Skip to content

Skip to table of contents

ਪਾਠ 10

ਯਿਸੂ ਨੇ ਹਮੇਸ਼ਾ ਕਹਿਣਾ ਮੰਨਿਆ

ਯਿਸੂ ਨੇ ਹਮੇਸ਼ਾ ਕਹਿਣਾ ਮੰਨਿਆ

ਕੀ ਆਪਣੇ ਮੰਮੀ-ਡੈਡੀ ਦਾ ਹਮੇਸ਼ਾ ਕਹਿਣਾ ਮੰਨਣਾ ਸੌਖਾ ਹੈ?— ਕਦੇ-ਕਦੇ ਔਖਾ ਹੁੰਦਾ ਹੈ। ਕੀ ਤੈਨੂੰ ਪਤਾ ਹੈ ਕਿ ਯਿਸੂ ਨੂੰ ਕਿਹਦਾ ਕਹਿਣਾ ਮੰਨਣਾ ਪੈਂਦਾ ਸੀ?— ਯਹੋਵਾਹ ਅਤੇ ਆਪਣੇ ਮਾਪਿਆਂ ਦਾ। ਉਸ ਦੀ ਰੀਸ ਕਰ ਕੇ ਤੂੰ ਵੀ ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨ ਸਕਦਾ ਹੈਂ, ਉਦੋਂ ਵੀ ਜਦ ਸੌਖਾ ਨਾ ਹੋਵੇ। ਆਓ ਆਪਾਂ ਇਸ ਬਾਰੇ ਹੋਰ ਗੱਲ ਕਰੀਏ।

ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਆਪਣੇ ਪਿਤਾ ਯਹੋਵਾਹ ਨਾਲ ਰਹਿੰਦਾ ਸੀ। ਪਰ ਧਰਤੀ ’ਤੇ ਵੀ ਯਿਸੂ ਦੇ ਮਾਂ-ਬਾਪ ਸਨ। ਉਨ੍ਹਾਂ ਦੇ ਨਾਂ ਸਨ ਯੂਸੁਫ਼ ਅਤੇ ਮਰੀਅਮ। ਕੀ ਤੈਨੂੰ ਪਤਾ ਕਿ ਉਹ ਯਿਸੂ ਦੇ ਮਾਂ-ਬਾਪ ਕਿਵੇਂ ਬਣੇ?—

ਯਹੋਵਾਹ ਨੇ ਸਵਰਗ ਤੋਂ ਯਿਸੂ ਦੀ ਜਾਨ ਮਰੀਅਮ ਦੀ ਕੁੱਖ ਵਿਚ ਪਾ ਦਿੱਤੀ ਤਾਂਕਿ ਉਹ ਧਰਤੀ ਉੱਤੇ ਜਨਮ ਲੈ ਸਕੇ। ਇਹ ਚਮਤਕਾਰ ਸੀ! ਫਿਰ ਜਿੱਦਾਂ ਸਾਰੇ ਬੱਚੇ ਮਾਂ ਦੀ ਕੁੱਖ ਵਿਚ ਪਲ਼ਦੇ ਹਨ, ਉੱਦਾਂ ਹੀ ਯਿਸੂ ਪਲ਼ਿਆ। ਨੌਂ ਕੁ ਮਹੀਨਿਆਂ ਬਾਅਦ ਯਿਸੂ ਪੈਦਾ ਹੋਇਆ। ਇਸ ਤਰ੍ਹਾਂ ਮਰੀਅਮ ਅਤੇ ਉਸ ਦਾ ਪਤੀ ਯੂਸੁਫ਼ ਯਿਸੂ ਦੇ ਮੰਮੀ-ਡੈਡੀ ਬਣੇ।

ਜਦੋਂ ਯਿਸੂ ਸਿਰਫ਼ 12 ਸਾਲਾਂ ਦਾ ਸੀ, ਤਾਂ ਉਸ ਨੇ ਅਜਿਹਾ ਕੁਝ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਨੂੰ ਕਿੰਨਾ ਪਿਆਰ ਕਰਦਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਯਿਸੂ ਆਪਣੇ ਪਰਿਵਾਰ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ ਸੀ। ਘਰ ਆਉਂਦੇ ਸਮੇਂ ਯੂਸੁਫ਼ ਤੇ ਮਰੀਅਮ ਯਿਸੂ ਨੂੰ ਰਾਹ ਵਿਚ ਕਿਤੇ ਨਾ ਲੱਭ ਸਕੇ। ਕੀ ਤੈਨੂੰ ਪਤਾ ਹੈ ਕਿ ਉਹ ਕਿੱਥੇ ਸੀ?—

ਯਿਸੂ ਮੰਦਰ ਵਿਚ ਕਿਉਂ ਸੀ?

ਯੂਸੁਫ਼ ਤੇ ਮਰੀਅਮ ਜਲਦੀ ਯਰੂਸ਼ਲਮ ਵਾਪਸ ਚਲੇ ਗਏ ਅਤੇ ਹਰ ਪਾਸੇ ਯਿਸੂ ਨੂੰ ਲੱਭਣ ਲੱਗੇ। ਉਨ੍ਹਾਂ ਨੂੰ ਬਹੁਤ ਫ਼ਿਕਰ ਲੱਗਾ ਸੀ ਕਿਉਂਕਿ ਯਿਸੂ ਕਿਤੇ ਨਹੀਂ ਸੀ। ਪਰ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਮੰਦਰ ਵਿਚ ਲੱਭ ਲਿਆ! ਕੀ ਤੈਨੂੰ ਪਤਾ ਹੈ ਕਿ ਯਿਸੂ ਮੰਦਰ ਵਿਚ ਕਿਉਂ ਸੀ?— ਉਹ ਇਸ ਲਈ ਉੱਥੇ ਸੀ ਤਾਂਕਿ ਉਹ ਆਪਣੇ ਪਿਤਾ ਯਹੋਵਾਹ ਬਾਰੇ ਹੋਰ ਸਿੱਖ ਸਕੇ। ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਤੇ ਜਾਣਨਾ ਚਾਹੁੰਦਾ ਸੀ ਕਿ ਉਹ ਉਸ ਦਾ ਦਿਲ ਕਿੱਦਾਂ ਖ਼ੁਸ਼ ਕਰੇ। ਵੱਡਾ ਹੋ ਕੇ ਵੀ ਯਿਸੂ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨਿਆ। ਯਿਸੂ ਉਦੋਂ ਵੀ ਆਗਿਆਕਾਰ ਰਿਹਾ ਜਦ ਇਸ ਤਰ੍ਹਾਂ ਕਰਨਾ ਉਹ ਦੇ ਲਈ ਔਖਾ ਸੀ ਤੇ ਉਸ ਨੂੰ ਦੁੱਖ ਵੀ ਝੱਲਣੇ ਪਏ। ਕੀ ਯਿਸੂ ਨੇ ਯੂਸੁਫ਼ ਤੇ ਮਰੀਅਮ ਦਾ ਵੀ ਕਹਿਣਾ ਮੰਨਿਆ ਸੀ?— ਹਾਂ, ਬਾਈਬਲ ਦੱਸਦੀ ਹੈ ਕਿ ਉਸ ਨੇ ਕਹਿਣਾ ਮੰਨਿਆ।

ਤੂੰ ਯਿਸੂ ਦੀ ਮਿਸਾਲ ਤੋਂ ਕੀ ਸਿੱਖਿਆ ਹੈ?— ਤੈਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ, ਉਦੋਂ ਵੀ ਜਦ ਤੇਰੇ ਲਈ ਔਖਾ ਹੋਵੇ। ਕੀ ਤੂੰ ਇਸ ਤਰ੍ਹਾਂ ਕਰੇਂਗਾ?—

ਆਪਣੀ ਬਾਈਬਲ ਵਿੱਚੋਂ ਪੜ੍ਹੋ