Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੇਰੀ ਜ਼ਿੰਦਗੀ ਮੇਰੇ ਵੱਸੋਂ ਬਾਹਰ ਸੀ

ਮੇਰੀ ਜ਼ਿੰਦਗੀ ਮੇਰੇ ਵੱਸੋਂ ਬਾਹਰ ਸੀ
  • ਜਨਮ: 1971

  • ਦੇਸ਼: ਟੋਂਗਾ

  • ਅਤੀਤ: ਨਸ਼ੇੜੀ, ਕੈਦੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਪਰਿਵਾਰ ਟੋਂਗਾ ਤੋਂ ਹੈ ਜਿਸ ਵਿਚ ਲਗਭਗ 170 ਟਾਪੂ ਹਨ। ਇਹ ਦੇਸ਼ ਦੱਖਣੀ-ਪੱਛਮੀ ਸ਼ਾਂਤ ਮਹਾਂਸਾਗਰ ʼਤੇ ਸਥਿਤ ਹੈ। ਟੋਂਗਾ ਵਿਚ ਸਾਡੀ ਜ਼ਿੰਦਗੀ ਬਹੁਤ ਸਾਦੀ ਸੀ। ਸਾਡੇ ਨਾ ਤਾਂ ਬਿਜਲੀ ਸੀ ਤੇ ਨਾ ਹੀ ਸਾਡੇ ਕੋਲ ਆਉਣ-ਜਾਣ ਦਾ ਕੋਈ ਸਾਧਨ ਸੀ। ਪਰ ਸਾਡੇ ਘਰ ਪਾਣੀ ਆਉਂਦਾ ਸੀ ਅਤੇ ਸਾਡੇ ਕੋਲ ਕੁਝ ਮੁਰਗੀਆਂ ਸਨ। ਸਕੂਲ ਦੀਆਂ ਛੁੱਟੀਆਂ ਦੌਰਾਨ ਮੈਂ ਤੇ ਮੇਰੇ ਦੋ ਭਰਾ ਆਪਣੇ ਖੇਤਾਂ ਵਿਚ ਆਪਣੇ ਪਿਤਾ ਦੀ ਮਦਦ ਕਰਦੇ ਸੀ ਜਿੱਥੇ ਅਸੀਂ ਕੇਲੇ, ਅਰਬੀ, ਕਚਾਲੂ ਅਤੇ ਕਸਾਵਾ ਉਗਾਉਂਦੇ ਸੀ। ਇਨ੍ਹਾਂ ਫ਼ਸਲਾਂ ਤੋਂ ਮੇਰੇ ਪਿਤਾ ਦੀ ਆਮਦਨੀ ਵਿਚ ਥੋੜ੍ਹੀ-ਬਹੁਤਾ ਵਾਧਾ ਹੁੰਦਾ ਸੀ ਜੋ ਉਹ ਅਲੱਗ-ਅਲੱਗ ਕੰਮ ਕਰ ਕੇ ਕਮਾਉਂਦੇ ਸਨ। ਟਾਪੂ ʼਤੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਵਾਂਗ ਸਾਡਾ ਪਰਿਵਾਰ ਵੀ ਬਾਈਬਲ ਦਾ ਗਹਿਰਾ ਆਦਰ ਕਰਦਾ ਸੀ ਅਤੇ ਅਸੀਂ ਬਾਕਾਇਦਾ ਚਰਚ ਜਾਂਦੇ ਸੀ। ਪਰ ਫਿਰ ਵੀ ਅਸੀਂ ਮੰਨਦੇ ਸੀ ਕਿ ਚੰਗੀ ਜ਼ਿੰਦਗੀ ਪਾਉਣ ਦਾ ਸਿਰਫ਼ ਇੱਕੋ-ਇਕ ਰਾਹ ਹੈ, ਕਿਸੇ ਅਮੀਰ ਦੇਸ਼ ਵਿਚ ਜਾ ਕੇ ਵੱਸਣਾ।

 ਜਦੋਂ ਮੈਂ 16 ਸਾਲਾਂ ਦਾ ਸੀ, ਤਾਂ ਮੇਰੇ ਅੰਕਲ ਜੀ ਨੇ ਸਾਡੇ ਪਰਿਵਾਰ ਨੂੰ ਕੈਲੇਫ਼ੋਰਨੀਆ, ਅਮਰੀਕਾ ਵਿਚ ਬੁਲਾ ਲਿਆ। ਉੱਥੇ ਦੇ ਸਭਿਆਚਾਰ ਮੁਤਾਬਕ ਢਲ਼ਣਾ ਕਿੰਨਾ ਹੀ ਔਖਾ ਸੀ! ਭਾਵੇਂ ਕਿ ਸਾਡੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ, ਪਰ ਅਸੀਂ ਗ਼ਰੀਬ ਇਲਾਕੇ ਵਿਚ ਰਹਿੰਦੇ ਸੀ ਜਿੱਥੇ ਅਪਰਾਧ ਤੇ ਨਸ਼ਿਆਂ ਦਾ ਬੋਲਬਾਲਾ ਸੀ। ਅਸੀਂ ਅਕਸਰ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਦੇ ਸੀ ਅਤੇ ਸਾਡੇ ਜ਼ਿਆਦਾਤਰ ਗੁਆਂਢੀ ਅਪਰਾਧਕ ਗੈਂਗਾਂ ਤੋਂ ਡਰਦੇ ਸਨ। ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਜਾਂ ਲੜਾਈ-ਝਗੜੇ ਨਿਪਟਾਉਣ ਲਈ ਆਪਣੇ ਨਾਲ ਹਥਿਆਰ ਰੱਖਦੇ ਸਨ। ਮੇਰੀ ਛਾਤੀ ਵਿਚ ਅਜੇ ਵੀ ਇਕ ਬੰਦੂਕ ਦੀ ਗੋਲੀ ਹੈ ਜੋ ਇਸ ਤਰ੍ਹਾਂ ਦੇ ਕਿਸੇ ਲੜਾਈ-ਝਗੜੇ ਦੌਰਾਨ ਚੱਲੀ ਸੀ।

 ਹਾਈ ਸਕੂਲ ਵਿਚ ਮੈਂ ਦੂਸਰੇ ਨੌਜਵਾਨਾਂ ਦਾ ਦੋਸਤ ਬਣਨਾ ਚਾਹੁੰਦਾ ਸੀ। ਮੈਂ ਹੌਲੀ-ਹੌਲੀ ਪਾਰਟੀਆਂ ਵਿਚ ਰੰਗਰਲੀਆਂ ਮਨਾਉਣ ਲੱਗ ਪਿਆ, ਹੱਦੋਂ ਵੱਧ ਸ਼ਰਾਬ ਪੀਣ ਲੱਗ ਪਿਆ, ਹਿੰਸਕ ਹੋ ਗਿਆ ਅਤੇ ਨਸ਼ੇ ਕਰਨ ਲੱਗ ਪਿਆ। ਸਮੇਂ ਦੇ ਬੀਤਣ ਨਾਲ, ਮੈਂ ਕੋਕੀਨ ਦਾ ਆਦੀ ਹੋ ਗਿਆ। ਨਸ਼ੇ ਖ਼ਰੀਦਣ ਲਈ ਮੈਂ ਚੋਰੀ ਕਰਨ ਲੱਗ ਪਿਆ। ਭਾਵੇਂ ਕਿ ਮੇਰੇ ਪਰਿਵਾਰ ਦੇ ਮੈਂਬਰ ਚਰਚ ਜਾਂਦੇ ਸਨ, ਪਰ ਫਿਰ ਵੀ ਮੈਨੂੰ ਕਦੇ ਵੀ ਇੱਦਾਂ ਦੀ ਸਲਾਹ ਨਹੀਂ ਮਿਲੀ ਜੋ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਮੇਰੀ ਮਦਦ ਕਰਦੀ। ਕਈ ਵਾਰ ਮੈਨੂੰ ਮੇਰੇ ਲੜਾਈ-ਝਗੜਿਆਂ ਕਰ ਕੇ ਗਿਰਫ਼ਤਾਰ ਕੀਤਾ ਗਿਆ। ਮੇਰੀ ਜ਼ਿੰਦਗੀ ਮੇਰੇ ਵੱਸੋਂ ਬਾਹਰ ਸੀ! ਅਖ਼ੀਰ ਮੈਨੂੰ ਜੇਲ੍ਹ ਹੋ ਗਈ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 1997 ਵਿਚ ਇਕ ਦਿਨ ਜੇਲ੍ਹ ਵਿਚ ਹੁੰਦਿਆਂ ਮੈਂ ਦੇਖਿਆ ਕਿ ਇਕ ਕੈਦੀ ਨੇ ਬਾਈਬਲ ਫੜੀ ਹੋਈ ਸੀ। ਉਸ ਦਿਨ ਕ੍ਰਿਸਮਸ ਸੀ ਤੇ ਟੋਂਗਾ ਦੇ ਜ਼ਿਆਦਾਤਰ ਲੋਕ ਉਸ ਦਿਨ ਨੂੰ ਬਹੁਤ ਪਵਿੱਤਰ ਮੰਨਦੇ ਹਨ। ਉਸ ਨੇ ਮੈਨੂੰ ਪੁੱਛਿਆ ਕਿ ਮੈਂ ਜਾਣਦਾ ਹਾਂ ਕਿ ਬਾਈਬਲ ਮਸੀਹ ਦੇ ਜਨਮ ਬਾਰੇ ਕੀ ਕਹਿੰਦੀ ਹੈ। ਪਰ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਉਸ ਨੇ ਮੈਨੂੰ ਬਾਈਬਲ ਵਿੱਚੋਂ ਯਿਸੂ ਦੇ ਜਨਮ ਦਾ ਸੌਖਾ ਜਿਹਾ ਬਿਰਤਾਂਤ ਦਿਖਾਇਆ। ਮੈਂ ਜਾਣਿਆ ਕਿ ਕ੍ਰਿਸਮਸ ʼਤੇ ਕੀਤੇ ਜਾਂਦੇ ਬਹੁਤ ਸਾਰੇ ਰੀਤੀ-ਰਿਵਾਜਾਂ ਦਾ ਬਾਈਬਲ ਵਿਚ ਜ਼ਿਕਰ ਤਕ ਵੀ ਨਹੀਂ ਹੈ। (ਮੱਤੀ 2:1-12; ਲੂਕਾ 2:5-14) ਇਹ ਜਾਣ ਕੇ ਮੇਰੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਤੇ ਮੈਂ ਸੋਚਿਆ ਕਿ ਬਾਈਬਲ ਹੋਰ ਕੀ ਕਹਿੰਦੀ ਹੈ। ਉਹ ਆਦਮੀ ਹਰ ਹਫ਼ਤੇ ਜੇਲ੍ਹ ਵਿਚ ਹੁੰਦੀਆਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੁੰਦਾ ਸੀ ਅਤੇ ਮੈਂ ਵੀ ਉਸ ਨਾਲ ਜਾਣ ਦਾ ਫ਼ੈਸਲਾ ਕੀਤਾ। ਉਹ ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ʼਤੇ ਚਰਚਾ ਕਰ ਰਹੇ ਸਨ। ਭਾਵੇਂ ਕਿ ਉੱਥੇ ਦੱਸੀਆਂ ਗੱਲਾਂ ਮੈਨੂੰ ਥੋੜ੍ਹੀਆਂ-ਬਹੁਤੀਆਂ ਹੀ ਸਮਝ ਲੱਗੀਆਂ, ਪਰ ਮੈਨੂੰ ਅਹਿਸਾਸ ਹੋਇਆ ਕਿ ਉਹ ਸਾਰਾ ਕੁਝ ਬਾਈਬਲ ਤੋਂ ਹੀ ਸਿਖਾ ਰਹੇ ਸਨ।

 ਜਦੋਂ ਗਵਾਹਾਂ ਨੇ ਮੈਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ, ਤਾਂ ਮੈਂ ਮੰਨ ਗਿਆ। ਮੈਂ ਪਹਿਲੀ ਵਾਰ ਜਾਣਿਆ ਕਿ ਬਾਈਬਲ ਵਿਚ ਧਰਤੀ ਨੂੰ ਸੋਹਣਾ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। (ਯਸਾਯਾਹ 35:5-8) ਮੈਨੂੰ ਸਾਫ਼-ਸਾਫ਼ ਸਮਝ ਲੱਗ ਗਈ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਮੈਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਸੀ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਪਰਮੇਸ਼ੁਰ ਉਸ ਸੋਹਣੀ ਧਰਤੀ ʼਤੇ ਮੇਰੀ ਕਿਸੇ ਵੀ ਬੁਰਾਈ ਨੂੰ ਬਰਦਾਸ਼ਤ ਨਹੀਂ ਕਰੇਗਾ। (1 ਕੁਰਿੰਥੀਆਂ 6:9, 10) ਇਸ ਲਈ ਮੈਂ ਆਪਣੇ ਗੁੱਸੇ ʼਤੇ ਕਾਬੂ ਪਾਉਣ ਦਾ, ਸਿਗਰਟ ਛੱਡਣ ਦਾ, ਹੱਦੋਂ ਵੱਧ ਸ਼ਰਾਬ ਨਾ ਪੀਣ ਦਾ ਅਤੇ ਨਸ਼ੇ ਛੱਡਣ ਦਾ ਪੱਕਾ ਇਰਾਦਾ ਕੀਤਾ।

 ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਅਧਿਕਾਰੀਆਂ ਨੇ ਮੈਨੂੰ 1999 ਵਿਚ ਇਮੀਗ੍ਰੇਸ਼ਨ ਕੈਂਪ ਭੇਜ ਦਿੱਤਾ। ਇਕ ਤੋਂ ਜ਼ਿਆਦਾ ਸਾਲ ਤਕ ਮੇਰਾ ਗਵਾਹਾਂ ਨਾਲ ਕੋਈ ਸੰਪਰਕ ਨਹੀਂ ਰਿਹਾ। ਪਰ ਮੈਂ ਲਗਾਤਾਰ ਤਬਦੀਲੀਆਂ ਕਰਨ ਦਾ ਇਰਾਦਾ ਕੀਤਾ ਹੋਇਆ ਸੀ। ਸਾਲ 2000 ਵਿਚ ਸਰਕਾਰ ਨੇ ਅਮਰੀਕਾ ਵਿਚ ਰਹਿਣ ਦਾ ਮੇਰਾ ਵੀਜਾ ਰੱਦ ਕਰ ਦਿੱਤਾ ਅਤੇ ਮੈਨੂੰ ਟੋਂਗਾ ਵਾਪਸ ਭੇਜ ਦਿੱਤਾ।

 ਟੋਂਗਾ ਪਹੁੰਚ ਕੇ ਮੈਂ ਜਲਦੀ ਹੀ ਯਹੋਵਾਹ ਦੇ ਗਵਾਹਾਂ ਨੂੰ ਲੱਭਿਆ ਅਤੇ ਦੁਬਾਰਾ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਮੈਂ ਜੋ ਵੀ ਸਿੱਖ ਰਿਹਾ ਸੀ, ਉਹ ਮੈਨੂੰ ਬਹੁਤ ਪਸੰਦ ਸੀ। ਮੈਂ ਉਦੋਂ ਬਹੁਤ ਪ੍ਰਭਾਵਿਤ ਹੋਇਆ ਜਦੋਂ ਮੈਂ ਦੇਖਿਆ ਕਿ ਅਮਰੀਕਾ ਵਿਚ ਰਹਿੰਦੇ ਗਵਾਹਾਂ ਵਾਂਗ ਟਾਪੂ ਦੇ ਗਵਾਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ʼਤੇ ਆਧਾਰਿਤ ਸਨ।

 ਚਰਚ ਵਿਚ ਇਕ ਵਧੀਆ ਅਹੁਦੇ ʼਤੇ ਹੋਣ ਕਰਕੇ ਮੇਰੇ ਪਿਤਾ ਜੀ ਸਮਾਜ ਵਿਚ ਮੰਨੇ-ਪ੍ਰਮੰਨੇ ਵਿਅਕਤੀ ਸਨ। ਸੋ ਪਹਿਲਾਂ-ਪਹਿਲ ਤਾਂ ਮੇਰਾ ਪਰਿਵਾਰ ਪਰੇਸ਼ਾਨ ਹੋ ਗਿਆ ਅਤੇ ਗੁੱਸੇ ਹੋ ਗਿਆ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਮਿਲਦਾ-ਗਿਲ਼ਦਾ ਸੀ। ਪਰ ਬਾਅਦ ਵਿਚ ਮੇਰੇ ਮਾਪੇ ਖ਼ੁਸ਼ ਸਨ ਕਿ ਬਾਈਬਲ ਦੇ ਅਸੂਲ ਮੇਰੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਰਹੇ ਸਨ।

ਬਹੁਤ ਸਾਰੇ ਟੋਂਗਾ ਆਦਮੀਆਂ ਵਾਂਗ ਮੈਂ ਵੀ ਘੰਟਿਆਂ-ਬੱਧੀ ਕਾਹਵਾ ਪੀਂਦਾ ਹੁੰਦਾ ਸੀ

 ਸਭ ਤੋਂ ਮੁਸ਼ਕਲ ਤਬਦੀਲੀਆਂ ਵਿੱਚੋਂ ਇਕ ਤਬਦੀਲੀ ਸੀ, ਉਹ ਚੀਜ਼ ਪੀਣੀ ਛੱਡਣੀ ਜੋ ਸਾਡੇ ਸਭਿਆਚਾਰ ਵਿਚ ਆਮ ਸੀ। ਬਹੁਤ ਸਾਰੇ ਟੋਂਗਾ ਦੇ ਆਦਮੀ ਹਰ ਹਫ਼ਤੇ ਕਾਹਵਾ ਪੀਣ ਵਿਚ ਬਹੁਤ ਸਮਾਂ ਬਿਤਾਉਂਦੇ ਸਨ। ਕਾਹਵਾ ਇਕ ਤਰ੍ਹਾਂ ਦਾ ਨਸ਼ਾ ਹੁੰਦਾ ਹੈ ਜੋ ਕਾਲੀ ਮਿਰਚ ਦੇ ਪੌਦੇ ਦੀਆਂ ਜੜ੍ਹਾਂ ਤੋਂ ਬਣਾਇਆ ਜਾਂਦਾ ਹੈ। ਆਪਣੇ ਦੇਸ਼ ਵਾਪਸ ਆ ਕੇ ਮੈਂ ਹਰ ਰਾਤ ਆਦਮੀਆਂ ਨਾਲ ਜਾ ਕੇ ਉਦੋਂ ਤਕ ਕਾਹਵਾ ਪੀਂਦਾ ਸੀ ਜਦ ਤਕ ਮੈਂ ਬੇਹੋਸ਼ ਨਹੀਂ ਹੋ ਜਾਂਦਾ ਸੀ। ਇਹ ਸਭ ਮੇਰੀ ਸੰਗਤੀ ਦਾ ਨਤੀਜਾ ਸੀ ਕਿਉਂਕਿ ਮੇਰੇ ਦੋਸਤ ਬਾਈਬਲ ਦੇ ਮਿਆਰਾਂ ਦੀ ਘੱਟ-ਵੱਧ ਹੀ ਪਰਵਾਹ ਕਰਦੇ ਸਨ। ਅਖ਼ੀਰ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਗਈ ਕਿ ਮੇਰੀਆਂ ਆਦਤਾਂ ਕਰਕੇ ਪਰਮੇਸ਼ੁਰ ਮੇਰੇ ਤੋਂ ਖ਼ੁਸ਼ ਨਹੀਂ ਸੀ। ਮੈਂ ਆਪਣੇ ਵਿਚ ਤਬਦੀਲੀਆਂ ਕੀਤੀਆਂ ਤਾਂਕਿ ਮੈਂ ਯਹੋਵਾਹ ਤੋਂ ਬਰਕਤਾਂ ਅਤੇ ਉਸ ਦੀ ਮਿਹਰ ਪਾ ਸਕਾਂ।

 ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਲੱਗਾ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਲੋਕਾਂ ਨਾਲ ਸੰਗਤੀ ਕਰ ਕੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਮੇਰੀ ਮਦਦ ਹੋਈ। ਮੈਂ 2002 ਵਿਚ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ।

ਅੱਜ ਮੇਰੀ ਜ਼ਿੰਦਗੀ

 ਮੈਨੂੰ ਪਰਮੇਸ਼ੁਰ ਦੇ ਧੀਰਜ ਤੋਂ ਫ਼ਾਇਦਾ ਹੋਇਆ ਜਿਸ ਬਾਰੇ ਬਾਈਬਲ ਦੱਸਦੀ ਹੈ: “ਯਹੋਵਾਹ . . . ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤਰਸ 3:9) ਬਿਨਾਂ ਸ਼ੱਕ, ਉਹ ਇਸ ਭ੍ਰਿਸ਼ਟ ਦੁਨੀਆਂ ਨੂੰ ਕਿਤੇ ਪਹਿਲਾਂ ਨਾਸ਼ ਕਰ ਸਕਦਾ ਸੀ, ਪਰ ਉਸ ਨੇ ਇਸ ਦੁਨੀਆਂ ਨੂੰ ਮੇਰੇ ਵਰਗੇ ਲੋਕਾਂ ਕਰਕੇ ਨਾਸ਼ ਨਹੀਂ ਕੀਤਾ ਤਾਂਕਿ ਉਹ ਪਰਮੇਸ਼ੁਰ ਨਾਲ ਦੋਸਤੀ ਕਰ ਸਕਣ। ਮੈਨੂੰ ਇਹ ਸੋਚ ਕੇ ਵਧੀਆ ਲੱਗਦਾ ਹੈ ਕਿ ਸ਼ਾਇਦ ਉਹ ਮੈਨੂੰ ਵੀ ਦੂਜਿਆਂ ਦੀ ਮਦਦ ਕਰਨ ਲਈ ਵਰਤੇ।

 ਯਹੋਵਾਹ ਦੀ ਮਦਦ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਵੱਸ ਵਿਚ ਕੀਤਾ ਹੈ। ਹੁਣ ਮੈਂ ਉਨ੍ਹਾਂ ਆਦਤਾਂ ਨੂੰ ਪੂਰੀਆਂ ਕਰਨ ਲਈ ਚੋਰੀ ਨਹੀਂ ਕਰਦਾ ਜਿਨ੍ਹਾਂ ਨੂੰ ਮੈਂ ਛੱਡ ਚੁੱਕਾ ਹਾਂ। ਇਸ ਦੀ ਬਜਾਇ, ਮੈਂ ਆਪਣੇ ਗੁਆਂਢੀਆਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰਦਾ ਹੈ। ਯਹੋਵਾਹ ਦੇ ਗਵਾਹਾਂ ਵਿਚ ਮੈਂ ਆਪਣੀ ਪਤਨੀ ਟੀਅ ਨੂੰ ਮਿਲਿਆ। ਅਸੀਂ ਦੋਵੇਂ ਜਣੇ ਮਿਲ ਕੇ ਦੂਜਿਆਂ ਨੂੰ ਬਾਈਬਲ ਤੋਂ ਉਮੀਦ ਦਿੰਦੇ ਹਾਂ ਕਿ ਭਵਿੱਖ ਵਿਚ ਇਨਸਾਨ ਹਮੇਸ਼ਾ ਲਈ ਸੋਹਣੀ ਧਰਤੀ ʼਤੇ ਸ਼ਾਂਤਮਈ ਮਾਹੌਲ ਵਿਚ ਰਹਿਣਗੇ।