ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?
ਤੁਸੀਂ ਆਪਣੇ ਮੈਂਬਰਾਂ ਦੀ ਗਿਣਤੀ ਕਿਵੇਂ ਪਤਾ ਕਰਦੇ ਹੋ?
ਅਸੀਂ ਸਿਰਫ਼ ਉਨ੍ਹਾਂ ਨੂੰ ਯਹੋਵਾਹ ਦੇ ਗਵਾਹ ਗਿਣਦੇ ਹਾਂ ਜੋ ਹਰ ਮਹੀਨੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। (ਮੱਤੀ 24:14) ਇਨ੍ਹਾਂ ਵਿਚ ਉਹ ਸ਼ਾਮਲ ਹਨ ਜੋ ਬਪਤਿਸਮਾ ਲੈ ਕੇ ਗਵਾਹ ਬਣੇ ਹਨ ਅਤੇ ਉਹ ਲੋਕ ਜੋ ਪ੍ਰਚਾਰ ਤਾਂ ਕਰਦੇ ਹਨ ਪਰ ਹਾਲੇ ਉਨ੍ਹਾਂ ਨੇ ਬਪਤਿਸਮਾ ਨਹੀਂ ਲਿਆ।
ਕੀ ਕਿਸੇ ਵਿਅਕਤੀ ਨੂੰ ਗਵਾਹ ਬਣਨ ਲਈ ਪੈਸੇ ਦੇਣੇ ਪੈਂਦੇ ਹਨ?
ਨਹੀਂ। ਸਾਡੇ ਸੰਗਠਨ ਵਿਚ ਜਦੋਂ ਕੋਈ ਵਿਅਕਤੀ ਗਵਾਹ ਬਣਦਾ ਹੈ ਜਾਂ ਉਸ ਨੂੰ ਕੋਈ ਜ਼ਿੰਮੇਵਾਰੀ ਜਾਂ ਸਨਮਾਨ ਮਿਲਦਾ ਹੈ, ਤਾਂ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ। (ਰਸੂਲਾਂ ਦੇ ਕੰਮ 8:18-20) ਅਸਲ ਵਿਚ ਸਾਰਾ ਦਾਨ ਕਿਸੇ ਨੂੰ ਬਿਨਾਂ ਦੱਸੇ ਦਿੱਤਾ ਜਾਂਦਾ ਹੈ। ਹਰ ਗਵਾਹ ਆਪਣੀ ਇੱਛਾ ਅਤੇ ਹਾਲਾਤਾਂ ਮੁਤਾਬਕ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਾਡੇ ਕੰਮ ਵਿਚ ਆਪਣਾ ਸਮਾਂ, ਤਾਕਤ ਅਤੇ ਪੈਸੇ ਲਾਉਂਦਾ ਹੈ।—2 ਕੁਰਿੰਥੀਆਂ 9:7.
ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿੰਨੇ ਜਣੇ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ?
ਹਰ ਮਹੀਨੇ ਗਵਾਹ ਆਪਣੀ-ਆਪਣੀ ਮੰਡਲੀ ਨੂੰ ਪ੍ਰਚਾਰ ਦੀ ਰਿਪੋਰਟ ਦਿੰਦੇ ਹਨ। ਇਹ ਰਿਪੋਰਟ ਆਪਣੀ ਇੱਛਾ ਨਾਲ ਦਿੱਤੀ ਜਾਂਦੀ ਹੈ।
ਮੰਡਲੀ ਦੀਆਂ ਰਿਪੋਰਟਾਂ ਦਾ ਰਿਕਾਰਡ ਬਣਾਇਆ ਜਾਂਦਾ ਹੈ ਤੇ ਪ੍ਰਚਾਰ ਵਿਚ ਬਿਤਾਏ ਘੰਟਿਆਂ ਦੀ ਕੁੱਲ ਗਿਣਤੀ ਦੇਸ਼ ਦੇ ਸ਼ਾਖ਼ਾ ਦਫ਼ਤਰ ਨੂੰ ਭੇਜੀ ਜਾਂਦੀ ਹੈ। ਅੱਗੋਂ ਸ਼ਾਖ਼ਾ ਦਫ਼ਤਰ ਆਪਣੇ ਦੇਸ਼ ਦੀ ਕੁੱਲ ਗਿਣਤੀ ਅਮਰੀਕਾ ਵਿਚ ਸਾਡੇ ਮੁੱਖ ਦਫ਼ਤਰ ਨੂੰ ਭੇਜ ਦਿੰਦਾ ਹੈ।
ਹਰ ਸੇਵਾ ਸਾਲ a ਦੇ ਅਖ਼ੀਰ ਵਿਚ ਹਰ ਦੇਸ਼ ਵਿਚ ਗਵਾਹਾਂ ਦੀ ਕੁੱਲ ਗਿਣਤੀ ਦੇਖੀ ਜਾਂਦੀ ਹੈ। ਸਾਰੇ ਦੇਸ਼ਾਂ ਦੀ ਗਿਣਤੀ ਨੂੰ ਮਿਲਾ ਕੇ ਦੇਖਿਆ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਗਵਾਹਾਂ ਦੀ ਗਿਣਤੀ ਕਿੰਨੀ ਹੈ। ਹਰ ਦੇਸ਼ ਦੀ ਪੂਰੀ ਰਿਪੋਰਟ ਤੁਸੀਂ ਸਾਡੀ ਵੈੱਬਸਾਈਟ ʼਤੇ “ਦੁਨੀਆਂ ਭਰ ਵਿਚ” ਭਾਗ ਹੇਠਾਂ ਦੇਖ ਸਕਦੇ ਹੋ। ਇਨ੍ਹਾਂ ਰਿਪੋਰਟਾਂ ਨਾਲ ਸਾਡਾ ਹੌਸਲਾ ਵਧਦਾ ਹੈ ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਦਾ ਅਜਿਹੀਆਂ ਰਿਪੋਰਟਾਂ ਸੁਣ ਕੇ ਵਧਿਆ ਸੀ।—ਰਸੂਲਾਂ ਦੇ ਕੰਮ 2:41; 4:4; 15:3.
ਕੀ ਤੁਸੀਂ ਉਨ੍ਹਾਂ ਨੂੰ ਗਿਣਦੇ ਹੋ ਜੋ ਤੁਹਾਡੇ ਸੰਗਠਨ ਵਿਚ ਆਉਂਦੇ ਹਨ ਪਰ ਪ੍ਰਚਾਰ ਨਹੀਂ ਕਰਦੇ?
ਭਾਵੇਂ ਅਸੀਂ ਉਨ੍ਹਾਂ ਨੂੰ ਗਵਾਹਾਂ ਦੀ ਗਿਣਤੀ ਵਿਚ ਸ਼ਾਮਲ ਨਹੀਂ ਕਰਦੇ, ਪਰ ਅਸੀਂ ਆਪਣੀਆਂ ਮੰਡਲੀਆਂ ਵਿਚ ਉਨ੍ਹਾਂ ਦਾ ਸੁਆਗਤ ਕਰਦੇ ਹਾਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਰ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੁੰਦੇ ਹਨ। ਸੋ ਇਸ ਸਭਾ ਵਿਚ ਆਏ ਇਨ੍ਹਾਂ ਲੋਕਾਂ ਦੀ ਗਿਣਤੀ ਅਤੇ ਗਵਾਹਾਂ ਦੀ ਗਿਣਤੀ ਦੇਖ ਕੇ ਤੁਲਨਾ ਕੀਤੀ ਜਾਂਦੀ ਹੈ ਕਿ ਗਵਾਹਾਂ ਤੋਂ ਇਲਾਵਾ ਹੋਰ ਕਿੰਨੇ ਲੋਕ ਹਾਜ਼ਰ ਹੋਏ ਸਨ। 2023 ਵਿਚ ਮੈਮੋਰੀਅਲ ਵਿਚ ਹਾਜ਼ਰ ਹੋਏ ਲੋਕਾਂ ਦੀ ਕੁੱਲ ਗਿਣਤੀ 2,04,61,767 ਸੀ।
ਬਹੁਤ ਸਾਰੇ ਲੋਕ, ਜੋ ਸਾਡੀਆਂ ਸਭਾਵਾਂ ਵਿਚ ਹਾਜ਼ਰ ਨਹੀਂ ਹੁੰਦੇ, ਘਰ ਵਿਚ ਕਰਾਏ ਜਾਂਦੇ ਮੁਫ਼ਤ ਬਾਈਬਲ ਅਧਿਐਨ ਤੋਂ ਫ਼ਾਇਦਾ ਲੈਂਦੇ ਹਨ। ਸਾਲ 2023 ਦੌਰਾਨ ਅਸੀਂ ਹਰ ਮਹੀਨੇ ਔਸਤਨ 72,81,212 ਬਾਈਬਲ ਅਧਿਐਨ ਕਰਾਏ। ਇਨ੍ਹਾਂ ਵਿੱਚੋਂ ਕਈ ਅਧਿਐਨ ਇੱਕੋ ਸਮੇਂ ਤੇ ਕਈ ਲੋਕਾਂ ਨੂੰ ਇਕੱਠਿਆਂ ਨੂੰ ਕਰਾਏ ਗਏ ਸਨ।
ਤੁਹਾਡੇ ਵੱਲੋਂ ਦੱਸੀ ਗਵਾਹਾਂ ਦੀ ਗਿਣਤੀ ਤੋਂ ਸਰਕਾਰ ਦੁਆਰਾ ਦੱਸੀ ਗਿਣਤੀ ਜ਼ਿਆਦਾ ਕਿਉਂ ਹੁੰਦੀ ਹੈ?
ਸਰਕਾਰ ਮਰਦਮਸ਼ੁਮਾਰੀ ਕਰਦੇ ਸਮੇਂ ਲੋਕਾਂ ਨੂੰ ਪੁੱਛਦੀ ਹੈ ਕਿ ਉਹ ਕਿਹੜੇ ਧਰਮ ਦੇ ਮੈਂਬਰ ਹਨ। ਇਸ ਆਧਾਰ ਤੇ ਸਰਕਾਰ ਉਨ੍ਹਾਂ ਦੀ ਗਿਣਤੀ ਕਰਦੀ ਹੈ। ਮਿਸਾਲ ਲਈ, ਅਮਰੀਕਾ ਦੀ ਮਰਦਮਸ਼ੁਮਾਰੀ ਕਰਨ ਵਾਲਿਆਂ ਮੁਤਾਬਕ “ਸਰਵੇਖਣ ਕਰ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਕਿਸੇ ਧਰਮ ਨਾਲ ਜੁੜੇ ਹੋਏ ਹਨ ਜਾਂ ਨਹੀਂ।” ਮਰਦਮਸ਼ੁਮਾਰੀ ਕਰਨ ਵਾਲਿਆਂ ਨੇ ਅੱਗੇ ਕਿਹਾ ਕਿ ਕੁੱਲ ਗਿਣਤੀ “ਲੋਕਾਂ ਦੀ ਰਾਇ ਅਨੁਸਾਰ ਹੁੰਦੀ ਹੈ ਨਾ ਕਿ ਤੱਥਾਂ ਦੇ ਆਧਾਰ ʼਤੇ।” ਇਸ ਦੇ ਉਲਟ, ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਵਜੋਂ ਗਿਣਦੇ ਹਾਂ ਜੋ ਦੂਸਰਿਆਂ ਨੂੰ ਪ੍ਰਚਾਰ ਕਰਦੇ ਹਨ ਅਤੇ ਇਸ ਦੀ ਰਿਪੋਰਟ ਦਿੰਦੇ ਹਨ, ਨਾ ਕਿ ਉਨ੍ਹਾਂ ਨੂੰ ਜੋ ਆਪਣੇ ਆਪ ਨੂੰ ਗਵਾਹ ਕਹਿੰਦੇ ਹਨ।
a ਸੇਵਾ ਸਾਲ 1 ਸਤੰਬਰ ਤੋਂ ਅਗਲੇ ਸਾਲ ਦੇ 31 ਅਗਸਤ ਤਕ ਹੁੰਦਾ ਹੈ। ਮਿਸਾਲ ਲਈ, 2015 ਦਾ ਸੇਵਾ ਸਾਲ 1 ਸਤੰਬਰ 2014 ਤੋਂ ਲੈ ਕੇ 31 ਅਗਸਤ 2015 ਤਕ ਸੀ।