ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੈਂ ਆਪਣੀ ਕਬਰ ਖ਼ੁਦ ਪੁੱਟ ਰਿਹਾ ਸੀ”
ਜਨਮ: 1978
ਦੇਸ਼: ਐਲ ਸੈਲਵੇਡਾਰ
ਅਤੀਤ: ਖੂੰਖਾਰ ਗੈਂਗ ਮੈਂਬਰ
ਮੇਰੇ ਅਤੀਤ ਬਾਰੇ ਕੁਝ ਗੱਲਾਂ
“ਜੇ ਤੂੰ ਵਾਕਈ ਰੱਬ ਬਾਰੇ ਸਿੱਖਣਾ ਚਾਹੁੰਦਾ ਹੈਂ, ਤਾਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਦਾ ਰਹਿ।” ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ। ਉਸ ਸਮੇਂ ਮੈਨੂੰ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਦਿਆਂ ਥੋੜ੍ਹਾ ਹੀ ਸਮਾਂ ਹੋਇਆ ਸੀ। ਪਰ ਮੇਰੀ ਹੈਰਾਨੀ ਦੀ ਵਜ੍ਹਾ ਸਮਝਣ ਲਈ ਆਓ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਥੋੜ੍ਹਾ-ਬਹੁਤਾ ਦੱਸਾਂ।
ਮੇਰਾ ਜਨਮ ਐਲ ਸੈਲਵੇਡਾਰ ਦੇ ਕੇਸਾਲਤੇਪੇਕੇ ਸ਼ਹਿਰ ਵਿਚ ਹੋਇਆ। ਅਸੀਂ 15 ਭੈਣ-ਭਰਾ ਸੀ ਤੇ ਮੈਂ ਛੇਵੇਂ ਨੰਬਰ ʼਤੇ ਸੀ। ਮੇਰੇ ਮਾਪਿਆਂ ਨੇ ਸਾਡੀ ਪਰਵਰਿਸ਼ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਅਸੀਂ ਈਮਾਨਦਾਰ ਬਣੀਏ ਤੇ ਕਾਨੂੰਨਾਂ ਦੀ ਪਾਲਣਾ ਕਰੀਏ। ਨਾਲੇ ਕਦੇ-ਕਦਾਈਂ ਲਿਓਨਾਰਡੋ ਤੇ ਹੋਰ ਯਹੋਵਾਹ ਦੇ ਗਵਾਹ ਆ ਕੇ ਸਾਨੂੰ ਬਾਈਬਲ ਬਾਰੇ ਸਿਖਾਉਂਦੇ ਸਨ। ਪਰ ਮੈਂ ਸਿੱਖੀਆਂ ਗੱਲਾਂ ਦੀ ਕੋਈ ਕਦਰ ਨਹੀਂ ਕੀਤੀ ਤੇ ਇਕ ਤੋਂ ਬਾਅਦ ਇਕ ਗ਼ਲਤ ਫ਼ੈਸਲਾ ਕੀਤਾ। 14 ਸਾਲਾਂ ਦੀ ਉਮਰ ਵਿਚ ਮੈਂ ਆਪਣੇ ਸਕੂਲ ਦੇ ਦੋਸਤਾਂ ਨਾਲ ਮਿਲ ਕੇ ਸ਼ਰਾਬ ਪੀਣੀ ਤੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਗੈਂਗ ਦੇ ਮੈਂਬਰ ਬਣਨ ਲਈ ਸਾਰੇ ਇਕ-ਇਕ ਕਰ ਕੇ ਸਕੂਲ ਛੱਡ ਗਏ ਅਤੇ ਮੈਂ ਵੀ ਉਨ੍ਹਾਂ ਵਾਂਗ ਹੀ ਕੀਤਾ। ਅਸੀਂ ਸਾਰਾ ਦਿਨ ਸੜਕਾਂ ʼਤੇ ਘੁੰਮਦੇ ਸੀ, ਆਪਣੇ ਨਸ਼ੇ ਦੀ ਲਤ ਪੂਰੀ ਕਰਨ ਲਈ ਅਸੀਂ ਧੱਕੇ ਨਾਲ ਲੋਕਾਂ ਤੋਂ ਪੈਸੇ ਮੰਗਦੇ ਸੀ ਅਤੇ ਚੋਰੀਆਂ ਕਰਦੇ ਸੀ।
ਮੈਂ ਗੈਂਗ ਨੂੰ ਆਪਣਾ ਪਰਿਵਾਰ ਮੰਨਦਾ ਸੀ। ਮੈਂ ਮੰਨਦਾ ਸੀ ਕਿ ਮੈਨੂੰ ਇਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ। ਮਿਸਾਲ ਲਈ, ਇਕ ਦਿਨ ਮੇਰੇ ਗੈਂਗ ਦੇ ਮੈਂਬਰ ਨੇ ਨਸ਼ੇ ਦੀ ਹਾਲਤ ਵਿਚ ਮੇਰੇ ਗੁਆਂਢੀ ʼਤੇ ਹਮਲਾ ਕਰ ਦਿੱਤਾ। ਲੜਾਈ ਦੌਰਾਨ ਮੇਰੇ ਗੁਆਂਢੀ ਨੇ ਮੇਰੇ ਦੋਸਤ ਨੂੰ ਦਬੋਚ ਲਿਆ ਤੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਗੁੱਸੇ ਵਿਚ ਆ ਕੇ ਮੈਂ ਡੰਡੇ ਨਾਲ ਗੁਆਂਢੀ ਦੀ ਕਾਰ ਭੰਨਣ ਲੱਗ ਪਿਆ ਤਾਂਕਿ ਉਹ ਮੇਰੇ ਦੋਸਤ ਨੂੰ ਛੱਡ ਦੇਵੇ। ਮੇਰੇ ਗੁਆਂਢੀ ਨੇ ਮੇਰੇ ਅੱਗੇ ਇੱਦਾਂ ਨਾ ਕਰਨ ਦੀਆਂ ਮਿੰਨਤਾਂ ਕੀਤੀਆਂ, ਪਰ ਮੈਂ ਉਸ ਦੀ ਇਕ ਨਾ ਸੁਣੀ ਤੇ ਇਕ ਤੋਂ ਬਾਅਦ ਇਕ ਸ਼ੀਸ਼ਾ ਤੋੜਦਾ ਗਿਆ ਅਤੇ ਉਸ ਦੀ ਸਾਰੀ ਕਾਰ ਖ਼ਰਾਬ ਕਰ ਦਿੱਤੀ।
18 ਸਾਲਾਂ ਦੀ ਉਮਰ ਵਿਚ ਪੁਲਿਸ ਤੇ ਸਾਡੀ ਗੈਂਗ ਵਿਚ ਝੜਪ ਹੋ ਗਈ। ਮੈਂ ਬੰਬ ਸੁੱਟਣ ਹੀ ਵਾਲਾ ਸੀ ਕਿ ਉਹ ਮੇਰੇ ਹੱਥ ਵਿਚ ਫਟ ਗਿਆ। ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ। ਮੈਨੂੰ ਸਿਰਫ਼ ਇੰਨਾ ਯਾਦ ਹੈ ਕਿ ਮੇਰੇ ਹੱਥ ਦੇ ਚਿੱਥੜੇ ਉੱਡ ਗਏ ਤੇ ਫਿਰ ਮੈਂ ਬੇਹੋਸ਼ ਹੋ ਗਿਆ। ਮੈਨੂੰ ਹਸਪਤਾਲ ਵਿਚ ਜਾ ਕੇ ਹੋਸ਼ ਆਈ ਤੇ ਮੈਨੂੰ ਪਤਾ ਲੱਗਾ ਕਿ ਮੇਰਾ ਸੱਜਾ ਹੱਥ ਨਹੀਂ ਸੀ ਅਤੇ ਮੈਨੂੰ ਸੱਜੇ ਕੰਨ ਤੋਂ ਸੁਣਨਾ ਅਤੇ ਸੱਜੀ ਅੱਖ ਤੋਂ ਲਗਭਗ ਦਿਖਣਾ ਬੰਦ ਹੋ ਗਿਆ।
ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ, ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਮੈਂ ਸਿੱਧਾ ਆਪਣੇ ਗੈਂਗ ਕੋਲ ਗਿਆ। ਪਰ ਇਸ ਤੋਂ ਜਲਦੀ ਬਾਅਦ ਹੀ ਪੁਲਿਸ ਨੇ ਮੈਨੂੰ ਗਿਰਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਉੱਥੇ ਗੈਂਗ ਮੈਂਬਰਾਂ ਨਾਲ ਮੇਰਾ ਰਿਸ਼ਤਾ ਹੋਰ ਗੂੜ੍ਹਾ ਹੋਇਆ। ਅਸੀਂ ਸਵੇਰੇ ਭੰਗ ਦੀਆਂ ਸਿਗਰਟ ਪੀਂਦੇ ਨਾਸ਼ਤਾ ਕਰਦੇ ਸੀ ਅਤੇ ਰਾਤ ਨੂੰ ਸੌਣ ਤਕ ਸਾਰਾ ਕੁਝ ਇਕੱਠੇ ਕਰਦੇ ਸੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ
ਲਿਓਨਾਰਡੋ ਜੇਲ੍ਹ ਵਿਚ ਮੈਨੂੰ ਮਿਲਣ ਆਇਆ। ਉਸ ਨੇ ਗੱਲ ਕਰਦਿਆਂ ਮੇਰੀ ਸੱਜੀ ਬਾਂਹ ʼਤੇ ਬਣੇ ਟੈਟੂ ਵੱਲ ਇਸ਼ਾਰਾ ਕੀਤਾ। ਉਸ ਨੇ ਪੁੱਛਿਆ: “ਕੀ ਤੈਨੂੰ ਪਤਾ ਕਿ ਟੈਟੂ ਵਿਚ ਬਣੀਆਂ ਤਿੰਨ ਬਿੰਦੀਆਂ ਦਾ ਕੀ ਮਤਲਬ ਹੈ?” ਮੈਂ ਕਿਹਾ: “ਬਿਲਕੁਲ ਪਤਾ। ਸੈਕਸ, ਡ੍ਰੱਗਜ਼ ਤੇ ਰਾਕ ਐਂਡ ਰੋਲ।” ਪਰ ਲਿਓਨਾਰਡੋ ਨੇ ਕਿਹਾ: “ਮੈਂ ਕਹਾਂਗਾ ਕਿ ਇਨ੍ਹਾਂ ਦਾ ਮਤਲਬ ਹੈ, ਹਸਪਤਾਲ, ਜੇਲ੍ਹ ਅਤੇ ਮੌਤ। ਤੂੰ ਹਸਪਤਾਲ ਵਿਚ ਸੀ ਅਤੇ ਹੁਣ ਤੂੰ ਜੇਲ੍ਹ ਵਿਚ ਹੈਂ। ਤੈਨੂੰ ਪਤਾ ਕਿ ਅੱਗੇ ਕੀ ਹੋਣਾ।”
ਲਿਓਨਾਰਡੋ ਦੀ ਗੱਲ ਸੁਣ ਕੇ ਮੈਂ ਸੁੰਨ ਹੀ ਰਹਿ ਗਿਆ। ਉਹ ਸਹੀ ਕਹਿੰਦਾ ਸੀ। ਮੈਂ ਆਪਣੇ ਜੀਉਣ ਦੇ ਤਰੀਕੇ ਰਾਹੀਂ ਆਪਣੀ ਕਬਰ ਖ਼ੁਦ ਪੁੱਟ ਰਿਹਾ ਸੀ। ਲਿਓਨਾਰਡੋ ਨੇ ਮੈਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ ਤੇ ਮੈਂ ਮੰਨ ਗਿਆ। ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਕਰਕੇ ਮੈਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੋਇਆ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਸੋ ਪਹਿਲੀ ਚੀਜ਼ ਜੋ ਮੈਨੂੰ ਕਰਨੀ ਪੈਣੀ ਸੀ ਉਹ ਸੀ, ਨਵੇਂ ਦੋਸਤ ਬਣਾਉਣੇ। ਇਸ ਕਰਕੇ ਮੈਂ ਗੈਂਗ ਦੀਆਂ ਮੀਟਿੰਗਾਂ ਵਿਚ ਜਾਣ ਦੀ ਬਜਾਇ ਜੇਲ੍ਹ ਵਿਚ ਹੁੰਦੀਆਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਉੱਥੇ ਮੈਂ ਆਨਡ੍ਰੇਜ਼ ਨੂੰ ਮਿਲਿਆ ਜੋ ਮੇਰੇ ਨਾਲ ਜੇਲ੍ਹ ਵਿਚ ਸੀ ਅਤੇ ਉਸ ਨੇ ਜੇਲ੍ਹ ਵਿਚ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲਿਆ ਸੀ। ਉਸ ਨੇ ਮੈਨੂੰ ਆਪਣੇ ਨਾਲ ਨਾਸ਼ਤਾ ਕਰਨ ਲਈ ਕਿਹਾ। ਇਸ ਤੋਂ ਬਾਅਦ, ਮੈਂ ਭੰਗ ਦੀਆਂ ਸਿਗਰਟਾਂ ਨਾਲ ਆਪਣੇ ਦਿਨ ਦੀ ਸ਼ੁਰੂਆਤ ਨਹੀਂ ਕਰਦਾ ਸੀ। ਇਸ ਦੀ ਬਜਾਇ, ਮੈਂ ਤੇ ਆਨਡ੍ਰੇਜ਼ ਹਰ ਸਵੇਰ ਬਾਈਬਲ ਦੀ ਕਿਸੇ ਆਇਤ ʼਤੇ ਚਰਚਾ ਕਰਦੇ ਸੀ।
ਗੈਂਗ ਮੈਂਬਰਾਂ ਨੂੰ ਇਕਦਮ ਪਤਾ ਲੱਗ ਗਿਆ ਕਿ ਮੈਂ ਬਦਲ ਰਿਹਾ ਸੀ। ਇਸ ਕਰਕੇ ਗੈਂਗ ਦੇ ਇਕ ਲੀਡਰ ਨੇ ਮੈਨੂੰ ਗੱਲ ਕਰਨ ਲਈ ਬੁਲਾਇਆ। ਮੈਂ ਡਰਿਆ ਹੋਇਆ ਸੀ। ਮੈਨੂੰ ਪਤਾ ਨਹੀਂ ਸੀ ਕਿ ਮੇਰੇ ਇਰਾਦਿਆਂ ਨੂੰ ਜਾਣ ਕੇ ਉਹ ਮੇਰੇ ਨਾਲ ਕੀ ਕਰੇਗਾ ਕਿਉਂਕਿ ਗੈਂਗ ਨੂੰ ਛੱਡਣਾ ਨਾਮੁਮਕਿਨ ਹੁੰਦਾ ਹੈ। ਉਸ ਨੇ ਕਿਹਾ: “ਅਸੀਂ ਦੇਖਿਆ ਹੈ ਕਿ ਤੂੰ ਹੁਣ ਗੈਂਗ ਦੀਆਂ ਮੀਟਿੰਗਾਂ ਵਿਚ ਆਉਣ ਦੀ ਬਜਾਇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਂਦਾ ਹੈ। ਤੂੰ ਕਰਨਾ ਕੀ ਚਾਹੁੰਦਾ?” ਮੈਂ ਉਸ ਨੂੰ ਕਿਹਾ ਕਿ ਮੈਂ ਲਗਾਤਾਰ ਬਾਈਬਲ ਦੀ ਸਟੱਡੀ ਕਰਨੀ ਤੇ ਆਪਣੀ ਜ਼ਿੰਦਗੀ ਬਦਲਣੀ ਚਾਹੁੰਦਾ ਹਾਂ। ਮੈਂ ਹੈਰਾਨ ਰਹਿ ਗਿਆ ਜਦੋਂ ਉਸ ਨੇ ਮੈਨੂੰ ਕਿਹਾ ਕਿ ਗੈਂਗ ਮੇਰੀ ਉਦੋਂ ਤਕ ਇੱਜ਼ਤ ਕਰੇਗਾ ਜਦ ਤਕ ਮੈਂ ਇਹ ਸਾਬਤ ਕਰਦਾ ਰਹਾਂਗਾ ਕਿ ਮੈਂ ਵਾਕਈ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹਾਂ। ਫਿਰ ਉਸ ਨੇ ਕਿਹਾ: “ਜੇ ਤੂੰ ਵਾਕਈ ਰੱਬ ਬਾਰੇ ਜਾਣਨਾ ਚਾਹੁੰਦਾ ਹੈਂ, ਤਾਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਦਾ ਰਹਿ। ਸਾਨੂੰ ਉਮੀਦ ਹੈ ਕਿ ਤੂੰ ਬੁਰੇ ਕੰਮ ਕਰਨੇ ਛੱਡ ਦੇਵੇਂਗਾ। ਮੈਂ ਤੈਨੂੰ ਵਧਾਈ ਦਿੰਦਾ ਹਾਂ ਕਿ ਤੂੰ ਸਹੀ ਰਾਹ ਚੁਣਿਆ। ਗਵਾਹ ਤੇਰੀ ਵਾਕਈ ਮਦਦ ਕਰ ਸਕਦੇ ਹਨ। ਮੈਂ ਅਮਰੀਕਾ ਵਿਚ ਗਵਾਹਾਂ ਨਾਲ ਪੜ੍ਹਦਾ ਹੁੰਦਾ ਸੀ ਅਤੇ ਮੇਰੇ ਪਰਿਵਾਰ ਦੇ ਕੁਝ ਮੈਂਬਰ ਵੀ ਗਵਾਹ ਹਨ। ਡਰ ਨਾ। ਸਟੱਡੀ ਕਰਦਾ ਰਹਿ।” ਮੈਨੂੰ ਅਜੇ ਵੀ ਡਰ ਲੱਗ ਰਿਹਾ ਸੀ, ਪਰ ਮੈਂ ਬਹੁਤ ਖ਼ੁਸ਼ ਸੀ। ਮੈਂ ਮਨ ਵਿਚ ਯਹੋਵਾਹ ਪਰਮੇਸ਼ੁਰ ਦਾ ਧੰਨਵਾਦ ਕੀਤਾ। ਮੈਂ ਉਸ ਪੰਛੀ ਵਾਂਗ ਮਹਿਸੂਸ ਕੀਤਾ ਜਿਸ ਨੂੰ ਪਿੰਜਰੇ ਵਿੱਚੋਂ ਆਜ਼ਾਦ ਕਰ ਦਿੱਤਾ ਗਿਆ ਹੋਵੇ। ਮੈਂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਸਮਝਿਆ: “ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”—ਯੂਹੰਨਾ 8:32.
ਪਰ ਮੇਰੇ ਕੁਝ ਪੁਰਾਣੇ ਦੋਸਤਾਂ ਨੇ ਨਸ਼ੇ ਦੇ ਕੇ ਮੈਨੂੰ ਪਰਖਿਆ। ਮੈਂ ਇਹ ਗੱਲ ਮੰਨਦਾ ਹਾਂ ਕਿ ਕਈ ਵਾਰ ਮੈਂ ਨਸ਼ਾ ਕਰ ਲੈਂਦਾ ਸੀ। ਪਰ ਸਮੇਂ ਦੇ ਬੀਤਣ ਅਤੇ ਬਹੁਤ ਸਾਰੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਮੈਂ ਆਪਣੀਆਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾ ਸਕਿਆ।—ਜ਼ਬੂਰਾਂ ਦੀ ਪੋਥੀ 51:10, 11.
ਬਹੁਤ ਸਾਰੇ ਲੋਕ ਸੋਚਦੇ ਸਨ ਕਿ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਮੈਂ ਪਹਿਲਾਂ ਵਾਂਗ ਜ਼ਿੰਦਗੀ ਜੀਉਣ ਲੱਗ ਪਵਾਂਗਾ, ਪਰ ਮੈਂ ਇੱਦਾਂ ਨਹੀਂ ਕੀਤਾ। ਇਸ ਦੀ ਬਜਾਇ, ਮੈਂ ਅਕਸਰ ਜੇਲ੍ਹ ਜਾ ਕੇ ਹੋਰ ਕੈਦੀਆਂ ਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਦੱਸਦਾ ਹੁੰਦਾ ਸੀ। ਅਖ਼ੀਰ ਮੇਰੇ ਪੁਰਾਣੇ ਦੋਸਤਾਂ ਨੂੰ ਯਕੀਨ ਹੋ ਗਿਆ ਕਿ ਮੈਂ ਬਦਲ ਗਿਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਮੇਰੇ ਪੁਰਾਣੇ ਦੁਸ਼ਮਣ ਇੱਦਾਂ ਨਹੀਂ ਸੋਚਦੇ ਸਨ।
ਇਕ ਦਿਨ ਜਦੋਂ ਮੈਂ ਤੇ ਇਕ ਭਰਾ ਪ੍ਰਚਾਰ ʼਤੇ ਸੀ, ਤਾਂ ਸਾਬਕਾ ਵਿਰੋਧੀ ਗੈਂਗ ਦੇ ਹਥਿਆਰਬੰਦ ਮੈਂਬਰਾਂ ਨੇ ਆ ਕੇ ਸਾਨੂੰ ਘੇਰਾ ਪਾ ਲਿਆ। ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਭਰਾ ਨੇ ਪਿਆਰ, ਪਰ ਦਲੇਰੀ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਹੁਣ ਗੈਂਗ ਦਾ ਮੈਂਬਰ ਨਹੀਂ ਸੀ। ਇਸ ਸਮੇਂ ਦੌਰਾਨ ਮੈਂ ਸ਼ਾਂਤ ਰਿਹਾ। ਉਨ੍ਹਾਂ ਨੇ ਮੈਨੂੰ ਕੁੱਟਿਆ ਅਤੇ ਉਸ ਇਲਾਕੇ ਵਿਚ ਦੁਬਾਰਾ ਨਾ ਆਉਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਹਥਿਆਰ ਥੱਲੇ ਕਰ ਲਏ ਅਤੇ ਸਾਨੂੰ ਜਾਣ ਦਿੱਤਾ। ਬਾਈਬਲ ਨੇ ਸੱਚ-ਮੁੱਚ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ। ਪਹਿਲਾਂ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਸੀ। ਪਰ ਹੁਣ ਮੈਂ 1 ਥੱਸਲੁਨੀਕੀਆਂ 5:15 ਦੀ ਸਲਾਹ ਮੰਨਦਾ ਹਾਂ: “ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ, ਸਗੋਂ ਇਕ-ਦੂਜੇ ਲਈ ਅਤੇ ਸਾਰਿਆਂ ਲਈ ਹਮੇਸ਼ਾ ਉਹੀ ਕਰਦੇ ਰਹੋ ਜੋ ਚੰਗਾ ਹੈ।”
ਯਹੋਵਾਹ ਦਾ ਗਵਾਹ ਬਣਨ ਤੋਂ ਬਾਅਦ ਮੈਂ ਈਮਾਨਦਾਰ ਬਣਨ ਦੀ ਕੋਸ਼ਿਸ਼ ਕੀਤੀ। ਇੱਦਾਂ ਕਰਨਾ ਸੌਖਾ ਨਹੀਂ ਸੀ। ਪਰ ਯਹੋਵਾਹ ਪਰਮੇਸ਼ੁਰ ਦੀ ਮਦਦ, ਬਾਈਬਲ ਦੀ ਸਲਾਹ ਅਤੇ ਨਵੇਂ ਦੋਸਤਾਂ ਦੀ ਮਦਦ ਨਾਲ ਮੈਂ ਇੱਦਾਂ ਕਰਨ ਵਿਚ ਸਫ਼ਲ ਹੋਇਆ ਹਾਂ। ਮੈਂ ਕਦੇ ਵੀ ਆਪਣੀ ਪੁਰਾਣੀ ਜ਼ਿੰਦਗੀ ਵੱਲ ਨਹੀਂ ਮੁੜਨਾ ਚਾਹੁੰਦਾ।—2 ਪਤਰਸ 2:22.
ਅੱਜ ਮੇਰੀ ਜ਼ਿੰਦਗੀ
ਮੈਂ ਗੁੱਸੇਖ਼ੋਰ ਤੇ ਹਿੰਸਕ ਸੀ। ਮੈਨੂੰ ਯਕੀਨ ਹੈ ਕਿ ਜੇ ਮੈਂ ਲੜਾਈ-ਝਗੜੇ ਕਰਦਾ ਰਹਿੰਦਾ, ਤਾਂ ਮੈਂ ਅੱਜ ਜੀਉਂਦਾ ਨਹੀਂ ਹੋਣਾ ਸੀ। ਬਾਈਬਲ ਦੀਆਂ ਗੱਲਾਂ ਨੇ ਮੈਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੈਂ ਆਪਣੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ। ਮੈਂ ਆਪਣੇ ਪੁਰਾਣੇ ਦੁਸ਼ਮਣਾਂ ਨਾਲ ਸ਼ਾਂਤੀ ਨਾਲ ਰਹਿਣਾ ਸਿੱਖਿਆ। (ਲੂਕਾ 6:27) ਨਾਲੇ ਹੁਣ ਮੇਰੇ ਕੋਲ ਵਧੀਆ ਦੋਸਤ ਹਨ ਜੋ ਚੰਗੇ ਗੁਣ ਵਧਾਉਣ ਵਿਚ ਮੇਰੀ ਮਦਦ ਕਰਦੇ ਹਨ। (ਕਹਾਉਤਾਂ 13:20) ਮੈਂ ਉਸ ਰੱਬ ਦੀ ਸੇਵਾ ਕਰ ਕੇ ਖ਼ੁਸ਼ਹਾਲ ਤੇ ਮਕਸਦ ਭਰੀ ਜ਼ਿੰਦਗੀ ਜੀਉਂਦਾ ਹਾਂ ਜਿਸ ਨੇ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰ ਦਿੱਤੀਆਂ ਹਨ।—ਯਸਾਯਾਹ 1:18.
2006 ਵਿਚ ਮੈਂ ਕੁਆਰੇ ਭਰਾਵਾਂ ਲਈ ਚਲਾਏ ਜਾਂਦੇ ਸਕੂਲ ਵਿਚ ਹਾਜ਼ਰ ਹੋਇਆ। ਕੁਝ ਸਮੇਂ ਬਾਅਦ ਮੈਂ ਵਿਆਹ ਕਰਾ ਲਿਆ। ਸਾਡੀ ਇਕ ਪਿਆਰੀ ਜਿਹੀ ਕੁੜੀ ਹੈ। ਹੁਣ ਮੈਂ ਦੂਜਿਆਂ ਨੂੰ ਬਾਈਬਲ ਦੇ ਉਹ ਅਸੂਲ ਸਿਖਾਉਣ ਵਿਚ ਆਪਣਾ ਸਮਾਂ ਲਾਉਂਦਾ ਹੈ ਜਿਨ੍ਹਾਂ ਅਸੂਲਾਂ ਨੇ ਮੇਰੀ ਮਦਦ ਕੀਤੀ ਸੀ। ਮੈਂ ਮੰਡਲੀ ਵਿਚ ਬਜ਼ੁਰਗ ਵਜੋਂ ਵੀ ਸੇਵਾ ਕਰਦਾ ਹਾਂ ਅਤੇ ਮੈਂ ਨੌਜਵਾਨਾਂ ਦੀ ਉਨ੍ਹਾਂ ਗ਼ਲਤੀਆਂ ਤੋਂ ਬਚਣ ਵਿਚ ਮਦਦ ਕਰਦਾ ਹਾਂ ਜੋ ਮੈਂ ਉਨ੍ਹਾਂ ਦੀ ਉਮਰ ਵਿਚ ਕੀਤੀਆਂ ਸਨ। ਹੁਣ ਮੈਂ ਆਪਣੀ ਕਬਰ ਪੁੱਟਣ ਦੀ ਬਜਾਇ ਆਪਣਾ ਭਵਿੱਖ ਬਣਾ ਰਿਹਾ ਹਾਂ ਜਿਸ ਦਾ ਵਾਅਦਾ ਰੱਬ ਨੇ ਬਾਈਬਲ ਵਿਚ ਕੀਤਾ ਹੈ।