ਕੀ ਯਹੋਵਾਹ ਦੇ ਗਵਾਹ ਇਕ ਪੰਥ ਹਨ?
ਨਹੀਂ, ਯਹੋਵਾਹ ਦੇ ਗਵਾਹ ਇਕ ਪੰਥ ਨਹੀਂ ਹਨ। ਇਸ ਦੀ ਬਜਾਇ, ਅਸੀਂ ਮਸੀਹੀ ਹਾਂ ਜੋ ਯਿਸੂ ਮਸੀਹ ਦੀ ਮਿਸਾਲ ʼਤੇ ਚੱਲਣ ਅਤੇ ਉਸ ਦੀਆਂ ਸਿੱਖਿਆਵਾਂ ਮੁਤਾਬਕ ਜੀਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।
ਪੰਥ ਕੀ ਹੁੰਦਾ ਹੈ?
ਵੱਖੋ-ਵੱਖਰੇ ਲੋਕ “ਪੰਥ” ਦਾ ਮਤਲਬ ਵੱਖੋ-ਵੱਖਰਾ ਸਮਝਦੇ ਹਨ। ਪਰ ਪੰਥਾਂ ਬਾਰੇ ਦੋ ਆਮ ਵਿਚਾਰਾਂ ʼਤੇ ਗੌਰ ਕਰੋ ਤੇ ਦੇਖੋ ਕਿ ਇਹ ਦੋਵੇਂ ਸਾਡੇ ʼਤੇ ਕਿਉਂ ਨਹੀਂ ਢੁਕਦੇ।
ਕੁਝ ਲੋਕਾਂ ਦਾ ਸੋਚਣਾ ਹੈ ਕਿ ਪੰਥ ਨਵਾਂ ਧਰਮ ਹੈ। ਯਹੋਵਾਹ ਦੇ ਗਵਾਹਾਂ ਨੇ ਕੋਈ ਨਵਾਂ ਧਰਮ ਸ਼ੁਰੂ ਨਹੀਂ ਕੀਤਾ। ਇਸ ਦੇ ਉਲਟ, ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੀ ਪੈੜ ʼਤੇ ਚੱਲਦਿਆਂ ਭਗਤੀ ਕਰਦੇ ਹਾਂ ਜਿਨ੍ਹਾਂ ਦੀ ਮਿਸਾਲ ਅਤੇ ਸਿੱਖਿਆਵਾਂ ਬਾਈਬਲ ਵਿਚ ਦਰਜ ਹਨ। (2 ਤਿਮੋਥਿਉਸ 3:16, 17) ਅਸੀਂ ਮੰਨਦੇ ਹਾਂ ਕਿ ਭਗਤੀ ਦੇ ਮਾਮਲੇ ਵਿਚ ਉਨ੍ਹਾਂ ਗੱਲਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜੋ ਬਾਈਬਲ ਵਿਚ ਦੱਸੀਆਂ ਗਈਆਂ ਹਨ।
ਕੁਝ ਲੋਕ ਪੰਥ ਨੂੰ ਖ਼ਤਰਨਾਕ ਧਾਰਮਿਕ ਫ਼ਿਰਕਾ ਸਮਝਦੇ ਹਨ ਜਿਸ ਦਾ ਆਗੂ ਕੋਈ ਇਨਸਾਨ ਹੁੰਦਾ ਹੈ। ਯਹੋਵਾਹ ਦੇ ਗਵਾਹ ਕਿਸੇ ਇਨਸਾਨ ਨੂੰ ਆਪਣਾ ਆਗੂ ਨਹੀਂ ਮੰਨਦੇ। ਇਸ ਦੀ ਬਜਾਇ, ਅਸੀਂ ਉਸ ਅਸੂਲ ʼਤੇ ਚੱਲਦੇ ਹਾਂ ਜੋ ਯਿਸੂ ਨੇ ਆਪਣੇ ਚੇਲਿਆਂ ਲਈ ਬਣਾਇਆ ਸੀ। ਉਸ ਨੇ ਕਿਹਾ ਸੀ: “ਤੁਹਾਡਾ ਆਗੂ ਸਿਰਫ਼ ਮਸੀਹ ਹੈ।”—ਮੱਤੀ 23:10.
ਯਹੋਵਾਹ ਦੇ ਗਵਾਹ ਕੋਈ ਖ਼ਤਰਨਾਕ ਪੰਥ ਨਹੀਂ ਹਨ। ਉਹ ਅਜਿਹੇ ਧਰਮ ਨੂੰ ਮੰਨਦੇ ਹਨ ਜੋ ਨਾ ਸਿਰਫ਼ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਂਦਾ ਹੈ, ਸਗੋਂ ਸਮਾਜ ਦੇ ਹੋਰ ਲੋਕਾਂ ਨੂੰ ਵੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਸਾਡੇ ਪ੍ਰਚਾਰ ਕਰਕੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨਦੇਹ ਆਦਤਾਂ ਛੱਡਣ ਵਿਚ ਮਦਦ ਮਿਲੀ ਹੈ ਜਿਵੇਂ ਨਸ਼ਿਆਂ ਅਤੇ ਸ਼ਰਾਬ ਦੀ ਕੁਵਰਤੋਂ। ਇਸ ਤੋਂ ਇਲਾਵਾ, ਅਸੀਂ ਦੁਨੀਆਂ ਭਰ ਵਿਚ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਲਾ ਕੇ ਹਜ਼ਾਰਾਂ ਲੋਕਾਂ ਦੀ ਪੜ੍ਹਨ-ਲਿਖਣ ਵਿਚ ਮਦਦ ਕਰਦੇ ਹਾਂ। ਅਸੀਂ ਕੁਦਰਤੀ ਆਫ਼ਤਾਂ ਆਉਣ ਤੇ ਰਾਹਤ ਦਾ ਕੰਮ ਵੀ ਕਰਦੇ ਹਾਂ। ਅਸੀਂ ਦੂਜਿਆਂ ʼਤੇ ਚੰਗਾ ਅਸਰ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਾਂ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਸੇ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਸੀ।—ਮੱਤੀ 5:13-16.