ਕੀ ਯਹੋਵਾਹ ਦੇ ਗਵਾਹ ਆਫ਼ਤਾਂ ਦੌਰਾਨ ਲੋਕਾਂ ਦੀ ਮਦਦ ਕਰਦੇ ਹਨ?
ਹਾਂ, ਆਫ਼ਤਾਂ ਆਉਣ ਵੇਲੇ ਯਹੋਵਾਹ ਦੇ ਗਵਾਹ ਜ਼ਰੂਰ ਮਦਦ ਕਰਦੇ ਹਨ। ਅਸੀਂ ਨਾ ਸਿਰਫ਼ ਯਹੋਵਾਹ ਦੇ ਗਵਾਹਾਂ ਦੀ, ਸਗੋਂ ਦੂਸਰਿਆਂ ਦੀ ਵੀ ਮਦਦ ਕਰਦੇ ਹਾਂ ਕਿਉਂਕਿ ਗਲਾਤੀਆਂ 6:10 ਵਿਚ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ।” ਅਸੀਂ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਦੁੱਖਾਂ ਵਿਚ ਦਿਲਾਸਾ ਅਤੇ ਬਾਈਬਲ ਵਿੱਚੋਂ ਉਮੀਦ ਦਿੰਦੇ ਹਾਂ।—2 ਕੁਰਿੰਥੀਆਂ 1:3, 4.
ਮਦਦ ਕਰਨ ਲਈ ਇੰਤਜ਼ਾਮ ਕਰਨੇ
ਆਫ਼ਤ ਹੋਣ ਤੋਂ ਬਾਅਦ ਮੰਡਲੀ ਦੇ ਬਜ਼ੁਰਗ ਆਫ਼ਤ ਵਾਲੀ ਜਗ੍ਹਾ ਵਿਚ ਸਾਰੀਆਂ ਮੰਡਲੀਆਂ ਦੇ ਭੈਣ-ਭਰਾਵਾਂ ਦੀ ਖ਼ਬਰ ਲੈਂਦੇ ਹਨ ਤੇ ਪਤਾ ਕਰਦੇ ਹਨ ਕਿ ਉਨ੍ਹਾਂ ਨੂੰ ਕਿਹੜੀ ਮਦਦ ਚਾਹੀਦੀ ਹੈ। ਫਿਰ ਬਜ਼ੁਰਗ ਬ੍ਰਾਂਚ ਆਫ਼ਿਸ ਨੂੰ ਰਿਪੋਰਟ ਭੇਜ ਕੇ ਦੱਸਦੇ ਹਨ ਕਿ ਉਨ੍ਹਾਂ ਨੇ ਭੈਣ-ਭਰਾਵਾਂ ਨੂੰ ਕਿਹੜੀ ਮਦਦ ਦਿੱਤੀ ਹੈ ਅਤੇ ਉਨ੍ਹਾਂ ਨੂੰ ਹੋਰ ਕਾਹਦੀ ਲੋੜ ਹੈ।
ਜੇ ਨੇੜਲੀਆਂ ਮੰਡਲੀਆਂ ਪੂਰੀ ਮਦਦ ਨਹੀਂ ਦੇ ਸਕਦੀਆਂ, ਤਾਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਮਦਦ ਕਰਨ ਦਾ ਬੰਦੋਬਸਤ ਕਰਦੀ ਹੈ। ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਅਜਿਹਾ ਕੁਝ ਕੀਤਾ ਸੀ ਜਦੋਂ ਉਨ੍ਹਾਂ ਨੇ ਕਾਲ਼ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕੀਤੀ ਸੀ। (1 ਕੁਰਿੰਥੀਆਂ 16:1-4) ਜਿਸ ਦੇਸ਼ ਵਿਚ ਆਫ਼ਤ ਆਉਂਦੀ ਹੈ, ਉਸ ਦੇਸ਼ ਦੀ ਬ੍ਰਾਂਚ ਆਫ਼ਿਸ ਮਦਦ ਕਰਨ ਵਿਚ ਪਹਿਲ ਕਰਦੀ ਹੈ। ਹੋਰ ਇਲਾਕਿਆਂ ਤੋਂ ਆਏ ਗਵਾਹ ਵੀ ਆਪਣਾ ਸਮਾਂ ਤੇ ਪੈਸਿਆਂ ਨਾਲ ਮਦਦ ਦਿੰਦੇ ਹਨ।—ਕਹਾਉਤਾਂ 17:17.
ਖ਼ਰਚੇ ਚੁੱਕਣੇ
ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਭੇਜਿਆ ਦਾਨ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਵਰਤਿਆ ਜਾਂਦਾ ਹੈ। (ਰਸੂਲਾਂ ਦੇ ਕੰਮ 11:27-30; 2 ਕੁਰਿੰਥੀਆਂ 8:13-15) ਇਹ ਕੰਮ ਵਲੰਟੀਅਰਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਕਰਕੇ ਪੂਰਾ ਦਾਨ ਰਾਹਤ ਦੇਣ ਵਿਚ ਵਰਤਿਆ ਜਾਂਦਾ ਹੈ ਨਾ ਕਿ ਕੋਈ ਹੋਰ ਖ਼ਰਚਿਆਂ ਲਈ। ਅਸੀਂ ਇਨ੍ਹਾਂ ਦਾਨਾਂ ਨੂੰ ਸਹੀ ਤਰ੍ਹਾਂ ਵਰਤਦੇ ਹਾਂ।—2 ਕੁਰਿੰਥੀਆਂ 8:20.