ਕੀ ਯਹੋਵਾਹ ਦੇ ਗਵਾਹ ਪੁਰਾਣੇ ਨੇਮ ਨੂੰ ਮੰਨਦੇ ਹਨ?
ਹਾਂ। ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪੂਰੀ ਬਾਈਬਲ ‘ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ ਅਤੇ ਫ਼ਾਇਦੇਮੰਦ ਹੈ।’ (2 ਤਿਮੋਥਿਉਸ 3:16) ਇਸ ਵਿਚ ਪੁਰਾਣਾ ਤੇ ਨਵਾਂ ਨੇਮ ਦੋਵੇਂ ਸ਼ਾਮਲ ਹਨ। ਆਮ ਤੌਰ ਤੇ ਯਹੋਵਾਹ ਦੇ ਗਵਾਹ ਇਨ੍ਹਾਂ ਨੂੰ ਇਬਰਾਨੀ ਤੇ ਯੂਨਾਨੀ ਲਿਖਤਾਂ ਕਹਿੰਦੇ ਹਨ। ਇਸ ਲਈ ਅਸੀਂ ਇਹ ਨਹੀਂ ਮੰਨਦੇ ਕਿ ਬਾਈਬਲ ਦੇ ਕੁਝ ਹਿੱਸੇ ਪੁਰਾਣੇ ਹਨ ਜਾਂ ਇਸ ਦੀਆਂ ਸਲਾਹਾਂ ਪੁਰਾਣੀਆਂ ਹਨ।
ਮਸੀਹੀਆਂ ਨੂੰ ਪੁਰਾਣੇ ਤੇ ਨਵੇਂ ਨੇਮ ਦੋਵਾਂ ਦੀ ਲੋੜ ਕਿਉਂ ਹੈ?
ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਪੌਲੁਸ ਰਸੂਲ ਨੇ ਲਿਖਿਆ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ।” (ਰੋਮੀਆਂ 15:4) ਇਸ ਲਈ ਇਬਰਾਨੀ ਲਿਖਤਾਂ ਵਿਚ ਵੀ ਸਾਡੇ ਲਈ ਅਨਮੋਲ ਜਾਣਕਾਰੀ ਹੈ। ਹੋਰ ਗੱਲਾਂ ਦੇ ਨਾਲ-ਨਾਲ ਇਸ ਵਿਚ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਅਤੇ ਵਧੀਆ ਸਲਾਹ ਵੀ ਦਿੱਤੀ ਗਈ ਹੈ।
ਇਤਿਹਾਸ ਦੀਆਂ ਗੱਲਾਂ। ਇਬਰਾਨੀ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਕਿਵੇਂ ਕੀਤੀ ਗਈ ਤੇ ਮਨੁੱਖਜਾਤੀ ਪਾਪੀ ਕਿਵੇਂ ਬਣੀ। ਜੇ ਇਹ ਗੱਲਾਂ ਨਾ ਦੱਸੀਆਂ ਹੁੰਦੀਆਂ, ਤਾਂ ਸਾਨੂੰ ਕਈ ਸਵਾਲਾਂ ਦੇ ਜਵਾਬ ਹੀ ਨਾ ਮਿਲਦੇ, ਜਿਵੇਂ ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ? ਇਨਸਾਨ ਮਰਦੇ ਕਿਉਂ ਹਨ? (ਉਤਪਤ 2:7, 17) ਇਸ ਤੋਂ ਇਲਾਵਾ, ਇਬਰਾਨੀ ਲਿਖਤਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਰੱਬ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਇਆ ਜਿਨ੍ਹਾਂ ʼਤੇ ਸਾਡੇ ਵਾਂਗ ਦੁੱਖ-ਸੁੱਖ ਆਏ ਸਨ।—ਯਾਕੂਬ 5:17.
ਵਧੀਆ ਸਲਾਹ। ਬਾਈਬਲ ਦੀਆਂ ਕਿਤਾਬਾਂ ਕਹਾਉਤਾਂ ਤੇ ਉਪਦੇਸ਼ਕ ਦੀ ਪੋਥੀ ਇਬਰਾਨੀ ਲਿਖਤਾਂ ਦਾ ਹਿੱਸਾ ਹਨ। ਇਨ੍ਹਾਂ ਕਿਤਾਬਾਂ ਵਿਚ ਬੁੱਧ ਦੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਕਦੀ ਪੁਰਾਣੀਆਂ ਨਹੀਂ ਹੁੰਦੀਆਂ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਂਦੀ ਜਾ ਸਕਦੀ ਹੈ (ਕਹਾਉਤਾਂ 15:17), ਅਸੀਂ ਕੰਮ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ (ਕਹਾਉਤਾਂ 10:4; ਉਪਦੇਸ਼ਕ ਦੀ ਪੋਥੀ 4:6) ਅਤੇ ਨੌਜਵਾਨ ਆਪਣੀ ਜੁਆਨੀ ਵਿਚ ਸਭ ਤੋਂ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਨ (ਉਪਦੇਸ਼ਕ ਦੀ ਪੋਥੀ 11:9–12:1).
ਨਾਲੇ ਸਾਨੂੰ ਮੂਸਾ ਦੇ ਕਾਨੂੰਨ ਯਾਨੀ ਤੌਰਾਤ (ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ) ਦੀ ਸਟੱਡੀ ਕਰ ਕੇ ਵੀ ਫ਼ਾਇਦਾ ਹੋ ਸਕਦਾ ਹੈ। ਭਾਵੇਂ ਕਿ ਮਸੀਹੀ ਇਸ ਕਾਨੂੰਨ ਦੇ ਅਧੀਨ ਨਹੀਂ ਹਨ, ਫਿਰ ਵੀ ਇਸ ਕਾਨੂੰਨ ਵਿਚ ਵਧੀਆ ਅਸੂਲ ਪਾਏ ਜਾਂਦੇ ਹਨ ਜੋ ਖ਼ੁਸ਼ੀ ਨਾਲ ਜ਼ਿੰਦਗੀ ਜੀਉਣ ਵਿਚ ਸਾਡੀ ਮਦਦ ਕਰ ਸਕਦੇ ਹਨ।—ਲੇਵੀਆਂ 19:18; ਬਿਵਸਥਾ ਸਾਰ 6:5-7.