਾਇਦਾ ਹੁੰਦਾ ਹੈ।

ਕਈ ਵਾਰ ਅਸੀਂ ਕਮਰਸ਼ੀਅਲ ਸੰਸਥਾਵਾਂ ਤੇ ਕੰਪਨੀਆਂ ਵਗੈਰਾ ਤੋਂ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਤਸਵੀਰਾਂ ਤੇ ਫੋਟੋਆਂ ਦੇ ਲਾਈਸੈਂਸ ਲੈਂਦੇ ਹਾਂ। ਮਿਸਾਲ ਲਈ, ਸਾਨੂੰ ਸ਼ਾਇਦ ਜਾਗਰੂਕ ਬਣੋ! ਦੇ ਕਿਸੇ ਲੇਖ ਲਈ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਤਸਵੀਰ ਚਾਹੀਦੀ ਹੋਵੇ। ਸਾਡਾ ਸਟਾਫ਼ ਖੋਜ ਕਰ ਕੇ ਕੋਈ ਢੁਕਵੀਂ ਫੋਟੋ ਲੱਭਦਾ ਹੈ ਅਤੇ ਉਸ ਨੂੰ ਇਸਤੇਮਾਲ ਕਰਨ ਲਈ ਉਸ ਦੇ ਮਾਲਕ ਨਾਲ ਸੰਪਰਕ ਕਰਦਾ ਹੈ। ਦੁਨੀਆਂ ਭਰ ਵਿਚ ਸਾਡੇ ਬਾਈਬਲ ਦੀ ਸਿੱਖਿਆ ਦੇ ਕੰਮ ਦੀ ਕਦਰ ਕਰਦੇ ਹੋਏ ਕੁਝ ਲੋਕ ਸਾਨੂੰ ਮੁਫ਼ਤ ਵਿਚ ਫੋਟੋ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ। ਕਈ ਹੋਰ ਇਸ ਦੀ ਫ਼ੀਸ ਮੰਗਦੇ ਹਨ ਜਾਂ ਮੰਗ ਕਰਦੇ ਹਨ ਕਿ ਤਸਵੀਰ ਦੇ ਨਾਲ ਕ੍ਰੈਡਿਟ ਲਾਈਨ ਛਾਪੀ ਜਾਵੇ। ਐਗ੍ਰੀਮੈਂਟ ਹੋਣ ਤੋਂ ਬਾਅਦ ਪ੍ਰਕਾਸ਼ਨ ਵਿਚ ਤਸਵੀਰ ਵਰਤੀ ਜਾਂਦੀ ਹੈ ਤੇ ਇਸ ਨੂੰ ਲਿਸਟ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ।

ਅੱਜ ਸਾਡੇ ਕੁਝ ਪ੍ਰਕਾਸ਼ਨਾਂ ਵਿਚ ਜ਼ਿਆਦਾਤਰ ਤਸਵੀਰਾਂ ਹੁੰਦੀਆਂ ਹਨ। ਉਦਾਹਰਣ ਲਈ, ਇਸ ਵੈੱਬਸਾਈਟ ਉੱਤੇ ਤਸਵੀਰਾਂ ਰਾਹੀਂ ਬਾਈਬਲ ਕਹਾਣੀਆਂ ਦੱਸੀਆਂ ਗਈਆਂ ਹਨ। ਨਾਲੇ ਵੈੱਬਸਾਈਟ ʼਤੇ ਅਤੇ ਛਪੇ ਹੋਏ ਰੰਗਦਾਰ ਬਰੋਸ਼ਰ, ਜਿਵੇਂ ਕਿ ਰੱਬ ਦੀ ਸੁਣੋ, ਥੋੜ੍ਹੇ ਸ਼ਬਦਾਂ ਵਿਚ ਮਹੱਤਵਪੂਰਣ ਸਬਕ ਸਿਖਾਉਂਦੇ ਹਨ। ਇਹ ਪ੍ਰਕਾਸ਼ਨ ਤੇ ਸਾਡੇ ਹੋਰ ਪ੍ਰਕਾਸ਼ਨ ਬਾਈਬਲ ਦੀ ਸਿੱਖਿਆ ਦਿੰਦੇ ਹਨ।