ਕੀ ਯਹੋਵਾਹ ਦੇ ਗਵਾਹ ਜ਼ਾਇਨਿਸਟ ਸਮੂਹ ਦਾ ਹਿੱਸਾ ਹਨ?
ਨਹੀਂ। ਯਹੋਵਾਹ ਦੇ ਗਵਾਹ ਮਸੀਹੀ ਹਨ ਜਿਨ੍ਹਾਂ ਦੇ ਵਿਸ਼ਵਾਸ ਬਾਈਬਲ ʼਤੇ ਆਧਾਰਿਤ ਹਨ। ਕੁਝ ਧਰਮ ਸਿਖਾਉਂਦੇ ਹਨ ਕਿ ਫਲਸਤੀਨ ਦੇ ਯਹੂਦੀਆਂ ਦੀ ਸਭਾ ਦਾ ਸੰਬੰਧ ਬਾਈਬਲ ਦੀ ਭਵਿੱਖਬਾਣੀ ਨਾਲ ਹੈ, ਪਰ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਨਹੀਂ ਸੋਚਦੇ। ਉਹ ਇਹ ਨਹੀਂ ਮੰਨਦੇ ਕਿ ਇਸ ਰਾਜਨੀਤਿਕ ਸਮੂਹ ਬਾਰੇ ਬਾਈਬਲ ਵਿਚ ਕੋਈ ਭਵਿੱਖਬਾਣੀ ਕੀਤੀ ਗਈ ਸੀ। ਅਸਲ ਵਿਚ ਬਾਈਬਲ ਕਿਸੇ ਵੀ ਇਨਸਾਨੀ ਸਰਕਾਰ ਦੀ ਹਿਮਾਇਤ ਨਹੀਂ ਕਰਦੀ ਜਾਂ ਇਕ ਨਸਲ ਦੇ ਲੋਕਾਂ ਨੂੰ ਦੂਜੀ ਨਸਲ ਦੇ ਲੋਕਾਂ ਨਾਲੋਂ ਉੱਚਾ ਨਹੀਂ ਚੁੱਕਦੀ। ਯਹੋਵਾਹ ਦੇ ਗਵਾਹਾਂ ਦੇ ਇਕ ਓਫ਼ਿਸ਼ਲ ਰਸਾਲੇ ਪਹਿਰਾਬੁਰਜ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ: ‘ਬਾਈਬਲ ਵਿਚ ਕਿਤੇ ਵੀ ਰਾਜਨੀਤਿਕ ਸਮੂਹ ਜ਼ਾਇਨਿਸਟ ਬਾਰੇ ਨਹੀਂ ਦੱਸਿਆ ਗਿਆ ਹੈ।’
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਜ਼ਾਇਨਿਸਟ ਸਮੂਹ ਬਾਰੇ ਸਮਝਾਉਂਦਾ ਹੈ, “ਇਹ ਇਕ ਯਹੂਦੀ ਰਾਸ਼ਟਰਵਾਦੀ ਲਹਿਰ ਹੈ ਜਿਸ ਦਾ ਟੀਚਾ ਸੀ ਫਲਸਤੀਨ ਵਿਚ ਯਹੂਦੀ ਲੋਕਾਂ ਦਾ ਇਕ ਰਾਜ ਬਣਾਉਣਾ ਤੇ ਇਸ ਦਾ ਸਮਰਥਨ ਕਰਨਾ।” ਸ਼ੁਰੂ ਤੋਂ ਹੀ ਇਸ ਸਮੂਹ ਦਾ ਧਰਮ ਅਤੇ ਰਾਜਨੀਤੀ ਨਾਲ ਸੰਬੰਧ ਹੈ। ਯਹੋਵਾਹ ਦੇ ਗਵਾਹ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਕਿ ਜ਼ਾਇਨਿਸਟ ਸਮੂਹ ਇਕ ਧਾਰਮਿਕ ਸਮੂਹ ਹੈ ਅਤੇ ਉਹ ਜ਼ਾਇਨਿਸਟਾਂ ਦੇ ਰਾਜਨੀਤਿਕ ਸਮੂਹ ਤੋਂ ਪੂਰੀ ਤਰ੍ਹਾਂ ਨਿਰਪੱਖ ਰਹਿੰਦੇ ਹਨ।
ਯਹੋਵਾਹ ਦੇ ਗਵਾਹਾਂ ਦਾ ਸੰਗਠਨ ਪੂਰੀ ਤਰ੍ਹਾਂ ਧਾਰਮਿਕ ਹੈ ਤੇ ਇਹ ਕਿਸੇ ਰਾਜਨੀਤਿਕ ਪ੍ਰਬੰਧ ਦਾ ਸਮਰਥਨ ਨਹੀਂ ਕਰਦਾ ਜਿਸ ਵਿਚ ਜ਼ਾਇਨਿਸਟ ਸਮੂਹ ਵੀ ਸ਼ਾਮਲ ਹੈ। ਇਸ ਗੱਲ ਦਾ ਪੱਕਾ ਲਿਖਤੀ ਸਬੂਤ ਹੈ ਕਿ ਯਹੋਵਾਹ ਦੇ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ ਅਤੇ ਕਈ ਦੇਸ਼ਾਂ ਵਿਚ ਉਨ੍ਹਾਂ ਦੀ ਨਿਰਪੱਖਤਾ ਕਰਕੇ ਉਨ੍ਹਾਂ ਨੂੰ ਬਹੁਤ ਸਤਾਇਆ ਗਿਆ ਹੈ। ਅਸੀਂ ਪੱਕਾ ਭਰੋਸਾ ਰੱਖਦੇ ਹਾਂ ਕਿ ਪਰਮੇਸ਼ੁਰ ਦੀ ਸਵਰਗੀ ਸਰਕਾਰ ਹੀ ਇਸ ਧਰਤੀ ਉੱਤੇ ਹਮੇਸ਼ਾ ਲਈ ਸ਼ਾਂਤੀ ਕਾਇਮ ਕਰੇਗੀ, ਨਾ ਕਿ ਕੋਈ ਇਨਸਾਨੀ ਸਰਕਾਰ ਜਾਂ ਲਹਿਰ।
ਯਹੋਵਾਹ ਦੇ ਗਵਾਹ ਜਿੱਥੇ ਵੀ ਰਹਿੰਦੇ ਹਨ, ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਵਿੱਚੋਂ ਇਕ ਮੁੱਖ ਅਸੂਲ ਇਹ ਹੈ ਕਿ ਉਹ ਸਰਕਾਰਾਂ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਉਹ ਨਾ ਤਾਂ ਸਰਕਾਰਾਂ ਖ਼ਿਲਾਫ਼ ਹਨ ਅਤੇ ਨਾ ਹੀ ਲੜਾਈਆਂ ਵਿਚ ਹਿੱਸਾ ਲੈਂਦੇ ਹਨ।