Skip to content

ਪਿਆਰ ਨਾਲ ਏਕਤਾ ਵਿਚ ਬੱਝੇ ਹੋਏ—ਫ੍ਰੈਂਕਫਰਟ, ਜਰਮਨੀ ਵਿਚ ਇਕ ਸੰਮੇਲਨ

ਪਿਆਰ ਨਾਲ ਏਕਤਾ ਵਿਚ ਬੱਝੇ ਹੋਏ—ਫ੍ਰੈਂਕਫਰਟ, ਜਰਮਨੀ ਵਿਚ ਇਕ ਸੰਮੇਲਨ

ਫ਼੍ਰਾਂਕਫੂਰਟਰ ਰੁੰਡਸ਼ਾਓ ਅਖ਼ਬਾਰ ਦੀਆਂ ਸੁਰਖੀਆਂ ਸਨ: “ਪਰਿਵਾਰ ਦੁਆਰਾ ਮਿਲ ਕੇ ਮਨਾਏ ਜਾਂਦੇ ਤਿਉਹਾਰ ਵਾਂਗ।” ਜਿਹੜੇ ਉੱਥੇ ਹਾਜ਼ਰ ਹੋਏ ਉਹ ਇਸ ਗੱਲ ਨਾਲ ਸਹਿਮਤ ਸਨ।

ਪੋਰਟੋ ਰੀਕੋ ਤੋਂ ਆਈ ਕਾਰਲਾ ਨੇ ਕਿਹਾ: “ਉਨ੍ਹਾਂ ਨੇ ਮੈਨੂੰ ਇੱਦਾਂ ਮਹਿਸੂਸ ਕਰਾਇਆ ਜਿਵੇਂ ਮੈਂ ਆਪਣੇ ਘਰ ਹਾਂ।”

ਆਸਟ੍ਰੇਲੀਆ ਤੋਂ ਆਈ ਸਾਰਾ ਨੇ ਕਿਹਾ: “ਮੈਨੂੰ ਇੱਦਾਂ ਲੱਗਾ ਕਿ ਮੈਂ ਦੁਨੀਆਂ ਦੇ ਕਿਸੇ ਹੋਰ ਕੋਨੇ ਤੋਂ ਆਪਣੇ ਪਰਿਵਾਰ ਨੂੰ ਮਿਲਣ ਆਈ ਸੀ।”

ਉਹ ਕਿਹੜੀ ਗੱਲ ਕਰਕੇ ਅਜਿਹੇ ਜਜ਼ਬਾਤ ਜ਼ਾਹਰ ਕਰ ਪਾਏ? ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨ ਕਰਕੇ। ਇਹ ਸੰਮੇਲਨ ਜਰਮਨੀ ਦੇ ਸ਼ਹਿਰ ਫ੍ਰੈਂਕਫਰਟ ਆਮ ਮਾਨ ਵਿਚ ਕੋਮਰਜ਼ਬੈਂਕ-ਅਰੀਨਾ ਵਿਖੇ 18-20 ਜੁਲਾਈ 2014 ਨੂੰ ਹੋਇਆ। ਲਗਭਗ 37,000 ਜਣੇ ਸੰਮੇਲਨ ਵਿਚ ਹਾਜ਼ਰ ਹੋਏ।

ਹਾਜ਼ਰ ਲੋਕ ਬਾਈਬਲ ਵਿੱਚੋਂ ਸਿੱਖਿਆ ਲੈਣ ਆਏ ਸਨ। ਪ੍ਰੋਗ੍ਰਾਮ ਵਿਚ ਬਾਈਬਲ ਰੀਡਿੰਗ, ਗੀਤ, ਪ੍ਰਾਰਥਨਾ, ਦੋ ਡਰਾਮੇ ਅਤੇ ਬਾਈਬਲ ਦੇ ਵਿਸ਼ਿਆਂ ʼਤੇ ਆਧਾਰਿਤ ਦਿਲਚਸਪ ਭਾਸ਼ਣ ਸ਼ਾਮਲ ਸਨ।

ਹਾਜ਼ਰ ਲੋਕਾਂ ਵਿਚ ਉਸ ਇਲਾਕੇ ਦੇ ਭੈਣ-ਭਰਾਵਾਂ ਤੋਂ ਇਲਾਵਾ, 3,000 ਤੋਂ ਜ਼ਿਆਦਾ ਭੈਣ-ਭਰਾ ਅਮਰੀਕਾ, ਆਸਟ੍ਰੇਲੀਆ, ਸਰਬੀਆ, ਦੱਖਣੀ ਅਫ਼ਰੀਕਾ, ਬਰਤਾਨੀਆ, ਯੂਨਾਨ ਅਤੇ ਲੇਬਨਾਨ ਤੋਂ ਆਏ ਸਨ। ਇਨ੍ਹਾਂ ਵਿਚ 70 ਦੇਸ਼ਾਂ ਤੋਂ 234 ਗਵਾਹ, ਜੋ ਮਿਸ਼ਨਰੀ ਹਨ, ਵੀ ਸ਼ਾਮਲ ਸਨ।

ਪ੍ਰੋਗ੍ਰਾਮ ਦੇ ਕਈ ਹਿੱਸਿਆਂ ਨੂੰ ਜਰਮਨੀ ਦੀਆਂ 19 ਥਾਵਾਂ ਤੋਂ ਇਲਾਵਾ, ਆਸਟ੍ਰੀਆ ਅਤੇ ਸਵਿਟਜ਼ਰਲੈਂਡ ਦੀਆਂ ਕਈ ਥਾਵਾਂ ʼਤੇ ਇੰਟਰਨੈੱਟ ਵੀਡੀਓ ਰਾਹੀਂ ਦਿਖਾਇਆ ਗਿਆ। ਸਾਰੀਆਂ ਥਾਵਾਂ ʼਤੇ ਹਾਜ਼ਰ ਹੋਏ ਲੋਕਾਂ ਦੀ ਕੁੱਲ ਗਿਣਤੀ 2,04,046 ਸੀ।

ਸਾਰੀਆਂ ਹੱਦਾਂ ਮਿਟਾਈਆਂ

ਫ੍ਰੈਂਕਫਰਟ ਵਿਚ ਪ੍ਰੋਗ੍ਰਾਮ ਨੂੰ ਅੰਗ੍ਰੇਜ਼ੀ, ਜਰਮਨ ਤੇ ਯੂਨਾਨੀ ਭਾਸ਼ਾਵਾਂ ਵਿਚ ਪੇਸ਼ ਕੀਤਾ ਗਿਆ। ਉਸੇ ਸਮੇਂ ਹੋਰ ਥਾਵਾਂ ਤੇ ਭਾਸ਼ਣਾਂ ਦਾ 17 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਜਿਨ੍ਹਾਂ ਵਿਚ ਅਰਬੀ, ਚੀਨੀ, ਤਾਮਿਲ, ਤੁਰਕੀ ਅਤੇ ਦੋ ਸੈਨਤ ਭਾਸ਼ਾਵਾਂ ਸ਼ਾਮਲ ਸਨ।

ਭਾਵੇਂ ਕਿ ਗਵਾਹ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਸਨ ਅਤੇ ਵੱਖੋ-ਵੱਖਰੇ ਦੇਸ਼ਾਂ ਤੇ ਸਭਿਆਚਾਰਾਂ ਤੋਂ ਸਨ, ਪਰ ਫਿਰ ਵੀ ਉਹ ਪਿਆਰ ਕਾਰਨ ਇਕ-ਦੂਜੇ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਸਨ। (ਯੂਹੰਨਾ 13:34, 35) ਉਹ ਇਕ-ਦੂਸਰੇ ਨਾਲ ਭੈਣ-ਭਰਾਵਾਂ ਵਾਂਗ ਪੇਸ਼ ਆਉਂਦੇ ਸਨ।

ਟੋਬਾਇਸ ਨਾਂ ਦਾ ਭਰਾ, ਜੋ ਕਿ ਬਰਤਾਨੀਆ ਤੋਂ ਹੈ, ਨੇ ਕਿਹਾ: “ਅਸੀਂ ਖ਼ੁਦ ਅਹਿਸਾਸ ਕੀਤਾ ਕਿ ਕਿਸ ਤਰ੍ਹਾਂ ਸਾਡੇ ਅੰਤਰਰਾਸ਼ਟਰੀ ਭਾਈਚਾਰੇ ਨੇ ਹਰ ਤਰ੍ਹਾਂ ਦੀਆਂ ਸਰਹੱਦਾਂ ਨੂੰ ਮਿਟਾ ਦਿੱਤਾ।”

ਪੋਰਟੋ ਰੀਕੋ ਤੋਂ ਆਈ ਦਾਵੀਆਨਾ ਨਾਂ ਦੀ ਭੈਣ ਨੇ ਕਿਹਾ: “ਮੈਂ 20 ਤੋਂ ਜ਼ਿਆਦਾ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲੀ। ਅਸੀਂ ਪਰਮੇਸ਼ੁਰ ਅਤੇ ਇਕ-ਦੂਜੇ ਲਈ ਪਿਆਰ ਕਾਰਨ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ।”

ਆਸਟ੍ਰੇਲੀਆ ਤੋਂ ਆਏ ਮੈਲਕਮ ਨਾਂ ਦੇ ਭਰਾ ਨੇ ਕਿਹਾ: “ਮੈਂ ਇਕ ਛੋਟੇ ਜਿਹੇ ਕਸਬੇ ਵਿਚ ਯਹੋਵਾਹ ਦਾ ਗਵਾਹ ਬਣਿਆ ਸੀ। ਮੈਂ ਸਾਡੇ ਦੁਨੀਆਂ ਭਰ ਦੇ ਭਾਈਚਾਰੇ ਬਾਰੇ ਪੜ੍ਹਿਆ ਸੀ ਅਤੇ ਇਸ ਬਾਰੇ ਵੀਡੀਓ ਵੀ ਦੇਖੇ ਸਨ। ਪਰ ਇੱਥੇ ਮੈਂ ਇਸ ਭਾਈਚਾਰੇ ਨੂੰ ਆਪਣੀ ਅੱਖੀਂ ਦੇਖਿਆ ਹੈ। ਹੁਣ ਮੈਨੂੰ ਸਮਝ ਲੱਗਾ ਕਿ ਅਸਲ ਵਿਚ ਇਸ ਭਾਈਚਾਰੇ ਦਾ ਕੀ ਮਤਲਬ ਹੈ। ਇੱਥੇ ਆ ਕੇ ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ ਹੈ।”

ਨਾ ਭੁੱਲਣ ਵਾਲੀ ਪਰਾਹੁਣਚਾਰੀ

ਫ੍ਰੈਂਕਫਰਟ ਅਤੇ ਹੋਰ ਥਾਵਾਂ ਦੀਆਂ 58 ਮੰਡਲੀਆਂ ਦੇ ਗਵਾਹਾਂ ਨੇ ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਲਈ ਤੋਹਫ਼ੇ ਤਿਆਰ ਕੀਤੇ ਅਤੇ ਸ਼ਾਮ ਨੂੰ ਮਨੋਰੰਜਨ ਲਈ ਪ੍ਰੋਗ੍ਰਾਮਾਂ ਦਾ ਵੀ ਇੰਤਜ਼ਾਮ ਕੀਤਾ।

ਅਮਰੀਕਾ ਤੋਂ ਆਈ ਸਿੰਥੀਆ ਨਾਂ ਦੀ ਭੈਣ ਨੇ ਕਿਹਾ: “ਅਸੀਂ ਸ਼ਾਨਦਾਰ ਪਰਾਹੁਣਚਾਰੀ ਦਾ ਮਜ਼ਾ ਲਿਆ। ਮੈਂ ਭੈਣਾਂ-ਭਰਾਵਾਂ ਦੇ ਦਿਲੋਂ ਕੀਤੇ ਪਿਆਰ, ਦਇਆ ਅਤੇ ਖੁੱਲ੍ਹ-ਦਿਲੀ ਨੂੰ ਕਦੇ ਨਹੀਂ ਭੁੱਲਾਂਗੀ।”

ਜਰਮਨੀ ਵਿਚ ਰਹਿੰਦੇ ਜ਼ੀਮੋਨ ਨੇ ਕਿਹਾ: “ਉੱਥੇ ਭੈਣਾਂ-ਭਰਾਵਾਂ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਸੀ ਤੇ ਸਾਰੇ ਹੱਸ-ਖੇਡ ਰਹੇ ਸਨ। ਅਸੀਂ ਇਕ-ਦੂਸਰੇ ਤੋਂ ਕਿੰਨਾ ਕੁਝ ਸਿੱਖ ਸਕਦੇ ਹਾਂ।”

ਆਸਟ੍ਰੇਲੀਆ ਤੋਂ ਆਈ ਏਮੀ ਨਾਂ ਦੀ ਭੈਣ ਨੇ ਕਿਹਾ: “ਸ਼ਾਮ ਦਾ ਪ੍ਰੋਗ੍ਰਾਮ ਦੇਖਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਸੰਨਿਆਸੀਆਂ ਵਾਲੀ ਜ਼ਿੰਦਗੀ ਨਹੀਂ ਜੀਉਂਦੇ। ਸਾਨੂੰ ਪਤਾ ਹੈ ਕਿ ਸਾਫ਼-ਸੁਥਰੇ ਮਨੋਰੰਜਨ ਦਾ ਮਜ਼ਾ ਕਿਵੇਂ ਲੈਣਾ ਹੈ।”

ਮਿੱਠੀਆਂ ਯਾਦਾਂ ਲੈ ਕੇ ਵਾਪਸ ਪਰਤੇ

ਦੁਨੀਆਂ ਭਰ ਵਿਚ ਹੋਏ 9 ਅੰਤਰਰਾਸ਼ਟਰੀ ਸੰਮੇਲਨਾਂ ਵਿੱਚੋਂ ਇਕ ਸੀ ਫ੍ਰੈਂਕਫਰਟ ਵਿਚ ਹੋਇਆ ਸੰਮੇਲਨ।

ਜਦੋਂ ਦੂਸਰੇ ਦੇਸ਼ ਤੋਂ ਆਏ ਇਕ ਭਰਾ ਨੂੰ ਪੁੱਛਿਆ ਗਿਆ ਕਿ ਅੰਤਰਰਾਸ਼ਟਰੀ ਸੰਮੇਲਨ ਵਿਚ ਆ ਕੇ ਉਸ ਨੂੰ ਕਿਵੇਂ ਲੱਗਾ, ਤਾਂ ਉਸ ਨੇ ਕਿਹਾ: “ਮੰਨ ਲਓ ਕਿ ਤੁਹਾਡਾ ਕੋਈ ਨੇੜੇ ਦਾ ਰਿਸ਼ਤੇਦਾਰ, ਮਿਸਾਲ ਲਈ ਤੁਹਾਡਾ ਭਰਾ ਜਿਸ ਬਾਰੇ ਤੁਹਾਨੂੰ ਪਤਾ ਨਹੀਂ ਕਿ ਉਹ ਤੁਹਾਡਾ ਭਰਾ ਹੈ। ਜਦੋਂ ਤੁਸੀਂ ਉਸ ਨੂੰ ਮਿਲਦੇ ਹੋ, ਤਾਂ ਉਹ ਤੁਹਾਡੇ ਲਈ ਆਪਣੇ ਘਰ ਦੇ ਅਤੇ ਦਿਲ ਦੇ ਦਰਵਾਜ਼ੇ ਖੋਲ੍ਹਦਾ ਹੈ। ਤੁਹਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਹੁਣ ਇਸ ਖ਼ੁਸ਼ੀ ਨੂੰ 37,000 ਨਾਲ ਗੁਣਾ ਕਰ ਦਿਓ। ਇੱਥੇ ਆ ਕੇ ਮੈਨੂੰ ਇੰਨੀ ਖ਼ੁਸ਼ੀ ਮਿਲੀ ਹੈ।”