Skip to content

ਜ਼ਿੰਦਗੀ ਵਿਚ ਇੱਕੋ-ਇਕ ਮੌਕਾ

ਜ਼ਿੰਦਗੀ ਵਿਚ ਇੱਕੋ-ਇਕ ਮੌਕਾ

ਹਰ ਸਾਲ ਹਜ਼ਾਰਾਂ ਹੀ ਲੋਕ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਅਤੇ ਨਿਊਯਾਰਕ ਰਾਜ ਵਿਚ ਵਰਲਡ ਹੈੱਡ-ਕੁਆਰਟਰ ਨੂੰ ਦੇਖਣ ਆਉਂਦੇ ਹਨ। ਇਨ੍ਹਾਂ ਥਾਵਾਂ ਨੂੰ ਬੈਥਲ ਕਿਹਾ ਜਾਂਦਾ ਹੈ। ਇਹ ਇਬਰਾਨੀ ਨਾਂ ਹੈ ਜਿਸ ਦਾ ਮਤਲਬ ਹੈ “ਪਰਮੇਸ਼ੁਰ ਦਾ ਘਰ।” ਦੂਰੋਂ-ਦੂਰੋਂ ਅਤੇ ਨੇੜਲੀਆਂ ਥਾਵਾਂ ਤੋਂ ਲੋਕ ਇਹ ਦੇਖਣ ਆਉਂਦੇ ਹਨ ਕਿ ਪ੍ਰਕਾਸ਼ਨ ਕਿਵੇਂ ਤਿਆਰ ਕੀਤੇ ਜਾਂਦੇ ਹਨ ਅਤੇ ਸਾਡੇ ਕੰਮ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ। ਕਈ ਆਪਣੇ ਦੋਸਤਾਂ ਨੂੰ ਮਿਲਣ ਆਉਂਦੇ ਹਨ ਜੋ ਬੈਥਲ ਵਿਚ ਸੇਵਾ ਕਰਦੇ ਹਨ। ਹਾਲ ਹੀ ਵਿਚ ਆਏ ਇਕ ਆਦਮੀ ਨੇ ਬੈਥਲ ਦੇਖਣ ਆਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ।

ਮਾਰਸੇਲਸ ਯਹੋਵਾਹ ਦਾ ਗਵਾਹ ਹੈ ਜੋ ਐਨਕੋਰੇਜ, ਅਲਾਸਕਾ, ਅਮਰੀਕਾ ਵਿਚ ਰਹਿੰਦਾ ਹੈ। ਕੁਝ ਸਾਲ ਪਹਿਲਾਂ ਪਏ ਦੌਰੇ ਕਰਕੇ ਉਹ ਕੁਝ ਹੀ ਸ਼ਬਦ ਬੋਲ ਸਕਦਾ ਸੀ। a ਉਸ ਨੂੰ ਵ੍ਹੀਲ-ਚੇਅਰ ʼਤੇ ਹੀ ਬੈਠੇ ਰਹਿਣਾ ਪੈਂਦਾ ਹੈ ਤੇ ਉਹ ਆਪਣੇ ਹਰ ਰੋਜ਼ ਦੇ ਕੰਮ ਕਿਸੇ ਦੀ ਮਦਦ ਤੋਂ ਬਿਨਾਂ ਨਹੀਂ ਕਰ ਸਕਦਾ। ਇਸ ਦੇ ਬਾਵਜੂਦ, ਉਹ ਬੈਥਲ ਦੇਖਣ ਲਈ ਉਤਾਵਲਾ ਸੀ। ਹਾਲ ਹੀ ਵਿਚ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ।

ਮਾਰਸੇਲਸ ਲਈ ਬੈਥਲ ਆਉਣ ਦਾ ਇੰਤਜ਼ਾਮ ਕਰਨ ਵਾਲੀ ਉਸ ਦੀ ਇਕ ਦੋਸਤ ਕੋਰੀ ਕਹਿੰਦੀ ਹੈ, “ਉਸ ਨੇ ਬੈਥਲ ਆਉਣ ਦੀ ਠਾਣੀ ਹੋਈ ਸੀ। ਉਹ ਮੈਨੂੰ ਵਾਰ-ਵਾਰ ਫ਼ੋਨ ਕਰ ਕੇ ਇਸ ਬਾਰੇ ਪੁੱਛਦਾ ਰਹਿੰਦਾ ਸੀ। ਮਾਰਸੇਲਸ ਸਿਰਫ਼ ਹਾਂ ਜਾਂ ਨਾਂਹ ਹੀ ਵਿਚ ਗੱਲ ਕਰ ਸਕਦਾ ਹੈ। ਉਸ ਦੇ ਫ਼ੋਨ ਕਰਨ ਤੇ ਮੈਨੂੰ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਪਏ।” ਉਨ੍ਹਾਂ ਵਿਚ ਇਹ ਗੱਲਬਾਤ ਹੋਈ:

“ਕੀ ਮੈਂ ਤੁਹਾਡੇ ਕੋਲ ਆਵਾਂ?”

“ਨਹੀਂ।”

“ਕੀ ਮੈਂ ਡਾਕਟਰ ਨੂੰ ਫ਼ੋਨ ਕਰਾਂ?”

“ਨਹੀਂ।”

“ਕੀ ਤੁਸੀਂ ਬੈਥਲ ਜਾਣ ਬਾਰੇ ਗੱਲ ਕਰਨੀ ਚਾਹੁੰਦੇ?”

“ਹਾਂ।”

“ਫਿਰ ਮੈਂ ਉਸ ਨੂੰ ਬੈਥਲ ਜਾਣ ਦੇ ਸਾਰੇ ਪ੍ਰੋਗ੍ਰਾਮ ਬਾਰੇ ਦੱਸਿਆ। ਮੈਂ ਬਹੁਤ ਖ਼ੁਸ਼ ਸੀ ਕਿ ਉਸ ਦਾ ਬੈਥਲ ਜਾਣ ਦਾ ਸੁਪਨਾ ਪੂਰਾ ਹੋਇਆ।”

ਮਾਰਸੇਲਸ ਨੇ ਸਫ਼ਰ ਤੇ ਜਾਣ ਲਈ ਕਈ ਰੁਕਾਵਟਾਂ ਪਾਰ ਕੀਤੀਆਂ। ਇਕ ਤਾਂ ਉਸ ਕੋਲ ਬਹੁਤ ਘੱਟ ਪੈਸੇ ਸਨ, ਇਸ ਲਈ ਉਸ ਨੇ ਦੋ ਸਾਲਾਂ ਤਕ ਪੈਸੇ ਜਮ੍ਹਾ ਕੀਤੇ ਤਾਂਕਿ ਉਹ 5,400 ਕਿਲੋਮੀਟਰ (3,400 ਮੀਲ) ਦੂਰ ਨਿਊਯਾਰਕ ਜਾ ਸਕੇ। ਦੂਜੀ, ਸਿਹਤ ਠੀਕ ਨਾ ਹੋਣ ਕਰਕੇ ਉਸ ਨੂੰ ਆਪਣੇ ਨਾਲ ਜਾਣ ਲਈ ਕੋਈ ਚਾਹੀਦਾ ਸੀ। ਅਖ਼ੀਰ ਵਿਚ ਉਸ ਨੂੰ ਸਫ਼ਰ ਤੇ ਜਾਣ ਲਈ ਡਾਕਟਰ ਦੀ ਇਜਾਜ਼ਤ ਦੀ ਲੋੜ ਸੀ। ਇਹ ਇਜਾਜ਼ਤ ਉਸ ਨੂੰ ਜਹਾਜ਼ ਦਾ ਸਫ਼ਰ ਕਰਨ ਤੋਂ ਕੁਝ ਹੀ ਦਿਨ ਪਹਿਲਾਂ ਮਿਲੀ ਸੀ।

ਜਦੋਂ ਮਾਰਸੇਲਸ ਨਿਊਯਾਰਕ ਪਹੁੰਚਿਆ, ਤਾਂ ਉਸ ਨੇ ਬਰੁਕਲਿਨ, ਪੈਟਰਸਨ ਅਤੇ ਵੌਲਕਿਲ ਵਿਚ ਬੈਥਲ ਦਾ ਟੂਰ ਕੀਤਾ। ਉਸ ਨੇ ਵੱਡੀਆਂ-ਵੱਡੀਆਂ ਪ੍ਰਿਟਿੰਗ ਮਸ਼ੀਨਾਂ ʼਤੇ ਕਿਤਾਬਾਂ ਅਤੇ ਬਾਈਬਲਾਂ ਛਪਦੀਆਂ ਦੇਖੀਆਂ ਅਤੇ ਉਸ ਨੂੰ ਪਤਾ ਲੱਗਾ ਕਿ ਸਾਡਾ ਕੰਮ ਕਿਵੇਂ ਕੀਤਾ ਜਾਂਦਾ ਹੈ। ਉਸ ਨੇ ਪ੍ਰਦਰਸ਼ਨੀਆਂ ਵੀ ਦੇਖੀਆਂ ਜਿਨ੍ਹਾਂ ਦੇ ਨਾਂ ਸਨ: “ਬਾਈਬਲ ਅਤੇ ਪਰਮੇਸ਼ੁਰ ਦਾ ਨਾਂ” ਅਤੇ “ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਲੋਕ।” ਟੂਰ ਕਰਦੇ ਵੇਲੇ ਉਸ ਨੇ ਬਹੁਤ ਸਾਰੇ ਨਵੇਂ ਦੋਸਤ ਬਣਾਏ। ਇਹ ਜ਼ਿੰਦਗੀ ਵਿਚ ਬੈਥਲ ਆਉਣ ਦਾ ਇੱਕੋ-ਇਕ ਮੌਕਾ ਸੀ!

ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਬੈਥਲ ਦਾ ਟੂਰ ਕਿੱਦਾਂ ਦਾ ਰਿਹਾ, ਤਾਂ ਉਹ ਕਹਿੰਦੇ ਹਨ ਕਿ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਪਰ ਜਦੋਂ ਮਾਰਸੇਲਸ ਨੂੰ ਪੁੱਛਿਆ ਗਿਆ ਕਿ ਬੈਥਲ ਦੇਖ ਕੇ ਵਧੀਆ ਲੱਗਾ, ਤਾਂ ਉਸ ਨੇ ਉੱਨਾ ਹੀ ਜਵਾਬ ਦਿੱਤਾ ਜਿੰਨਾ ਉਹ ਦੇ ਸਕਦਾ ਸੀ: “ਹਾਂ, ਹਾਂ, ਹਾਂ!”

ਬੈਥਲ ਦੇਖ ਕੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਉਤਸ਼ਾਹ ਮਿਲੇਗਾ ਜਿਵੇਂ ਮਾਰਸੇਲਸ ਨੂੰ ਮਿਲਿਆ ਸੀ। ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਵਿਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਕਿਉਂ ਨਾ ਤੁਸੀਂ ਵੀ ਆਓ?

a 19 ਮਈ 2014 ਨੂੰ ਮਾਰਸੇਲਸ ਦੀ ਮੌਤ ਹੋ ਗਈ ਜਦੋਂ ਇਹ ਲੇਖ ਤਿਆਰ ਕੀਤਾ ਜਾ ਰਿਹਾ ਸੀ।