ਪਾਠ 14
ਸਾਰੀ ਧਰਤੀ ਉੱਤੇ ਇੱਕੋ ਰਾਜ
ਤੈਨੂੰ ਪਤਾ ਕਿ ਆਪਾਂ ਕਿਹੜੇ ਰਾਜ ਦੀ ਗੱਲ ਕਰ ਰਹੇ ਹਾਂ?— ਪਰਮੇਸ਼ੁਰ ਦਾ ਰਾਜ ਜੋ ਸਾਰੀ ਧਰਤੀ ਨੂੰ ਸੁੰਦਰ ਬਣਾਵੇਗਾ। ਕੀ ਤੂੰ ਇਸ ਰਾਜ ਬਾਰੇ ਹੋਰ ਜਾਣਨਾ ਚਾਹੁੰਦਾ ਹੈਂ?—
ਹਰ ਕਿਸੇ ਰਾਜ ਦਾ ਇਕ ਰਾਜਾ ਹੁੰਦਾ ਹੈ। ਉਹ ਰਾਜਾ ਆਪਣੇ ਦੇਸ਼ ਦੇ ਲੋਕਾਂ ਉੱਤੇ ਰਾਜ ਕਰਦਾ ਹੈ। ਤੈਨੂੰ ਪਤਾ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ ਕੌਣ ਹੈ?— ਯਿਸੂ ਮਸੀਹ। ਉਹ ਸਵਰਗ ਵਿਚ ਰਹਿੰਦਾ ਹੈ। ਉਹ ਬਹੁਤ ਜਲਦੀ ਧਰਤੀ ਉਤਲੇ ਸਾਰੇ ਲੋਕਾਂ ਉੱਤੇ ਰਾਜ ਕਰੇਗਾ! ਤੇਰੇ ਖ਼ਿਆਲ ਵਿਚ ਜਦ ਯਿਸੂ ਸਾਰੀ ਧਰਤੀ ਉੱਤੇ ਰਾਜ ਕਰੇਗਾ, ਤਾਂ ਕੀ ਇਹ ਸਾਡੇ ਲਈ ਖ਼ੁਸ਼ੀ ਦਾ ਸਮਾਂ ਹੋਵੇਗਾ?—
ਨਵੀਂ ਦੁਨੀਆਂ ਵਿਚ ਤੂੰ ਕੀ-ਕੀ ਕਰਨਾ ਚਾਹੁੰਦਾ ਹੈਂ?
ਹਾਂ, ਆਪਾਂ ਸਾਰੇ ਬਹੁਤ ਖ਼ੁਸ਼ ਹੋਵਾਂਗੇ! ਉਸ ਨਵੀਂ ਦੁਨੀਆਂ ਵਿਚ ਲੋਕ ਨਾਂ ਲੜਨਗੇ ਅਤੇ ਨਾ ਯੁੱਧ ਕਰਨ ਜਾਣਗੇ। ਸਾਰੇ ਜਣੇ ਇਕ-ਦੂਜੇ ਨਾਲ ਪਿਆਰ ਕਰਨਗੇ। ਨਾ ਕੋਈ ਬੀਮਾਰ ਹੋਵੇਗਾ ਤੇ ਨਾ ਕੋਈ ਮਰੇਗਾ। ਅੰਨ੍ਹੇ ਲੋਕ ਦੇਖ ਸਕਣਗੇ, ਬੋਲ਼ੇ ਲੋਕ ਸੁਣ ਸਕਣਗੇ ਅਤੇ ਜਿਹੜੇ ਲੋਕ ਤੁਰ ਨਹੀਂ ਸਕਦੇ, ਉਹ ਦੌੜਨਗੇ ਤੇ ਨੱਚਣ-ਟੱਪਣਗੇ। ਸਾਰਿਆਂ ਕੋਲ ਬਥੇਰਾ ਰੋਟੀ-ਪਾਣੀ ਹੋਵੇਗਾ। ਜਾਨਵਰ ਰਲ-ਮਿਲ ਕੇ ਇਕ-ਦੂਜੇ ਨਾਲ ਰਹਿਣਗੇ ਤੇ ਸਾਡੇ ਨਾਲ ਵੀ ਦੋਸਤੀ ਕਰਨਗੇ। ਜਿਹੜੇ ਲੋਕ ਮਰ ਗਏ ਹਨ, ਉਹ ਦੁਬਾਰਾ ਜੀਉਂਦੇ ਹੋਣਗੇ। ਇਸ ਬਰੋਸ਼ਰ ਵਿਚ ਜਿਨ੍ਹਾਂ ਤੀਵੀਂ-ਆਦਮੀਆਂ ਬਾਰੇ ਤੂੰ ਸਿੱਖਿਆ ਹੈ, ਉਹ ਵੀ ਸਾਰੇ ਦੁਬਾਰਾ ਜੀਉਂਦੇ ਹੋਣਗੇ ਜਿਵੇਂ ਰਿਬਕਾਹ, ਰਾਹਾਬ, ਦਾਊਦ
ਅਤੇ ਏਲੀਯਾਹ! ਕੀ ਤੂੰ ਇਨ੍ਹਾਂ ਸਾਰੇ ਜਣਿਆਂ ਨੂੰ ਮਿਲਣਾ ਚਾਹੇਂਗਾ?—ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੂੰ ਖ਼ੁਸ਼ ਰਹੇਂ। ਜੇ ਤੂੰ ਯਹੋਵਾਹ ਬਾਰੇ ਸਿੱਖਦਾ ਰਹੇਂਗਾ ਤੇ ਉਸ ਦਾ ਕਹਿਣਾ ਮੰਨੇਗਾ, ਤਾਂ ਤੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਂਦਾ ਰਹਿ ਸਕੇਂਗਾ! ਕੀ ਤੂੰ ਉਸ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦਾ ਹੈਂ?—