ਰੋਮ ਵਿਚ ਟਾਗਾਲੋਗ ਭਾਸ਼ਾ ਦਾ ਸੰਮੇਲਨ—“ਇਕ ਵੱਡੇ ਪਰਿਵਾਰ ਦਾ ਦੁਬਾਰਾ ਮੇਲ ਹੋਇਆ!”
ਟਾਗਾਲੋਗ ਭਾਸ਼ਾ ਦੇ ਲੋਕਾਂ ਦੇ ਦੇਸ਼ ਫ਼ਿਲਪੀਨ ਤੋਂ 10,000 ਕਿਲੋਮੀਟਰ (6,200 ਮੀਲ) ਦੂਰ ਇਟਲੀ ਦੇ ਸ਼ਹਿਰ ਰੋਮ ਵਿਚ 24-26 ਜੁਲਾਈ 2015 ਨੂੰ ਹੋਏ ਇਕ ਸੰਮੇਲਨ ਵਿਚ ਹਜ਼ਾਰਾਂ ਹੀ ਟਾਗਾਲੋਗ ਭਾਸ਼ਾ ਬੋਲਣ ਵਾਲੇ ਯਹੋਵਾਹ ਦੇ ਗਵਾਹ ਇਕੱਠੇ ਹੋਏ।
ਇਕ ਅਨੁਮਾਨ ਮੁਤਾਬਕ 8,50,000 ਤੋਂ ਜ਼ਿਆਦਾ ਫ਼ਿਲਪਾਈਨੀ ਲੋਕ ਹੁਣ ਯੂਰਪ ਵਿਚ ਰਹਿੰਦੇ ਹਨ। ਨਤੀਜੇ ਵਜੋਂ ਯੂਰਪ ਵਿਚ ਯਹੋਵਾਹ ਦੇ ਗਵਾਹ ਲਗਭਗ 60 ਮੰਡਲੀਆਂ ਅਤੇ ਛੋਟੇ-ਛੋਟੇ ਗਰੁੱਪਾਂ ਵਿਚ ਟਾਗਾਲੋਗ ਭਾਸ਼ਾ ਦੀਆਂ ਸਭਾਵਾਂ ਕਰਦੇ ਹਨ ਅਤੇ ਫ਼ਿਲਪਾਈਨੀ ਲੋਕਾਂ ਨੂੰ ਪ੍ਰਚਾਰ ਕਰਦੇ ਹਨ।
ਪਰ ਰੋਮ ਵਿਚ ਆਪਣੀ ਭਾਸ਼ਾ ਵਿਚ ਤਿੰਨ ਦਿਨਾਂ ਦੇ ਸੰਮੇਲਨ ਲਈ ਇਹ ਸਾਰੀਆਂ ਮੰਡਲੀਆਂ ਅਤੇ ਗਰੁੱਪ ਪਹਿਲੀ ਵਾਰ ਇਕੱਠੇ ਹੋਏ। ਸੰਮੇਲਨ ਵਿਚ ਹਾਜ਼ਰ 3,239 ਲੋਕ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ, ਭਰਾ ਮਾਰਕ ਸੈਂਡਰਸਨ ਨੂੰ ਦੇਖ ਕੇ ਬਹੁਤ ਹੀ ਖ਼ੁਸ਼ ਹੋਏ। ਇਹ ਭਰਾ ਪਹਿਲਾਂ ਫ਼ਿਲਪੀਨ ਵਿਚ ਪ੍ਰਚਾਰ ਕਰਦਾ ਸੀ ਅਤੇ ਉਸ ਨੇ ਸੰਮੇਲਨ ਦੇ ਹਰ ਦਿਨ ਆਖ਼ਰੀ ਭਾਸ਼ਣ ਦਿੱਤਾ।
“ਸਿੱਧੀਆਂ ਮੇਰੇ ਦਿਲ ਵਿਚ”
ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ ਜੇ ਇਕ ਵਿਅਕਤੀ ਆਪਣੀ ਮਾਂ-ਬੋਲੀ ਜਾਂ ਕਿਸੇ ਦੂਜੀ ਭਾਸ਼ਾ ਦੇ ਸੰਮੇਲਨ ਵਿਚ ਹਾਜ਼ਰ ਹੁੰਦਾ ਹੈ? ਦੋ ਬੱਚਿਆਂ ਦੀ ਇਕੱਲਿਆਂ ਪਰਵਰਿਸ਼ ਕਰਨ ਵਾਲੀ ਇਕ ਮਾਂ ਈਵਾ ਨੇ ਕਿਹਾ: “ਮੈਂ ਮਾੜੀ-ਮੋਟੀ ਅੰਗ੍ਰੇਜ਼ੀ ਸਮਝ ਸਕਦੀ ਹਾਂ, ਪਰ ਟਾਗਾਲੋਗ ਵਿਚ ਹੋਏ ਇਸ ਸੰਮੇਲਨ ਕਰਕੇ ਬਾਈਬਲ ਦੀਆਂ ਸਿੱਖਿਆਵਾਂ ਸਿੱਧੀਆਂ ਮੇਰੇ ਦਿਲ ਵਿਚ ਗਈਆਂ।” ਸਪੇਨ ਤੋਂ ਇਟਲੀ ਜਾਣ ਵਾਸਤੇ ਪੈਸੇ ਜਮ੍ਹਾ ਕਰਨ ਲਈ ਉਸ ਨੇ ਤੇ ਉਸ ਦੇ ਬੱਚਿਆਂ ਨੇ ਫ਼ੈਸਲਾ ਕੀਤਾ ਕਿ ਉਹ ਹਰ ਹਫ਼ਤੇ ਬਾਹਰ ਖਾਣਾ ਖਾਣ ਨਹੀਂ ਜਾਣਗੇ, ਸਗੋਂ ਮਹੀਨੇ ਵਿਚ ਇਕ ਵਾਰ ਹੀ ਬਾਹਰ ਖਾਣਾ ਖਾਣਗੇ। ਈਵਾ ਕਹਿੰਦੀ ਹੈ: “ਇਹ ਕੁਰਬਾਨੀ ਕਰਨ ਦਾ ਬਹੁਤ ਫ਼ਾਇਦਾ ਹੋਇਆ ਕਿਉਂਕਿ ਇਸ ਸੰਮੇਲਨ ਵਿਚ ਮੈਨੂੰ ਹਰ ਗੱਲ ਸਮਝ ਆ ਗਈ!”
ਜਰਮਨੀ ਵਿਚ ਰਹਿਣ ਵਾਲੀ ਯਾਸਮੀਨ ਨੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਕੰਮ ਤੋਂ ਛੁੱਟੀ ਲੈਣ ਲਈ ਬੇਨਤੀ ਕੀਤੀ। ਉਹ ਕਹਿੰਦੀ ਹੈ: “ਜਦੋਂ ਮੈਂ ਉੱਥੋਂ ਆਉਣ ਲੱਗੀ ਸੀ, ਤਾਂ ਮੈਨੂੰ ਕਿਹਾ ਗਿਆ ਕਿ ਮੈਂ ਨਹੀਂ ਜਾ ਸਕਦੀ ਕਿਉਂਕਿ ਹਾਲੇ ਕੰਮ ਕਰਨ ਵਾਲਾ ਪਿਆ ਸੀ। ਮੈਂ ਸ਼ਾਂਤ ਰਹੀ, ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਮੈਂ ਆਪਣੇ ਬਾਸ ਨਾਲ ਜਾ ਕੇ ਗੱਲ ਕੀਤੀ। ਅਸੀਂ ਕੰਮ ਵਿਚ ਫੇਰ-ਬਦਲ ਕੀਤਾ ਤਾਂਕਿ ਮੈਂ ਸੰਮੇਲਨ ਵਿਚ ਜਾ ਸਕਾਂ। ਪੂਰੇ ਯੂਰਪ ਤੋਂ ਆਏ ਫ਼ਿਲਪਾਈਨੀ ਭੈਣਾਂ-ਭਰਾਵਾਂ ਨੂੰ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।”
ਬੇਸ਼ੱਕ, ਯੂਰਪ ਵਿਚ ਬਹੁਤ ਸਾਰੇ ਫ਼ਿਲਪਾਈਨੀ ਲੋਕਾਂ ਨੂੰ ਨਾ ਸਿਰਫ਼ ਆਪਣੇ ਦੇਸ਼ ਦੀ ਯਾਦ ਆਉਂਦੀ ਹੈ, ਸਗੋਂ ਦੋਸਤਾਂ ਦੀ ਵੀ ਯਾਦ ਆਉਂਦੀ ਹੈ ਜੋ ਯੂਰਪ ਦੇ ਹੋਰ ਹਿੱਸਿਆਂ ਵਿਚ ਜਾ ਕੇ ਰਹਿਣ ਲੱਗ ਪਏ ਹਨ। ਸੰਮੇਲਨ ਦੀ ਮਦਦ ਨਾਲ ਇਹ ਦੋਸਤ ਦੁਬਾਰਾ ਇਕ-ਦੂਜੇ ਨੂੰ ਮਿਲੇ, ਪਰ ਇਸ ਵਾਰ ਉਹ ਭੈਣਾਂ-ਭਰਾਵਾਂ ਵਾਂਗ ਮਿਲੇ ਜੋ ਇੱਕੋ ਪਰਮੇਸ਼ੁਰ ਦੀ ਭਗਤੀ ਕਰਦੇ ਹਨ। (ਮੱਤੀ 12:48-50) ਫਾਬਰੀਸ ਕਹਿੰਦੀ ਹੈ: “ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦੀ ਸੀ, ਉਨ੍ਹਾਂ ਨੂੰ ਦੇਖ ਕੇ ਮੇਰਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ!” ਸੰਮੇਲਨ ਖ਼ਤਮ ਹੋਣ ਤੇ ਇਕ ਭੈਣ ਇਹੀ ਕਹਿੰਦੀ ਰਹੀ: “ਇਕ ਵੱਡੇ ਪਰਿਵਾਰ ਦਾ ਦੁਬਾਰਾ ਮੇਲ ਹੋਇਆ ਹੈ!”