Skip to content

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 137ਵੀਂ ਕਲਾਸ ਦੀ ਗ੍ਰੈਜੂਏਸ਼ਨ

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 137ਵੀਂ ਕਲਾਸ ਦੀ ਗ੍ਰੈਜੂਏਸ਼ਨ

13 ਸਤੰਬਰ 2014 ਨੂੰ ਪੈਟਰਸਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਸਿੱਖਿਆ ਕੇਂਦਰ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 137ਵੀਂ ਕਲਾਸ ਗ੍ਰੈਜੂਏਟ ਹੋਈ। ਇਹ ਸਕੂਲ ਉਨ੍ਹਾਂ ਯਹੋਵਾਹ ਦੇ ਗਵਾਹਾਂ ਨੂੰ ਟ੍ਰੇਨਿੰਗ ਦਿੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਕਾਫ਼ੀ ਤਜਰਬਾ ਹੈ। ਇਸ ਟ੍ਰੇਨਿੰਗ ਕਰਕੇ ਉਨ੍ਹਾਂ ਨੂੰ ਜਿੱਥੇ ਕਿਤੇ ਵੀ ਭੇਜਿਆ ਜਾਵੇਗਾ, ਉਹ ਉੱਥੇ ਦੀਆਂ ਮੰਡਲੀਆਂ ਅਤੇ ਬ੍ਰਾਂਚ ਆਫ਼ਿਸਾਂ ਦੀ ਹੋਰ ਜ਼ਿਆਦਾ ਮਦਦ ਕਰ ਸਕਣਗੇ। 12,333 ਜਣਿਆਂ ਨੇ ਜਾਂ ਤਾਂ ਪੈਟਰਸਨ ਵਿਚ ਪ੍ਰੋਗ੍ਰਾਮ ਲਾਈਵ ਦੇਖਿਆ ਜਾਂ ਅਮਰੀਕਾ, ਕੈਨੇਡਾ, ਜਮੈਕਾ ਅਤੇ ਪੋਰਟੋ ਰੀਕੋ ਵਿਚ ਵੀਡੀਓ ਰਾਹੀਂ ਪ੍ਰੋਗ੍ਰਾਮ ਦੇਖਿਆ।

ਇਸ ਪ੍ਰੋਗ੍ਰਾਮ ਦਾ ਚੇਅਰਮੈਨ ਭਰਾ ਸੈਮੂਏਲ ਹਰਡ ਸੀ ਜੋ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਹੈ। ਆਪਣੇ ਭਾਸ਼ਣ ਦੇ ਸ਼ੁਰੂ ਵਿਚ ਉਸ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਯਹੋਵਾਹ ਦੇ ਖ਼ਿਆਲ ਸਾਡੇ ਖ਼ਿਆਲਾਂ ਨਾਲੋਂ ਕਿਤੇ ਹੀ ਉੱਚੇ ਹਨ। (ਯਸਾਯਾਹ 55:8, 9) ਉਸ ਨੇ ਕਿਹਾ ਕਿ ਭਾਵੇਂ ਕਿ ਗਿਲਿਅਡ ਦੇ ਵਿਦਿਆਰਥੀਆਂ ਨੇ ਪੰਜ ਮਹੀਨੇ ਪਰਮੇਸ਼ੁਰ ਦੀ ਸੋਚ ਬਾਰੇ ਜਾਣਨ ਵਿਚ ਬਿਤਾਏ ਹਨ, ਫਿਰ ਵੀ ਯਹੋਵਾਹ ਬਾਰੇ ਸਿੱਖਣ ਲਈ ਬਹੁਤ ਕੁਝ ਹੈ। ਉਨ੍ਹਾਂ ਨੇ ਸਿਰਫ਼ ਪਰਮੇਸ਼ੁਰ ਦੇ ‘ਰਾਹਾਂ ਦੇ ਕੰਢਿਆਂ’ ਬਾਰੇ ਹੀ ਜਾਣਿਆ ਹੈ। (ਅੱਯੂਬ 26:14) ਭਰਾ ਹਰਡ ਨੇ ਕਿਹਾ ਕਿ ਅਸੀਂ ਜਦੋਂ ਵੀ ਰੱਬ ਦੇ ਖ਼ਿਆਲਾਂ ਬਾਰੇ ਸਿੱਖਣ ਲਈ ਇਕੱਠੇ ਹੁੰਦੇ ਹਾਂ, ਤਾਂ ਸਾਨੂੰ ਹਮੇਸ਼ਾ ਹੀ ਫ਼ਾਇਦਾ ਹੁੰਦਾ ਹੈ। ਇਸੇ ਤਰ੍ਹਾਂ ਇਸ ਗ੍ਰੈਜੂਏਸ਼ਨ ਪ੍ਰੋਗ੍ਰਾਮ ਤੋਂ ਵੀ ਸਾਨੂੰ ਬਹੁਤ ਫ਼ਾਇਦਾ ਹੋਵੇਗਾ।

‘ਪਵਿੱਤਰ ਸ਼ਕਤੀ ਦਾ ਗੁਣ ਹੈ ਸਹਿਣਸ਼ੀਲਤਾ।’ (ਗਲਾਤੀਆਂ 5:22) ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਜੌਨ ਲਾਰਸਨ ਨੇ ਦੋ ਤਰੀਕੇ ਦੱਸੇ ਜਿਨ੍ਹਾਂ ਨਾਲ ਅਸੀਂ ਪਵਿੱਤਰ ਸ਼ਕਤੀ ਦਾ ਗੁਣ ਸਹਿਣਸ਼ੀਲਤਾ ਦਿਖਾ ਸਕਦੇ ਹਾਂ। ਪਹਿਲਾ ਤਰੀਕਾ, ਜਦ ਯਹੋਵਾਹ ਸਾਨੂੰ ਟ੍ਰੇਨਿੰਗ ਦਿੰਦਾ ਹੈ, ਤਾਂ ਸਾਨੂੰ ਉਸ ਨਾਲ ਧੀਰਜ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਨਿਹਚਾ ਮਜ਼ਬੂਤ ਕਰਨ ਵਿਚ ਸਾਡੀ ਮਦਦ ਕਰਦਾ ਹੈ। (1 ਪਤਰਸ 5:10) ਅਬਰਾਹਾਮ ਨੇ ਧੀਰਜ ਦੀ ਵਧੀਆ ਮਿਸਾਲ ਕਾਇਮ ਕੀਤੀ ਜਦੋਂ ਯਹੋਵਾਹ ਉਸ ਨੂੰ ਟ੍ਰੇਨਿੰਗ ਦਿੰਦਾ ਸੀ ਤੇ ਅਖ਼ੀਰ ਉਸ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਪੂਰਾ ਕੀਤਾ।—ਇਬਰਾਨੀਆਂ 6:15.

ਦੂਸਰਾ ਤਰੀਕਾ, ਸਾਨੂੰ ਆਪਣੇ ਆਪ ਨਾਲ ਧੀਰਜ ਰੱਖਣ ਦੀ ਲੋੜ ਹੈ। ਗਿਲਿਅਡ ਟ੍ਰੇਨਿੰਗ ਲੈਣ ਤੋਂ ਬਾਅਦ ਵਿਦਿਆਰਥੀ ਸ਼ਾਇਦ ਆਪਣੇ ਆਪ ਤੋਂ ਜ਼ਿਆਦਾ ਉਮੀਦ ਰੱਖਣ ਲੱਗ ਪੈਣ। ਟ੍ਰੇਨਿੰਗ ਲੈਣ ਤੋਂ ਬਾਅਦ ਜਿੱਥੇ ਵਿਦਿਆਰਥੀਆਂ ਨੂੰ ਭੇਜਿਆ ਜਾਂਦਾ ਹੈ, ਜੇ ਉੱਥੇ ਜਾ ਕੇ ਸਾਰਾ ਕੁਝ ਇਕਦਮ ਵਧੀਆ ਨਹੀਂ ਹੁੰਦਾ, ਤਾਂ ਸ਼ਾਇਦ ਉਹ ਸੋਚਣ: ‘ਕੀ ਮੇਰੇ ਵਿਚ ਕੋਈ ਕਮੀ ਹੈ?’ ਭਰਾ ਲਾਰਸਨ ਨੇ ਆਪਣੇ ਤਜਰਬੇ ਤੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਯਹੋਵਾਹ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਾ ਹੈ, ਤਾਂ ਉਹ ਆਪਣੇ ਆਪ ਨਾਲ ਧੀਰਜ ਰੱਖ ਕੇ ਅਤੇ ਆਪਣਾ ਕੰਮ ਮਿਹਨਤ ਨਾਲ ਕਰ ਕੇ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹਨ।—ਇਬਰਾਨੀਆਂ 6:11, 12.

“ਤੁਹਾਡੇ ਮਨ ਨਿਮਰ ਤੇ ਸਦਾ ਜੀਉਂਦੇ ਰਹਿਣ!” ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਦੇ ਭਾਸ਼ਣ ਦਾ ਵਿਸ਼ਾ ਜ਼ਬੂਰਾਂ ਦੀ ਪੋਥੀ 22:26 ਦੇ ਅਖ਼ੀਰਲੇ ਹਿੱਸੇ ʼਤੇ ਆਧਾਰਿਤ ਸੀ: “ਤੁਹਾਡਾ ਮਨ ਸਦਾ ਜੀਉਂਦਾ ਰਹੇ!” ਇਹ ਬਰਕਤ ਪਾਉਣ ਲਈ ਸਾਨੂੰ ਨਿਮਰ ਹੋਣਾ ਚਾਹੀਦਾ ਹੈ। ਭਰਾ ਮੌਰਿਸ ਨੇ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਆਪਣੇ ਕੰਮ ਲਈ ਵਰਤੇ, ਤਾਂ ਸਾਨੂੰ ਨਿਮਰ ਬਣਨ ਦੀ ਲੋੜ ਹੈ। ਭਾਵੇਂ ਅਸੀਂ ਜਿੰਨੇ ਮਰਜ਼ੀ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਹੋਈਏ, ਫਿਰ ਵੀ ਸਾਡੇ ਵਿੱਚੋਂ ਕੋਈ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਕਿ ਸਾਡੇ ਲਈ ਯਿਸੂ ਮਸੀਹ ਵਰਗੇ ਬਣਨਾ ਕਿੰਨਾ ਜ਼ਰੂਰੀ ਹੈ।—2 ਪਤਰਸ 1:9.

ਬਾਈਬਲ ਵਿਚ ਨਿਮਰਤਾ ਦਿਖਾਉਣ ਅਤੇ ਨਾ ਦਿਖਾਉਣ ਵਾਲੇ ਲੋਕਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਹੇਰੋਦੇਸ ਅਗ੍ਰਿੱਪਾ ਨੇ ਹੰਕਾਰ ਨਾਲ ਲੋਕਾਂ ਤੋਂ ਉਹ ਮਹਿਮਾ ਕਬੂਲ ਕੀਤੀ ਜਿਸ ਦਾ ਹੱਕਦਾਰ ਸਿਰਫ਼ ਪਰਮੇਸ਼ੁਰ ਸੀ। ਇਸ ਕਰਕੇ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਅਤੇ ‘ਉਸ ਦੇ ਕੀੜੇ ਪੈ ਗਏ।’ (ਰਸੂਲਾਂ ਦੇ ਕੰਮ 12:21-23) ਇਸ ਤੋਂ ਉਲਟ, ਜਦ ਯਿਸੂ ਨੇ ਪਤਰਸ ਨੂੰ ਝਿੜਕਿਆ ਕਿ ਉਹ “ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ,” ਤਾਂ ਪਤਰਸ ਨੇ ਮੂੰਹ ਨਹੀਂ ਵੱਟਿਆ ਜਾਂ ਉਹ ਗੁੱਸੇ ਨਹੀਂ ਹੋਇਆ। (ਮੱਤੀ 16:21-23) ਉਸ ਨੇ ਤਾੜਨਾ ਕਬੂਲ ਕਰ ਕੇ ਨਿਮਰਤਾ ਦੀ ਮਿਸਾਲ ਰੱਖੀ।—1 ਪਤਰਸ 5:5.

ਕੁਝ ਵਿਦਿਆਰਥੀਆਂ ਨੂੰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੇਗੀ। ਇਸ ਸੰਬੰਧੀ ਭਰਾ ਮੌਰਿਸ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਵਿਚ ਨਿਮਰਤਾ ਦਾ ਗੁਣ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੇ ਕੰਮ ਵਿਚ ਖ਼ੁਸ਼ੀ ਨਹੀਂ ਮਿਲੇਗੀ। ਪਰ ਇਹ ਜਾਣਨਾ ਬੜਾ ਔਖਾ ਹੁੰਦਾ ਹੈ ਕਿ ਕਿਸੇ ਵਿਚ ਨਿਮਰਤਾ ਦੀ ਘਾਟ ਹੈ। ਇਸ ਗੱਲ ਉੱਤੇ ਜ਼ੋਰ ਦੇਣ ਲਈ ਉਸ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਜਦੋਂ ਇਕ ਬਜ਼ੁਰਗ ਨੂੰ ਨਿਮਰਤਾ ਨਾ ਦਿਖਾਉਣ ਕਰਕੇ ਸਲਾਹ ਦਿੱਤੀ ਗਈ, ਤਾਂ ਉਸ ਨੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੀ: “ਮੈਨੂੰ ਪਤਾ ਕਿ ਮੇਰੇ ਤੋਂ ਨਿਮਰ ਤਾਂ ਕੋਈ ਹੈ ਹੀ ਨਹੀਂ।” ਭਰਾ ਮੌਰਿਸ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਰਵੱਈਏ ਤੋਂ ਬਚ ਕੇ ਰਹਿਣ ਲਈ ਕਿਹਾ। ਜੇ ਉਹ ਆਪਣੇ ਅਧਿਕਾਰ ਬਾਰੇ ਹੱਦੋਂ ਵਧ ਨਾ ਸੋਚਣ, ਸਗੋਂ ਇਹ ਗੱਲ ਮੰਨਣ ਕਿ ਅਸਲੀ ਅਧਿਕਾਰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਕੋਲ ਹੈ, ਤਾਂ ਹੀ ਉਹ ਨਿਮਰ ਰਹਿ ਸਕਦੇ ਹਨ।

“ਉਹ ‘ਆਪਣੀ ਪਵਿੱਤਰ ਸ਼ਕਤੀ ਦੇਣ ਵਿਚ ਸਰਫ਼ਾ ਨਹੀਂ ਕਰਦਾ।’” (ਯੂਹੰਨਾ 3:34) ਗਿਲਿਅਡ ਦੇ ਇਕ ਇੰਸਟ੍ਰਕਟਰ ਮਾਈਕਲ ਬਰਨੇਟ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਿਆਂ ਉਹ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣਗੇ ਜਾਂ ਮਨ ਵਿਚ ਪੈਦਾ ਹੁੰਦੇ ਸ਼ੱਕ ਦੂਰ ਕਰ ਸਕਣਗੇ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਬਸਲਏਲ ਉਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਸਕਿਆ ਜੋ ਮੰਦਰ ਬਣਾਉਣ ਦੇ ਕੰਮ ਵਿਚ ਰੋੜਾ ਬਣ ਸਕਦੀਆਂ ਸਨ। (ਕੂਚ 35:30-35) ਪਵਿੱਤਰ ਸ਼ਕਤੀ ਸਦਕਾ ਨਾ ਸਿਰਫ਼ ਇਕ ਕਾਰੀਗਰ ਵਜੋਂ ਬਸਲਏਲ ਦੀਆਂ ਆਪਣੀਆਂ ਕਾਬਲੀਅਤਾਂ ਵਿਚ ਨਿਖਾਰ ਆਇਆ, ਸਗੋਂ ਉਹ ਦੂਜਿਆਂ ਨੂੰ ਵੀ ਸਿਖਾ ਸਕਿਆ। ਇਸੇ ਤਰ੍ਹਾਂ ਪਵਿੱਤਰ ਸ਼ਕਤੀ ਗਿਲਿਅਡ ਦੇ ਵਿਦਿਆਰਥੀਆਂ ਦੀ ਵੀ ਮਦਦ ਕਰ ਸਕਦੀ ਹੈ, ਖ਼ਾਸਕਰ ਜਦੋਂ ਉਹ ਬਾਈਬਲ ਤੋਂ ਸਿੱਖਿਆ ਦੇਣ ਲਈ ਉਹ ਤਰੀਕੇ ਵਰਤਣਗੇ ਜੋ ਉਨ੍ਹਾਂ ਨੇ ਕਲਾਸ ਵਿਚ ਸਿੱਖੇ ਸਨ।

ਬਸਲਏਲ ਦੇ ਜ਼ਮਾਨੇ ਵਿਚ ਇਜ਼ਰਾਈਲੀ ਔਰਤਾਂ ਨੇ ਵੀ ਮੰਦਰ ਬਣਾਉਣ ਵਿਚ ਖ਼ਾਸ ਭੂਮਿਕਾ ਨਿਭਾਈ ਸੀ। (ਕੂਚ 35:25, 26) ਇਸੇ ਤਰ੍ਹਾਂ ਭੈਣਾਂ ਨੇ ਵੀ ਕਲਾਸ ਵਿਚ ਆਪਣੇ ਪਤੀਆਂ ਦਾ ਸਾਥ ਦੇ ਕੇ ਇਹ ਸਾਬਤ ਕੀਤਾ ਹੈ ਕਿ ਉਹ “ਚਤਰੀਆਂ [ਯਾਨੀ ਹੁਨਰਮੰਦ] ਇਸਤਰੀਆਂ” ਹਨ। ਅਖ਼ੀਰ ਵਿਚ ਭਰਾ ਬਰਨੇਟ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ: “ਆਪਣੀਆਂ ਕਾਬਲੀਅਤਾਂ ʼਤੇ ਭਰੋਸਾ ਰੱਖਣ ਦੇ ਨਾਲ-ਨਾਲ ਨਿਮਰ ਅਤੇ ਆਗਿਆਕਾਰ ਵੀ ਰਹੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਤੁਹਾਨੂੰ ਆਪਣੀ ਭਰਪੂਰ ਸ਼ਕਤੀ ਦੇਵੇਗਾ।”

“ਕੀ ਤੁਸੀਂ ਮੇਰੇ ਨਾਲ ਨੱਚੋਗੇ?” ਟੀਚਿੰਗ ਕਮੇਟੀ ਦੇ ਇਕ ਸਹਾਇਕ ਵਜੋਂ ਕੰਮ ਕਰਨ ਵਾਲੇ ਭਰਾ ਮਾਰਕ ਨੂਮੇਰ ਨੇ ਇਹ ਭਾਸ਼ਣ ਦਿੱਤਾ। ਉਸ ਨੇ ਦਾਊਦ ਦੀ ਮਿਸਾਲ ਦਿੱਤੀ ਜਦ ਇਕਰਾਰ ਦਾ ਸੰਦੂਕ ਯਰੂਸ਼ਲਮ ਲਿਆਂਦਾ ਜਾ ਰਿਹਾ ਸੀ। (2 ਸਮੂਏਲ 6:12-14) ਜਦ ਸੰਦੂਕ ਲਿਆਂਦਾ ਜਾ ਰਿਹਾ ਸੀ, ਤਾਂ ਰਾਹ ਵਿਚ ਦਾਊਦ “ਆਪਣੇ ਨੌਕਰਾਂ ਦੀਆਂ ਟਹਿਲਣਾਂ” ਨਾਲ ਮਿਲ ਕੇ ਖ਼ੁਸ਼ੀ ਵਿਚ ਨੱਚ ਰਿਹਾ ਸੀ। (2 ਸਮੂਏਲ 6:20-22) ਉਨ੍ਹਾਂ ਟਹਿਲਣਾਂ ਨੂੰ ਇਹ ਦਿਨ ਕਦੇ ਨਹੀਂ ਭੁੱਲਿਆ ਹੋਣਾ ਕਿ ਰਾਜਾ ਦਾਊਦ ਉਨ੍ਹਾਂ ਨਾਲ ਨੱਚਿਆ ਸੀ। ਫਿਰ ਭਰਾ ਮਾਰਕ ਨੂਮੇਰ ਨੇ ਵਿਦਿਆਰਥੀਆਂ ਨੂੰ ‘ਟਹਿਲਣਾਂ ਨਾਲ ਨੱਚਣ’ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਉਨ੍ਹਾਂ ਦੀ ਮਦਦ ਕਰਨ ਲਈ ਜਾਣੇ ਜਾਓਗੇ ਜਿਨ੍ਹਾਂ ਕੋਲ ਬਹੁਤ ਘੱਟ ਜਾਂ ਬਿਲਕੁਲ ਹੀ ਜ਼ਿੰਮੇਵਾਰੀਆਂ ਨਹੀਂ ਹਨ? . . . ਕੀ ਤੁਸੀਂ ਹੋਰਨਾਂ ਦੀ ਇਸ ਲਈ ਕਦਰ ਕਰੋਗੇ ਕਿਉਂਕਿ ਉਨ੍ਹਾਂ ਵਿਚ ਪਰਮੇਸ਼ੁਰੀ ਗੁਣ ਹਨ?”

ਜੇ ਵਿਦਿਆਰਥੀ ਇਸ ਤਰੀਕੇ ਨਾਲ ਦੂਜਿਆਂ ਲਈ ਸੱਚਾ ਪਿਆਰ ਦਿਖਾਉਂਦੇ ਰਹਿਣਗੇ, ਤਾਂ ਉਹ ਯਹੋਵਾਹ ਦੀ ਰੀਸ ਕਰਨਗੇ। (ਜ਼ਬੂਰਾਂ ਦੀ ਪੋਥੀ 113:6, 7) ਜੇ ਉਨ੍ਹਾਂ ਦਾ ਵਾਹ ਅਜਿਹੇ ਲੋਕਾਂ ਨਾਲ ਵੀ ਪੈਂਦਾ ਹੈ ਜੋ ਨਿਮਰ ਨਹੀਂ ਹਨ, ਤਾਂ ਵੀ ਇਸ ਰਵੱਈਏ ਦਾ ਵਿਦਿਆਰਥੀਆਂ ਨੂੰ ਆਪਣੇ ʼਤੇ ਅਸਰ ਨਹੀਂ ਪੈਣ ਦੇਣਾ ਚਾਹੀਦਾ। ਭਰਾ ਨੂਮੇਰ ਨੇ ਕਿਹਾ: “ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਨਾ ਦਿਓ। ਯਹੋਵਾਹ ਦੀਆਂ ਭੇਡਾਂ ਨਾਲ ਉਸੇ ਤਰ੍ਹਾਂ ਪੇਸ਼ ਆਓ, ਜਿੱਦਾਂ ਉਹ ਪੇਸ਼ ਆਉਂਦਾ ਹੈ।”

“ਹਰ ਢੁਕਵੇਂ ਮੌਕੇ ʼਤੇ ਗਵਾਹੀ ਦਿਓ।” ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਦੇ ਓਵਰਸੀਅਰ ਵਿਲੀਅਮ ਸੈਮੂਏਲਸਨ ਨੇ ਪੌਲੁਸ ਰਸੂਲ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਨੇ ਹਰ ਢੁਕਵੇਂ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕੰਮ 17:17) ਫਿਰ ਭਰਾ ਸੈਮੂਏਲਸਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗਿਲਿਅਡ ਦੌਰਾਨ ਪ੍ਰਚਾਰ ਵਿਚ ਹੋਏ ਵਧੀਆ ਤਜਰਬਿਆਂ ਨੂੰ ਪ੍ਰਦਰਸ਼ਨ ਦੇ ਰੂਪ ਵਿਚ ਦਿਖਾਉਣ। ਮਿਸਾਲ ਲਈ, ਬਾਜ਼ਾਰ ਵਿਚ ਇਕ ਜੋੜਾ ਦੁਕਾਨ ਵਿਚ ਕੰਮ ਕਰਨ ਵਾਲੀ ਇਕ ਔਰਤ ਨੂੰ ਮਿਲਿਆ। ਉਨ੍ਹਾਂ ਨੇ ਉਦੋਂ ਤਕ ਇੰਤਜ਼ਾਰ ਕੀਤਾ ਜਦ ਤਕ ਸਾਰੇ ਗਾਹਕ ਚਲੇ ਨਹੀਂ ਗਏ ਤੇ ਫਿਰ ਉਨ੍ਹਾਂ ਨੇ ਉਸ ਨੂੰ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਦਿਖਾਇਆ। ਉਨ੍ਹਾਂ ਨੇ ਉਸ ਨੂੰ jw.org ਵੈੱਬਸਾਈਟ ਵੀ ਦਿਖਾਈ ਜਿੱਥੇ ਉਹ ਆਪਣੀ ਮਾਂ ਬੋਲੀ ਲੇਓਸ਼ਨ ਵਿਚ ਜਾਣਕਾਰੀ ਦੇਖ ਸਕੀ। ਉਹ ਜੋੜਾ ਉਸ ਔਰਤ ਨੂੰ ਦੁਬਾਰਾ ਮਿਲਣ ਗਿਆ ਅਤੇ ਉਸ ਦੀ ਦਿਲਚਸਪੀ ਨੂੰ ਹੋਰ ਵਧਾਇਆ।

“ਯਹੋਵਾਹ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹੋ।” ਅਮਰੀਕਾ ਬ੍ਰਾਂਚ ਦੇ ਸੇਵਾ ਵਿਭਾਗ ਵਿਚ ਕੰਮ ਕਰਦੇ ਭਰਾ ਵਿਲਿਅਮ ਨੋਨਕੀਸ ਨੇ ਚਾਰ ਵਿਦਿਆਰਥੀਆਂ ਦੀ ਇੰਟਰਵਿਊ ਲਈ। ਯਸਾਯਾਹ 6:8 ਮੁਤਾਬਕ ਉਨ੍ਹਾਂ ਨੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਹਨ, ਪਰ ਸਕੂਲ ਨੇ ਉਨ੍ਹਾਂ ਦੀ ਹੋਰ ਵੀ ਵਧ-ਚੜ੍ਹ ਕੇ ਸੇਵਾ ਕਰਨ ਵਿਚ ਮਦਦ ਕੀਤੀ ਹੈ। ਭੈਣ ਸਨੌਲੀਆ ਮਸਈਕੋ ਨੇ ਦੱਸਿਆ ਕਿ ਗਿਲਿਅਡ ਸਕੂਲ ਨੇ ਉਸ ਦੀ ਇਹ ਦੇਖਣ ਵਿਚ ਮਦਦ ਕੀਤੀ ਹੈ ਕਿ ਉਸ ਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਖ਼ਾਸ ਕਰਕੇ ਪੂਰੇ ਦਿਨ ਦੀ ਸੇਵਾ ਕਰਨ ਤੋਂ ਬਾਅਦ ਵੀ ਉਹ ਆਪਣੇ ਸਮੇਂ ਦੀ ਸਮਝਦਾਰੀ ਨਾਲ ਕਿਵੇਂ ਵਰਤੋਂ ਕਰ ਸਕਦੀ ਹੈ। ਉਸ ਨੇ ਕਿਹਾ: “ਇਸ ਸਿੱਖਿਆ ਨੇ ਮੈਨੂੰ ਉਹ ਕਰਨ ਦੇ ਕਾਬਲ ਬਣਾਇਆ ਹੈ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।” ਭਰਾ ਡੈਨਿੱਸ ਨੀਅਲਸਨ ਨੇ ਸਿੱਖਿਆ ਕਿ ਕਿਵੇਂ ਸਫ਼ਨਯਾਹ 3:17 ਵਿਚ ਦੱਸੀ ਗੱਲ ਨੇ ਉਸ ਦੀ ਮਦਦ ਕੀਤੀ ਕਿ ਉਹ ਪ੍ਰਚਾਰ ਵਿਚ ਹੁੰਦੀ ਨਿਰਾਸ਼ਾ ਤੋਂ ਬਚ ਸਕਦਾ ਹੈ। ਉਹ ਕਹਿੰਦਾ ਹੈ: “ਪ੍ਰਚਾਰ ਕਰਦਿਆਂ ਜੇ ਕੋਈ ਮੇਰੀ ਗੱਲ ਨਹੀਂ ਵੀ ਸੁਣਦਾ, ਤਾਂ ਵੀ ਮੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਖ਼ੁਸ਼ੀ ਨਾਲ ਜੈਕਾਰੇ ਗਜਾਉਂਦਾ ਹੈ ਅਤੇ ਮੈਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ।”

“ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ।” (ਮੱਤੀ 6:26) ਪ੍ਰਬੰਧਕ ਸਭਾ ਦੇ ਮੈਂਬਰ ਸਟੀਵਨ ਲੈੱਟ ਨੇ ਇਸ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਦਾ ਭਾਸ਼ਣ ਯਿਸੂ ਦੀ ਇਸ ਸਿੱਖਿਆ ʼਤੇ ਆਧਾਰਿਤ ਸੀ ਕਿ ਸਾਨੂੰ ਪੰਛੀਆਂ ਨੂੰ “ਧਿਆਨ ਨਾਲ” ਦੇਖਣਾ ਜਾਂ ਜਾਂਚਣਾ ਚਾਹੀਦਾ ਹੈ। ਭਰਾ ਲੈੱਟ ਨੇ ਕੁਝ ਸਬਕ ਦੱਸੇ ਜੋ ਅਸੀਂ ਪੰਛੀਆਂ ਤੋਂ ਸਿੱਖ ਸਕਦੇ ਹਾਂ।—ਅੱਯੂਬ 12:7.

ਮਿਸਾਲ ਲਈ, ਜਿੱਦਾਂ ਯਹੋਵਾਹ ਪੰਛੀਆਂ ਨੂੰ ਭੋਜਨ ਦਿੰਦਾ ਹੈ, ਉਸੇ ਤਰ੍ਹਾਂ ਉਹ ਸਾਡੀਆਂ ਲੋੜਾਂ ਵੀ ਪੂਰੀਆਂ ਕਰੇਗਾ। ਅਸੀਂ “ਪਰਮੇਸ਼ੁਰ ਦੇ ਪਰਿਵਾਰ” ਦੇ ਮੈਂਬਰ ਹਾਂ ਅਤੇ ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ‘ਆਪਣਿਆਂ ਦੀਆਂ’ ਲੋੜਾਂ ਪੂਰੀਆਂ ਕਰੇਗਾ। (1 ਤਿਮੋਥਿਉਸ 3:15; 5:8) ਬਿਨਾਂ ਸ਼ੱਕ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਪੰਛੀਆਂ ਨੂੰ ਉਹ ਭੋਜਨ ਲੱਭਣ ਦੀ ਲੋੜ ਹੈ ਜੋ ਪਰਮੇਸ਼ੁਰ ਦਿੰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਬਰਕਤ ਪਾਉਣ ਲਈ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਣੀ ਚਾਹੀਦੀ ਹੈ।—ਮੱਤੀ 6:33.

ਭਰਾ ਲੈੱਟ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਪੰਛੀ ਖ਼ਤਰੇ ਨੂੰ ਮਹਿਸੂਸ ਕਰ ਕੇ ਉਸ ਦੀ ਚੇਤਾਵਨੀ ਦਿੰਦੇ ਹਨ। ਇਸੇ ਤਰ੍ਹਾਂ ਅਸੀਂ ਵੀ ਲੋੜ ਪੈਣ ਤੇ ਦੂਸਰਿਆਂ ਨੂੰ ਚੇਤਾਵਨੀ ਦਿੰਦੇ ਹਾਂ। ਅਸੀਂ ਇਸ ਤਰ੍ਹਾਂ ਉਦੋਂ ਕਰਦੇ ਹਾਂ ਜਦ ਕੋਈ ਭਰਾ “ਅਣਜਾਣੇ ਵਿਚ ਗ਼ਲਤ ਕਦਮ ਉਠਾ” ਲੈਂਦਾ ਹੈ। (ਗਲਾਤੀਆਂ 6:1) ਨਾਲੇ ਪ੍ਰਚਾਰ ਦੇ ਜ਼ਰੀਏ ਵੀ ਅਸੀਂ ਲੋਕਾਂ ਨੂੰ ਤੇਜ਼ੀ ਨਾਲ ਆ ਰਹੇ ‘ਯਹੋਵਾਹ ਦੇ ਦਿਨ’ ਬਾਰੇ ਚੇਤਾਵਨੀ ਦਿੰਦੇ ਹਾਂ। (ਸਫ਼ਨਯਾਹ 1:14) ਇਕ ਹੋਰ ਮਿਸਾਲ ਵਿਚ ਭਰਾ ਲੈੱਟ ਨੇ ਸਮਝਾਇਆ ਕਿ ਜਿਸ ਤਰ੍ਹਾਂ ਪਰਵਾਸੀ ਪੰਛੀ ਉੱਚੇ-ਉੱਚੇ ਪਹਾੜਾਂ ਨੂੰ ਪਾਰ ਕਰ ਕੇ ਆਉਂਦੇ ਹਨ, ਉਸੇ ਤਰ੍ਹਾਂ ਅਸੀਂ ਯਹੋਵਾਹ ਦੀ ਮਦਦ ਨਾਲ ਪਹਾੜ ਜਿੱਡੀਆਂ ਲੱਗਦੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹਾਂ।—ਮੱਤੀ 17:20.

ਪ੍ਰੋਗ੍ਰਾਮ ਦੀ ਸਮਾਪਤੀ। ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ ਗਏ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਇਕ ਜਣੇ ਨੇ ਸਾਰੀ ਕਲਾਸ ਵੱਲੋਂ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਚਿੱਠੀ ਪੜ੍ਹੀ। ਪ੍ਰੋਗ੍ਰਾਮ ਦੇ ਅਖ਼ੀਰ ਵਿਚ ਭਰਾ ਹਰਡ ਨੇ ਯਹੋਵਾਹ ਦੇ ਖ਼ਿਆਲਾਂ ਨੂੰ ਆਪਣੇ ਦਿਲ ਵਿਚ ਬਿਠਾਉਣ ਦੀ ਤੁਲਨਾ ਰੇਲ ਦੀ ਪਟੜੀ ਵਿਚ ਕਿੱਲ ਠੋਕਣ ਨਾਲ ਕੀਤੀ। ਕਿੱਲ ਨੂੰ ਚੰਗੀ ਤਰ੍ਹਾਂ ਠੋਕਣ ਲਈ ਕਈ ਵਾਰ ਹਥੌੜਾ ਮਾਰਨਾ ਪੈਂਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਗਿਲਿਅਡ ਸਕੂਲ ਵਿਚ ਸਿੱਖੀਆਂ ਗੱਲਾਂ ਬਾਰੇ ਲਗਾਤਾਰ ਸੋਚਦੇ ਰਹਿਣਾ ਚਾਹੀਦਾ ਹੈ। ਭਰਾ ਹਰਡ ਨੇ ਕਿਹਾ: “ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਦੀ ਗਹਿਰਾਈ ਤਕ ਲੈ ਜਾਣ ਲਈ ਸਮਾਂ ਕੱਢੋ। ਪਰਮੇਸ਼ੁਰ ਦੀ ਸੋਚ ਅਨੁਸਾਰ ਚੱਲੋ, ਤਾਂ ਤੁਸੀਂ ਇਕ ਬਰਕਤ ਸਾਬਤ ਹੋਵੋਗੇ।”