ਸ਼ਿੰਗੁ ਨਦੀ ਲਾਗੇ ਵੱਸਦੇ ਪਿੰਡਾਂ ਵਿਚ ਪ੍ਰਚਾਰ ਕਰਨਾ
ਸਾਲ 2013 ਦੇ ਜੁਲਾਈ ਮਹੀਨੇ ਦੇ ਸ਼ੁਰੂ ਵਿਚ ਬ੍ਰਾਜ਼ੀਲ ਦੇ 28 ਯਹੋਵਾਹ ਦੇ ਗਵਾਹ ਸਾਓ ਫੈਲਿਕਸ ਦੂ ਸ਼ਿੰਗੁ ਸ਼ਹਿਰ ਨੂੰ ਛੱਡ ਕੇ ਕਾਈਆਪੂ ਅਤੇ ਯੂਰੁਨਾ ਇੰਡੀਅਨ ਇਲਾਕਿਆਂ ਵਿਚ ਗਏ। ਉੱਥੇ ਪਹੁੰਚਣ ਲਈ ਭੈਣਾਂ-ਭਰਾਵਾਂ ਨੇ ਸ਼ਿੰਗੁ ਨਦੀ ਵਿਚ 15 ਮੀਟਰ (50 ਫੁੱਟ) ਲੰਬੀ ਇਕ ਕਿਸ਼ਤੀ ਰਾਹੀਂ ਸਫ਼ਰ ਕੀਤਾ। ਇਹ ਨਦੀ ਉੱਤਰ ਦਿਸ਼ਾ ਵੱਲ ਨੂੰ 2,092 ਕਿਲੋਮੀਟਰ (1,300 ਮੀਲ) ਦੀ ਦੂਰੀ ਤੈਅ ਕਰ ਕੇ ਐਮੇਜ਼ਨ ਨਦੀ ਵਿਚ ਜਾ ਮਿਲਦੀ ਹੈ।
ਇਹ ਗਰੁੱਪ ਨਦੀ ਦੇ ਨੇੜੇ-ਤੇੜੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਗਿਆ ਸੀ। ਤੀਜੇ ਦਿਨ ਉਹ ਕੋਕਰਾਈਮੋਰੋ ਪਿੰਡ ਵਿਚ ਪਹੁੰਚੇ। ਉੱਥੇ ਦੇ ਲੋਕਾਂ ਨੇ ਖਿੜੇ ਮੱਥੇ ਭੈਣਾਂ-ਭਰਾਵਾਂ ਦਾ ਸੁਆਗਤ ਕਰ ਕੇ ਪਰਾਹੁਣਚਾਰੀ ਦਿਖਾਈ। ਇਕ ਤੀਵੀਂ ਖ਼ੁਸ਼ੀ ਨਾਲ ਹੱਥਾਂ ਨਾਲ ਇਸ਼ਾਰੇ ਕਰਨ ਲੱਗ ਪਈ। ਇਨ੍ਹਾਂ ਭੈਣਾਂ-ਭਰਾਵਾਂ ਨੂੰ ਘੁਮਾਉਣ-ਫਿਰਾਉਣ ਵਾਲੇ ਗਾਈਡ ਨੇ ਦੱਸਿਆ: “ਉਹ ਤੀਵੀਂ ਇਸ਼ਾਰਿਆਂ ਨਾਲ ਕਹਿ ਰਹੀ ਹੈ ਕਿ ‘ਤੁਸੀਂ ਸਾਰੇ ਸਾਡੇ ਕੋਲ ਆ ਜਾਓ। ਅਸੀਂ ਤੁਹਾਡੇ ਸਾਰਿਆਂ ਬਾਰੇ ਜਾਣਨਾ ਚਾਹੁੰਦੇ ਹਾਂ!’”
ਭੈਣਾਂ-ਭਰਾਵਾਂ ਨੇ ਸਾਰਿਆਂ ਨਾਲ ਗੱਲ ਕੀਤੀ। ਕਈਆਂ ਨਾਲ ਪੁਰਤਗਾਲੀ ਭਾਸ਼ਾ ਵਿਚ ਅਤੇ ਕਈਆਂ ਨਾਲ ਸੈਨਤ ਭਾਸ਼ਾ ਤੇ ਹਾਵ-ਭਾਵ ਵਰਤ ਕੇ ਗੱਲ ਕੀਤੀ। ਉਹ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਦਿੱਤੀਆਂ ਰੰਗ-ਬਰੰਗੀਆਂ ਤਸਵੀਰਾਂ ਵਰਤ ਕੇ ਲੋਕਾਂ ਨੂੰ ਚੰਗੀ ਗਵਾਹੀ ਦੇ ਪਾਏ। ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੇ ਰੱਬ ਦੀ ਸੁਣੋ ਬਰੋਸ਼ਰ ਦੇ ਨਾਲ-ਨਾਲ ਕਈ ਹੋਰ ਵੀ ਪ੍ਰਕਾਸ਼ਨ ਲਏ।
ਸਾਓ ਫੈਲਿਕਸ ਦੂ ਸ਼ਿੰਗੁ ਸ਼ਹਿਰ ਵਿਚ ਰਹਿਣਾ ਵਾਲਾ ਸਪੈਸ਼ਲ ਪਾਇਨੀਅਰ ਜੈਰਸਨ ਯਾਦ ਕਰਦਾ ਹੈ ਕਿ ਪਿੰਡ ਦੇ ਇਕ ਵਿਅਕਤੀ ਨੇ ਬਾਈਬਲ ਕਹਾਣੀਆਂ ਦੀ ਕਿਤਾਬ ਲੈਣ ਵੇਲੇ ਕਿਹੋ ਜਿਹਾ ਰਵੱਈਆ ਦਿਖਾਇਆ: “ਉਸ ਨੇ ਕਿਤਾਬ ਨੂੰ ਦੇਖਿਆ ਅਤੇ ਦੋਨਾਂ ਹੱਥਾਂ ਨਾਲ ਘੁੱਟ ਕੇ ਫੜ੍ਹ ਲਿਆ; ਉਹ ਤਾਂ ਇਕ ਪਲ ਲਈ ਵੀ ਕਿਤਾਬ ਥੱਲੇ ਰੱਖਣ ਲਈ ਤਿਆਰ ਨਹੀਂ ਸੀ।”
ਪਿੰਡਾਂ ਦੇ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਕੋਲੋਂ 500 ਦੇ ਕਰੀਬ ਕਿਤਾਬਾਂ, ਮੈਗਜ਼ੀਨ ਅਤੇ ਬਰੋਸ਼ਰ ਲਏ। ਕਾਵਾਟੀਰੇ ਪਿੰਡ ਦੇ ਲੋਕਾਂ ਨੇ ਬੜੀ ਦਿਲਚਸਪੀ ਨਾਲ ਬਾਈਬਲ ਦੇ ਇਸ ਵਾਅਦੇ ਬਾਰੇ ਸੁਣਿਆ ਕਿ ਸਾਰੀ ਧਰਤੀ ਨੂੰ ਇਕ ਸੁੰਦਰ ਬਾਗ਼ ਵਰਗੀ ਬਣਾ ਦਿੱਤਾ ਜਾਵੇਗਾ। ਟੌਂਗਜਾਈਕਵਾ ਨਾਂ ਦਾ ਕਾਈਆਪੂ ਆਦਿਵਾਸੀ ਉਸ ਸਮੇਂ ਬਾਰੇ ਸੋਚਦਾ ਹੋਇਆ ਕਹਿੰਦਾ ਹੈ: “ਨਵੀਂ ਦੁਨੀਆਂ ਸਾਡੇ ਪਿੰਡ ਵਰਗੀ ਸੁੰਦਰ ਹੋਵੇਗੀ।”
ਸਾਓ ਫੈਲਿਕਸ ਦੂ ਸ਼ਿੰਗੁ ਸ਼ਹਿਰ ਵਿਚ ਕਈਆਂ ਨੂੰ ਪਤਾ ਸੀ ਕਿ ਯਹੋਵਾਹ ਦੇ ਗਵਾਹ ਉੱਥੇ ਜਾ ਰਹੇ ਸਨ। ਇਸ ਗਰੁੱਪ ਨਾਲ ਜਾਣ ਵਾਲੀ ਸੀਮੋਨੀ ਕਹਿੰਦੀ ਹੈ ਕਿ ਸ਼ਹਿਰ ਦੇ ਕਈ ਲੋਕਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇਨ੍ਹਾਂ ਪਿੰਡਾਂ ਦੇ ਲੋਕ ਸਾਨੂੰ ਵੜਨ ਵੀ ਦੇਣਗੇ। ਪਰ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ। ਉਹ ਕਹਿੰਦੀ ਹੈ: “ਸਾਡਾ ਸੁਆਗਤ ਕੀਤਾ ਗਿਆ ਅਤੇ ਅਸੀਂ ਸਾਰਿਆਂ ਨੂੰ ਪ੍ਰਚਾਰ ਕੀਤਾ।”