ਯਹੋਵਾਹ ਦੇ ਗਵਾਹਾਂ ਦੇ ਵਿਗਿਆਨ ਬਾਰੇ ਕੀ ਵਿਚਾਰ ਹਨ?
ਅਸੀਂ ਵਿਗਿਆਨ ਵਿਚ ਹੋਈ ਤਰੱਕੀ ਦੀ ਕਦਰ ਕਰਦੇ ਹਾਂ ਅਤੇ ਵਿਗਿਆਨ ਦੀਆਂ ਉਨ੍ਹਾਂ ਖੋਜਾਂ ʼਤੇ ਯਕੀਨ ਕਰਦੇ ਹਾਂ ਜਿਨ੍ਹਾਂ ਦੇ ਸਬੂਤ ਹਨ।
“ਵਿਗਿਆਨ ਵਿਚ ਅਸੀਂ ਕੁਦਰਤ ਅਤੇ ਇਸ ਦੀਆਂ ਚੀਜ਼ਾਂ ਦੀ ਸਟੱਡੀ ਕਰ ਕੇ ਇਨ੍ਹਾਂ ਬਾਰੇ ਜਾਣਕਾਰੀ ਲੈਂਦੇ ਹਾਂ।” (Collins Cobuild Advanced Learner’s English Dictionary) ਭਾਵੇਂ ਬਾਈਬਲ ਵਿਗਿਆਨਕ ਕਿਤਾਬ ਨਹੀਂ ਹੈ, ਪਰ ਇਸ ਤੋਂ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਉਹ ਬ੍ਰਹਿਮੰਡ ਬਾਰੇ ਗਿਆਨ ਲੈਣ ਅਤੇ ਦੂਸਰਿਆਂ ਦੁਆਰਾ ਕੀਤੀਆਂ ਖੋਜਾਂ ਦਾ ਫ਼ਾਇਦਾ ਉਠਾਉਣ। ਆਓ ਕੁਝ ਮਿਸਾਲਾਂ ʼਤੇ ਗੌਰ ਕਰੀਏ:
ਖਗੋਲ-ਵਿਗਿਆਨ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ।”—ਯਸਾਯਾਹ 40:26.
ਜੀਵ-ਵਿਗਿਆਨ: ਸੁਲੇਮਾਨ “ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜ਼ੂਫੇ ਤੀਕ ਜੋ ਕੰਧਾਂ ਉੱਤੇ ਉੱਗਦਾ ਹੈ ਅਤੇ ਉਹ ਪਸੂਆਂ ਉੱਤੇ ਅਰ ਪੰਛੀਆਂ ਅਰ ਘਿਸਰਨ ਵਾਲਿਆਂ ਅਰ ਮੱਛੀਆਂ ਉੱਤੇ ਬੋਲਿਆ।”—1 ਰਾਜਿਆਂ 4:33.
ਦਵਾਈਆਂ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਹੁੰਦੀ ਹੈ।”—ਲੂਕਾ 5:31.
ਮੌਸਮ-ਵਿਗਿਆਨ: “ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ . . . ? ਪੁਰੇ ਦੀ ਹਵਾ ਦਾ ਧਰਤੀ ਉੱਤੇ ਖਿਲਾਰਨਾ ਕਿਵੇਂ ਹੈ?”—ਅੱਯੂਬ 38:22-24.
ਕੁਦਰਤ ਅਤੇ ਵਿਗਿਆਨ ਨੇ ਜੋ ਤਰੱਕੀ ਕੀਤੀ ਹੈ, ਉਸ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਲੇਖ ਛਾਪੇ ਜਾਂਦੇ ਹਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਵਿਗਿਆਨ ਬਾਰੇ ਸਹੀ ਨਜ਼ਰੀਆ ਰੱਖਦੇ ਹਾਂ। ਯਹੋਵਾਹ ਦੇ ਗਵਾਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ-ਲਿਖਾਉਂਦੇ ਹਨ ਤਾਂਕਿ ਉਨ੍ਹਾਂ ਦੇ ਬੱਚੇ ਬ੍ਰਹਿਮੰਡ ਨੂੰ ਚੰਗੀ ਤਰ੍ਹਾਂ ਸਮਝ ਸਕਣ। ਕਈ ਗਵਾਹ ਵਿਗਿਆਨਕ ਖੇਤਰਾਂ ਵਿਚ ਕੰਮ ਕਰਦੇ ਹਨ, ਜਿਵੇਂ ਜੀਵ-ਰਸਾਇਣ, ਗਣਿਤ ਅਤੇ ਭੌਤਿਕ-ਵਿਗਿਆਨ।
ਵਿਗਿਆਨ ਸਭ ਕੁਝ ਨਹੀਂ ਦੱਸ ਸਕਦਾ
ਅਸੀਂ ਇਹ ਯਕੀਨ ਨਹੀਂ ਕਰਦੇ ਕਿ ਵਿਗਿਆਨ ਇਨਸਾਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। a ਮਿਸਾਲ ਲਈ, ਜ਼ਮੀਨ ਦਾ ਅਧਿਐਨ ਕਰਨ ਵਾਲੇ ਭੂ-ਵਿਗਿਆਨੀ ਜਾਂਚ ਕਰਦੇ ਹਨ ਕਿ ਧਰਤੀ ਕਿਨ੍ਹਾਂ ਚੀਜ਼ਾਂ ਨਾਲ ਮਿਲ ਕੇ ਬਣੀ ਹੈ, ਇਨਸਾਨਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਸਟੱਡੀ ਕਰਦੇ ਹਨ ਕਿ ਮਨੁੱਖ ਦਾ ਸਰੀਰ ਕਿਵੇਂ ਕੰਮ ਕਰਦਾ ਹੈ। ਪਰ ਧਰਤੀ ʼਤੇ ਜੀਵਨ ਕਿਵੇਂ ਸੰਭਵ ਹੋਇਆ ਹੈ ਅਤੇ ਸਰੀਰ ਦੇ ਸਾਰੇ ਅੰਗ ਇਕ-ਦੂਜੇ ਨਾਲ ਮਿਲ ਕੇ ਇੰਨੇ ਵਧੀਆ ਤਰੀਕੇ ਨਾਲ ਕਿਉਂ ਕੰਮ ਕਰਦੇ ਹਨ?
ਅਸੀਂ ਇਸ ਨਤੀਜੇ ʼਤੇ ਪਹੁੰਚੇ ਹਾਂ ਕਿ ਸਿਰਫ਼ ਬਾਈਬਲ ਹੀ ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਦੇ ਸਕਦੀ ਹੈ। (ਜ਼ਬੂਰਾਂ ਦੀ ਪੋਥੀ 139:13-16; ਯਸਾਯਾਹ 45:18) ਇਸ ਲਈ ਸਾਡਾ ਮੰਨਣਾ ਹੈ ਕਿ ਚੰਗੀ ਸਿੱਖਿਆ ਲੈਣ ਵਿਚ ਵਿਗਿਆਨ ਅਤੇ ਬਾਈਬਲ ਦੋਵਾਂ ਬਾਰੇ ਸਿੱਖਣਾ ਸ਼ਾਮਲ ਹੈ।
ਕਈ ਵਾਰ ਲੱਗ ਸਕਦਾ ਹੈ ਕਿ ਬਾਈਬਲ ਵਿਗਿਆਨ ਨਾਲ ਮੇਲ ਨਹੀਂ ਖਾਂਦੀ। ਇਹ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਬਾਈਬਲ ਦੀਆਂ ਕੁਝ ਗੱਲਾਂ ਦਾ ਗ਼ਲਤ ਮਤਲਬ ਕੱਢ ਲੈਂਦੇ ਹਨ। ਮਿਸਾਲ ਲਈ, ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਧਰਤੀ 24-ਘੰਟੇ ਵਾਲੇ ਛੇ ਦਿਨਾਂ ਵਿਚ ਬਣਾਈ ਗਈ ਸੀ।—ਉਤਪਤ 1:1; 2:4.
ਕਈ ਮੰਨੀਆਂ-ਪ੍ਰਮੰਨੀਆਂ ਥਿਊਰੀਆਂ ਦੇ ਸਬੂਤ ਨਾ ਹੋਣ ਕਰਕੇ ਕੁਝ ਮਸ਼ਹੂਰ ਵਿਗਿਆਨੀਆਂ ਨੇ ਇਨ੍ਹਾਂ ਨੂੰ ਠੁਕਰਾ ਦਿੱਤਾ ਹੈ। ਮਿਸਾਲ ਲਈ, ਬ੍ਰਹਿਮੰਡ ਦੇ ਸ਼ਾਨਦਾਰ ਡੀਜ਼ਾਈਨ ਨੂੰ ਦੇਖ ਕੇ ਕਈ ਜੀਵ-ਵਿਗਿਆਨੀ, ਰਸਾਇਣ-ਵਿਗਿਆਨੀ ਅਤੇ ਹੋਰ ਬਹੁਤ ਸਾਰੇ ਇਸ ਸਿੱਟੇ ਤੇ ਪਹੁੰਚੇ ਹਨ ਕਿ ਜੀਉਂਦੀਆਂ ਚੀਜ਼ਾਂ ਵਿਕਾਸਵਾਦ ਦਾ ਨਤੀਜਾ ਨਹੀਂ ਹਨ।
a ਆਸਟ੍ਰੀਆ ਵਿਚ ਰਹਿਣ ਵਾਲਾ ਭੌਤਿਕ-ਵਿਗਿਆਨੀ ਅਤੇ ਨੋਬਲ ਪੁਰਸਕਾਰ ਜਿੱਤਣ ਵਾਲਾ ਵਿਗਿਆਨੀ ਏਰਵਿਨ ਸ਼ਰੋਡੀਂਗਰ ਲਿਖਦਾ ਹੈ: ‘ਵਿਗਿਆਨ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਪਰ ਇਹ ਸਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਜੋ ਸਾਡੇ ਦਿਲ ਵਿਚ ਹਨ।’ ਨਾਲੇ ਵਿਗਿਆਨੀ ਐਲਬਰਟ ਆਇਨਸਟਾਈਨ ਕਹਿੰਦਾ ਹੈ: “ਜ਼ਿੰਦਗੀ ਵਿਚ ਔਖੀਆਂ ਘੜੀਆਂ ਆਉਣ ʼਤੇ ਪਤਾ ਲੱਗਦਾ ਹੈ ਕਿ ਸਿਰਫ਼ ਗਿਆਨ ਹੋਣ ਨਾਲ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਹੱਲ ਨਹੀਂ ਕਰ ਸਕਦੇ।”