ਕੀ ਯਹੋਵਾਹ ਦੇ ਗਵਾਹ ਦਸਵੰਧ ਦਿੰਦੇ ਹਨ?
ਨਹੀਂ। ਯਹੋਵਾਹ ਦੇ ਗਵਾਹ ਦਸਵੰਧ ਨਹੀਂ ਦਿੰਦੇ। ਸਾਡਾ ਕੰਮ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਦਸਵੰਧ ਕੀ ਹੈ ਅਤੇ ਯਹੋਵਾਹ ਦੇ ਗਵਾਹ ਇਹ ਕਿਉਂ ਨਹੀਂ ਦਿੰਦੇ?
ਦਸਵੰਧ ਯਾਨੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣ ਦਾ ਹੁਕਮ ਮੂਸਾ ਦੇ ਕਾਨੂੰਨ ਵਿਚ ਪ੍ਰਾਚੀਨ ਇਜ਼ਰਾਈਲੀ ਕੌਮ ਨੂੰ ਦਿੱਤਾ ਗਿਆ ਸੀ। ਪਰ ਬਾਈਬਲ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਹ ਕਾਨੂੰਨ, ਜਿਸ ਵਿਚ ‘ਲੋਕਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਸੀ,’ ਅੱਜ ਮਸੀਹੀਆਂ ʼਤੇ ਲਾਗੂ ਨਹੀਂ ਹੁੰਦਾ।—ਇਬਰਾਨੀਆਂ 7:5, 18; ਕੁਲੁੱਸੀਆਂ 2:13, 14.
ਦਸਵਾਂ ਹਿੱਸਾ ਦੇਣ ਦੀ ਬਜਾਇ ਯਹੋਵਾਹ ਦੇ ਗਵਾਹ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦੇ ਹਨ ਅਤੇ ਦੋ ਤਰੀਕਿਆਂ ਨਾਲ ਪ੍ਰਚਾਰ ਦੇ ਕੰਮ ਦਾ ਸਮਰਥਨ ਕਰਦੇ ਹਨ। ਇਕ ਹੈ ਕਿ ਉਹ ਬਿਨਾਂ ਕੋਈ ਪੈਸੇ ਲਏ ਪ੍ਰਚਾਰ ਕਰਦੇ ਹਨ ਅਤੇ ਦੂਜਾ ਉਹ ਆਪਣੀ ਮਰਜ਼ੀ ਨਾਲ ਦਿਲੋਂ ਦਾਨ ਦਿੰਦੇ ਹਨ।
ਅਸੀਂ ਬਾਈਬਲ ਵਿਚ ਦਿੱਤੀ ਇਹ ਸਲਾਹ ਮੰਨਦੇ ਹਾਂ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.