ਯਹੋਵਾਹ ਦੇ ਗਵਾਹ ਆਪਣੇ ʼਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਕਿਉਂ ਨਹੀਂ ਦਿੰਦੇ?
ਜਦੋਂ ਯਹੋਵਾਹ ਦੇ ਗਵਾਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਉਨ੍ਹਾਂ ʼਤੇ ਦੋਸ਼ ਲਾਏ ਜਾਂਦੇ ਹਨ, ਤਾਂ ਬਾਈਬਲ ਦੀ ਸਲਾਹ ਮੰਨਦਿਆਂ ਉਹ ਹਰੇਕ ਵਾਰੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਮਿਸਾਲ ਲਈ, ਬਾਈਬਲ ਦੱਸਦੀ ਹੈ: “ਮਖੌਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ।” (ਕਹਾਉਤਾਂ 9:7, 8; 26:4) ਝੂਠੇ ਦੋਸ਼ਾਂ ʼਤੇ ਹੱਦੋਂ ਵੱਧ ਧਿਆਨ ਦੇ ਕੇ ਲੜਾਈ ਮੁੱਲ ਲੈਣ ਦੀ ਬਜਾਇ ਅਸੀਂ ਆਪਣਾ ਧਿਆਨ ਯਹੋਵਾਹ ਨੂੰ ਖ਼ੁਸ਼ ਕਰਨ ʼਤੇ ਲਾਉਂਦੇ ਹਾਂ।—ਜ਼ਬੂਰਾਂ ਦੀ ਪੋਥੀ 119:69.
ਦਰਅਸਲ, “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਅਸੀਂ ਨੇਕਦਿਲ ਲੋਕਾਂ ਨੂੰ ਜਵਾਬ ਦਿੰਦੇ ਹਾਂ ਜੋ ਸੱਚਾਈ ਜਾਣਨਾ ਚਾਹੁੰਦੇ ਹਨ, ਪਰ ਅਸੀਂ ਫ਼ਜ਼ੂਲ ਦੀ ਬਹਿਸ ਵਿਚ ਨਹੀਂ ਪੈਂਦੇ। ਇਸ ਲਈ ਅਸੀਂ ਯਿਸੂ ਤੇ ਪਹਿਲੀ ਸਦੀ ਦੇ ਮਸੀਹੀਆਂ ਦੀਆਂ ਸਿੱਖਿਆਵਾਂ ਅਤੇ ਮਿਸਾਲਾਂ ʼਤੇ ਚੱਲਦੇ ਹਾਂ।
ਯਿਸੂ ਨੇ ਕੋਈ ਜਵਾਬ ਨਹੀਂ ਦਿੱਤਾ ਜਦੋਂ ਪਿਲਾਤੁਸ ਦੇ ਸਾਮ੍ਹਣੇ ਉਸ ʼਤੇ ਝੂਠਾ ਦੋਸ਼ ਲਾਇਆ ਗਿਆ। (ਮੱਤੀ 27:11-14; 1 ਪਤਰਸ 2:21-23) ਇਸੇ ਤਰ੍ਹਾਂ, ਯਿਸੂ ਨੇ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ ਜਦੋਂ ਉਸ ਨੂੰ ਸ਼ਰਾਬੀ ਤੇ ਪੇਟੂ ਕਿਹਾ ਗਿਆ। ਇਸ ਦੀ ਬਜਾਇ, ਉਸ ਨੇ ਸਹੀ ਕੰਮ ਕੀਤੇ ਜਿਨ੍ਹਾਂ ਨੂੰ ਦੇਖ ਕੇ ਲੋਕ ਸਹੀ ਨਤੀਜੇ ʼਤੇ ਪਹੁੰਚ ਸਕੇ। ਉਸ ਨੇ ਇਸ ਅਸੂਲ ਨੂੰ ਲਾਗੂ ਕੀਤਾ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।” (ਮੱਤੀ 11:19) ਪਰ ਲੋੜ ਪੈਣ ʼਤੇ ਉਸ ਨੇ ਆਪਣੇ ʼਤੇ ਦੋਸ਼ ਲਾਉਣ ਵਾਲਿਆਂ ਨੂੰ ਦਲੇਰੀ ਨਾਲ ਜਵਾਬ ਵੀ ਦਿੱਤਾ।—ਮੱਤੀ 15:1-3; ਮਰਕੁਸ 3:22-30.
ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਝੂਠੇ ਦੋਸ਼ਾਂ ਕਰਕੇ ਨਿਰਾਸ਼ ਨਾ ਹੋਣ। ਉਸ ਨੇ ਕਿਹਾ: “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ।” (ਮੱਤੀ 5:11, 12) ਪਰ ਯਿਸੂ ਨੇ ਇਹ ਵੀ ਕਿਹਾ ਕਿ ਜੇ ਉਸ ਦੇ ਚੇਲਿਆਂ ਨੂੰ ਇਨ੍ਹਾਂ ਦੋਸ਼ਾਂ ਕਰਕੇ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ, ਤਾਂ ਉਹ ਆਪਣਾ ਇਹ ਵਾਅਦਾ ਪੂਰਾ ਕਰੇਗਾ: “ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।”—ਲੂਕਾ 21:12-15.
ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ “ਫ਼ਜ਼ੂਲ ਦੀ ਬਹਿਸਬਾਜ਼ੀ” ਵਿਚ ਨਾ ਪੈਣ ਅਤੇ “ਵਾਦ-ਵਿਵਾਦ ਵਿਚ ਪੈਣ ਤੋਂ ਦੂਰ” ਰਹਿਣ।—ਤੀਤੁਸ 3:9; ਰੋਮੀਆਂ 16:17, 18.
ਪਤਰਸ ਰਸੂਲ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਲੋੜ ਪੈਣ ʼਤੇ ਉਹ ਆਪਣੇ ਵਿਸ਼ਵਾਸਾਂ ਬਾਰੇ ਦੱਸਣ। (1 ਪਤਰਸ 3:15) ਪਰ ਉਸ ਨੂੰ ਪਤਾ ਸੀ ਕਿ ਕਹਿਣ ਨਾਲੋਂ ਕੰਮਾਂ ਰਾਹੀਂ ਜਵਾਬ ਦੇਣਾ ਅਕਸਰ ਵਧੀਆ ਹੁੰਦਾ ਹੈ। ਉਸ ਨੇ ਲਿਖਿਆ: “ਚੰਗੇ ਕੰਮ ਕਰ ਕੇ ਤੁਸੀਂ ਮੂਰਖਾਂ ਦੇ ਮੂੰਹ ਬੰਦ ਕਰ ਸਕੋ ਜਿਹੜੇ ਬਿਨਾਂ ਸੋਚੇ-ਸਮਝੇ ਗੱਲਾਂ ਕਰਦੇ ਹਨ।”—1 ਪਤਰਸ 2:12-15.