ਆਫ਼ਤਾਂ ਸਮੇਂ ਪਿਆਰ ਦਾ ਜੀਉਂਦਾ-ਜਾਗਦਾ ਸਬੂਤ
ਲੋੜ ਪੈਣ ਤੇ ਯਹੋਵਾਹ ਦੇ ਗਵਾਹ ਸਿਰਫ਼ ਆਪਣਿਆਂ ਦੀ ਹੀ ਨਹੀਂ, ਸਗੋਂ ਹੋਰ ਲੋਕਾਂ ਦੀ ਵੀ ਮਦਦ ਕਰਦੇ ਹਨ। ਉਹ ਪਿਆਰ ਕਰਕੇ ਇਸ ਤਰ੍ਹਾਂ ਕਰਦੇ ਹਨ ਕਿਉਂਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ।—ਯੂਹੰਨਾ 13:35.
ਥੱਲੇ ਦਿੱਤੀ ਲਿਸਟ ਵਿਚ ਥੋੜ੍ਹਾ ਜਿਹਾ ਦੱਸਿਆ ਹੈ ਕਿ ਜੂਨ 2012 ਦੇ ਅਖ਼ੀਰ ਤਕ 12 ਮਹੀਨਿਆਂ ਵਿਚ ਲੋਕਾਂ ਨੂੰ ਕਿਹੜੀ ਮਦਦ ਦਿੱਤੀ ਗਈ ਸੀ। ਇਸ ਵਿਚ ਇਹ ਨਹੀਂ ਦੱਸਿਆ ਕਿ ਅਸੀਂ ਲੋਕਾਂ ਨੂੰ ਬਾਈਬਲ ਵਿੱਚੋਂ ਕੀ ਦਿਲਾਸਾ ਦਿੱਤਾ ਤੇ ਉਨ੍ਹਾਂ ਦੀ ਜਜ਼ਬਾਤੀ ਤੌਰ ਤੇ ਕੀ ਮਦਦ ਕੀਤੀ। ਸਾਡੇ ਬ੍ਰਾਂਚ ਆਫ਼ਿਸਾਂ ਦੁਆਰਾ ਬਣਾਈਆਂ ਰਿਲੀਫ਼ ਕਮੇਟੀਆਂ ਨੇ ਮਦਦ ਮੁਹੱਈਆ ਕਰਾਈ ਹੈ। ਇਸ ਤੋਂ ਇਲਾਵਾ, ਇਲਾਕੇ ਦੀਆਂ ਮੰਡਲੀਆਂ ਇਹ ਮਦਦ ਦੇਣ ਵਿਚ ਹੱਥ ਵਟਾਉਂਦੀਆਂ ਹਨ।
ਜਪਾਨ: 11 ਮਾਰਚ 2011 ਨੂੰ ਆਏ ਭੁਚਾਲ਼ ਤੋਂ ਬਾਅਦ ਆਈ ਸੁਨਾਮੀ ਨੇ ਉੱਤਰੀ ਜਪਾਨ ਵਿਚ ਲੱਖਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਨੁਕਸਾਨ ਨੂੰ ਪੂਰਾ ਕਰਨ ਲਈ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ ਪੈਸੇ ਪੱਖੋਂ ਮਦਦ ਕੀਤੀ ਅਤੇ ਆਪਣੀ ਤਾਕਤ ਤੇ ਹੁਨਰ ਦਾ ਇਸਤੇਮਾਲ ਕੀਤਾ। ਜਪਾਨ ਵਿਚ ਭੁਚਾਲ਼ ਤੋਂ ਬਾਅਦ ਦਿੱਤੀ ਮਦਦ ਬਾਰੇ ਸਾਡਾ ਵਿਡਿਓ ਦੇਖੋ।
ਬ੍ਰਾਜ਼ੀਲ: ਹੜ੍ਹਾਂ, ਢਿੱਗਾਂ ਡਿਗਣ ਅਤੇ ਚਿੱਕੜ ਹੜ੍ਹਾਂ ਕਰਕੇ ਸੈਂਕੜੇ ਹੀ ਲੋਕ ਮਾਰੇ ਗਏ। ਯਹੋਵਾਹ ਦੇ ਗਵਾਹਾਂ ਨੇ ਪ੍ਰਭਾਵਿਤ ਇਲਾਕੇ ਵਿਚ 42 ਟਨ ਜਲਦੀ ਨਾ ਖ਼ਰਾਬ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ, 20,000 ਪਾਣੀ ਦੀਆਂ ਬੋਤਲਾਂ, 10 ਟਨ ਕੱਪੜੇ, 5 ਟਨ ਸਾਫ਼-ਸਫ਼ਾਈ ਕਰਨ ਵਾਲੀਆਂ ਚੀਜ਼ਾਂ, ਦਵਾਈਆਂ ਅਤੇ ਹੋਰ ਚੀਜ਼ਾਂ ਭੇਜੀਆਂ।
ਕਾਂਗੋ (ਬਰੈਜ਼ਵਿਲ): ਜਦੋਂ ਇਕ ਅਸਲੇਖ਼ਾਨੇ ਵਿਚ ਧਮਾਕਾ ਹੋਇਆ, ਤਾਂ ਯਹੋਵਾਹ ਦੇ ਗਵਾਹਾਂ ਦੇ ਚਾਰ ਘਰ ਤਬਾਹ ਹੋ ਗਏ ਅਤੇ 28 ਘਰਾਂ ਨੂੰ ਨੁਕਸਾਨ ਪਹੁੰਚਿਆ। ਪ੍ਰਭਾਵਿਤ ਲੋਕਾਂ ਨੂੰ ਖਾਣਾ ਤੇ ਕੱਪੜੇ ਦਿੱਤੇ ਗਏ ਅਤੇ ਇਲਾਕੇ ਦੇ ਗਵਾਹਾਂ ਨੇ ਪ੍ਰਭਾਵਿਤ ਗਵਾਹਾਂ ਦੇ ਪਰਿਵਾਰਾਂ ਨੂੰ ਆਪਣੇ ਘਰ ਪਨਾਹ ਦਿੱਤੀ।
ਕਾਂਗੋ (ਕਿੰਸ਼ਾਸਾ): ਹੈਜ਼ੇ ਦੇ ਸ਼ਿਕਾਰ ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਮੋਹਲੇਧਾਰ ਮੀਂਹ ਪੈਣ ਨਾਲ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਕੱਪੜੇ ਦਾਨ ਕੀਤੇ ਗਏ। ਰਫਿਊਜੀ ਕੈਂਪਾਂ ਵਿਚ ਲੋਕਾਂ ਨੂੰ ਦਵਾਈਆਂ, ਬੀਜਣ ਲਈ ਬੀ ਅਤੇ ਕਈ ਟਨ ਕੱਪੜੇ ਦਿੱਤੇ ਗਏ।
ਵੈਨੇਜ਼ੁਏਲਾ: ਭਾਰੀ ਮੀਂਹ ਪੈਣ ਨਾਲ ਹੜ੍ਹ ਅਤੇ ਚਿੱਕੜ ਹੜ੍ਹ ਆਏ। ਰਿਲੀਫ਼ ਕਮੇਟੀਆਂ ਨੇ 288 ਪ੍ਰਭਾਵਿਤ ਗਵਾਹਾਂ ਦੀ ਮਦਦ ਕੀਤੀ। 50 ਤੋਂ ਜ਼ਿਆਦਾ ਨਵੇਂ ਘਰ ਬਣਾਏ ਗਏ। ਇਸ ਤੋਂ ਇਲਾਵਾ, ਵੇਲੈਂਸੀਆ ਝੀਲ ਵਿਚ ਪਾਣੀ ਦਾ ਪੱਧਰ ਵਧਣ ਨਾਲ ਉੱਥੋਂ ਦੇ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਖ਼ਤਰਾ ਹੈ, ਰਿਲੀਫ਼ ਕਮੇਟੀਆਂ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ।
ਫ਼ਿਲਪੀਨ: ਦੇਸ਼ ਦਾ ਇਕ ਹਿੱਸਾ ਤੂਫ਼ਾਨ ਕਾਰਨ ਹੜ੍ਹਾਂ ਦੀ ਲਪੇਟ ਵਿਚ ਆ ਗਿਆ। ਬ੍ਰਾਂਚ ਨੇ ਇਸ ਦੇ ਸ਼ਿਕਾਰ ਲੋਕਾਂ ਨੂੰ ਖਾਣਾ ਅਤੇ ਕੱਪੜੇ ਭੇਜੇ ਅਤੇ ਇਲਾਕੇ ਦੇ ਗਵਾਹਾਂ ਨੇ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਸਾਫ਼-ਸਫ਼ਾਈ ਕਰਨ ਵਿਚ ਮਦਦ ਕੀਤੀ।
ਕੈਨੇਡਾ: ਅਲਬਰਟਾ ਵਿਚ ਜੰਗਲ ਨੂੰ ਅੱਗ ਲੱਗਣ ਤੋਂ ਬਾਅਦ ਸਲੇਵ ਲੇਕ ਸ਼ਹਿਰ ਦੀ ਮੰਡਲੀ ਨੂੰ ਆਪਣੇ ਇਲਾਕੇ ਦੇ ਗਵਾਹਾਂ ਤੋਂ ਸਾਫ਼-ਸਫ਼ਾਈ ਕਰਨ ਲਈ ਕਾਫ਼ੀ ਦਾਨ ਮਿਲਿਆ। ਮੰਡਲੀ ਨੂੰ ਇੰਨੇ ਸਾਰੇ ਪੈਸਿਆਂ ਦੀ ਲੋੜ ਨਹੀਂ ਸੀ, ਇਸ ਲਈ ਉਸ ਨੇ ਅੱਧੇ ਤੋਂ ਜ਼ਿਆਦਾ ਪੈਸੇ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿਚ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਭੇਜ ਦਿੱਤੇ।
ਕੋਟ ਡਿਵੁਆਰ: ਦੇਸ਼ ਵਿਚ ਲੱਗੀ ਲੜਾਈ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਲੋੜਵੰਦਾਂ ਨੂੰ ਚੀਜ਼ਾਂ, ਰਹਿਣ ਲਈ ਜਗ੍ਹਾ ਅਤੇ ਡਾਕਟਰੀ ਸਹਾਇਤਾ ਦਿੱਤੀ ਗਈ।
ਫਿਜੀ: ਭਾਰੀ ਮੀਂਹ ਕਾਰਨ ਆਏ ਹੜ੍ਹ ਤੋਂ ਪ੍ਰਭਾਵਿਤ 192 ਗਵਾਹਾਂ ਦੇ ਪਰਿਵਾਰ ਆਪਣੇ ਫਾਰਮਾਂ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਤੋਂ ਵਾਂਝੇ ਹੋ ਗਏ। ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ।
ਘਾਨਾ: ਦੇਸ਼ ਦੇ ਪੂਰਬੀ ਇਲਾਕੇ ਵਿਚ ਹੜ੍ਹ ਦੇ ਸ਼ਿਕਾਰ ਲੋਕਾਂ ਨੂੰ ਖਾਣਾ ਅਤੇ ਬੀ ਦਿੱਤੇ ਗਏ ਤੇ ਉਨ੍ਹਾਂ ਨੂੰ ਹੋਰ ਜਗ੍ਹਾ ਲਿਜਾਇਆ ਗਿਆ।
ਅਮਰੀਕਾ: ਤੇਜ਼ ਤੂਫ਼ਾਨਾਂ ਕਰਕੇ ਤਿੰਨ ਸੂਬਿਆਂ ਵਿਚ ਗਵਾਹਾਂ ਦੇ 66 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ 12 ਘਰ ਤਬਾਹ ਹੋ ਗਏ। ਹਾਲਾਂਕਿ ਸਾਰੇ ਘਰਾਂ ਦੇ ਮਾਲਕਾਂ ਨੇ ਬੀਮਾ ਕਰਾਇਆ ਹੋਇਆ ਸੀ, ਫਿਰ ਵੀ ਨੁਕਸਾਨ ਪੂਰਾ ਕਰਨ ਲਈ ਉਨ੍ਹਾਂ ਨੂੰ ਪੈਸੇ ਭੇਜੇ ਗਏ।
ਅਰਜਨਟੀਨਾ: ਦੇਸ਼ ਦੇ ਦੱਖਣੀ ਹਿੱਸੇ ਵਿਚ ਜੁਆਲਾਮੁਖੀ ਫਟਣ ਨਾਲ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ, ਉਨ੍ਹਾਂ ਦੀ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਨੇ ਮਦਦ ਕੀਤੀ।
ਮੋਜ਼ਾਮਬੀਕ: ਸੋਕੇ ਤੋਂ ਪ੍ਰਭਾਵਿਤ 1,000 ਤੋਂ ਜ਼ਿਆਦਾ ਲੋਕਾਂ ਨੂੰ ਖਾਣਾ ਮੁਹੱਈਆ ਕਰਾਇਆ ਗਿਆ ਸੀ।
ਨਾਈਜੀਰੀਆ: ਬੱਸ ਹਾਦਸੇ ਵਿਚ ਜ਼ਖ਼ਮੀ ਹੋਏ 24 ਗਵਾਹਾਂ ਦੀ ਆਰਥਿਕ ਪੱਖੋਂ ਮਦਦ ਕੀਤੀ ਗਈ। ਦੇਸ਼ ਦੇ ਉੱਤਰੀ ਹਿੱਸੇ ਵਿਚ ਵੱਖੋ-ਵੱਖਰੇ ਧਰਮਾਂ ਦੇ ਲੋਕਾਂ ਵਿਚ ਹੋਈ ਲੜਾਈ ਕਰਕੇ ਜਿਹੜੇ ਲੋਕ ਬੇਘਰ ਹੋ ਗਏ, ਉਨ੍ਹਾਂ ਨੂੰ ਵੀ ਮਦਦ ਮੁਹੱਈਆ ਕਰਾਈ ਗਈ।
ਬੇਨਿਨ: ਹੜ੍ਹ ਦੇ ਸ਼ਿਕਾਰ ਲੋਕਾਂ ਨੂੰ ਦਵਾਈਆਂ, ਕੱਪੜੇ, ਮੱਛਰਦਾਨੀਆਂ, ਸਾਫ਼ ਪਾਣੀ ਅਤੇ ਰਹਿਣ ਲਈ ਜਗ੍ਹਾ ਦਿੱਤੀ ਗਈ।
ਡਮਿਨੀਕਨ ਗਣਰਾਜ: ਆਇਰੀਨ ਨਾਂ ਦੇ ਤੂਫ਼ਾਨ ਤੋਂ ਬਾਅਦ ਉੱਥੋਂ ਦੀਆਂ ਮੰਡਲੀਆਂ ਨੇ ਘਰਾਂ ਦੀ ਮੁਰੰਮਤ ਕਰਨ ਅਤੇ ਲੋੜੀਂਦੀਆਂ ਚੀਜ਼ਾਂ ਦੇਣ ਵਿਚ ਮਦਦ ਕੀਤੀ।
ਇਥੋਪੀਆ: ਦੋ ਇਲਾਕਿਆਂ ਵਿਚ ਸੋਕੇ ਅਤੇ ਇਕ ਇਲਾਕੇ ਵਿਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਭੇਜਿਆ ਗਿਆ।
ਕੀਨੀਆ: ਸੋਕੇ ਤੋਂ ਪ੍ਰਭਾਵਿਤ ਲੋਕਾਂ ਨੂੰ ਪੈਸੇ ਭੇਜੇ ਗਏ।
ਮਲਾਵੀ: ਜ਼ਾਲੇਕਾ ਰਫਿਊਜੀ ਕੈਂਪ ਵਿਚ ਰਹਿ ਰਹੇ ਲੋਕਾਂ ਦੀ ਮਦਦ ਕੀਤੀ ਗਈ।
ਨੇਪਾਲ: ਢਿੱਗ ਡਿਗਣ ਨਾਲ ਇਕ ਗਵਾਹ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸ ਨੂੰ ਥੋੜ੍ਹੇ ਚਿਰ ਲਈ ਰਹਿਣ ਵਾਸਤੇ ਇਕ ਘਰ ਦਿੱਤਾ ਗਿਆ ਅਤੇ ਇਲਾਕੇ ਦੀ ਮੰਡਲੀ ਨੇ ਉਸ ਦੀ ਮਦਦ ਕੀਤੀ।
ਪਾਪੂਆ ਨਿਊ ਗਿਨੀ: ਲੋਕਾਂ ਦੁਆਰਾ ਲਾਈ ਅੱਗ ਨਾਲ ਗਵਾਹਾਂ ਦੇ 8 ਘਰ ਸੜ ਕੇ ਸੁਆਹ ਹੋ ਗਏ। ਉਨ੍ਹਾਂ ਘਰਾਂ ਨੂੰ ਦੁਬਾਰਾ ਬਣਾਉਣ ਦਾ ਪ੍ਰਬੰਧ ਕੀਤਾ ਗਿਆ।
ਰੋਮਾਨੀਆ: ਹੜ੍ਹ ਕਾਰਨ ਕੁਝ ਗਵਾਹਾਂ ਦੇ ਘਰ ਤਬਾਹ ਹੋ ਗਏ। ਉਨ੍ਹਾਂ ਘਰਾਂ ਨੂੰ ਦੁਬਾਰਾ ਬਣਾਉਣ ਵਿਚ ਮਦਦ ਕੀਤੀ ਗਈ।
ਮਾਲੀ: ਗੁਆਂਢੀ ਸੈਨੇਗਾਲ ਤੋਂ ਉਨ੍ਹਾਂ ਕੁਝ ਲੋਕਾਂ ਨੂੰ ਪੈਸੇ ਭੇਜੇ ਗਏ ਜਿਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ ਕਿਉਂਕਿ ਮਾਲੀ ਵਿਚ ਸੋਕੇ ਕਰਕੇ ਫ਼ਸਲ ਨਹੀਂ ਹੋਈ।
ਸੀਅਰਾ ਲਿਓਨ: ਫਰਾਂਸ ਤੋਂ ਇਕ ਡਾਕਟਰ, ਜੋ ਗਵਾਹ ਸੀ, ਨੇ ਯੁੱਧ ਨਾਲ ਪ੍ਰਭਾਵਿਤ ਥਾਵਾਂ ʼਤੇ ਰਹਿੰਦੇ ਯਹੋਵਾਹ ਦੇ ਗਵਾਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ।
ਥਾਈਲੈਂਡ: ਹੜ੍ਹਾਂ ਕਾਰਨ ਬਹੁਤ ਸਾਰੇ ਸੂਬਿਆਂ ਵਿਚ ਕਾਫ਼ੀ ਨੁਕਸਾਨ ਹੋਇਆ। ਰਿਲੀਫ਼ ਟੀਮਾਂ ਨੇ 100 ਘਰਾਂ ਅਤੇ 6 ਕਿੰਗਡਮ ਹਾਲਾਂ ਦੀ ਮੁਰੰਮਤ ਅਤੇ ਸਫ਼ਾਈ ਕੀਤੀ।
ਚੈੱਕ ਗਣਰਾਜ: ਚੈੱਕ ਗਣਰਾਜ ਵਿਚ ਹੜ੍ਹਾਂ ਕਾਰਨ ਕਈ ਘਰ ਨੁਕਸਾਨੇ ਗਏ। ਇਸ ਤੋਂ ਬਾਅਦ ਨੇੜਲੇ ਸਲੋਵਾਕੀਆ ਦੇ ਗਵਾਹਾਂ ਨੇ ਰਾਹਤ ਪਹੁੰਚਾਉਣ ਵਿਚ ਮਦਦ ਕੀਤੀ।
ਸ੍ਰੀ ਲੰਕਾ: ਸੁਨਾਮੀ ਨਾਲ ਸੰਬੰਧਿਤ ਰਾਹਤ ਕੰਮ ਪੂਰਾ ਹੋ ਗਿਆ ਹੈ।
ਸੂਡਾਨ: ਦੇਸ਼ ਵਿਚ ਲੜਾਈ ਹੋਣ ਕਰਕੇ ਬੇਘਰ ਯਹੋਵਾਹ ਦੇ ਗਵਾਹਾਂ ਨੂੰ ਖਾਣਾ, ਕੱਪੜੇ, ਜੁੱਤੀਆਂ ਅਤੇ ਤਰਪਾਲਾਂ ਭੇਜੀਆਂ ਗਈਆਂ।
ਤਨਜ਼ਾਨੀਆ: ਭਾਰੀ ਹੜ੍ਹ ਦੌਰਾਨ 14 ਪਰਿਵਾਰਾਂ ਦੀਆਂ ਚੀਜ਼ਾਂ ਰੁੜ੍ਹ ਗਈਆਂ। ਉੱਥੋਂ ਦੀਆਂ ਮੰਡਲੀਆਂ ਨੇ ਕੱਪੜੇ ਅਤੇ ਘਰ ਦੀਆਂ ਚੀਜ਼ਾਂ ਦਾਨ ਕੀਤੀਆਂ। ਇਕ ਘਰ ਦੁਬਾਰਾ ਬਣਾਇਆ ਗਿਆ।
ਜ਼ਿਮਬਾਬਵੇ: ਦੇਸ਼ ਦੇ ਇਕ ਹਿੱਸੇ ਵਿਚ ਸੋਕੇ ਕਾਰਨ ਭੁੱਖਮਰੀ ਫੈਲ ਗਈ। ਪ੍ਰਭਾਵਿਤ ਲੋਕਾਂ ਨੂੰ ਖਾਣਾ ਅਤੇ ਪੈਸੇ ਭੇਜੇ ਗਏ।
ਬੁਰੁੰਡੀ: ਸ਼ਰਨਾਰਥੀਆਂ ਨੂੰ ਰਾਹਤ ਅਤੇ ਡਾਕਟਰੀ ਸਹਾਇਤਾ ਦਿੱਤੀ ਗਈ।