ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ?
ਨਹੀਂ। ਯਹੋਵਾਹ ਦੇ ਗਵਾਹ ਇਹ ਗੱਲ ਜ਼ਰੂਰ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ। ਪਰ ਨਾ ਤਾਂ ਅਸੀਂ ਇਹ ਮੰਨਦੇ ਹਾਂ ਕਿ ਬ੍ਰਹਿਮੰਡ ਛੇ ਦਿਨਾਂ ਵਿਚ ਬਣਿਆ ਸੀ ਤੇ ਨਾ ਹੀ ਮੰਨਦੇ ਹਾਂ ਕਿ ਧਰਤੀ ਸਿਰਫ਼ ਹਜ਼ਾਰਾਂ ਸਾਲ ਪੁਰਾਣੀ ਹੈ। ਕਿਉਂ? ਕਿਉਂਕਿ ਇਹ ਗੱਲਾਂ ਬਾਈਬਲ ਦੇ ਖ਼ਿਲਾਫ਼ ਹਨ। ਆਓ ਆਪਾਂ ਇਨ੍ਹਾਂ ਦੋ ਗੱਲਾਂ ਬਾਰੇ ਹੋਰ ਜਾਣੀਏ:
ਕੁਝ ਲੋਕ ਕਹਿੰਦੇ ਹਨ ਕਿ ਰੱਬ ਨੇ ਸਾਰਾ ਕੁਝ ਛੇ ਦਿਨਾਂ ਵਿਚ ਬਣਾਇਆ ਸੀ ਤੇ ਹਰ ਦਿਨ 24 ਘੰਟੇ ਲੰਬਾ ਸੀ। ਪਰ ਬਾਈਬਲ ਵਿਚ “ਦਿਨ” ਸਿਰਫ਼ 24 ਘੰਟਿਆਂ ਦਾ ਨਹੀਂ, ਸਗੋਂ ਇਸ ਤੋਂ ਲੰਬਾ ਵੀ ਹੋ ਸਕਦਾ ਹੈ।—ਉਤਪਤ 2:4; ਜ਼ਬੂਰਾਂ ਦੀ ਪੋਥੀ 90:4.
ਕੁਝ ਲੋਕ ਮੰਨਦੇ ਹਨ ਕਿ ਧਰਤੀ ਸਿਰਫ਼ ਕੁਝ ਹਜ਼ਾਰ ਸਾਲ ਪੁਰਾਣੀ ਹੈ। ਪਰ ਬਾਈਬਲ ਮੁਤਾਬਕ ਧਰਤੀ ਤੇ ਬ੍ਰਹਿਮੰਡ ਸ੍ਰਿਸ਼ਟੀ ਦੇ ਛੇ ਦਿਨਾਂ ਤੋਂ ਪਹਿਲਾਂ ਬਣਾਏ ਗਏ ਸਨ। (ਉਤਪਤ 1:1) ਇਸ ਲਈ ਯਹੋਵਾਹ ਦੇ ਗਵਾਹ ਵਿਗਿਆਨੀਆਂ ਵੱਲੋਂ ਕੀਤੀ ਖੋਜ ʼਤੇ ਕੋਈ ਇਤਰਾਜ਼ ਨਹੀਂ ਕਰਦੇ ਕਿ ਧਰਤੀ ਸ਼ਾਇਦ ਅਰਬਾਂ ਸਾਲ ਪੁਰਾਣੀ ਹੋਵੇ।
ਭਾਵੇਂ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਪਰ ਅਸੀਂ ਸਾਇੰਸ ਨਾਲ ਵੀ ਸਹਿਮਤ ਹਾਂ। ਅਸੀਂ ਮੰਨਦੇ ਹਾਂ ਕਿ ਅਸਲੀ ਸਾਇੰਸ ਤੇ ਬਾਈਬਲ ਦੀਆਂ ਗੱਲਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ।