ਇਕ ਅੰਨ੍ਹੀ ਔਰਤ ਨੂੰ ਉਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲੇ
ਯਾਂਮੀ ਇਕ ਯਹੋਵਾਹ ਦੀ ਗਵਾਹ ਹੈ ਜੋ ਏਸ਼ੀਆ ਦੀ ਰਹਿਣ ਵਾਲੀ ਹੈ। ਇਕ ਵਾਰ ਉਸ ਨੇ ਇਕ ਅੰਨ੍ਹੀ ਔਰਤ ਮਿੰਜ਼ੀਆ ਦੀ ਸੜਕ ਪਾਰ ਕਰਨ ਵਿਚ ਮਦਦ ਕੀਤੀ। a ਮਿੰਜ਼ੀਆ ਨੇ ਸੜਕ ਪਾਰ ਕਰਨ ਤੋਂ ਬਾਅਦ ਉਸ ਨੂੰ ਕਿਹਾ: “ਸ਼ੁਕਰੀਆ, ਰੱਬ ਤੇਰਾ ਭਲਾ ਕਰੇ!” ਇਸ ਤੋਂ ਬਾਅਦ ਯਾਂਮੀ ਨੇ ਮਿੰਜ਼ੀਆ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ। ਮਿੰਜ਼ੀਆ ਨੇ ਦੱਸਿਆ ਕਿ ਉਹ ਹਰ ਰੋਜ਼ ਪ੍ਰਾਰਥਨਾ ਕਰਦੀ ਸੀ ਕਿ ਰੱਬ ਉਸ ਨੂੰ ਸੱਚੇ ਮਸੀਹੀਆਂ ਨਾਲ ਮਿਲਾਵੇ। ਉਹ ਇਹ ਪ੍ਰਾਰਥਨਾ ਕਿਉਂ ਕਰਦੀ ਸੀ?
2008 ਵਿਚ ਮਿੰਜ਼ੀਆ ਦੀ ਇਕ ਅੰਨ੍ਹੀ ਸਹੇਲੀ ਨੇ ਉਸ ਨੂੰ ਆਪਣੇ ਨਾਲ ਚਰਚ ਜਾਣ ਲਈ ਬੁਲਾਇਆ ਤੇ ਉਹ ਚਲੀ ਗਈ। ਇਹ ਚਰਚ ਅਪਾਹਜ ਲੋਕਾਂ ਦੀ ਮਦਦ ਕਰਦਾ ਸੀ। ਪਾਦਰੀ ਦਾ ਭਾਸ਼ਣ ਸੁਣਨ ਤੋਂ ਬਾਅਦ, ਮਿੰਜ਼ੀਆ ਨੇ ਪਾਦਰੀ ਤੋਂ ਪੁੱਛਿਆ ਕਿ ਉਹ ਕਿਹੜੀ ਕਿਤਾਬ ਤੋਂ ਸਿਖਾ ਰਿਹਾ ਸੀ। ਉਸ ਨੇ ਕਿਹਾ ਕਿ ਰੱਬ ਦੇ ਸੱਚੇ ਬਚਨ ਬਾਈਬਲ ਤੋਂ। ਉਹ ਵੀ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦੀ ਸੀ। ਉਸ ਨੇ ਪਾਦਰੀ ਤੋਂ ਚੀਨੀ ਬਰੇਲ ਭਾਸ਼ਾ ਵਿਚ ਬਾਈਬਲ ਲੈ ਲਈ ਅਤੇ ਉਸ ਨੇ ਛੇ ਮਹੀਨਿਆਂ ਅੰਦਰ ਪੂਰੀ ਬਾਈਬਲ ਦੇ 32 ਦੇ 32 ਖੰਡ ਪੜ੍ਹ ਲਏ। ਜਿਵੇਂ-ਜਿਵੇਂ ਉਹ ਬਾਈਬਲ ਪੜ੍ਹਦੀ ਗਈ ਉਸ ਨੂੰ ਪਤਾ ਲੱਗਾ ਕਿ ਚਰਚ ਵਿਚ ਸਿਖਾਈ ਤ੍ਰਿਏਕ ਦੀ ਸਿੱਖਿਆ ਸਰਾਸਰ ਝੂਠ ਸੀ। ਨਾਲੇ ਪਰਮੇਸ਼ੁਰ ਦਾ ਵੀ ਇਕ ਨਾਂ ਹੈ, ਉਹ ਹੈ ਯਹੋਵਾਹ।
ਸਮੇਂ ਦੇ ਬੀਤਣ ਨਾਲ ਮਿੰਜ਼ੀਆ ਚਰਚ ਦੇ ਮੈਂਬਰਾਂ ਦੇ ਸਲੂਕ ਕਰਕੇ ਨਿਰਾਸ਼ ਹੋ ਗਈ। ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਬਾਈਬਲ ਵਿਚ ਜੋ ਵੀ ਪੜ੍ਹਿਆ ਸੀ, ਇਹ ਲੋਕ ਉਸ ਮੁਤਾਬਕ ਨਹੀਂ ਚੱਲ ਰਹੇ ਸਨ। ਉਦਾਹਰਣ ਲਈ, ਚਰਚ ਦੇ ਮੈਂਬਰ ਅੰਨ੍ਹਿਆਂ ਨੂੰ ਬੇਹਾ ਖਾਣਾ ਅਤੇ ਬਾਕੀਆਂ ਨੂੰ ਤਾਜ਼ਾ ਖਾਣਾ ਦਿੰਦੇ ਸਨ। ਇਸ ਪੱਖਪਾਤ ਕਰਕੇ ਮਿੰਜ਼ੀਆ ਨੂੰ ਬਹੁਤ ਧੱਕਾ ਲੱਗਾ। ਇਸ ਲਈ ਉਹ ਆਪਣੇ ਇਲਾਕੇ ਵਿਚ ਕੋਈ ਹੋਰ ਚਰਚ ਲੱਭਣ ਲੱਗੀ। ਇਹੀ ਕਾਰਨ ਸੀ ਕਿ ਮਿੰਜ਼ੀਆ ਸੱਚੇ ਮਸੀਹੀਆਂ ਨੂੰ ਲੱਭਣ ਲਈ ਪ੍ਰਾਰਥਨਾ ਕਰ ਰਹੀ ਸੀ।
ਯਾਂਮੀ ਦੇ ਸਿਰਫ਼ ਇਕ ਚੰਗੇ ਕੰਮ ਕਰਕੇ ਮਿੰਜ਼ੀਆ ਬਾਈਬਲ ਸਟੱਡੀ ਕਰਨ ਲੱਗ ਪਈ। ਸਟੱਡੀ ਕਰਨ ਤੋਂ ਚਾਰ ਮਹੀਨੇ ਬਾਅਦ ਮਿੰਜ਼ੀਆ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਈ। ਮਿੰਜ਼ੀਆ ਦੱਸਦੀ ਹੈ: “ਮੈਂ ਇਹ ਪਹਿਲੀ ਮੀਟਿੰਗ ਕਦੇ ਵੀ ਨਹੀਂ ਭੁੱਲ ਸਕਦੀ। ਉੱਥੇ ਭੈਣਾਂ-ਭਰਾਵਾਂ ਨੇ ਮੇਰਾ ਦਿਲੋਂ ਸੁਆਗਤ ਕੀਤਾ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਚਾਹੇ ਮੈਂ ਦੇਖ ਨਹੀਂ ਸਕਦੀ ਸੀ, ਫਿਰ ਵੀ ਮੈਂ ਮਹਿਸੂਸ ਕੀਤਾ ਕਿ ਇੱਥੇ ਕੋਈ ਪੱਖਪਾਤ ਨਹੀਂ ਕਰਦਾ ਸੀ ਅਤੇ ਸਾਰੇ ਇਕ-ਦੂਜੇ ਨੂੰ ਪਿਆਰ ਕਰਦੇ ਸੀ।”
ਮਿੰਜ਼ੀਆ ਨੇ ਛੇਤੀ ਹੀ ਤਰੱਕੀ ਕੀਤੀ ਅਤੇ ਮੀਟਿੰਗਾਂ ʼਤੇ ਲਗਾਤਾਰ ਆਉਣ ਲੱਗ ਪਈ। ਉਸ ਨੂੰ ਰਾਜ ਦੇ ਗੀਤ ਗਾਉਣੇ ਬਹੁਤ ਚੰਗੇ ਲੱਗਦੇ ਸੀ। ਪਰ ਬਰੇਲ ਭਾਸ਼ਾ ਵਿਚ ਥੋੜ੍ਹੇ-ਬਹੁਤੇ ਗੀਤ ਹੋਣ ਕਰਕੇ ਉਹ ਸਾਰੇ ਗੀਤਾਂ ਨੂੰ ਗਾਉਣ ਦਾ ਮਜ਼ਾ ਨਹੀਂ ਲੈ ਪਾਉਂਦੀ ਸੀ। ਇਸ ਲਈ ਮਿੰਜ਼ੀਆ ਨੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਨਾਲ ਆਪਣੇ ਲਈ ਬਰੇਲ ਭਾਸ਼ਾ ਵਿਚ ਗੀਤਾਂ ਦੀ ਕਿਤਾਬ ਤਿਆਰ ਕਰ ਲਈ। ਉਸ ਨੇ 22 ਘੰਟਿਆਂ ਵਿਚ ਹੀ 151 ਗੀਤ ਲਿਖ ਲਏ! ਅਪ੍ਰੈਲ 2018 ਵਿਚ ਉਸ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹ ਹਰ ਮਹੀਨੇ ਲਗਭਗ 30 ਘੰਟੇ ਪ੍ਰਚਾਰ ਕਰਦੀ ਸੀ।
ਭੈਣ ਯਾਂਮੀ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਿਤਾਬ ਵਿਚ ਦਿੱਤੇ ਗਏ ਸਵਾਲਾਂ ਅਤੇ ਬਾਈਬਲ ਦੇ ਹਵਾਲਿਆਂ ਦੀ ਆਡੀਓ ਰਿਕਾਰਡਿੰਗ ਤਿਆਰ ਕੀਤੀ ਤਾਂਕਿ ਮਿੰਜ਼ੀਆ ਬਪਤਿਸਮੇ ਲਈ ਤਿਆਰੀ ਕਰ ਸਕੇ। ਜੁਲਾਈ 2018 ਵਿਚ ਮਿੰਜ਼ੀਆ ਨੇ ਬਪਤਿਸਮਾ ਲੈ ਲਿਆ। ਉਹ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਸੰਮੇਲਨ ਵਿਚ ਭੈਣਾਂ-ਭਰਾਵਾਂ ਨੇ ਮੈਨੂੰ ਕਿੰਨਾ ਪਿਆਰ ਦਿਖਾਇਆ! ਮੈਂ ਖ਼ੁਸ਼ੀ ਦੇ ਮਾਰੇ ਰੋਣ ਹੀ ਲੱਗ ਪਈ ਕਿ ਅਖ਼ੀਰ ਮੈਂ ਪਰਮੇਸ਼ੁਰ ਦੀ ਸੱਚੀ ਮੰਡਲੀ ਦਾ ਹਿੱਸਾ ਬਣ ਗਈ।” (ਯੂਹੰਨਾ 13:34, 35) ਹੁਣ ਮਿੰਜ਼ੀਆ ਨੇ ਇਹੀ ਪਿਆਰ ਦਿਖਾਉਣ ਦਾ ਪੱਕਾ ਇਰਾਦਾ ਕੀਤਾ ਹੈ। ਉਹ ਮਾਰਚ 2019 ਤੋਂ ਰੈਗੂਲਰ ਪਾਇਨੀਅਰਿੰਗ ਕਰ ਰਹੀ ਹੈ।
a ਕੁਝ ਨਾਂ ਬਦਲੇ ਗਏ ਹਨ।