ਕੀ ਯਹੋਵਾਹ ਦੇ ਗਵਾਹਾਂ ਕੋਲ ਆਪਣੀ ਬਾਈਬਲ ਹੈ?
ਬਾਈਬਲ ਦਾ ਅਧਿਐਨ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਕਈ ਵੱਖੋ-ਵੱਖਰੇ ਅਨੁਵਾਦ ਇਸਤੇਮਾਲ ਕੀਤੇ ਹਨ। ਪਰ ਜੇ ਸਾਡੀ ਭਾਸ਼ਾ ਵਿਚ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਉਪਲਬਧ ਹੈ, ਤਾਂ ਅਸੀਂ ਖ਼ਾਸਕਰ ਇਸ ਨੂੰ ਵਰਤਣਾ ਪਸੰਦ ਕਰਦੇ ਹਾਂ। ਕਿਉਂ? ਕਿਉਂਕਿ ਇਸ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ, ਇਸ ਵਿਚ ਸਹੀ ਜਾਣਕਾਰੀ ਦਿੱਤੀ ਹੈ ਅਤੇ ਇਹ ਸਾਫ਼ ਸਮਝ ਆ ਜਾਂਦਾ ਹੈ।
ਪਰਮੇਸ਼ੁਰ ਦੇ ਨਾਂ ਦੀ ਵਰਤੋਂ। ਅਫ਼ਸੋਸ ਦੀ ਗੱਲ ਹੈ ਕਿ ਕੁਝ ਪ੍ਰਕਾਸ਼ਕਾਂ ਨੇ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਬਜਾਇ ਉਸ ਦਾ ਨਾਂ ਆਪਣੀਆਂ ਬਾਈਬਲਾਂ ਵਿਚ ਨਹੀਂ ਵਰਤਿਆ। ਮਿਸਾਲ ਲਈ, ਬਾਈਬਲ ਦੇ ਇਕ ਅਨੁਵਾਦ ਵਿਚ 70 ਤੋਂ ਜ਼ਿਆਦਾ ਲੋਕਾਂ ਦੇ ਨਾਂ ਦੱਸੇ ਗਏ ਹਨ ਜਿਨ੍ਹਾਂ ਨੇ ਇਸ ਨੂੰ ਤਿਆਰ ਕਰਨ ਵਿਚ ਕਿਸੇ-ਨਾ-ਕਿਸੇ ਤਰੀਕੇ ਨਾਲ ਯੋਗਦਾਨ ਪਾਇਆ ਸੀ। ਪਰ ਇਸੇ ਅਨੁਵਾਦ ਵਿੱਚੋਂ ਬਾਈਬਲ ਦੇ ਅਸਲੀ ਲਿਖਾਰੀ ਯਹੋਵਾਹ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਗਿਆ।
ਇਸ ਦੇ ਉਲਟ, ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਉਨ੍ਹਾਂ ਸਾਰੀਆਂ ਥਾਵਾਂ ʼਤੇ ਪਾਇਆ ਗਿਆ ਹੈ ਜਿਨ੍ਹਾਂ ਥਾਵਾਂ ʼਤੇ ਇਹ ਮੁਢਲੀਆਂ ਲਿਖਤਾਂ ਵਿਚ ਵਰਤਿਆ ਗਿਆ ਸੀ। ਪਰ ਕਮੇਟੀ ਦੇ ਜਿਨ੍ਹਾਂ ਮੈਂਬਰਾਂ ਨੇ ਇਹ ਅਨੁਵਾਦ ਤਿਆਰ ਕੀਤਾ ਹੈ, ਉਨ੍ਹਾਂ ਦੇ ਨਾਂ ਇਸ ਵਿਚ ਨਹੀਂ ਦਿੱਤੇ ਗਏ।
ਸਹੀ ਜਾਣਕਾਰੀ। ਬਾਈਬਲ ਦੇ ਕਈ ਅਨੁਵਾਦਾਂ ਵਿਚ ਕੁਝ ਗੱਲਾਂ ਦਾ ਤਰਜਮਾ ਸਹੀ-ਸਹੀ ਨਹੀਂ ਕੀਤਾ ਗਿਆ। ਮਿਸਾਲ ਲਈ, ਇਕ ਅਨੁਵਾਦ ਵਿਚ ਮੱਤੀ 7:13 ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਤੁਸੀਂ ਤੰਗ ਬੂਹੇ ਰਾਹੀਂ ਅੰਦਰ ਜਾਵੋ; ਕਿਉਂਕਿ ਉਹ ਬੂਹਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜਿਹੜਾ ਨਰਕ ਵੱਲ ਜਾਂਦਾ ਹੈ।” ਪਰ ਮੁਢਲੀ ਲਿਖਤ ਵਿਚ “ਨਰਕ” ਸ਼ਬਦ ਨਹੀਂ ਸੀ ਵਰਤਿਆ ਗਿਆ, ਸਗੋਂ “ਨਾਸ਼” ਵਰਤਿਆ ਗਿਆ ਸੀ। ਅਨੁਵਾਦਕਾਂ ਨੇ ਸ਼ਾਇਦ ਇਸ ਲਈ “ਨਰਕ” ਸ਼ਬਦ ਵਰਤਿਆ ਕਿਉਂਕਿ ਉਹ ਮੰਨਦੇ ਸਨ ਕਿ ਬੁਰੇ ਲੋਕਾਂ ਨੂੰ ਨਰਕ ਦੀ ਅੱਗ ਵਿਚ ਹਮੇਸ਼ਾ ਲਈ ਤੜਫ਼ਾਇਆ ਜਾਵੇਗਾ। ਪਰ ਬਾਈਬਲ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ। ਇਸ ਲਈ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਵਿਚ ਇਸ ਆਇਤ ਦਾ ਸਹੀ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਭੀੜੇ ਦਰਵਾਜ਼ੇ ਰਾਹੀਂ ਵੜੋ ਕਿਉਂਕਿ ਚੌੜਾ ਤੇ ਖੁੱਲ੍ਹਾ ਰਾਹ ਨਾਸ਼ ਵੱਲ ਜਾਂਦਾ ਹੈ।”
ਸਮਝਣ ਵਿਚ ਸਾਫ਼ ਤੇ ਸੌਖਾ। ਚੰਗਾ ਅਨੁਵਾਦ ਨਾ ਸਿਰਫ਼ ਸਹੀ ਹੋਣਾ ਚਾਹੀਦਾ ਹੈ, ਸਗੋਂ ਸਮਝਣ ਵਿਚ ਸੌਖਾ ਵੀ ਹੋਣਾ ਚਾਹੀਦਾ ਹੈ। ਮਿਸਾਲ ਲਈ, ਰੋਮੀਆਂ 12:11 ਵਿਚ ਪੌਲੁਸ ਰਸੂਲ ਨੇ ਜੋ ਸ਼ਬਦ ਵਰਤੇ ਸਨ, ਉਨ੍ਹਾਂ ਦਾ ਸ਼ਾਬਦਿਕ ਮਤਲਬ ਹੈ “ਆਤਮਾ ਨੂੰ ਉਬਾਲਣਾ।” ਇੱਥੇ ਇਨ੍ਹਾਂ ਸ਼ਬਦਾਂ ਦਾ ਮਤਲਬ ਪਤਾ ਨਹੀਂ ਲੱਗਦਾ। ਇਸ ਲਈ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਇਸ ਆਇਤ ਦਾ ਜੋ ਅਨੁਵਾਦ ਕਰਦੀ ਹੈ, ਉਹ ਸੌਖਿਆਂ ਹੀ ਸਮਝ ਆ ਜਾਂਦਾ ਹੈ। ਇਹ ਅਨੁਵਾਦ ਦੱਸਦਾ ਹੈ ਕਿ ਮਸੀਹੀਆਂ ਨੂੰ ‘ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣਨਾ’ ਚਾਹੀਦਾ ਹੈ।
ਪਰਮੇਸ਼ੁਰ ਦਾ ਨਾਂ ਵਰਤਣ, ਸਹੀ-ਸਹੀ ਤੇ ਸਾਫ਼ ਸਮਝ ਆ ਜਾਣ ਵਾਲੀ ਜਾਣਕਾਰੀ ਦੇਣ ਤੋਂ ਇਲਾਵਾ, ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਦੀ ਇਕ ਹੋਰ ਖ਼ਾਸੀਅਤ ਇਹ ਹੈ: ਇਹ ਬਾਈਬਲ ਮੁਫ਼ਤ ਵੰਡੀ ਜਾਂਦੀ ਹੈ। ਨਤੀਜੇ ਵਜੋਂ, ਲੱਖਾਂ ਲੋਕ ਇਸ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦੇ ਹਨ, ਉਹ ਲੋਕ ਵੀ ਜਿਨ੍ਹਾਂ ਕੋਲ ਬਾਈਬਲ ਖ਼ਰੀਦਣ ਲਈ ਪੈਸੇ ਨਹੀਂ ਹਨ।