Skip to content

ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?

ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?

ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?

ਆਮ ਤੌਰ ਤੇ ਲੋਕ ਇਹੀ ਕਹਿਣਗੇ ਕਿ ਰੱਬ ਇਸ ਦੁਨੀਆਂ ਦਾ ਰਾਜਾ ਹੈ। ਪਰ ਅਸਲ ਵਿਚ ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਕਿ ਰੱਬ ਜਾਂ ਉਸ ਦਾ ਪੁੱਤਰ ਯਿਸੂ ਮਸੀਹ ਇਸ ਦੁਨੀਆਂ ’ਤੇ ਰਾਜ ਕਰ ਰਹੇ ਹਨ। ਇਸ ਦੇ ਉਲਟ ਯਿਸੂ ਨੇ ਕਿਹਾ ਸੀ ਕਿ “ਇਸ ਦੁਨੀਆਂ ਦਾ ਹਾਕਮ ਬਾਹਰ ਸੁੱਟਿਆ ਜਾਵੇਗਾ।” ਉਸ ਨੇ ਇਹ ਵੀ ਕਿਹਾ ਕਿ “ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ।” ਅਤੇ ਅੱਗੇ ਕਿਹਾ ਕਿ “ਉਸ ਦਾ ਮੇਰੇ ਉੱਪਰ ਕੋਈ ਇਖਤਿਆਰ ਨਹੀਂ ਹੈ।”—ਯੂਹੰਨਾ 12:31; 14:30; 16:11, ਈਜ਼ੀ ਟੂ ਰੀਡ ਵਰਯਨ।

ਸੋ ਇਸ ਦੁਨੀਆਂ ਦਾ ਅਸਲੀ ਰਾਜਾ ਯਿਸੂ ਦਾ ਵਿਰੋਧੀ ਹੈ। ਇਹ ਕੌਣ ਹੋ ਸਕਦਾ ਹੈ?

ਦੁਨੀਆਂ ਦੇ ਹਾਲਾਤਾਂ ਤੋਂ ਸਾਨੂੰ ਕੀ ਪਤਾ ਚੱਲਦਾ ਹੈ?

ਇਤਿਹਾਸ ਗਵਾਹ ਹੈ ਕਿ ਭਾਵੇਂ ਕਈ ਲੋਕਾਂ ਨੇ ਚੰਗੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਲੋਕ ਦੁੱਖਾਂ ਨਾਲ ਘਿਰੇ ਹੋਏ ਹਨ। ਬਹੁਤ ਸਾਰੇ ਲੋਕ ਇਕ ਮੰਨੇ-ਪ੍ਰਮੰਨੇ ਲੇਖਕ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ: ‘ਆਮ ਲੋਕਾਂ ਨੂੰ ਪੁੱਛ ਕੇ ਦੇਖੋ, ਤਾਂ ਉਹ ਕਹਿਣਗੇ ਕਿ ਉਹ ਸ਼ਾਂਤੀ ਅਤੇ ਦੂਜਿਆਂ ਦਾ ਭਲਾ ਚਾਹੁੰਦੇ ਹਨ। ਤਾਂ ਫਿਰ ਧਰਤੀ ’ਤੇ ਅਮਨ-ਚੈਨ ਦੀ ਥਾਂ ਲੜਾਈਆਂ ਕਿਉਂ ਹੁੰਦੀਆਂ ਹਨ? ਇਸ ਦੀ ਵਜ੍ਹਾ ਕੀ ਹੈ?’

ਕਿੰਨੀ ਅਜੀਬ ਗੱਲ ਹੈ, ਹੈ ਨਾ? ਲੋਕੀ ਇਕ-ਦੂਸਰੇ ਨਾਲ ਸ਼ਾਂਤੀ ਨਾਲ ਵੱਸਣਾ ਚਾਹੁੰਦੇ ਹਨ, ਪਰ ਫਿਰ ਵੀ ਉਹ ਇਕ-ਦੂਜੇ ਨਾਲ ਨਫ਼ਰਤ ਕਰਦੇ, ਜ਼ੁਲਮ ਢਾਹੁੰਦੇ ਤੇ ਇਕ-ਦੂਜੇ ਦਾ ਕਤਲ ਕਰਦੇ ਹਨ। ਇਤਿਹਾਸ ਦੇ ਪੰਨੇ ਮਨੁੱਖ ਦੀਆਂ ਜ਼ੁਲਮੀ ਕਾਰਵਾਈਆਂ ਨਾਲ ਭਰੇ ਪਏ ਹਨ। ਇਨਸਾਨਾਂ ਨੇ ਇਕ-ਦੂਸਰੇ ਨੂੰ ਬੇਰਹਿਮੀ ਨਾਲ ਤਸੀਹੇ ਦੇਣ ਅਤੇ ਕਤਲ ਕਰਨ ਲਈ ਗੈਸ-ਚੈਂਬਰ, ਨਜ਼ਰਬੰਦੀ-ਕੈਂਪ, ਅੱਗ ਵਰ੍ਹਾਉਣ ਵਾਲੀਆਂ ਗੰਨਾਂ, ਨਪਾਮ ਬੰਬ ਅਤੇ ਹੋਰ ਘਿਣਾਉਣੇ ਹਥਿਆਰ ਇਸਤੇਮਾਲ ਕੀਤੇ ਹਨ।

ਕੀ ਤੁਹਾਨੂੰ ਅਜੀਬ ਨਹੀਂ ਲੱਗਦਾ ਕਿ ਜਿਹੜੇ ਲੋਕ ਸ਼ਾਂਤੀ ਅਤੇ ਖ਼ੁਸ਼ੀ ਲਈ ਤਰਸਦੇ ਹਨ, ਉਹੀ ਦੂਸਰਿਆਂ ਉੱਤੇ ਕਹਿਰ ਢਾਹ ਸਕਦੇ ਹਨ? ਤੁਹਾਡੇ ਖ਼ਿਆਲ ਵਿਚ ਕੀ ਅਜਿਹੀ ਕੋਈ ਸ਼ਕਤੀ ਹੈ ਜੋ ਲੋਕਾਂ ਨੂੰ ਅਜਿਹੇ ਜ਼ੁਲਮ ਕਰਨ ਲਈ ਉਕਸਾ ਰਹੀ ਹੈ?

ਇਸ ਦੁਨੀਆਂ ’ਤੇ ਕੌਣ ਰਾਜ ਕਰ ਰਹੇ ਹਨ?

ਸਾਨੂੰ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਕਿਉਂਕਿ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਇਕ ਖ਼ਤਰਨਾਕ ਸ਼ਖ਼ਸ਼ ਇਨਸਾਨਾਂ ਅਤੇ ਕੌਮਾਂ ਨੂੰ ਕੰਟ੍ਰੋਲ ਕਰ ਰਿਹਾ ਹੈ। ਬਾਈਬਲ ਕਹਿੰਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਹ ਦੁਸ਼ਟ ਕੌਣ ਹੈ? ਬਾਈਬਲ ਜਵਾਬ ਦਿੰਦੀ ਹੈ ਕਿ ਉਹ “ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।”—1 ਯੂਹੰਨਾ 5:19; ਪਰਕਾਸ਼ ਦੀ ਪੋਥੀ 12:9.

ਇਕ ਵਾਰ ਜਦੋਂ ਸ਼ਤਾਨ ਨੇ ਯਿਸੂ ਨੂੰ ਪਰਤਾਇਆ ਸੀ, ਤਾਂ ਯਿਸੂ ਜਾਣਦਾ ਸੀ ਕਿ ਦੁਨੀਆਂ ਦਾ ਰਾਜਾ ਸ਼ਤਾਨ ਹੈ। ਬਾਈਬਲ ਦੱਸਦੀ ਹੈ ਕਿ ਕੀ ਹੋਇਆ: “ਫੇਰ ਸ਼ਤਾਨ ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ ਉਹ ਨੂੰ ਵਿਖਾਇਆ ਅਤੇ ਉਹ ਨੂੰ ਕਿਹਾ, ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ਤਾਨ ਚੱਲਿਆ ਜਾਹ!”—ਮੱਤੀ 4:1, 8-10.

ਜ਼ਰਾ ਸੋਚੋ, ਸ਼ਤਾਨ ਨੇ ਯਿਸੂ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ” ਪੇਸ਼ ਕਰ ਕੇ ਉਸ ਨੂੰ ਪਰਤਾਇਆ ਸੀ। ਪਰ ਜੇ ਸ਼ਤਾਨ ਇਸ ਦੁਨੀਆਂ ਦਾ ਰਾਜਾ ਨਾ ਹੁੰਦਾ, ਤਾਂ ਕੀ ਉਹ ਯਿਸੂ ਨੂੰ ਦੁਨੀਆਂ ਦੀਆਂ ਪਾਤਸ਼ਾਹੀਆਂ ਪੇਸ਼ ਕਰ ਸਕਦਾ ਸੀ? ਨਹੀਂ। ਧਿਆਨ ਦੇਣ ਵਾਲੀ ਗੱਲ ਹੈ ਕਿ ਯਿਸੂ ਨੇ ਸ਼ਤਾਨ ਨੂੰ ਇਹ ਨਹੀਂ ਕਿਹਾ ਕਿ ‘ਇਹ ਸਾਰੀਆਂ ਪਾਤਸ਼ਾਹੀਆਂ ਤੇਰੀਆਂ ਨਹੀਂ!’ ਯਿਸੂ ਜ਼ਰੂਰ ਇਸੇ ਤਰ੍ਹਾਂ ਕਹਿੰਦਾ ਜੇ ਇਹ ਸਰਕਾਰਾਂ ਸ਼ਤਾਨ ਦੀਆਂ ਨਾ ਹੁੰਦੀਆਂ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਹੀ ਇਸ ਦੁਨੀਆਂ ’ਤੇ ਰਾਜ ਕਰਦਾ ਹੈ! ਵਾਕਈ, ਬਾਈਬਲ ਉਸ ਨੂੰ ‘ਇਸ ਜੁੱਗ ਦਾ ਈਸ਼ੁਰ’ ਕਹਿੰਦੀ ਹੈ। (2 ਕੁਰਿੰਥੀਆਂ 4:4) ਪਰ ਸ਼ਤਾਨ ਅਜਿਹਾ ਦੁਸ਼ਟ ਰਾਜਾ ਕਿਵੇਂ ਬਣਿਆ?

ਸ਼ਤਾਨ ਬਣਨ ਤੋਂ ਪਹਿਲਾਂ ਉਹ ਰੱਬ ਦਾ ਇਕ ਦੂਤ ਹੁੰਦਾ ਸੀ, ਪਰ ਉਸ ਨੇ ਰੱਬ ਦੀ ਜਗ੍ਹਾ ਲੈਣੀ ਚਾਹੀ। ਉਸ ਨੇ ਦਾਅਵਾ ਕੀਤਾ ਕਿ ਰੱਬ ਦਾ ਇਨਸਾਨਾਂ ’ਤੇ ਰਾਜ ਕਰਨ ਦਾ ਹੱਕ ਨਹੀਂ ਹੈ। ਇਸ ਲਈ ਉਸ ਨੇ ਇਕ ਸੱਪ ਦੇ ਜ਼ਰੀਏ ਪਹਿਲੀ ਔਰਤ ਹੱਵਾਹ ਨਾਲ ਗੱਲ ਕਰ ਕੇ ਉਸ ਨੂੰ ਅਤੇ ਉਸ ਦੇ ਪਤੀ ਆਦਮ ਨੂੰ ਭਰਮਾਇਆ। ਇਸ ਕਰਕੇ ਉਨ੍ਹਾਂ ਦੋਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਣ ਦੀ ਬਜਾਇ ਸ਼ਤਾਨ ਦੀ ਮੰਨੀ। (ਉਤਪਤ 3:1-6; 2 ਕੁਰਿੰਥੀਆਂ 11:3) ਸ਼ਤਾਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਆਦਮ ਅਤੇ ਹੱਵਾਹ ਦੀ ਔਲਾਦ ਨੂੰ ਵੀ ਪਰਮੇਸ਼ੁਰ ਤੋਂ ਬੇਮੁਖ ਕਰ ਸਕਦਾ ਹੈ ਜੋ ਅਜੇ ਪੈਦਾ ਨਹੀਂ ਹੋਈ ਸੀ। ਸੋ ਪਰਮੇਸ਼ੁਰ ਨੇ ਸ਼ਤਾਨ ਨੂੰ ਸਮਾਂ ਦਿੱਤਾ ਤਾਂਕਿ ਉਹ ਸਾਬਤ ਕਰ ਸਕੇ ਕਿ ਉਸ ਦਾ ਦਾਅਵਾ ਸੱਚ ਹੈ ਕਿ ਨਹੀਂ। ਪਰ ਸ਼ਤਾਨ ਹਾਲੇ ਤਕ ਕਾਮਯਾਬ ਨਹੀਂ ਹੋਇਆ।—ਅੱਯੂਬ 1:6-12; 2:1-10.

ਅਸਲ ਵਿਚ ਸ਼ਤਾਨ ਇਕੱਲਾ ਹੀ ਇਸ ਦੁਨੀਆਂ ’ਤੇ ਹਕੂਮਤ ਨਹੀਂ ਕਰ ਰਿਹਾ। ਜਦ ਉਸ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ, ਤਾਂ ਉਸ ਨੇ ਕੁਝ ਹੋਰ ਦੂਤਾਂ ਨੂੰ ਵੀ ਆਪਣੇ ਪਿੱਛੇ ਲਾ ਲਿਆ ਸੀ। ਉਹ ਵੀ ਬੁਰੇ ਦੂਤ ਬਣ ਗਏ। ਬਾਈਬਲ ਸਾਨੂੰ ਉਨ੍ਹਾਂ ਤੋਂ ਖ਼ਬਰਦਾਰ ਕਰਦੀ ਹੈ: ‘ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋਵੋ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਦੂਤਾਂ ਨਾਲ ਹੈ ਜੋ ਸੁਰਗੀ ਥਾਵਾਂ ਵਿੱਚ ਹਨ।’—ਅਫ਼ਸੀਆਂ 6:11, 12.

ਬੁਰੇ ਦੂਤਾਂ ਦਾ ਵਿਰੋਧ ਕਰੋ

ਇਹ ਬੁਰੇ ਦੂਤ ਲੋਕਾਂ ਨੂੰ ਭਰਮਾਉਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕਰਨ ਤੇ ਤੁਲੇ ਹੋਏ ਹਨ। ਮਿਸਾਲ ਲਈ, ਭਾਵੇਂ ਬਾਈਬਲ ਵਿਚ ਲਿਖਿਆ ਹੈ ਕਿ ਮਰੇ ਹੋਏ ਲੋਕ ਮੌਤ ਦੀ ਨੀਂਦ ਸੁੱਤੇ ਪਏ ਹਨ, ਪਰ ਬੁਰੇ ਦੂਤ ਲੋਕਾਂ ਨੂੰ ਇਸ ਧੋਖੇ ਵਿਚ ਰੱਖਦੇ ਹਨ ਕਿ ਲੋਕ ਮਰਨ ਤੋਂ ਬਾਅਦ ਵੀ ਜੀਉਂਦੇ ਰਹਿੰਦੇ ਹਨ। (ਉਤਪਤ 2:17; 3:19; ਹਿਜ਼ਕੀਏਲ 18:4; ਜ਼ਬੂਰਾਂ ਦੀ ਪੋਥੀ 146:3, 4; ਉਪਦੇਸ਼ਕ ਦੀ ਪੋਥੀ 9:5, 10) ਉਹ ਮਰੇ ਹੋਏ ਲੋਕਾਂ ਵਰਗੀ ਆਵਾਜ਼ ਵਿਚ ਸ਼ਾਇਦ ਆਪ ਜਾਂ ਜਾਦੂਗਰਾਂ ਦੇ ਰਾਹੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਾਂ ਵੀ ਕਰਨ। ਇਹ “ਆਵਾਜ਼” ਮਰੇ ਹੋਏ ਬੰਦੇ ਦੀ ਨਹੀਂ, ਸਗੋਂ ਕਿਸੇ ਬੁਰੇ ਦੂਤ ਦੀ ਹੁੰਦੀ ਹੈ ਜੋ ਮਰੇ ਹੋਏ ਬੰਦੇ ਦੀ ਨਕਲ ਕਰ ਰਿਹਾ ਹੁੰਦਾ ਹੈ।

ਸੋ ਜੇ ਤੁਸੀਂ ਅਜਿਹੀ “ਆਵਾਜ਼” ਸੁਣੋ, ਤਾਂ ਧੋਖਾ ਨਾ ਖਾਓ। ਤੁਸੀਂ ਵੀ ਯਿਸੂ ਵਾਂਗ ਕਹੋ: “ਹੇ ਸ਼ਤਾਨ ਚੱਲਿਆ ਜਾਹ!” (ਮੱਤੀ 4:10; ਯਾਕੂਬ 4:7) ਜਾਦੂਗਰੀ ਤੋਂ ਪਰੇ ਰਹੋ, ਨਹੀਂ ਤਾਂ ਤੁਸੀਂ ਬੁਰੇ ਦੂਤਾਂ ਦੇ ਵੱਸ ਵਿਚ ਪੈ ਸਕਦੇ ਹੋ। ਪਰਮੇਸ਼ੁਰ ਸਾਨੂੰ ਹਰ ਤਰ੍ਹਾਂ ਦੀ ਜਾਦੂਗਰੀ ਤੋਂ ਖ਼ਬਰਦਾਰ ਕਰਦਾ ਹੈ ਕਿਉਂਕਿ ਇਸ ਤੋਂ ਉਸ ਨੂੰ ਸਖ਼ਤ ਨਫ਼ਰਤ ਹੈ। ਬਾਈਬਲ ਵਿਚ ਉਹ ਕਹਿੰਦਾ ਹੈ: ‘ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛ ਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰੋ ਕਿ ਭਵਿੱਖ ਵਿੱਚ ਕੀ ਵਾਪਰੇਗਾ। ਭੂਤਾਂ ਦੀ ਸਲਾਹ ਨਾ ਲਓ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੋ।’—ਬਿਵਸਥਾ ਸਾਰ 18:10-12, ਈਜ਼ੀ ਟੂ ਰੀਡ; ਗਲਾਤੀਆਂ 5:19-21; ਪਰਕਾਸ਼ ਦੀ ਪੋਥੀ 21:8.

ਜਾਦੂਗਰੀ ਭਾਵੇਂ ਬਾਹਰੋਂ-ਬਾਹਰੋਂ ਬਹੁਤ ਦਿਲਚਸਪ ਤੇ ਮਜ਼ੇਦਾਰ ਲੱਗੇ, ਫਿਰ ਵੀ ਇਸ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਬੁਰੇ ਦੂਤਾਂ ਦੇ ਸ਼ਿਕੰਜੇ ਵਿਚ ਫਸ ਜਾਓਗੇ। ਜਾਦੂਗਰੀ ਵਿਚ ਟੂਣੇ ਕਰਨੇ, ਹੱਥ ਦੇਖਣੇ, ਟੇਵੇ ਲਾਉਣੇ ਅਤੇ ਤਵੀਤ ਪਾਉਣੇ ਵੀ ਸ਼ਾਮਲ ਹਨ। ਬੁਰੇ ਦੂਤਾਂ ਨੇ ਕਈ ਘਰਾਂ ਨੂੰ ਆਪਣਾ ਟਿਕਾਣਾ ਬਣਾ ਕੇ ਉੱਥੇ ਸ਼ੋਰ-ਸ਼ਰਾਬਾ ਮਚਾਇਆ ਹੈ ਅਤੇ ਹੋਰ ਕਈ ਤਰ੍ਹਾਂ ਦੇ ਭੈੜੇ ਕੰਮ ਵੀ ਕੀਤੇ ਹਨ।

ਬੁਰੇ ਦੂਤ ਇਨਸਾਨਾਂ ਦੇ ਪਾਪੀ ਸੁਭਾਅ ਦਾ ਪੂਰਾ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੇ ਗ਼ਲਤ ਖ਼ਿਆਲ ਲੋਕਾਂ ਦੇ ਮਨਾਂ ਵਿਚ ਘਰ ਕਰ ਜਾਣ, ਤਾਂ ਇਹ ਜਲਦੀ ਮਨੋਂ ਨਹੀਂ ਨਿਕਲਦੇ। ਇਸ ਲਈ ਉਹ ਲੋਕਾਂ ਨੂੰ ਵਰਤ ਕੇ ਗੰਦੀਆਂ ਫਿਲਮਾਂ ਅਤੇ ਗੰਦੀਆਂ ਕਿਤਾਬਾਂ ਉਪਲਬਧ ਕਰਵਾਉਂਦੇ ਹਨ। ਇਸ ਤਰ੍ਹਾਂ ਕਰ ਕੇ ਉਹ ਚਾਹੁੰਦੇ ਹਨ ਕਿ ਲੋਕ ਬਦਚਲਣ ਕੰਮ ਕਰਨ ਜਿੱਦਾਂ ਉਹ ਆਪ ਵੀ ਕਰਦੇ ਹਨ।—ਉਤਪਤ 6:1, 2; 1 ਥੱਸਲੁਨੀਕੀਆਂ 4:3-8; ਯਹੂਦਾਹ 6.

ਕਈਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਕਿ ਇਸ ਸੰਸਾਰ ਦੀ ਵਾਗਡੋਰ ਬੁਰੇ ਦੂਤਾਂ ਦੇ ਹੱਥ ਵਿਚ ਹੈ। ਪਰ ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਈਬਲ ਦੱਸਦੀ ਹੈ ਕਿ ‘ਸ਼ਤਾਨ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।’ (2 ਕੁਰਿੰਥੀਆਂ 11:14) ਸ਼ਤਾਨ ਸਭ ਤੋਂ ਵੱਡੀ ਚਲਾਕੀ ਲੋਕਾਂ ਨੂੰ ਬਹਿਕਾ ਕੇ ਖੇਡਦਾ ਹੈ ਕਿ ਬੁਰੇ ਦੂਤ ਹੈ ਹੀ ਨਹੀਂ। ਪਰ ਤੁਸੀਂ ਧੋਖਾ ਨਾ ਖਾਓ! ਸ਼ਤਾਨ ਅਤੇ ਉਸ ਦੇ ਬੁਰੇ ਦੂਤ ਅਸਲ ਵਿਚ ਹਨ ਤੇ ਤੁਹਾਨੂੰ ਉਨ੍ਹਾਂ ਦਾ ਸਖ਼ਤ ਵਿਰੋਧ ਕਰਦੇ ਰਹਿਣ ਦੀ ਲੋੜ ਹੈ।—1 ਪਤਰਸ 5:8, 9.

ਖ਼ੁਸ਼ੀ ਦੀ ਗੱਲ ਹੈ ਕਿ ਉਹ ਦਿਨ ਦੂਰ ਨਹੀਂ ਜਦ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ! ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ‘ਸੰਸਾਰ ਬੀਤਦਾ ਜਾਂਦਾ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।’ (1 ਯੂਹੰਨਾ 2:17) ਕਿੰਨਾ ਚੰਗਾ ਹੋਵੇਗਾ ਜਦ ਬੁਰੇ ਦੂਤ ਖ਼ਤਮ ਕੀਤੇ ਜਾਣਗੇ ਅਤੇ ਅਸੀਂ ਸ਼ਤਾਨ ਦੇ ਅਸਰ ਤੋਂ ਛੁਟਕਾਰਾ ਪਾਵਾਂਗੇ! ਉਮੀਦ ਹੈ ਕਿ ਅਸੀਂ ਵੀ ਉਨ੍ਹਾਂ ਵਿਚ ਗਿਣੇ ਜਾਵਾਂਗੇ ਜੋ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਨ ਅਤੇ ਉਸ ਦੀ ਨਵੀਂ ਧਰਮੀ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।—ਜ਼ਬੂਰਾਂ ਦੀ ਪੋਥੀ 37:9-11, 29; 2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4.

ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।

[ਸਫ਼ਾ 4 ਉੱਤੇ ਤਸਵੀਰ]

ਜੇ ਸ਼ਤਾਨ ਇਸ ਦੁਨੀਆਂ ਦਾ ਰਾਜਾ ਨਾ ਹੁੰਦਾ, ਤਾਂ ਕੀ ਉਹ ਯਿਸੂ ਨੂੰ ਸਾਰੀਆਂ ਪਾਤਸ਼ਾਹੀਆਂ ਪੇਸ਼ ਕਰ ਸਕਦਾ ਸੀ?