ਯਹੂਦੀਆਂ ਦੇ ਕਤਲੇਆਮ ਦੌਰਾਨ ਯਹੋਵਾਹ ਦੇ ਗਵਾਹਾਂ ʼਤੇ ਵੀ ਜ਼ੁਲਮ ਕਿਉਂ ਕੀਤੇ ਗਏ?
ਦੂਜੇ ਵਿਸ਼ਵ ਯੁੱਧ ਦੌਰਾਨ ਲਗਭਗ 35,000 ਯਹੋਵਾਹ ਦੇ ਗਵਾਹ ਜਰਮਨੀ ਵਿਚ ਅਤੇ ਨਾਜ਼ੀਆਂ ਦੇ ਕਬਜ਼ੇ ਵਾਲੇ ਦੇਸ਼ਾਂ ਵਿਚ ਰਹਿੰਦੇ ਸਨ। ਇਨ੍ਹਾਂ ਵਿੱਚੋਂ ਲਗਭਗ 1,500 ਯਹੋਵਾਹ ਦੇ ਗਵਾਹ ਯਹੂਦੀਆਂ ਦੇ ਕਤਲੇਆਮ ਦੌਰਾਨ ਮਾਰੇ ਗਏ। ਇਨ੍ਹਾਂ ਵਿੱਚੋਂ ਹਰੇਕ ਦੀ ਮੌਤ ਦਾ ਕਾਰਨ ਤਾਂ ਫਿਲਹਾਲ ਪਤਾ ਨਹੀਂ ਲੱਗਾ, ਪਰ ਹਾਲੇ ਵੀ ਖੋਜ ਚੱਲ ਰਹੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਜਾਣਕਾਰੀ ਦਿੱਤੀ ਜਾਵੇ ਕਿ ਹੋਰ ਕਿੰਨੇ ਲੋਕ ਮਾਰੇ ਗਏ ਸਨ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਕੀ ਸੀ।
ਉਹ ਕਿਵੇਂ ਮਰੇ?
ਮੌਤ ਦੀ ਸਜ਼ਾ: ਜਰਮਨੀ ਅਤੇ ਨਾਜ਼ੀਆਂ ਦੇ ਕਬਜ਼ੇ ਵਾਲੇ ਦੇਸ਼ਾਂ ਵਿਚ ਰਹਿੰਦੇ ਲਗਭਗ 400 ਗਵਾਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਜ਼ਿਆਦਾਤਰ ਬੇਕਸੂਰ ਲੋਕਾਂ ʼਤੇ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ ਫਿਰ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ। ਕਈਆਂ ਨੂੰ ਬਿਨਾਂ ਕੋਈ ਮੁਕੱਦਮਾ ਚਲਾਏ ਗੋਲੀ ਮਾਰ ਦਿੱਤੀ ਗਈ ਜਾਂ ਫਾਂਸੀ ਦੇ ਦਿੱਤੀ ਗਈ।
ਨਜ਼ਰਬੰਦੀ ਕੈਂਪਾਂ ਵਿਚ ਸਖ਼ਤ ਹਾਲਾਤ: 1,000 ਤੋਂ ਵੱਧ ਗਵਾਹ ਨਾਜ਼ੀ ਤਸ਼ੱਦਦ ਕੈਂਪਾਂ ਅਤੇ ਜੇਲ੍ਹਾਂ ਵਿਚ ਮਾਰੇ ਗਏ। ਉਨ੍ਹਾਂ ਤੋਂ ਹੱਦੋਂ ਵੱਧ ਕੰਮ ਕਰਾਏ ਗਏ ਜਿਸ ਕਰਕੇ ਉਹ ਮਾਰੇ ਗਏ ਜਾਂ ਤਸੀਹੇ ਦੇਣ ਕਰਕੇ, ਭੁੱਖੇ ਰੱਖਣ ਕਰਕੇ, ਠੰਢ ਵਿਚ ਰੱਖਣ ਕਰਕੇ, ਬੀਮਾਰੀ ਜਾਂ ਸਹੀ ਇਲਾਜ ਨਾ ਮਿਲਣ ਕਰਕੇ ਉਹ ਮਾਰੇ ਗਏ। ਇਨ੍ਹਾਂ ਸਖ਼ਤ ਜ਼ੁਲਮਾਂ ਕਰਕੇ ਕਈ ਹੋਰ ਜਣੇ ਦੂਜੇ ਵਿਸ਼ਵ ਯੁੱਧ ਦੇ ਅਖ਼ੀਰ ਵਿਚ ਆਜ਼ਾਦ ਹੋਣ ਤੋਂ ਥੌੜੀ ਦੇਰ ਬਾਅਦ ਹੀ ਮਰ ਗਏ।
ਹੋਰ ਕਾਰਨ: ਕੁਝ ਗਵਾਹਾਂ ਨੂੰ ਮਾਰਨ ਲਈ ਜ਼ਹਿਰੀਲੀਆਂ ਗੈਸਾਂ ਨਾਲ ਭਰੇ ਕਮਰਿਆਂ ਵਿਚ ਬੰਦ ਕਰ ਦਿੱਤਾ ਗਿਆ, ਕਈਆਂ ʼਤੇ ਇਲਾਜ ਸੰਬੰਧੀ ਟੈੱਸਟ ਕੀਤੇ ਗਏ ਜਾਂ ਕਈਆਂ ਦੇ ਜ਼ਹਿਰ ਦੇ ਟੀਕੇ ਲਾ ਦਿੱਤੇ ਗਏ।
ਉਨ੍ਹਾਂ ʼਤੇ ਜ਼ੁਲਮ ਕਿਉਂ ਕੀਤੇ ਗਏ?
ਯਹੋਵਾਹ ਦੇ ਗਵਾਹ ਬਾਈਬਲ ਦੀਆਂ ਸਿੱਖਿਆਵਾਂ ਮੰਨਦੇ ਸਨ, ਇਸ ਕਰਕੇ ਉਨ੍ਹਾਂ ʼਤੇ ਜ਼ੁਲਮ ਕੀਤੇ ਗਏ। ਜਦੋਂ ਨਾਜ਼ੀਆਂ ਨੇ ਗਵਾਹਾਂ ਨੂੰ ਬਾਈਬਲ ਖ਼ਿਲਾਫ਼ ਜਾਣ ਲਈ ਕਿਹਾ, ਤਾਂ ਉਨ੍ਹਾਂ ਨੇ ਨਾਜ਼ੀਆਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਗਵਾਹ ਮੰਨਦੇ ਸਨ ਕਿ ‘ਪਰਮੇਸ਼ੁਰ ਹੀ ਉਨ੍ਹਾਂ ਦਾ ਰਾਜਾ ਹੈ, ਇਸ ਕਰਕੇ ਉਹ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਣਗੇ।’ (ਰਸੂਲਾਂ ਦੇ ਕੰਮ 5:29) ਆਓ ਦੋ ਮਾਮਲਿਆਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਮੰਨੀ।
ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣਾ। ਅੱਜ ਦੁਨੀਆਂ ਭਰ ਵਿਚ ਗਵਾਹ ਨਿਰਪੱਖ ਰਹਿੰਦੇ ਹਨ। ਉਨ੍ਹਾਂ ਵਾਂਗ ਨਾਜ਼ੀ ਸਰਕਾਰ ਦੇ ਅਧੀਨ ਰਹਿੰਦੇ ਯਹੋਵਾਹ ਦੇ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹੇ ਸਨ। (ਯੂਹੰਨਾ 18:36) ਇਸ ਲਈ ਉਨ੍ਹਾਂ ਨੇ
ਫ਼ੌਜ ਵਿਚ ਭਰਤੀ ਹੋਣ ਜਾਂ ਯੁੱਧਾਂ ਨਾਲ ਸੰਬੰਧਿਤ ਕਿਸੇ ਕੰਮ ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ।—ਯਸਾਯਾਹ 2:4; ਮੱਤੀ 26:52.
ਵੋਟਾਂ ਪਾਉਣ ਜਾਂ ਨਾਜ਼ੀ ਸੰਗਠਨਾਂ ਨਾਲ ਜੁੜਨ ਤੋਂ ਮਨ੍ਹਾ ਕਰ ਦਿੱਤਾ।—ਯੂਹੰਨਾ 17:16.
ਸਵਾਸਤਿਕ ਝੰਡੇ ਨੂੰ ਸਲਾਮੀ ਦੇਣ ਜਾਂ “ਹਾਈਲ ਹਿਟਲਰ” ਕਹਿਣ ਤੋਂ ਮਨ੍ਹਾ ਕਰ ਦਿੱਤਾ।—ਮੱਤੀ 23:10; 1 ਕੁਰਿੰਥੀਆਂ 10:14.
ਆਪਣੇ ਵਿਸ਼ਵਾਸਾਂ ਮੁਤਾਬਕ ਜੀਉਣਾ। ਚਾਹੇ ਕਿ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਜੀਉਣ ਤੋਂ ਮਨ੍ਹਾ ਕੀਤਾ ਗਿਆ ਸੀ, ਫਿਰ ਵੀ ਗਵਾਹ
ਪ੍ਰਾਰਥਨਾ ਅਤੇ ਭਗਤੀ ਕਰਨ ਲਈ ਮਿਲਦੇ ਰਹੇ।—ਇਬਰਾਨੀਆਂ 10:24, 25.
ਬਾਈਬਲ ਦਾ ਸੰਦੇਸ਼ ਸੁਣਾਉਂਦੇ ਰਹੇ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੰਦੇ ਰਹੇ।—ਮੱਤੀ 28:19, 20.
ਆਪਣੇ ਗੁਆਂਢੀਆਂ ਨਾਲ ਦਇਆ ਨਾਲ ਪੇਸ਼ ਆਉਂਦੇ ਰਹੇ ਜਿਨ੍ਹਾਂ ਵਿਚ ਯਹੂਦੀ ਵੀ ਸ਼ਾਮਲ ਸਨ।—ਮਰਕੁਸ 12:31.
ਆਪਣੀ ਨਿਹਚਾ ʼਤੇ ਪੱਕੇ ਰਹੇ ਅਤੇ ਅਜਿਹੇ ਕਿਸੇ ਵੀ ਦਸਤਾਵੇਜ਼ ʼਤੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ʼਤੇ ਲਿਖਿਆ ਸੀ ਕਿ ਉਨ੍ਹਾਂ ਨੇ ਯਹੋਵਾਹ ਨੂੰ ਮੰਨਣਾ ਛੱਡ ਦਿੱਤਾ ਹੈ।—ਮਰਕੁਸ 12:30.
ਪ੍ਰੋਫ਼ੈਸਰ ਰੌਬਰਟ ਗੇਰਵਾਰਥ ਮੁਤਾਬਕ “ਨਾਜ਼ੀ ਸਰਕਾਰ ਅਧੀਨ ਰਹਿੰਦੇ ਲੋਕਾਂ ਵਿਚ ਸਿਰਫ਼ ਯਹੋਵਾਹ ਦੇ ਗਵਾਹ ਹੀ ਉਹ ਲੋਕ ਸਨ ਜਿਨ੍ਹਾਂ ʼਤੇ ਉਨ੍ਹਾਂ ਦੇ ਵਿਸ਼ਵਾਸਾਂ ਕਰਕੇ ਜ਼ੁਲਮ ਕੀਤੇ ਗਏ।” a ਤਸ਼ੱਦਦ ਕੈਂਪਾਂ ਦੇ ਹੋਰ ਕੈਦੀ ਯਹੋਵਾਹ ਦੇ ਗਵਾਹਾਂ ਦੀ ਪੱਕੀ ਨਿਹਚਾ ਦੇਖ ਕੇ ਉਨ੍ਹਾਂ ਦੀ ਕਦਰ ਕਰਨ ਲੱਗ ਪਏ। ਇਕ ਆਸਟ੍ਰੀਅਨ ਕੈਦੀ ਨੇ ਗਵਾਹਾਂ ਬਾਰੇ ਕਿਹਾ: “ਉਹ ਕਦੇ ਵੀ ਫ਼ੌਜ ਵਿਚ ਭਰਤੀ ਨਹੀਂ ਹੋਣਗੇ। ਕਿਸੇ ਨੂੰ ਮਾਰਨ ਦੀ ਬਜਾਇ ਉਹ ਖ਼ੁਦ ਮਰਨਾ ਪਸੰਦ ਕਰਨਗੇ।”
ਉਹ ਕਿੱਥੇ ਮਾਰੇ ਗਏ?
ਤਸ਼ੱਦਦ ਕੈਂਪਾਂ ਵਿਚ: ਜ਼ਿਆਦਾਤਰ ਗਵਾਹ ਤਸ਼ੱਦਦ ਕੈਂਪਾਂ ਵਿਚ ਮਾਰੇ ਗਏ। ਉਨ੍ਹਾਂ ਨੂੰ ਕੈਂਪਾਂ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਜਿਵੇਂ ਕਿ ਆਉਸ਼ਵਿਟਸ, ਬੁਕਨਵਾਲਡ, ਡਾਖਾਓ, ਫਲੋਸੇਨਬਰਗ, ਮਾਉਥਾਉਸਨ, ਨੋਯੰਗਾਮਾ, ਨੀਡਾਹਾਗਨ, ਰੈਵਨਜ਼ਬਰੂਕ ਅਤੇ ਜ਼ਾਕਸਨਹਾਊਸਨ। ਲਗਭਗ 200 ਯਹੋਵਾਹ ਦੇ ਗਵਾਹਾਂ ਦੀ ਮੌਤ ਦੇ ਸਬੂਤ ਸਿਰਫ਼ ਜ਼ਾਕਸਨਹਾਊਸਨ ਵਿਚ ਹੀ ਮਿਲੇ।
ਜੇਲ੍ਹਾਂ ਵਿਚ: ਕੁਝ ਗਵਾਹਾਂ ਨੂੰ ਜੇਲ੍ਹਾਂ ਵਿਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਹੋਰ ਗਵਾਹ ਪੁੱਛ-ਗਿੱਛ ਵੇਲੇ ਕੀਤੀ ਕੁੱਟ-ਮਾਰ ਨਾਲ ਹੋਏ ਜ਼ਖ਼ਮਾਂ ਕਰਕੇ ਮਾਰੇ ਗਏ।
ਮੌਤ ਦੀ ਸਜ਼ਾ ਦੇਣ ਦੀਆਂ ਥਾਵਾਂ ʼਤੇ: ਯਹੋਵਾਹ ਦੇ ਗਵਾਹਾਂ ਨੂੰ ਖ਼ਾਸ ਕਰਕੇ ਬਰਲਿਨ-ਪਲੋਟਗੇਨਸੀ, ਬਰੈਂਡਨਬਰਗ ਅਤੇ ਹਾਲੇ/ਜ਼ਾਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ, ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਲਗਭਗ 70 ਹੋਰ ਥਾਵਾਂ ʼਤੇ ਗਵਾਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਜਿਨ੍ਹਾਂ ਕੁਝ ਜਣਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ
ਨਾਂ: ਹੇਲੇਨਾ ਗਟਹੋਲਡ
ਮੌਤ ਦੀ ਸਜ਼ਾ ਦੇਣ ਦੀ ਥਾਂ: ਪਲੋਟਗੇਨਸੀ (ਬਰਲਿਨ)
ਹੇਲੇਨਾ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਨੂੰ ਦੋ ਤੋਂ ਜ਼ਿਆਦਾ ਵਾਰ ਗਿਰਫ਼ਤਾਰ ਕੀਤਾ ਗਿਆ ਸੀ। 1937 ਵਿਚ ਇਕ ਪੁੱਛ-ਗਿੱਛ ਦੌਰਾਨ ਹੇਲੇਨਾ ਨਾਲ ਇੰਨਾ ਬੂਰਾ ਸਲੂਕ ਕੀਤਾ ਗਿਆ ਕਿ ਉਸ ਦਾ ਗਰਭ ਡਿੱਗ ਗਿਆ। 8 ਦਸੰਬਰ 1944 ਨੂੰ ਬਰਲਿਨ ਦੀ ਪਲੋਟਗੇਨਸੀ ਜੇਲ੍ਹ ਵਿਚ ਗਿਲੋਟੀਨ ਨਾਂ ਦੀ ਮਸ਼ੀਨ ਵਰਤ ਕੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ।
ਨਾਂ: ਗੇਰਹਾਰਟ ਲਿਬੋਲਡ
ਮੌਤ ਦੀ ਸਜ਼ਾ ਦੇਣ ਦੀ ਥਾਂ: ਬਰੈਂਡਨਬਰਗ
6 ਮਈ 1943 ਨੂੰ 20 ਸਾਲਾਂ ਦੇ ਗੇਰਹਾਰਟ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਸ ਤੋਂ ਦੋ ਸਾਲਾਂ ਬਾਅਦ ਉਸ ਦੇ ਪਿਤਾ ਦਾ ਵੀ ਉਸੇ ਜੇਲ੍ਹ ਵਿਚ ਸਿਰ ਕਲਮ ਕਰ ਦਿੱਤਾ ਗਿਆ। ਗੇਰਹਾਰਟ ਨੇ ਆਪਣੀ ਆਖ਼ਰੀ ਚਿੱਠੀ ਵਿਚ ਆਪਣੇ ਪਰਿਵਾਰ ਤੇ ਮੰਗੇਤਰ ਨੂੰ ਲਿਖਿਆ: “ਪ੍ਰਭੂ ਦੀ ਮਦਦ ਤੋਂ ਬਿਨਾਂ ਮੈਂ ਇਸ ਰਾਹ ʼਤੇ ਤੁਰਦਾ ਨਹੀਂ ਰਹਿ ਸਕਦਾ ਸੀ।”
ਨਾਂ: ਰੂਡੋਲਫ ਔਸ਼ਨਰ
ਮੌਤ ਦੀ ਸਜ਼ਾ ਦੇਣ ਦੀ ਥਾਂ: ਹਾਲੇ/ਜ਼ਾਲੇ
22 ਸਤੰਬਰ 1944 ਨੂੰ 17 ਸਾਲਾਂ ਦੇ ਰੂਡੋਲਫ ਦਾ ਸਿਰ ਕਲਮ ਕਰ ਦਿੱਤਾ ਗਿਆ। ਆਪਣੀ ਆਖ਼ਰੀ ਚਿੱਠੀ ਵਿਚ ਉਸ ਨੇ ਆਪਣੀ ਮੰਮੀ ਨੂੰ ਕਿਹਾ: “ਬਹੁਤ ਸਾਰੇ ਭਰਾ ਇਸ ਰਾਹ ʼਤੇ ਤੁਰੇ ਹਨ, ਇਸ ਲਈ ਮੈਂ ਵੀ ਇਸ ਰਾਹ ʼਤੇ ਤੁਰਾਂਗਾ।”
a ਹਿਟਲਰਜ਼ ਹੈਂਗਮੈਨ: ਦ ਲਾਈਫ ਆਫ਼ ਹੈਡਰਿਕ, ਸਫ਼ਾ 105.