ਪਾਠ 9
ਯਿਰਮਿਯਾਹ ਯਹੋਵਾਹ ਬਾਰੇ ਗੱਲ ਕਰਨੋਂ ਨਹੀਂ ਹਟਿਆ
ਜਦੋਂ ਅਸੀਂ ਲੋਕਾਂ ਨਾਲ ਯਹੋਵਾਹ ਬਾਰੇ ਗੱਲ ਕਰਦੇ ਹਾਂ, ਤਾਂ ਕਦੀ-ਕਦੀ ਉਹ ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਸਾਡੇ ਨਾਲ ਗੁੱਸੇ ਹੁੰਦੇ ਹਨ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਅੱਗੇ ਤੋਂ ਪਰਮੇਸ਼ੁਰ ਬਾਰੇ ਗੱਲ ਨਹੀਂ ਕਰਾਂਗੇ। ਕੀ ਤੂੰ ਕਦੀ ਇੱਦਾਂ ਸੋਚਿਆ ਹੈ?— ਬਾਈਬਲ ਸਾਨੂੰ ਇਕ ਆਦਮੀ ਬਾਰੇ ਦੱਸਦੀ ਹੈ ਜੋ ਯਹੋਵਾਹ ਨੂੰ ਪਿਆਰ ਕਰਦਾ ਸੀ, ਪਰ ਉਹ ਉਸ ਬਾਰੇ ਗੱਲ ਕਰਨ ਤੋਂ ਹਟਣ ਲੱਗਾ ਸੀ। ਉਸ ਦਾ ਨਾਂ ਸੀ ਯਿਰਮਿਯਾਹ। ਆਓ ਆਪਾਂ ਉਸ ਬਾਰੇ ਹੋਰ ਜਾਣੀਏ।
ਜਦੋਂ ਯਿਰਮਿਯਾਹ ਜਵਾਨ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: ‘ਤੂੰ ਲੋਕਾਂ ਨੂੰ ਜਾ ਕੇ ਦੱਸ ਕਿ ਉਹ ਬੁਰੇ ਕੰਮ ਨਾ ਕਰਨ।’ ਇਹ ਕੰਮ ਕਰਨਾ ਯਿਰਮਿਯਾਹ ਲਈ ਬਹੁਤ ਔਖਾ ਸੀ ਅਤੇ ਉਸ ਨੂੰ ਡਰ ਲੱਗਦਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: ‘ਮੈਨੂੰ ਨਹੀਂ ਪਤਾ ਕਿ ਮੈਂ ਕੀ ਕਹਾਂ, ਮੈਂ ਤਾਂ
ਸਿਰਫ਼ ਮੁੰਡਾ ਹਾਂ।’ ਪਰ ਯਹੋਵਾਹ ਨੇ ਉਸ ਨੂੰ ਕਿਹਾ: ‘ਤੂੰ ਨਾ ਡਰੀਂ। ਮੈਂ ਤੇਰੇ ਨਾਲ ਹਾਂ।’ਇਸ ਲਈ ਯਿਰਮਿਯਾਹ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਜੇ ਉਹ ਨਾ ਸੁਧਰੇ, ਤਾਂ ਉਨ੍ਹਾਂ ਨੂੰ ਸਜ਼ਾ ਮਿਲੇਗੀ। ਤੈਨੂੰ ਕੀ ਲੱਗਦਾ ਲੋਕਾਂ ਨੇ ਯਿਰਮਿਯਾਹ ਦੀ ਗੱਲ ਸੁਣੀ ਸੀ?— ਨਹੀਂ। ਉਨ੍ਹਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਨਾਲ ਬਹੁਤ ਗੁੱਸੇ ਹੋਏ। ਕਈ ਲੋਕ ਤਾਂ ਉਸ ਨੂੰ ਮਾਰਨਾ ਵੀ ਚਾਹੁੰਦੇ ਸੀ! ਤੇਰੇ ਖ਼ਿਆਲ ਵਿਚ ਯਿਰਮਿਯਾਹ ਨੂੰ ਕਿੱਦਾਂ ਲੱਗਾ ਹੋਵੇਗਾ?— ਉਹ ਡਰ ਗਿਆ ਅਤੇ ਕਹਿਣ ਲੱਗਾ: ‘ਮੈਂ ਯਹੋਵਾਹ ਬਾਰੇ ਅੱਗੇ ਤੋਂ ਗੱਲ ਨਹੀਂ ਕਰਨੀ।’ ਪਰ ਕੀ ਉਹ ਸੱਚੀਂ ਹਾਰ ਮੰਨ ਗਿਆ ਸੀ?— ਨਹੀਂ। ਉਹ ਯਹੋਵਾਹ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਉਸ ਬਾਰੇ ਗੱਲ ਕਰਨ ਤੋਂ ਨਹੀਂ ਰੁਕ ਸਕਿਆ। ਯਿਰਮਿਯਾਹ ਨੇ ਹਾਰ ਨਹੀਂ ਮੰਨੀ, ਇਸ ਲਈ ਯਹੋਵਾਹ ਨੇ ਉਸ ਨੂੰ ਬਚਾ ਕੇ ਰੱਖਿਆ।
ਮਿਸਾਲ ਲਈ, ਇਕ ਵਾਰੀ ਯਿਰਮਿਯਾਹ ਦੇ ਦੁਸ਼ਮਣਾਂ ਨੇ ਉਸ ਨੂੰ ਚਿੱਕੜ ਨਾਲ ਭਰੇ ਟੋਏ ਵਿਚ ਸੁੱਟ ਦਿੱਤਾ। ਉਸ ਕੋਲ ਨਾ ਖਾਣਾ ਸੀ, ਨਾ ਪਾਣੀ। ਉਸ ਦੇ ਦੁਸ਼ਮਣ ਚਾਹੁੰਦੇ ਸੀ ਕਿ ਉਹ ਉੱਥੇ ਹੀ ਮਰ ਜਾਵੇ। ਪਰ ਯਹੋਵਾਹ ਦੀ ਮਦਦ ਨਾਲ ਉਹ ਟੋਏ ਵਿੱਚੋਂ ਨਿਕਲ ਕੇ ਬਚ ਗਿਆ!
ਯਿਰਮਿਯਾਹ ਦੀ ਮਿਸਾਲ ਤੋਂ ਤੂੰ ਕੀ ਸਿੱਖਿਆ?— ਯਿਰਮਿਯਾਹ ਨੂੰ ਕਦੀ-ਕਦੀ ਡਰ ਜ਼ਰੂਰ ਲੱਗਦਾ ਸੀ, ਪਰ ਉਹ ਯਹੋਵਾਹ ਬਾਰੇ ਗੱਲ ਕਰਨੋਂ ਕਦੀ ਨਹੀਂ ਹਟਿਆ। ਜਦੋਂ ਤੂੰ ਯਹੋਵਾਹ ਬਾਰੇ ਗੱਲ ਕਰਦਾ ਹੈਂ, ਤਾਂ ਲੋਕ ਸ਼ਾਇਦ ਤੇਰੇ ’ਤੇ ਹੱਸਣ ਜਾਂ ਗੁੱਸੇ ਹੋਣ। ਤੈਨੂੰ ਸ਼ਾਇਦ ਸ਼ਰਮ ਆਵੇ ਜਾਂ ਡਰ ਵੀ ਲੱਗੇ, ਪਰ ਯਹੋਵਾਹ ਬਾਰੇ ਗੱਲ ਕਰਦਾ ਰਹਿ। ਉਹ ਹਮੇਸ਼ਾ ਤੇਰਾ ਸਾਥ ਦੇਵੇਗਾ ਜਿਵੇਂ ਉਸ ਨੇ ਯਿਰਮਿਯਾਹ ਦਾ ਸਾਥ ਦਿੱਤਾ ਸੀ।