ਉਨ੍ਹਾਂ ਦੇ ਕੱਪੜਿਆਂ ʼਤੇ ਜਾਮਣੀ ਤਿਕੋਣ
ਫਰਾਂਸ ਵਿਚ ਮੌਡ ਨਾਂ ਦੀ ਔਰਤ ਇਕ ਸਕੂਲ ਵਿਚ ਕੰਮ ਕਰਦੀ ਹੈ ਅਤੇ ਕਲਾਸ ਦੌਰਾਨ ਅਪਾਹਜ ਬੱਚਿਆਂ ਦੀ ਮਦਦ ਕਰਦੀ ਹੈ। ਹਾਲ ਹੀ ਵਿਚ ਇਕ ਕਲਾਸ ਦੇ ਵਿਦਿਆਰਥੀਆਂ ਨੂੰ ਨਾਜ਼ੀਆਂ ਦੁਆਰਾ ਧਾਰਮਿਕ ਅਤੇ ਨਸਲੀ ਸਮੂਹਾਂ ਦੇ ਕਤਲੇਆਮ ਅਤੇ ਨਾਜ਼ੀ ਤਸ਼ੱਦਦ ਕੈਂਪਾਂ ਬਾਰੇ ਸਿਖਾਇਆ ਜਾ ਰਿਹਾ ਸੀ। ਇਨ੍ਹਾਂ ਕੈਂਪਾਂ ਵਿਚ ਕੈਦੀਆਂ ਦੀਆਂ ਵਰਦੀਆਂ ਉੱਤੇ ਕੱਪੜੇ ਦਾ ਇਕ ਪੈਚ ਲੱਗਾ ਹੁੰਦਾ ਸੀ। ਅਲੱਗ-ਅਲੱਗ ਰੰਗ ਦੇ ਪੈਚ ਤੋਂ ਪਤਾ ਲੱਗਦਾ ਸੀ ਕਿ ਕਿਸੇ ਵਿਅਕਤੀ ਨੂੰ ਕਿਉਂ ਕੈਦ ਕੀਤਾ ਗਿਆ ਸੀ।
ਕੈਦੀਆਂ ਦੀਆਂ ਵਰਦੀਆਂ ʼਤੇ ਲੱਗੇ ਜਾਮਣੀ ਰੰਗ ਦੇ ਤਿਕੋਣ ਬਾਰੇ ਗੱਲ ਕਰਦਿਆਂ ਅਧਿਆਪਕ ਨੇ ਕਿਹਾ: “ਮੈਨੂੰ ਲੱਗਦਾ ਹੈ ਕਿ ਇਹ ਲੋਕ ਸਮਲਿੰਗੀ ਹੁੰਦੇ ਸਨ।” ਕਲਾਸ ਤੋਂ ਬਾਅਦ ਮੌਡ ਨੇ ਉਸ ਅਧਿਆਪਕ ਨੂੰ ਦੱਸਿਆ ਕਿ ਨਾਜ਼ੀ ਕੈਂਪਾਂ ਵਿਚ ਜਾਮਣੀ ਰੰਗ ਦਾ ਤਿਕੋਣ ਯਹੋਵਾਹ ਦੇ ਗਵਾਹਾਂ ਦੀ ਪਛਾਣ ਸੀ। a ਉਸ ਨੇ ਅਧਿਆਪਕ ਨੂੰ ਕਿਹਾ ਕਿ ਉਹ ਇਸ ਵਿਸ਼ੇ ਬਾਰੇ ਉਸ ਨੂੰ ਹੋਰ ਜਾਣਕਾਰੀ ਦੇ ਸਕਦੀ ਸੀ। ਅਧਿਆਪਕ ਨੇ ਮੌਡ ਦੀ ਗੱਲ ਮੰਨ ਲਈ ਅਤੇ ਉਸ ਨੇ ਮੌਡ ਨੂੰ ਇਹ ਜਾਣਕਾਰੀ ਵਿਦਿਆਰਥੀਆਂ ਨੂੰ ਵੀ ਦੇਣ ਲਈ ਕਿਹਾ।
ਦੂਸਰੀ ਕਲਾਸ ਵਿਚ ਹੋਰ ਅਧਿਆਪਕ ਨੇ ਇਸੇ ਵਿਸ਼ੇ ਨੂੰ ਸਮਝਾਉਣ ਲਈ ਇਕ ਚਾਰਟ ਵਰਤਿਆ। ਇਸ ਚਾਰਟ ʼਤੇ ਕੈਦੀਆਂ ਦੀਆਂ ਵਰਦੀਆਂ ʼਤੇ ਲਾਏ ਜਾਂਦੇ ਵੱਖੋ-ਵੱਖਰੇ ਪੈਚਾਂ ਬਾਰੇ ਦੱਸਿਆ ਸੀ। ਇਸ ਚਾਰਟ ਵਿਚ ਦਿਖਾਇਆ ਗਿਆ ਸੀ ਕਿ ਜਾਮਣੀ ਤਿਕੋਣ ਤੋਂ ਯਹੋਵਾਹ ਦੇ ਗਵਾਹਾਂ ਦੀ ਪਛਾਣ ਹੁੰਦੀ ਸੀ। ਕਲਾਸ ਤੋਂ ਬਾਅਦ ਮੌਡ ਨੇ ਇਸ ਅਧਿਆਪਕ ਨੂੰ ਵੀ ਕਿਹਾ ਕਿ ਉਹ ਇਸ ਵਿਸ਼ੇ ਬਾਰੇ ਉਸ ਨੂੰ ਹੋਰ ਵੀ ਜਾਣਕਾਰੀ ਦੇ ਸਕਦੀ ਸੀ। ਅਧਿਆਪਕ ਮੌਡ ਦੀ ਗੱਲ ਮੰਨ ਗਈ ਅਤੇ ਉਸ ਨੇ ਮੌਡ ਦੁਆਰਾ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦੇਣ ਦਾ ਪ੍ਰਬੰਧ ਵੀ ਕੀਤਾ।
ਮੌਡ ਨੇ ਪਹਿਲੀ ਕਲਾਸ ਲਈ 15 ਮਿੰਟਾਂ ਦੀ ਪੇਸ਼ਕਾਰੀ ਤਿਆਰ ਕੀਤੀ ਸੀ। ਪਰ ਜਦੋਂ ਸਮਾਂ ਆਇਆ, ਤਾਂ ਅਧਿਆਪਕ ਨੇ ਉਸ ਨੂੰ ਕਿਹਾ: “ਤੂੰ ਪੂਰਾ ਇਕ ਘੰਟਾ ਲੈ ਸਕਦੀ ਹੈ।” ਮੌਡ ਨੇ ਪਹਿਲਾਂ ਇਕ ਵੀਡੀਓ ਦਿਖਾਈ ਜਿਸ ਵਿਚ ਦਿਖਾਇਆ ਗਿਆ ਸੀ ਕਿ ਨਾਜ਼ੀਆਂ ਨੇ ਯਹੋਵਾਹ ਦੇ ਗਵਾਹਾਂ ʼਤੇ ਕਿਹੜੇ-ਕਿਹੜੇ ਅਤਿਆਚਾਰ ਕੀਤੇ ਸਨ। ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਸੀ ਕਿ ਨਾਜ਼ੀਆਂ ਨੇ ਗਵਾਹਾਂ ਦੇ 800 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਅਲੱਗ ਕਰ ਦਿੱਤਾ ਸੀ। ਜਦੋਂ ਵੀਡੀਓ ਵਿਚ ਇਨ੍ਹਾਂ ਬੱਚਿਆਂ ਬਾਰੇ ਦੱਸਿਆ ਜਾ ਰਿਹਾ ਸੀ, ਤਾਂ ਮੌਡ ਨੇ ਵੀਡੀਓ ਰੋਕ ਕੇ ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੇ ਤਜਰਬੇ ਕਲਾਸ ਨੂੰ ਪੜ੍ਹ ਕੇ ਸੁਣਾਏ। ਵੀਡੀਓ ਦਿਖਾਉਣ ਤੋਂ ਬਾਅਦ ਮੌਡ ਨੇ ਆਸਟ੍ਰੀਆ ਦੇ 19 ਸਾਲਾਂ ਦੇ ਇਕ ਭਰਾ ਗੇਰਹਾਰਡ ਸ਼ਟਾਈਨੈਖਰ ਦੀ ਚਿੱਠੀ ਪੜ੍ਹੀ। ਨਾਜ਼ੀਆਂ ਨੇ ਉਸ ਨੂੰ 1940 ਵਿਚ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਮਾਪਿਆਂ ਨੂੰ ਇਹ ਚਿੱਠੀ ਲਿਖੀ ਸੀ। b
ਮੌਡ ਨੇ ਇਹ ਸਾਰੀ ਜਾਣਕਾਰੀ ਦੂਸਰੀ ਕਲਾਸ ਸਾਮ੍ਹਣੇ ਵੀ ਪੇਸ਼ ਕੀਤੀ। ਮੌਡ ਨੇ ਦਲੇਰੀ ਦਿਖਾ ਕੇ ਨਾਜ਼ੀ ਕੈਂਪਾਂ ਬਾਰੇ ਸਹੀ ਜਾਣਕਾਰੀ ਦਿੱਤੀ ਜਿਸ ਕਰਕੇ ਇਹ ਦੋਵੇਂ ਅਧਿਆਪਕ ਹੁਣ ਨਾਜ਼ੀ ਤਸ਼ੱਦਦ ਕੈਂਪਾਂ ਬਾਰੇ ਸਿਖਾਉਂਦਿਆਂ ਯਹੋਵਾਹ ਦੇ ਗਵਾਹਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ।
a ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਸਰਕਾਰ ਦਾ ਸਾਥ ਨਾ ਦੇਣ ਕਰਕੇ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਕੈਦ ਕੀਤਾ ਗਿਆ। ਉਸ ਸਮੇਂ ਯਹੋਵਾਹ ਦੇ ਗਵਾਹ ਬੀਬਲਫੋਰਸ਼ਰ (ਬਾਈਬਲ ਸਟੂਡੈਂਟਸ) ਵਜੋਂ ਜਾਣੇ ਜਾਂਦੇ ਸਨ।
b ਭਰਾ ਗੇਰਹਾਰਡ ਸ਼ਟਾਈਨੈਖਰ ਨੇ ਜਰਮਨ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਆਪਣੀ ਆਖ਼ਰੀ ਚਿੱਠੀ ਵਿਚ ਲਿਖਿਆ: “ਮੈਂ ਹਾਲੇ ਵੀ ਇਕ ਬੱਚਾ ਹਾਂ। ਪ੍ਰਭੂ ਦੀ ਤਾਕਤ ਨਾਲ ਹੀ ਮੈਂ ਵਫ਼ਾਦਾਰ ਰਹਿ ਸਕਦਾ ਹਾਂ। ਬੱਸ ਮੇਰੀ ਇਹੀ ਫ਼ਰਿਆਦ ਹੈ।” ਅਗਲੇ ਦਿਨ ਸਵੇਰੇ ਹੀ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਉਸ ਦੀ ਕਬਰ ਉੱਤੇ ਇਹ ਸ਼ਬਦ ਲਿਖੇ ਹੋਏ ਹਨ: “ਉਸ ਨੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਆਪਣੀ ਜਾਨ ਦੇ ਦਿੱਤੀ।”