ਕੀ ਯਹੋਵਾਹ ਦੇ ਗਵਾਹ ਮਿਸ਼ਨਰੀ ਸੇਵਾ ਕਰਦੇ ਹਨ?
ਜੀ ਹਾਂ। ਯਹੋਵਾਹ ਦੇ ਗਵਾਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਹ ਸਾਰੇ ਜਣੇ ਮਿਸ਼ਨਰੀਆਂ ਵਰਗਾ ਰਵੱਈਆ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਬਾਕਾਇਦਾ ਲੋਕਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦੇ ਹਨ।—ਮੱਤੀ 28:19, 20.
ਇਸ ਦੇ ਨਾਲ-ਨਾਲ ਕੁਝ ਗਵਾਹ ਆਪਣੇ ਦੇਸ਼ ਦੇ ਉਨ੍ਹਾਂ ਇਲਾਕਿਆਂ ਵਿਚ ਥੋੜ੍ਹੀ ਦੇਰ ਲਈ ਜਾਂ ਪੱਕੇ ਤੌਰ ਤੇ ਰਹਿਣ ਚਲੇ ਗਏ ਹਨ ਜਿੱਥੇ ਲੋਕਾਂ ਨੇ ਅਜੇ ਤਕ ਬਾਈਬਲ ਤੋਂ ਖ਼ੁਸ਼ ਖ਼ਬਰੀ ਨਹੀਂ ਸੁਣੀ। ਹੋਰ ਗਵਾਹ ਵਿਦੇਸ਼ਾਂ ਵਿਚ ਚਲੇ ਗਏ ਹਨ ਤਾਂਕਿ ਉਹ ਹੋਰ ਵਧ-ਚੜ੍ਹ ਕੇ ਪ੍ਰਚਾਰ ਕਰ ਸਕਣ। ਉਹ ਯਿਸੂ ਵੱਲੋਂ ਕੀਤੀ ਗਈ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਕੇ ਖ਼ੁਸ਼ ਹਨ, ਜਿਸ ਨੇ ਕਿਹਾ: “ਤੁਸੀਂ . . . ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।”—ਰਸੂਲਾਂ ਦੇ ਕੰਮ 1:8.
1943 ਵਿਚ ਅਸੀਂ ਆਪਣੇ ਕੁਝ ਮਿਸ਼ਨਰੀਆਂ ਨੂੰ ਖ਼ਾਸ ਟ੍ਰੇਨਿੰਗ ਦੇਣ ਲਈ ਇਕ ਸਕੂਲ ਚਲਾਇਆ। ਉਸ ਸਮੇਂ ਤੋਂ ਹੁਣ ਤਕ 8,000 ਤੋਂ ਜ਼ਿਆਦਾ ਗਵਾਹ ਇਸ ਸਕੂਲ ਵਿਚ ਹਾਜ਼ਰ ਹੋ ਚੁੱਕੇ ਹਨ। ਇਹ ਸਕੂਲ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ।