ਮਰੋਨੀ ਨਦੀ ਦਾ ਸਫ਼ਰ
ਸ਼ਹਿਰ ਦੇ ਭੀੜ-ਭੜੱਕੇ ਤੋਂ ਕਿਤੇ ਦੂਰ ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਵਿਚ ਅਲੱਗ-ਅਲੱਗ ਕਬੀਲਿਆਂ, ਭਾਸ਼ਾਵਾਂ ਤੇ ਕੌਮਾਂ ਦੇ ਲੋਕ ਰਹਿੰਦੇ ਹਨ। ਜੁਲਾਈ 2017 ਨੂੰ 13 ਯਹੋਵਾਹ ਦੇ ਗਵਾਹ ਮਰੋਨੀ ਨਦੀ ਅਤੇ ਫ਼੍ਰੈਂਚ ਗੀਆਨਾ ਵਿਚ ਵਹਿੰਦੀਆਂ ਇਸ ਦੀਆਂ ਸਹਾਇਕ ਨਦੀਆਂ ਦੇ ਸਫ਼ਰ ʼਤੇ ਨਿਕਲੇ। ਉਹ ਇਸ ਸਫ਼ਰ ʼਤੇ ਕਿਉਂ ਗਏ ਸਨ? ਉਨ੍ਹਾਂ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣ ਜੋ ਇਨ੍ਹਾਂ ਨਦੀਆਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਰਹਿੰਦੇ ਸਨ।
ਸਫ਼ਰ ਦੀ ਤਿਆਰੀ
12 ਦਿਨਾਂ ਦੇ ਇਸ ਸਫ਼ਰ ʼਤੇ ਜਾਣ ਤੋਂ ਇਕ ਮਹੀਨਾ ਪਹਿਲਾਂ ਸਾਰੇ ਜਣੇ ਇਕ ਸਭਾ ਲਈ ਇਕੱਠੇ ਹੋਏ। ਵਿੰਸਲੀ ਯਾਦ ਕਰਦਾ ਹੈ: “ਅਸੀਂ ਉਸ ਇਲਾਕੇ ਅਤੇ ਉਸ ਦੇ ਇਤਿਹਾਸ ਬਾਰੇ ਜਾਣਕਾਰੀ ਲਈ। ਨਾਲੇ ਅਸੀਂ ਗੌਰ ਕੀਤਾ ਕਿ ਅਸੀਂ ਸਫ਼ਰ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ।” ਸਾਰੇ ਭੈਣਾਂ-ਭਰਾਵਾਂ ਨੂੰ ਇਕ ਬਕਸਾ ਮਿਲਿਆ ਜਿਸ ਵਿਚ ਉਹ ਖਾਟ ਅਤੇ ਮੱਛਰਦਾਨੀ ਰੱਖ ਸਕਦੇ ਸਨ। ਉੱਥੇ ਜਾਣ ਲਈ ਸਾਨੂੰ ਦੋ ਜਹਾਜ਼ ਬਦਲਣੇ ਪੈਣੇ ਸਨ ਅਤੇ ਫਿਰ ਕਈ ਘੰਟੇ ਛੋਟੀਆਂ ਕਿਸ਼ਤੀਆਂ ਦਾ ਸਫ਼ਰ ਕਰਨਾ ਪੈਣਾ ਸੀ।
ਜਿਨ੍ਹਾਂ ਨੂੰ ਇਸ ਸਫ਼ਰ ʼਤੇ ਜਾਣ ਦਾ ਸੱਦਾ ਮਿਲਿਆ ਸੀ, ਉਹ ਇਸ ਬਾਰੇ ਕਿਵੇਂ ਮਹਿਸੂਸ ਕਰ ਰਹੇ ਸਨ? ਕਲੋਡ ਅਤੇ ਲੀਜ਼ੇਟ ਨੇ ਇਸ ਸੱਦੇ ਨੂੰ ਝੱਟ ਸਵੀਕਾਰ ਲਿਆ ਜਿਨ੍ਹਾਂ ਦੀ ਉਮਰ 60 ਤੋਂ ਉੱਪਰ ਸੀ। ਕਲੋਡ ਕਹਿੰਦਾ ਹੈ: “ਮੈਂ ਬਹੁਤ ਜ਼ਿਆਦਾ ਖ਼ੁਸ਼ ਸੀ, ਪਰ ਮੈਨੂੰ ਥੋੜ੍ਹਾ ਜਿਹਾ ਡਰ ਵੀ ਲੱਗ ਰਿਹਾ ਸੀ। ਮੈਂ ਉਸ ਖ਼ਤਰਨਾਕ ਤੇਜ਼ ਵਹਿੰਦੀ ਨਦੀ ਬਾਰੇ ਬਹੁਤ ਕੁਝ ਸੁਣਿਆ ਸੀ।” ਲੀਜ਼ੇਟ ਨੂੰ ਹੋਰ ਗੱਲਾਂ ਦੀ ਚਿੰਤਾ ਸੀ। ਉਹ ਕਹਿੰਦੀ ਹੈ: “ਮੈਂ ਸੋਚਿਆ ਕਿ ਮੈਂ ਅਮੈਰਇੰਡੀਅਨ ਭਾਸ਼ਾ ਕਿਵੇਂ ਬੋਲਾਂਗੀ?”
ਮੀਕੇਲ ਨਾਂ ਦੇ ਪਾਇਨੀਅਰ ਨੂੰ ਵੀ ਇੱਦਾਂ ਹੀ ਲੱਗਾ। ਉਹ ਦੱਸਦਾ ਹੈ: “ਸਾਨੂੰ ਵੇਨਾ ਕਬੀਲੇ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਸੀ। ਇਸ ਲਈ ਮੈਂ ਇੰਟਰਨੈੱਟ ʼਤੇ ਉਸ ਭਾਸ਼ਾ ਵਿਚ ਦੁਆ-ਸਲਾਮ ਕਰਨੀ ਅਤੇ ਕੁਝ ਹੋਰ ਸ਼ਬਦ ਸਿੱਖੇ।”
ਸ਼ਰਲੀ ਆਪਣੇ ਪਤੀ ਯੋਆਨ ਨਾਲ ਇਸ ਸਫ਼ਰ ʼਤੇ ਗਈ। ਉਸ ਨੇ ਉਨ੍ਹਾਂ ਭਾਸ਼ਾਵਾਂ ਦੀ ਸੂਚੀ ਬਣਾਈ ਜੋ ਨਦੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਬੋਲੀਆਂ ਜਾਂਦੀਆਂ ਸਨ। ਉਹ ਦੱਸਦੀ ਹੈ: “ਅਸੀਂ jw.org ਤੋਂ ਇਨ੍ਹਾਂ ਵਿੱਚੋਂ ਕਈ ਭਾਸ਼ਾਵਾਂ ਵਿਚ ਵੀਡੀਓ ਡਾਊਨਲੋਡ ਕੀਤੀਆਂ ਅਤੇ ਵੇਨਾ ਭਾਸ਼ਾ ਸਿੱਖਣ ਲਈ ਕਿਤਾਬ ਖ਼ਰੀਦੀ।”
ਅਮੈਰਇੰਡੀਅਨ ਲੋਕਾਂ ਦੇ ਦੇਸ਼ ਪਹੁੰਚਣਾ
ਮੰਗਲਵਾਰ 4 ਜੁਲਾਈ ਨੂੰ ਗਵਾਹਾਂ ਦਾ ਇਹ ਸਮੂਹ ਸੇਂਟ-ਲੂਰੈਂਟ ਡੂ ਮਰੋਨੀ ਤੋਂ ਜਹਾਜ਼ ਵਿਚ ਚੜ੍ਹਿਆ ਅਤੇ ਫ਼੍ਰੈਂਚ ਗੀਆਨਾ ਦੇ ਮਾਰੀਪਸੋਲਾ ਨਾਂ ਕੇ ਇਕ ਕਸਬੇ ਵਿਚ ਗਿਆ।
ਅਗਲੇ ਚਾਰ ਦਿਨ ਇਸ ਸਮੂਹ ਨੇ ਮਰੋਨੀ ਦੇ ਪਿੰਡਾਂ ਵਿਚ ਪ੍ਰਚਾਰ ਕੀਤਾ। ਇਹ ਸਮੂਹ ਪਿੰਡਾਂ ਵਿਚ ਕਿਸ਼ਤੀਆਂ ਰਾਹੀਂ ਗਿਆ। ਇਹ ਕਿਸ਼ਤੀਆਂ ਇੰਜਣ ʼਤੇ ਚੱਲਦੀਆਂ ਸਨ। ਇਸ ਸਮੂਹ ਦਾ ਇਕ ਮੈਂਬਰ ਰੋਨਲਡ ਦੱਸਦਾ ਹੈ: “ਅਸੀਂ ਦੇਖਿਆ ਕਿ ਅਮੈਰਇੰਡੀਅਨ ਲੋਕਾਂ ਨੂੰ ਪਰਮੇਸ਼ੁਰੀ ਗੱਲਾਂ ਵਿਚ ਕਾਫ਼ੀ ਦਿਲਚਸਪੀ ਸੀ। ਉਹ ਬਹੁਤ ਸਾਰੇ ਸਵਾਲ ਪੁੱਛਦੇ ਸਨ ਅਤੇ ਉਨ੍ਹਾਂ ਵਿੱਚੋਂ ਕਈ ਜਣੇ ਸਾਡੇ ਨਾਲ ਸਟੱਡੀ ਕਰਨੀ ਚਾਹੁੰਦੇ ਸਨ।”
ਇਕ ਪਿੰਡ ਵਿਚ ਯੋਆਨ ਅਤੇ ਸ਼ਰਲੀ ਇਕ ਨੌਜਵਾਨ ਜੋੜੇ ਨੂੰ ਮਿਲੇ ਜਿਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਹਾਲ ਹੀ ਵਿਚ ਖ਼ੁਦਕੁਸ਼ੀ ਕੀਤੀ ਸੀ। JW ਬ੍ਰਾਡਕਾਸਟਿੰਗ ਦੀ ਰਿਪੋਰਟ ਵਿਚ ਯੋਆਨ ਨੇ ਦੱਸਿਆ: “ਅਸੀਂ ਉਨ੍ਹਾਂ ਨੂੰ ਇਕ ਜੱਦੀ ਅਮਰੀਕੀ ਨੇ ਆਪਣੇ ਸਿਰਜਣਹਾਰ ਨੂੰ ਲੱਭਿਆ ਨਾਂ ਦੀ ਵੀਡੀਓ ਦਿਖਾਈ। ਇਹ ਵੀਡੀਓ ਉਨ੍ਹਾਂ ਦੇ ਦਿਲ ਨੂੰ ਛੂਹ ਗਈ। ਉਨ੍ਹਾਂ ਨੇ ਸਾਨੂੰ ਆਪਣਾ ਈ-ਮੇਲ ਦਿੱਤਾ ਕਿਉਂਕਿ ਉਹ ਸਾਡੇ ਨਾਲ ਗੱਲਬਾਤ ਕਰਦੇ ਰਹਿਣਾ ਚਾਹੁੰਦੇ ਸਨ।”
ਅਸੀਂ ਨਦੀ ਦੇ ਵਹਾਅ ਤੋਂ ਉਲਟ ਸਫ਼ਰ ਕਰਦਿਆਂ ਐਂਟੇਕੂਮੇ ਪੇਟਾ ਪਹੁੰਚੇ ਜੋ ਕਿ ਸਾਡੇ ਲਈ ਸਭ ਤੋਂ ਦੂਰ ਦਾ ਇਲਾਕਾ ਸੀ। ਉਸ ਪਿੰਡ ਦੇ ਮੁਖੀ ਨੇ ਥੱਕੇ ਹੋਏ ਗਵਾਹਾਂ ਨੂੰ ਖਾਟ ਲਗਾਉਣ ਦੀ ਇਜਾਜ਼ਤ ਦੇ ਦਿੱਤੀ। ਨਾਲੇ ਉਨ੍ਹਾਂ ਨੇ ਵੀ ਉੱਥੋਂ ਦੇ ਲੋਕਾਂ ਵਾਂਗ ਨਦੀ ਵਿਚ ਨਹਾਇਆ।
ਫਿਰ ਉਹ ਟਵਾਂਕੇ ਨਾਂ ਦੇ ਪਿੰਡ ਨੂੰ ਗਏ ਜਿੱਥੇ ਉਨ੍ਹਾਂ ਨੇ ਦੇਖਿਆ ਕਿ ਲੋਕ ਆਪਣੇ ਪਿਆਰੇ ਦੀ ਮੌਤ ਦਾ ਸੋਗ ਮਨਾ ਰਹੇ ਸਨ। ਉਨ੍ਹਾਂ ਗਵਾਹਾਂ ਵਿੱਚੋਂ ਐਰਿਕ ਕਹਿੰਦਾ ਹੈ: “ਉੱਥੋਂ ਦੇ ਮੁਖੀ ਨੇ ਸਾਨੂੰ ਪਿੰਡ ਵਿਚ ਕਿਤੇ ਵੀ ਜਾਣ ਦੀ ਇਜਾਜ਼ਤ ਦੇ ਦਿੱਤੀ ਤਾਂਕਿ ਅਸੀਂ ਲੋਕਾਂ ਨੂੰ ਦਿਲਾਸਾ ਦੇ ਸਕੀਏ। ਮੁਖੀ ਅਤੇ ਉਸ ਦੇ ਪਰਿਵਾਰ ਨੂੰ ਬਾਈਬਲ ਦੀਆਂ ਗੱਲਾਂ ਚੰਗੀਆਂ ਲੱਗੀਆਂ ਜੋ ਅਸੀਂ ਉਨ੍ਹਾਂ ਲਈ ਵੇਨਾ ਭਾਸ਼ਾ ਦੀ ਬਾਈਬਲ ਵਿੱਚੋਂ ਪੜ੍ਹੀਆਂ ਸਨ। ਅਸੀਂ ਉਨ੍ਹਾਂ ਨੂੰ ਵੀਡੀਓ ਵੀ ਦਿਖਾਈਆਂ ਜਿਨ੍ਹਾਂ ਵਿਚ ਬਾਈਬਲ ਵਿਚ ਦੱਸੀ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਬਾਰੇ ਦੱਸਿਆ ਗਿਆ ਹੈ।”
ਗਰੈਂਡ ਸੈਂਟੀ ਅਤੇ ਅਪਾਟੋ ਵੱਲ ਵਧਣਾ
ਫਿਰ ਇਹ 13 ਗਵਾਹ ਮਾਰੀਪਸੋਲਾ ਤੋਂ ਇਕ ਛੋਟੇ ਕਸਬੇ ਗਰੈਂਡ ਸੈਂਟੀ ਵੱਲ ਗਏ। ਉਨ੍ਹਾਂ ਨੂੰ ਉੱਥੇ ਜਾਣ ਲਈ ਜਹਾਜ਼ ਵਿਚ ਅੱਧਾ ਘੰਟਾ ਲੱਗਾ। ਮੰਗਲਵਾਰ ਅਤੇ ਬੁੱਧਵਾਰ ਨੂੰ ਗਵਾਹਾਂ ਨੇ ਉੱਥੇ ਦੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਇਆ। ਵੀਰਵਾਰ ਨੂੰ ਗਵਾਹ ਸਾਢੇ ਪੰਜ ਘੰਟਿਆਂ ਦਾ ਸਫ਼ਰ ਤੈਅ ਕਰਕੇ ਅਪਾਟੋ ਪਹੁੰਚੇ।
ਅਖ਼ੀਰਲੇ ਦੋ ਦਿਨਾਂ ਦੌਰਾਨ ਉਹ ਜੰਗਲ ਵਿਚ ਵੱਸਦੇ ਮਾਰੂਨ ਲੋਕਾਂ ਦੇ ਪਿੰਡਾਂ ਵਿਚ ਗਏ। ਇਹ ਮਾਰੂਨ ਲੋਕ ਉਨ੍ਹਾਂ ਅਫ਼ਰੀਕੀ ਗ਼ੁਲਾਮਾਂ ਦੇ ਬੱਚੇ ਸਨ ਜਿਨ੍ਹਾਂ ਨੂੰ ਉਦੋਂ ਦੱਖਣੀ ਅਮਰੀਕਾ ਲਿਆਂਦਾ ਗਿਆ ਸੀ ਜਦੋਂ ਸੁਰੀਨਾਮ ਦੇਸ਼ ਇਕ ਕਲੋਨੀ ਸੀ। ਗਵਾਹਾਂ ਨੇ ਜੰਗਲ ਵਿਚ ਮੀਟਿੰਗ ਲਈ ਇਕ ਵੱਡਾ ਸਾਰਾ ਤੰਬੂ ਲਾਇਆ ਅਤੇ ਸਾਰਿਆਂ ਨੂੰ ਮੀਟਿੰਗ ʼਤੇ ਬੁਲਾਇਆ। ਕਲੋਡ ਕਹਿੰਦਾ ਹੈ: “ਜਦੋਂ ਬਹੁਤ ਸਾਰੇ ਲੋਕ ਸਭਾ ʼਤੇ ਆਏ, ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅਸੀਂ ਉਨ੍ਹਾਂ ਨੂੰ ਸਵੇਰੇ ਹੀ ਤਾਂ ਸੱਦਾ ਦਿੱਤਾ ਸੀ! ਕਾਰਸਟਨ, ਜਿਹੜਾ ਪਹਿਲੀ ਵਾਰ ਇਸ ਤਰ੍ਹਾਂ ਦੇ ਸਫ਼ਰ ʼਤੇ ਗਿਆ ਸੀ, ਉਸ ਨੇ ਔਕਨ ਭਾਸ਼ਾ ਵਿਚ ਪਬਲਿਕ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਕੀ ਜ਼ਿੰਦਗੀ ਇੰਨੀ ਕੁ ਹੈ?” ਵੱਖੋ-ਵੱਖਰੇ ਪਿੰਡਾਂ ਵਿੱਚੋਂ 91 ਲੋਕ ਸਭਾ ʼਤੇ ਆਏ।
“ਅਸੀਂ ਦੁਬਾਰਾ ਜਾਣ ਲਈ ਤਿਆਰ ਹਾਂ!”
ਅਖ਼ੀਰ ਇਹ ਸਾਰੇ ਗਵਾਹ ਸੇਂਟ-ਲੂਰੈਂਟ ਡੂ ਮਰੋਨੀ ਵਾਪਸ ਚਲੇ ਗਏ। ਲੋਕਾਂ ਦੇ ਵਧੀਆ ਹੁੰਗਾਰੇ ਕਰਕੇ ਇਹ ਸਾਰੇ ਗਵਾਹ ਬਹੁਤ ਖ਼ੁਸ਼ ਸਨ। ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਬਹੁਤ ਸਾਰੇ ਪ੍ਰਕਾਸ਼ਨ ਲਏ ਅਤੇ ਵੀਡੀਓ ਦੇਖੀਆਂ।
ਲੀਜ਼ੇਟ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਇਸ ਸਫ਼ਰ ʼਤੇ ਜਾ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ।” ਸਿੰਡੀ ਵੀ ਕਹਿੰਦੀ ਹੈ: “ਜੇ ਮੈਨੂੰ ਫਿਰ ਮੌਕਾ ਮਿਲਿਆ, ਤਾਂ ਮੈਂ ਜ਼ਰੂਰ ਜਾਵਾਂਗੀ। ਇਹ ਖ਼ੁਸ਼ੀ ਪਾਉਣ ਲਈ ਤੁਹਾਨੂੰ ਵੀ ਇੱਦਾਂ ਦਾ ਸਫ਼ਰ ਕਰਨਾ ਪੈਣਾ!”
ਇਸ ਵਧੀਆ ਤਜਰਬੇ ਕਰਕੇ ਕੁਝ ਭੈਣ-ਭਰਾ ਫਿਰ ਤੋਂ ਉੱਥੇ ਜਾਣਾ ਚਾਹੁੰਦੇ ਹਨ। ਮੀਕੇਲ ਕਹਿੰਦਾ ਹੈ: “ਅਸੀਂ ਦੁਬਾਰਾ ਜਾਣ ਲਈ ਤਿਆਰ ਹਾਂ!” ਵਿੰਸਲੀ ਸੇਂਟ-ਲੂਰੈਂਟ ਡੂ ਮਰੋਨੀ ਆ ਕੇ ਰਹਿਣ ਲੱਗਾ। 60 ਤੋਂ ਜ਼ਿਆਦਾ ਸਾਲ ਦੀ ਉਮਰ ਦੇ ਕਲੋਡ ਅਤੇ ਲੀਜ਼ੇਟ ਨੇ ਵੀ ਅਪਾਟੋ ਆ ਕੇ ਰਹਿਣ ਦਾ ਫ਼ੈਸਲਾ ਕੀਤਾ।