ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੈਂ ਮਾਰ-ਕੁੱਟ ਕਰਨੀ ਛੱਡ ਦਿੱਤੀ”
ਜਨਮ: 1956
ਦੇਸ਼: ਕੈਨੇਡਾ
ਅਤੀਤ: ਜ਼ਿੰਦਗੀ ਤੋਂ ਨਿਰਾਸ਼, ਅਨੈਤਿਕ ਕੰਮ ਕਰਨ ਵਾਲਾ ਅਤੇ ਹਿੰਸਕ
ਮੇਰੇ ਅਤੀਤ ਬਾਰੇ ਕੁਝ ਗੱਲਾਂ
ਮੇਰਾ ਜਨਮ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਹੋਇਆ ਸੀ। ਜਦੋਂ ਮੈਂ ਅਜੇ ਬਹੁਤ ਛੋਟਾ ਸੀ, ਤਾਂ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਫਿਰ ਅਸੀਂ ਆਪਣੇ ਨਾਨਾ-ਨਾਨੀ ਜੀ ਦੇ ਘਰ ਚਲੇ ਗਏ ਸੀ। ਉਹ ਮੈਨੂੰ ਤੇ ਮੇਰੇ ਮੰਮੀ ਜੀ ਨੂੰ ਬਹੁਤ ਪਿਆਰ ਕਰਦੇ ਸਨ। ਮੈਂ ਉਨ੍ਹਾਂ ਨਾਲ ਬਹੁਤ ਖ਼ੁਸ਼ ਸੀ। ਮੈਨੂੰ ਅਜੇ ਵੀ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਯਾਦ ਹਨ।
ਪਰ ਇਹ ਖ਼ੁਸ਼ੀ ਜ਼ਿਆਦਾ ਦੇਰ ਤਕ ਨਹੀਂ ਰਹੀ। ਜਦੋਂ ਮੈਂ ਸੱਤਾਂ ਸਾਲਾਂ ਸੀ, ਤਾਂ ਮੇਰੇ ਮੰਮੀ-ਡੈਡੀ ਜੀ ਨੇ ਦੁਬਾਰਾ ਵਿਆਹ ਕਰਾ ਲਿਆ ਤੇ ਅਸੀਂ ਅਮਰੀਕਾ ਵਿਚ ਮਿਸੂਰੀ ਦੇ ਸੇਂਟ ਲੁਇਸ ਸ਼ਹਿਰ ਵਿਚ ਚਲੇ ਗਏ। ਕੁਝ ਹੀ ਦਿਨਾਂ ਵਿਚ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਡੈਡੀ ਜੀ ਕਿੰਨੇ ਜ਼ਾਲਮ ਹਨ। ਇਕ ਦਿਨ ਦੀ ਗੱਲ ਹੈ। ਮੇਰਾ ਆਪਣੇ ਨਵੇਂ ਸਕੂਲ ਵਿਚ ਪਹਿਲਾ ਦਿਨ ਸੀ। ਸਕੂਲ ਦੇ ਨਿਆਣਿਆਂ ਨੇ ਮੈਨੂੰ ਬਹੁਤ ਤੰਗ ਕੀਤਾ ਤੇ ਕੁੱਟਿਆ। ਜਦੋਂ ਡੈਡੀ ਜੀ ਨੂੰ ਪਤਾ ਲੱਗਾ ਕਿ ਮੈਂ ਕੁੱਟ ਖਾ ਕੇ ਘਰ ਆਇਆ ਹਾਂ, ਤਾਂ ਉਹ ਗੁੱਸੇ ਵਿਚ ਲਾਲ-ਪੀਲ਼ੇ ਹੋ ਗਏ। ਉਨ੍ਹਾਂ ਨੇ ਮੈਨੂੰ ਸਕੂਲ ਦੇ ਨਿਆਣਿਆਂ ਨਾਲੋਂ ਜ਼ਿਆਦਾ ਕੁੱਟਿਆ। ਉਸ ਦਿਨ ਮੈਂ ਇਕ ਸਬਕ ਸਿੱਖਿਆ। ਫਿਰ ਸੱਤ ਸਾਲਾਂ ਦੀ ਉਮਰ ਵਿਚ ਮੈਂ ਪਹਿਲੀ ਵਾਰ ਨਿਆਣਿਆਂ ਨਾਲ ਕੁੱਟ-ਮਾਰ ਕੀਤੀ।
ਡੈਡੀ ਜੀ ਦੇ ਗੁੱਸੇ ਕਰਕੇ ਮੇਰੇ ਮੰਮੀ ਜੀ ਵੀ ਗੁੱਸੇ ਵਿਚ ਆ ਜਾਂਦੇ ਸਨ ਅਤੇ ਉਹ ਦੋਵੇਂ ਉੱਚੀ-ਉੱਚੀ ਲੜਦੇ ਸਨ। ਗਿਆਰਾਂ ਸਾਲਾਂ ਦੀ ਉਮਰ ਵਿਚ ਮੈਂ ਨਸ਼ੇ ਕਰਨੇ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਮੈਂ ਦਿਨ-ਬਦਿਨ ਗੁੱਸੇਖ਼ੋਰ ਹੁੰਦਾ ਗਿਆ ਅਤੇ ਗਲੀਆਂ ਵਿਚ ਅਕਸਰ ਲੜਾਈਆਂ ਕਰਦਾ ਸੀ। ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤਕ ਮੈਂ ਇਕ ਹਿੰਸਕ ਇਨਸਾਨ ਬਣ ਚੁੱਕਾ ਸੀ।
18 ਸਾਲਾਂ ਦੀ ਉਮਰ ਵਿਚ ਮੈਂ ਅਮਰੀਕਾ ਦੀ ਜਲ ਸੈਨਾ ਵਿਚ ਭਰਤੀ ਹੋ ਗਿਆ। ਉੱਥੇ ਮੈਨੂੰ ਲੋਕਾਂ ਨੂੰ ਜਾਨੋਂ ਮਾਰਨ ਦੀ ਸਿਖਲਾਈ ਦਿੱਤੀ ਗਈ। ਪੰਜ ਸਾਲ ਸੈਨਾ ਵਿਚ ਰਹਿਣ ਤੋਂ ਬਾਅਦ ਮੈਂ ਮਨੋਵਿਗਿਆਨ ਦੀ ਪੜ੍ਹਾਈ ਕਰਨ ਲੱਗਾ ਕਿਉਂਕਿ ਮੈਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਲਈ ਕੰਮ ਕਰਨਾ ਚਾਹੁੰਦਾ ਸੀ। ਮੈਂ ਅਮਰੀਕਾ ਵਿਚ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਅਤੇ ਬਾਕੀ ਪੜ੍ਹਾਈ ਕੈਨੇਡਾ ਜਾ ਕੇ ਪੂਰੀ ਕੀਤੀ।
ਯੂਨੀਵਰਸਿਟੀ ਵਿਚ ਪੜ੍ਹਾਈ ਕਰਦਿਆਂ ਮੈਂ ਦੇਖਿਆ ਕਿ ਲੋਕ ਕਿੰਨੇ ਸੁਆਰਥੀ ਹਨ, ਦੁਨੀਆਂ ਦੀ ਕੋਈ ਚੀਜ਼ ਦਾ ਫ਼ਾਇਦਾ ਨਹੀਂ ਹੈ ਅਤੇ ਕੋਈ ਵੀ ਮਨੁੱਖਜਾਤੀ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕਦਾ। ਇਹ ਦੇਖ ਕੇ ਮੈਂ ਨਿਰਾਸ਼ ਹੋ ਗਿਆ ਅਤੇ ਸਮਝ ਗਿਆ ਕਿ ਇਨਸਾਨ ਇਸ ਦੁਨੀਆਂ ਨੂੰ ਵਧੀਆ ਨਹੀਂ ਬਣਾ ਸਕਦਾ।
ਜਦੋਂ ਮੈਂ ਦੇਖਿਆ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ, ਤਾਂ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਤੇ ਨਸ਼ੇ ਕਰਨ ਲੱਗ ਪਿਆ। ਨਾਲੇ ਪੈਸੇ ਤੇ ਔਰਤਾਂ ਦੇ ਪਿੱਛੇ ਭੱਜਣ ਲੱਗ ਪਿਆ। ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਕਿਹੜੀ ਪਾਰਟੀ ʼਤੇ ਜਾਵਾਂ ਤੇ ਕਿਹੜੀ ਔਰਤ ਨਾਲ ਸਰੀਰਕ ਸੰਬੰਧ ਬਣਾਵਾਂ। ਸੈਨਾ ਵਿਚ ਮੈਨੂੰ ਜੋ ਸਿਖਲਾਈ ਮਿਲੀ ਸੀ, ਉਸ ਕਰਕੇ ਮੈਂ ਕਿਸੇ ਨਾਲ ਵੀ ਲੜ ਸਕਦਾ ਸੀ। ਸਹੀ-ਗ਼ਲਤ ਬਾਰੇ ਮੇਰੇ ਆਪਣੇ ਹੀ ਅਸੂਲ ਸਨ। ਜੇ ਮੈਨੂੰ ਲੱਗਦਾ ਸੀ ਕਿ ਕੋਈ ਕਿਸੇ ਨਾਲ ਬੇਇਨਸਾਫ਼ੀ ਕਰ ਰਿਹਾ ਸੀ, ਤਾਂ ਮੈਂ ਉਸ ਨੂੰ ਕੁੱਟ ਦਿੰਦਾ ਸੀ। ਪਰ ਸੱਚ ਤਾਂ ਇਹ ਸੀ ਕਿ ਮੈਂ ਕਿਸੇ ਨੂੰ ਇਨਸਾਫ਼ ਨਹੀਂ ਦਿਵਾ ਰਿਹਾ ਸੀ, ਮੇਰਾ ਸੁਭਾਅ ਹੀ ਗੁੱਸੇ ਵਾਲਾ ਸੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ
ਇਕ ਦਿਨ ਮੈਂ ਆਪਣੇ ਦੋਸਤ ਦੇ ਨਾਲ ਆਪਣੇ ਘਰ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਭੰਗ ਵੇਚਣ ਦੀ ਤਿਆਰੀ ਕਰ ਰਿਹਾ ਸੀ। ਅਸੀਂ ਦੋਵੇਂ ਨਸ਼ੇ ਵਿਚ ਸੀ। ਮੇਰੇ ਦੋਸਤ ਨੇ ਮੈਨੂੰ ਪੁੱਛਿਆ, “ਕੀ ਤੂੰ ਰੱਬ ਨੂੰ ਮੰਨਦਾ ਹੈਂ?” ਮੈਂ ਕਿਹਾ, “ਜੇ ਰੱਬ ਕਰਕੇ ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਹਨ, ਤਾਂ ਮੈਂ ਉਸ ਨੂੰ ਨਹੀਂ ਮੰਨਦਾ ਤੇ ਨਾ ਹੀ ਉਸ ਬਾਰੇ ਜਾਣਨਾ ਚਾਹੁੰਦਾ ਹਾਂ।” ਅਗਲੇ ਦਿਨ ਮੈਂ ਆਪਣੇ ਨਵੇਂ ਕੰਮ ʼਤੇ ਗਿਆ। ਉੱਥੇ ਕੰਮ ਕਰਨ ਵਾਲੇ ਨੇ ਮੇਰੇ ਤੋਂ ਇਕ ਸਵਾਲ ਪੁੱਛਿਆ। ਉਹ ਯਹੋਵਾਹ ਦਾ ਗਵਾਹ ਸੀ। ਉਸ ਨੇ ਪੁੱਛਿਆ, “ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਕਰਕੇ ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਹਨ?” ਮੈਂ ਬਹੁਤ ਹੈਰਾਨ ਰਹਿ ਗਿਆ ਕਿਉਂਕਿ ਉਸ ਨੇ ਉਹੀ ਵਿਸ਼ੇ ਬਾਰੇ ਸਵਾਲ ਪੁੱਛਿਆ ਜਿਸ ਬਾਰੇ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਸੀ। ਇਸ ਸਵਾਲ ਕਰਕੇ ਮੇਰੇ ਮਨ ਵਿਚ ਹੋਰ ਜਾਣਨ ਦੀ ਇੱਛਾ ਜਾਗੀ। ਫਿਰ ਅਗਲੇ ਛੇ ਮਹੀਨਿਆਂ ਦੌਰਾਨ ਅਸੀਂ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ʼਤੇ ਚਰਚਾ ਕੀਤੀ ਅਤੇ ਉਸ ਨੇ ਕਈ ਔਖੇ ਸਵਾਲਾਂ ਦੇ ਜਵਾਬ ਦਿੱਤੇ।
ਮੈਂ ਆਪਣੀ ਮੰਗੇਤਰ ਨਾਲ ਰਹਿੰਦਾ ਸੀ। ਉਸ ਨੂੰ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਨਹੀਂ ਚਾਹੁੰਦੀ ਸੀ ਕਿ ਮੈਂ ਉਸ ਨਾਲ ਬਾਈਬਲ ਬਾਰੇ ਗੱਲ ਕਰਾਂ। ਐਤਵਾਰ ਵਾਲੇ ਦਿਨ ਮੈਂ ਉਸ ਨੂੰ ਦੱਸਿਆ ਕਿ ਮੈਂ ਗਵਾਹਾਂ ਨੂੰ ਬਾਈਬਲ ਸਟੱਡੀ ਕਰਨ ਲਈ ਘਰੇ ਬੁਲਾਇਆ ਹੈ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਆਇਆ, ਤਾਂ ਉਹ ਘਰ ਦਾ ਸਾਰਾ ਸਾਮਾਨ ਲੈ ਕੇ ਚਲੀ ਗਈ ਸੀ। ਮੈਂ ਬਾਹਰ ਆ ਕੇ ਬਹੁਤ ਰੋਇਆ। ਮੈਂ ਰੱਬ ਨੂੰ ਪ੍ਰਾਰਥਨਾ ਕੀਤੀ। ਉਸ ਦਿਨ ਪਹਿਲੀ ਵਾਰ ਮੈਂ ਯਹੋਵਾਹ ਦਾ ਨਾਂ ਲੈ ਕੇ ਪ੍ਰਾਰਥਨਾ ਕੀਤੀ ਸੀ।—ਜ਼ਬੂਰ 83:18.
ਉਸ ਦੇ ਜਾਣ ਤੋਂ ਦੋ ਦਿਨ ਬਾਅਦ ਮੈਂ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਇਕ ਜੋੜਾ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਤੋਂ ਮੇਰੀ ਸਟੱਡੀ ਕਰਾਉਣ ਆਇਆ। a ਉਸ ਦਿਨ ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਉਹ ਕਿਤਾਬ ਪੜ੍ਹਦਾ ਰਿਹਾ ਅਤੇ ਮੈਂ ਉਸ ਰਾਤ ਪੂਰੀ ਕਿਤਾਬ ਪੜ੍ਹ ਲਈ। ਉਹ ਕਿਤਾਬ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਯਹੋਵਾਹ ਕਿੰਨਾ ਦਿਆਲੂ ਹੈ ਅਤੇ ਸਾਡੇ ਦੁੱਖ ਦੇਖ ਕੇ ਉਸ ਨੂੰ ਦੁੱਖ ਲੱਗਦਾ ਹੈ। (ਯਸਾਯਾਹ 63:9) ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਉਸ ਨੇ ਮੇਰੇ ਲਈ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ। ਇਸ ਗੱਲ ਨੇ ਮੇਰੇ ਦਿਲ ਨੂੰ ਛੂਹ ਲਿਆ। (1 ਯੂਹੰਨਾ 4:10) ਮੈਂ ਇਹ ਵੀ ਜਾਣਿਆ ਕਿ ਯਹੋਵਾਹ ਨੇ ਮੇਰੇ ਨਾਲ ਧੀਰਜ ਰੱਖਿਆ ਹੈ “ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤਰਸ 3:9) ਮੈਂ ਸਮਝ ਗਿਆ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ਉਸ ਦਾ ਦੋਸਤ ਬਣਾਂ।—ਯੂਹੰਨਾ 6:44.
ਮੈਂ ਉਸੇ ਹਫ਼ਤੇ ਸਭਾਵਾਂ ʼਤੇ ਜਾਣ ਲੱਗ ਪਿਆ। ਮੇਰੇ ਲੰਬੇ ਵਾਲ਼ ਸਨ ਅਤੇ ਮੈਂ ਕੰਨਾਂ ਵਿਚ ਵਾਲ਼ੀਆਂ ਪਾਈਆਂ ਸਨ। ਮੈਂ ਦੇਖਣ ਨੂੰ ਡਰਾਵਣਾ ਜਿਹਾ ਲੱਗਦਾ ਸੀ, ਪਰ ਯਹੋਵਾਹ ਦੇ ਗਵਾਹਾਂ ਨੇ ਬਹੁਤ ਪਿਆਰ ਨਾਲ ਮੇਰਾ ਸੁਆਗਤ ਕੀਤਾ। ਉਹ ਮੈਨੂੰ ਇੱਦਾਂ ਮਿਲੇ ਜਿੱਦਾਂ ਮੈਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੋਵਾਂ। ਉਨ੍ਹਾਂ ਵਿਚ ਸੱਚੇ ਮਸੀਹੀ ਗੁਣ ਸਨ। ਮੈਨੂੰ ਇੱਦਾਂ ਲੱਗਾ ਜਿੱਦਾਂ ਮੈਂ ਆਪਣੇ ਨਾਨਾ-ਨਾਨੀ ਦੇ ਘਰ ਆ ਗਿਆ ਹੋਵਾਂ, ਪਰ ਇੱਥੇ ਦਾ ਮਾਹੌਲ ਹੋਰ ਵੀ ਜ਼ਿਆਦਾ ਵਧੀਆ ਸੀ।
ਮੈਂ ਬਾਈਬਲ ਤੋਂ ਜੋ ਸਿੱਖ ਰਿਹਾ ਸੀ, ਉਸ ਦਾ ਮੇਰੀ ਜ਼ਿੰਦਗੀ ʼਤੇ ਅਸਰ ਪੈਣ ਲੱਗਾ। ਮੈਂ ਆਪਣੇ ਵਾਲ਼ ਕਟਾ ਲਏ, ਅਨੈਤਿਕ ਕੰਮ ਕਰਨੇ ਛੱਡ ਦਿੱਤੇ ਅਤੇ ਨਸ਼ੇ ਕਰਨੇ ਤੇ ਸ਼ਰਾਬ ਪੀਣੀ ਛੱਡ ਦਿੱਤੀ। (1 ਕੁਰਿੰਥੀਆਂ 6:9, 10; 11:14) ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਇਸ ਲਈ ਜੇ ਮੈਨੂੰ ਪਤਾ ਲੱਗਦਾ ਸੀ ਕਿ ਯਹੋਵਾਹ ਨੂੰ ਮੇਰੀ ਕੋਈ ਆਦਤ ਪਸੰਦ ਨਹੀਂ ਸੀ, ਤਾਂ ਮੈਂ ਬਹਾਨੇ ਨਹੀਂ ਬਣਾਉਂਦਾ ਸੀ। ਇਸ ਦੀ ਬਜਾਇ, ਮੈਂ ਖ਼ੁਦ ਨੂੰ ਕਹਿੰਦਾ ਸੀ ‘ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ।’ ਮੈਂ ਬਿਨਾਂ ਦੇਰ ਕੀਤਿਆਂ ਆਪਣੀ ਸੋਚ ਤੇ ਕੰਮ ਬਦਲਣ ਦੀ ਕੋਸ਼ਿਸ਼ ਕਰਦਾ ਸੀ। ਹੌਲੀ-ਹੌਲੀ ਮੈਂ ਦੇਖਿਆ ਕਿ ਯਹੋਵਾਹ ਦੀ ਗੱਲ ਮੰਨ ਕੇ ਮੇਰੀ ਜ਼ਿੰਦਗੀ ਵਧੀਆ ਹੋਣ ਲੱਗ ਪਈ ਹੈ। ਸਟੱਡੀ ਸ਼ੁਰੂ ਕਰਨ ਤੋਂ ਛੇ ਮਹੀਨਿਆਂ ਬਾਅਦ ਮੈਂ 29 ਜੁਲਾਈ 1989 ਵਿਚ ਬਪਤਿਸਮਾ ਲੈ ਲਿਆ ਅਤੇ ਯਹੋਵਾਹ ਦਾ ਗਵਾਹ ਬਣ ਗਿਆ।
ਅੱਜ ਮੇਰੀ ਜ਼ਿੰਦਗੀ
ਬਾਈਬਲ ਦੀ ਮਦਦ ਨਾਲ ਮੈਂ ਆਪਣਾ ਸੁਭਾਅ ਬਦਲ ਸਕਿਆ। ਪਹਿਲਾਂ ਜਦੋਂ ਕੋਈ ਮੇਰੇ ਨਾਲ ਲੜਦਾ ਸੀ, ਤਾਂ ਮੈਨੂੰ ਬਹੁਤ ਗੁੱਸਾ ਚੜ੍ਹ ਜਾਂਦਾ ਸੀ ਤੇ ਮੈਂ ਮਾਰ-ਕੁੱਟ ਕਰਨ ਲੱਗ ਪੈਂਦਾ ਸੀ। ਪਰ ਹੁਣ ਮੈਂ “ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼” ਕਰਦਾ ਹਾਂ। (ਰੋਮੀਆਂ 12:18) ਮੈਂ ਇਸ ਗੱਲ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦਾ, ਪਰ ਯਹੋਵਾਹ ਨੂੰ ਦਿੰਦਾ ਹਾਂ ਕਿਉਂਕਿ ਉਸ ਨੇ ਆਪਣੀ ਪਵਿੱਤਰ ਸ਼ਕਤੀ ਅਤੇ ਆਪਣਾ ਬਚਨ ਦਿੱਤਾ ਹੈ ਜੋ ਇਕ ਵਿਅਕਤੀ ਨੂੰ ਬਦਲ ਸਕਦਾ ਹੈ।—ਗਲਾਤੀਆਂ 5:22, 23; ਇਬਰਾਨੀਆਂ 4:12.
ਹੁਣ ਮੈਂ ਆਪਣੇ ਆਪ ਨੂੰ ਖ਼ੁਸ਼ ਕਰਨ ਲਈ ਨਸ਼ੇ ਤੇ ਮਾਰ-ਕੁੱਟ ਨਹੀਂ ਕਰਦਾ ਤੇ ਨਾ ਹੀ ਅਨੈਤਿਕ ਕੰਮ ਕਰਦਾ ਹਾਂ। ਇਸ ਦੀ ਬਜਾਇ, ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਸ ਨੂੰ ਖ਼ੁਸ਼ ਕਰਨ ਲਈ ਮੈਂ ਦੂਜਿਆਂ ਨੂੰ ਉਸ ਬਾਰੇ ਦੱਸਦਾ ਹਾਂ। ਆਪਣੇ ਬਪਤਿਸਮੇ ਤੋਂ ਕੁਝ ਸਾਲਾਂ ਬਾਅਦ ਮੈਂ ਅਜਿਹੇ ਦੇਸ਼ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੈਨੂੰ ਕਈ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਦਾ ਮੌਕਾ ਮਿਲਿਆ। ਜਦੋਂ ਮੈਂ ਦੇਖਿਆ ਕਿ ਬਾਈਬਲ ਦੀ ਸਲਾਹ ਮੰਨਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ, ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ। ਮੇਰੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦੇਖ ਕੇ ਮੇਰੇ ਮੰਮੀ ਜੀ ਵੀ ਯਹੋਵਾਹ ਦੇ ਗਵਾਹ ਬਣ ਗਏ।
1999 ਵਿਚ ਮੈਂ ਐਲ ਸੈਲਵੇਡਾਰ ਵਿਚ ਉਸ ਸਕੂਲ ਤੋਂ ਗ੍ਰੈਜੂਏਟ ਹੋਇਆ ਹਾਂ ਜਿਸ ਨੂੰ ਅੱਜ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਕਿਹਾ ਜਾਂਦਾ ਹੈ। ਉਸ ਸਕੂਲ ਵਿਚ ਮੈਂ ਪ੍ਰਚਾਰ ਕਰਨਾ, ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਸਿਖਾਉਣਾ ਅਤੇ ਮੰਡਲੀ ਦੀ ਦੇਖ-ਭਾਲ ਕਰਨੀ ਸਿੱਖੀ। ਉਸੇ ਸਾਲ ਮੈਂ ਯੋਹੋਨੀਆ ਨਾਲ ਵਿਆਹ ਕਰਾ ਲਿਆ। ਉਦੋਂ ਤੋਂ ਅਸੀਂ ਗੁਆਤੇਮਾਲਾ ਵਿਚ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਾਂ।
ਹੁਣ ਮੈਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਨਹੀਂ, ਸਗੋਂ ਖ਼ੁਸ਼ ਹਾਂ। ਬਾਈਬਲ ਦੀਆਂ ਸਿੱਖਿਆਵਾਂ ਮੰਨਣ ਕਰਕੇ ਮੈਂ ਅਨੈਤਿਕ ਜ਼ਿੰਦਗੀ ਅਤੇ ਕੁੱਟ-ਮਾਰ ਕਰਨੀ ਛੱਡੀ। ਹੁਣ ਮੇਰੀ ਜ਼ਿੰਦਗੀ ਵਿਚ ਪਿਆਰ ਅਤੇ ਸ਼ਾਂਤੀ ਦੀ ਕੋਈ ਕਮੀ ਨਹੀਂ ਹੈ।
a ਯਹੋਵਾਹ ਦੇ ਗਵਾਹ ਹੁਣ ਅਕਸਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਕਰਾਉਂਦੇ ਹਨ।