ਜ਼ਿੰਦਗੀ ਸਾਦੀ ਕਰਨ ਦਾ ਸਾਡਾ ਫ਼ੈਸਲਾ
ਮੈਡਿਯਾਨ ਅਤੇ ਉਸ ਦੀ ਪਤਨੀ ਮਾਰਸੇਲ ਕੋਲੰਬੀਆ ਦੇ ਮੇਡੇਲਿਨ ਸ਼ਹਿਰ ਵਿਚ ਰਹਿੰਦੇ ਸਨ। ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਡਿਯਾਨ ਕੋਲ ਚੰਗੀ ਤਨਖ਼ਾਹ ਵਾਲੀ ਨੌਕਰੀ ਸੀ ਜਿਸ ਕਰਕੇ ਉਨ੍ਹਾਂ ਕੋਲ ਬਹੁਤ ਸੋਹਣਾ ਘਰ ਸੀ। ਪਰ ਫਿਰ ਕੁਝ ਅਜਿਹਾ ਹੋਇਆ ਜਿਸ ਕਰਕੇ ਉਹ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਯਹੋਵਾਹ ਦੇ ਸੇਵਕਾਂ ਵਜੋਂ ਉਨ੍ਹਾਂ ਲਈ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ। ਉਹ ਦੱਸਦੇ ਹਨ: “ਅਸੀਂ 2006 ਵਿਚ ‘ਆਪਣੀ ਅੱਖ ਨਿਰਮਲ ਰੱਖੋ’ ਸੰਮੇਲਨ ਵਿਚ ਹਾਜ਼ਰ ਹੋਏ। ਉੱਥੇ ਜ਼ਿਆਦਾਤਰ ਭਾਸ਼ਣਾਂ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਕਿ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖੀਏ। ਸੰਮੇਲਨ ਤੋਂ ਵਾਪਸ ਆ ਕੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਤਾਂ ਇਸ ਤੋਂ ਬਿਲਕੁਲ ਉਲਟ ਹੀ ਕਰ ਰਹੇ ਸੀ। ਸਾਨੂੰ ਖ਼ਰੀਦਦਾਰੀ ਕਰਨ ਦੀ ਆਦਤ ਸੀ। ਇਸ ਲਈ ਅਸੀਂ ਹਮੇਸ਼ਾ ਚੀਜ਼ਾਂ ਖ਼ਰੀਦਦੇ ਰਹਿੰਦੇ ਸੀ, ਫਿਰ ਚਾਹੇ ਸਾਡੇ ਕੋਲ ਪੈਸੇ ਨਾ ਵੀ ਹੋਣ। ਇਸ ਆਦਤ ਕਰਕੇ ਅਸੀਂ ਆਪਣੇ ਸਿਰ ਕਾਫ਼ੀ ਕਰਜ਼ਾ ਚੜ੍ਹਾ ਲਿਆ।”
ਸੰਮੇਲਨ ਵਿਚ ਦਿੱਤੇ ਗਏ ਭਾਸ਼ਣਾਂ ਕਰਕੇ ਮੈਡਿਯਾਨ ਅਤੇ ਮਾਰਸੇਲ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੁਝ ਤਬਦੀਲੀਆਂ ਕਰਨ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਸਾਦੀ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਹਨ: “ਅਸੀਂ ਹੱਦੋਂ ਵੱਧ ਖ਼ਰਚੇ ਕਰਨੇ ਬੰਦ ਕਰ ਦਿੱਤੇ। ਅਸੀਂ ਛੋਟੇ ਘਰ ਵਿਚ ਆ ਗਏ ਅਤੇ ਆਪਣੀ ਕਾਰ ਵੇਚ ਕੇ ਸਕੂਟਰ ਲੈ ਲਿਆ।” ਇਸ ਤੋਂ ਇਲਾਵਾ, ਉਨ੍ਹਾਂ ਨੇ ਸ਼ਾਪਿੰਗ ਮਾਲਾਂ ਵਿਚ ਜਾਣਾ ਬੰਦ ਕਰ ਦਿੱਤਾ ਤਾਂਕਿ ਉਹ ਬੇਲੋੜੀਆਂ ਚੀਜ਼ਾਂ ਖ਼ਰੀਦਣ ਦੇ ਲਾਲਚ ਵਿਚ ਨਾ ਫਸਣ। ਫਿਰ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਗੁਆਂਢੀਆਂ ਨਾਲ ਬਾਈਬਲ ਬਾਰੇ ਗੱਲ ਕਰਨ ਵਿਚ ਲਾਉਣ ਲੱਗ ਪਏ। ਨਾਲੇ ਉਨ੍ਹਾਂ ਨੇ ਸਪੈਸ਼ਲ ਪਾਇਨੀਅਰਾਂ a ਨਾਲ ਗੂੜ੍ਹੀ ਦੋਸਤੀ ਕੀਤੀ ਜੋ ਜੋਸ਼ ਨਾਲ ਦੂਜਿਆਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਸਿਖਾਉਂਦੇ ਸਨ।
ਜਲਦੀ ਹੀ ਮੈਡਿਯਾਨ ਅਤੇ ਮਾਰਸੇਲ ਨੇ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਹ ਪੇਂਡੂ ਇਲਾਕੇ ਦੀ ਛੋਟੀ ਜਿਹੀ ਮੰਡਲੀ ਵਿਚ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਲੋੜ ਸੀ। ਉੱਥੇ ਜਾਣ ਲਈ ਮੈਡਿਯਾਨ ਨੇ ਆਪਣੀ ਨੌਕਰੀ ਛੱਡ ਦਿੱਤੀ। ਮੈਡਿਯਾਨ ਦੀ ਮਾਲਕਣ ਨੇ ਸੋਚਿਆ ਕਿ ਉਹ ਨੌਕਰੀ ਛੱਡ ਕੇ ਬੇਵਕੂਫ਼ੀ ਕਰ ਰਿਹਾ ਸੀ। ਇਸ ਲਈ ਮੈਡਿਯਾਨ ਨੇ ਆਪਣੀ ਮਾਲਕਣ ਨੂੰ ਸਮਝਾਉਣ ਲਈ ਇਕ ਸਵਾਲ ਪੁੱਛਿਆ: “ਚਾਹੇ ਤੁਸੀਂ ਬਹੁਤ ਪੈਸੇ ਕਮਾਉਂਦੇ ਹੋ, ਪਰ ਕੀ ਤੁਸੀਂ ਖ਼ੁਸ਼ ਹੋ?” ਉਸ ਨੇ ਮੰਨਿਆ ਕਿ ਉਹ ਖ਼ੁਸ਼ ਨਹੀਂ ਸੀ ਕਿਉਂਕਿ ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਸਨ ਜਿਨ੍ਹਾਂ ਨੂੰ ਉਹ ਸੁਲਝਾ ਨਹੀਂ ਸਕਦੀ ਸੀ। ਫਿਰ ਉਸ ਨੇ ਆਪਣੀ ਮਾਲਕਣ ਨੂੰ ਕਿਹਾ: “ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ, ਪਰ ਜ਼ਰੂਰੀ ਇਹ ਹੈ ਕਿ ਤੁਹਾਨੂੰ ਖ਼ੁਸ਼ੀ ਕਿਸ ਗੱਲ ਤੋਂ ਮਿਲਦੀ ਹੈ। ਮੈਨੂੰ ਅਤੇ ਮੇਰੀ ਪਤਨੀ ਨੂੰ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਅਸੀਂ ਹੋਰ ਵੀ ਜ਼ਿਆਦਾ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ, ਇਸ ਲਈ ਅਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਇਸ ਕੰਮ ਵਿਚ ਲਾਉਣਾ ਚਾਹੁੰਦੇ ਹਾਂ।”
ਮੈਡਿਯਾਨ ਅਤੇ ਮਾਰਸੇਲ ਨੂੰ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੀ ਹੈ। ਪਿਛਲੇ 13 ਸਾਲਾਂ ਤੋਂ ਉਹ ਉੱਤਰੀ ਕੋਲੰਬੀਆ ਦੇ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਹੁਣ ਉਨ੍ਹਾਂ ਕੋਲ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਸਨਮਾਨ ਹੈ ਅਤੇ ਉਹ ਬਹੁਤ ਖ਼ੁਸ਼ ਹਨ।
a ਹਰ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਸਪੈਸ਼ਲ ਪਾਇਨੀਅਰਾਂ ਨੂੰ ਨਿਯੁਕਤ ਕਰਦਾ ਹੈ ਤਾਂਕਿ ਉਹ ਅਲੱਗ-ਅਲੱਗ ਥਾਵਾਂ ʼਤੇ ਜਾ ਕੇ ਪੂਰਾ ਸਮੇਂ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ। ਬ੍ਰਾਂਚ ਆਫ਼ਿਸ ਉਨ੍ਹਾਂ ਨੂੰ ਆਪਣਾ ਖ਼ਰਚਾ ਚਲਾਉਣ ਵਾਸਤੇ ਪੈਸੇ ਦਿੰਦਾ ਹੈ।