Skip to content

Skip to table of contents

ਅਸਲ ਵਿਚ ਯਿਸੂ ਕੌਣ ਹੈ?

ਅਸਲ ਵਿਚ ਯਿਸੂ ਕੌਣ ਹੈ?

ਅਧਿਆਇ 59

ਅਸਲ ਵਿਚ ਯਿਸੂ ਕੌਣ ਹੈ?

ਜਦੋਂ ਉਹ ਬੇੜੀ ਜਿਸ ਵਿਚ ਯਿਸੂ ਅਤੇ ਉਸ ਦੇ ਚੇਲੇ ਬੈਠੇ ਹਨ, ਬੈਤਸੈਦਾ ਪਹੁੰਚਦੀ ਹੈ, ਤਾਂ ਲੋਕੀ ਇਕ ਅੰਨ੍ਹੇ ਨੂੰ ਉਸ ਕੋਲ ਲਿਆਉਂਦੇ ਹਨ ਅਤੇ ਬੇਨਤੀ ਕਰਦੇ ਹਨ ਕਿ ਉਹ ਉਸ ਆਦਮੀ ਨੂੰ ਛੋਹੇ ਅਤੇ ਉਸ ਨੂੰ ਚੰਗਾ ਕਰੇ। ਯਿਸੂ ਉਸ ਆਦਮੀ ਨੂੰ ਹੱਥੋਂ ਫੜ ਕੇ ਪਿੰਡੋਂ ਬਾਹਰ ਲੈ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਉੱਤੇ ਥੁੱਕਣ ਤੋਂ ਬਾਅਦ, ਪੁੱਛਦਾ ਹੈ: “ਤੈਨੂੰ ਕੁਝ ਦਿੱਸਦਾ ਹੈ?”

“ਮੈਂ ਮਨੁੱਖਾਂ ਨੂੰ ਵੇਖਦਾ ਹਾਂ,” ਆਦਮੀ ਜਵਾਬ ਦਿੰਦਾ ਹੈ, “ਪਰ ਓਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਙੁ ਦਿੱਸਦੇ ਹਨ।” ਉਸ ਆਦਮੀ ਦੀਆਂ ਅੱਖਾਂ ਉੱਤੇ ਆਪਣੇ ਹੱਥ ਰੱਖਦੇ ਹੋਏ, ਯਿਸੂ ਉਸ ਦੀ ਨਜ਼ਰ ਮੁੜ ਬਹਾਲ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਉਹ ਸਾਫ਼-ਸਾਫ਼ ਦੇਖਣ ਲੱਗਦਾ ਹੈ। ਫਿਰ ਯਿਸੂ ਆਦਮੀ ਨੂੰ ਹਿਦਾਇਤ ਦੇ ਕੇ ਘਰ ਭੇਜਦਾ ਹੈ ਕਿ ਉਹ ਨਗਰ ਵਿਚ ਨਾ ਜਾਵੇ।

ਹੁਣ ਯਿਸੂ ਆਪਣੇ ਚੇਲਿਆਂ ਨਾਲ ਫਲਸਤੀਨ ਦੇ ਅਤਿਅੰਤ ਉੱਤਰ ਵਿਖੇ ਕੈਸਰੀਆ ਫ਼ਿਲਿੱਪੀ ਦੇ ਪਿੰਡਾਂ ਲਈ ਨਿਕਲ ਪੈਂਦਾ ਹੈ। ਕੈਸਰੀਆ ਫ਼ਿਲਿੱਪੀ ਦੇ ਸੁੰਦਰ ਸਥਾਨ ਤਕ ਇਹ ਲਗਭਗ 48 ਕਿਲੋਮੀਟਰ ਦੀ ਇਕ ਲੰਬੀ ਚੜ੍ਹਾਈ ਹੈ, ਸਮੁੰਦਰ ਤਲ ਤੋਂ ਕੁਝ 350 ਮੀਟਰ ਉੱਤੇ। ਸੰਭਵ ਹੈ ਕਿ ਇਸ ਸਫਰ ਲਈ ਕੁਝ ਦਿਨ ਲੱਗਦੇ ਹਨ।

ਰਾਹ ਵਿਚ, ਯਿਸੂ ਇਕੱਲਾ ਹੀ ਪ੍ਰਾਰਥਨਾ ਕਰਨ ਲਈ ਚਲਾ ਜਾਂਦਾ ਹੈ। ਉਸ ਦੀ ਮੌਤ ਨੂੰ ਕੇਵਲ ਲਗਭਗ ਨੌਂ ਜਾਂ ਦਸ ਮਹੀਨੇ ਬਾਕੀ ਰਹਿ ਗਏ ਹਨ, ਅਤੇ ਉਹ ਆਪਣੇ ਚੇਲਿਆਂ ਬਾਰੇ ਚਿੰਤਿਤ ਹੈ। ਕਈਆਂ ਨੇ ਪਹਿਲਾਂ ਹੀ ਉਸ ਦੇ ਮਗਰ ਚੱਲਣਾ ਛੱਡ ਦਿੱਤਾ ਹੈ। ਦੂਜੇ ਸਪੱਸ਼ਟ ਰੂਪ ਵਿਚ ਉਲਝਣ ਵਿਚ ਅਤੇ ਨਿਰਾਸ਼ ਹਨ ਕਿਉਂਕਿ ਉਸ ਨੇ ਲੋਕਾਂ ਦੇ ਉਸ ਨੂੰ ਰਾਜਾ ਬਣਾਉਣ ਦੇ ਯਤਨਾਂ ਨੂੰ ਰੱਦ ਕੀਤਾ ਹੈ ਅਤੇ ਕਿਉਂਕਿ ਜਦੋਂ ਉਸ ਦੇ ਵੈਰੀਆਂ ਨੇ ਚੁਣੌਤੀ ਦਿੱਤੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਰਾਜਤਵ ਨੂੰ ਸਾਬਤ ਕਰਨ ਲਈ ਸਵਰਗ ਤੋਂ ਕੋਈ ਨਿਸ਼ਾਨ ਨਾ ਦਿੱਤਾ। ਉਸ ਦੇ ਰਸੂਲ ਉਸ ਦੀ ਸ਼ਨਾਖਤ ਬਾਰੇ ਕੀ ਵਿਸ਼ਵਾਸ ਕਰਦੇ ਹਨ? ਜਦੋਂ ਉਹ ਉਸ ਕੋਲ ਉੱਥੇ ਆਉਂਦੇ ਹਨ ਜਿੱਥੇ ਉਹ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਤਾਂ ਯਿਸੂ ਪੁੱਛਦਾ ਹੈ: “ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?”

“ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ,” ਉਹ ਜਵਾਬ ਦਿੰਦੇ ਹਨ, “ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ।” ਜੀ ਹਾਂ, ਲੋਕੀ ਸੋਚਦੇ ਹਨ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉਠਾਏ ਗਏ ਇਨ੍ਹਾਂ ਆਦਮੀਆਂ ਵਿੱਚੋਂ ਇਕ ਹੈ!

“ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?” ਯਿਸੂ ਪੁੱਛਦਾ ਹੈ।

ਪਤਰਸ ਤੁਰੰਤ ਜਵਾਬ ਦਿੰਦਾ ਹੈ: “ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।”

ਪਤਰਸ ਦੇ ਜਵਾਬ ਦੇ ਪ੍ਰਤੀ ਪ੍ਰਵਾਨਗੀ ਅਭਿਵਿਅਕਤ ਕਰਨ ਤੋਂ ਬਾਅਦ, ਯਿਸੂ ਕਹਿੰਦਾ ਹੈ: “ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ।” ਇੱਥੇ ਪਹਿਲਾਂ ਯਿਸੂ ਘੋਸ਼ਣਾ ਕਰਦਾ ਹੈ ਕਿ ਉਹ ਇਕ ਕਲੀਸਿਯਾ ਬਣਾਵੇਗਾ ਅਤੇ ਕਿ ਧਰਤੀ ਉੱਤੇ ਇਸ ਦੇ ਸਦੱਸਾਂ ਦੇ ਵਫ਼ਾਦਾਰ ਜੀਵਨ ਤੋਂ ਬਾਅਦ, ਉਨ੍ਹਾਂ ਉੱਤੇ ਮੌਤ ਦਾ ਵੀ ਕੋਈ ਵੱਸ ਨਾ ਚੱਲੇਗਾ। ਫਿਰ ਉਹ ਪਤਰਸ ਨੂੰ ਦੱਸਦਾ ਹੈ: “ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ।”

ਇਸ ਤਰ੍ਹਾਂ ਯਿਸੂ ਪ੍ਰਗਟ ਕਰਦਾ ਹੈ ਕਿ ਪਤਰਸ ਨੂੰ ਵਿਸ਼ੇਸ਼-ਸਨਮਾਨ ਪ੍ਰਾਪਤ ਹੋਣਗੇ। ਨਹੀਂ, ਪਤਰਸ ਨੂੰ ਰਸੂਲਾਂ ਵਿੱਚੋਂ ਪਹਿਲਾ ਸਥਾਨ ਨਹੀਂ ਦਿੱਤਾ ਜਾਂਦਾ ਹੈ, ਨਾ ਹੀ ਉਸ ਨੂੰ ਕਲੀਸਿਯਾ ਦੀ ਬੁਨਿਆਦ ਬਣਾਇਆ ਜਾਂਦਾ ਹੈ। ਯਿਸੂ ਖ਼ੁਦ ਉਹ ਪੱਥਰ ਹੈ ਜਿਸ ਉੱਤੇ ਉਹ ਆਪਣੀ ਕਲੀਸਿਯਾ ਬਣਾਵੇਗਾ। ਪਰੰਤੂ ਪਤਰਸ ਨੂੰ ਤਿੰਨ ਕੁੰਜੀਆਂ ਦਿੱਤੀਆਂ ਜਾਣੀਆਂ ਹਨ ਜਿਨ੍ਹਾਂ ਨਾਲ ਉਸ ਨੇ, ਇਕ ਤਰੀਕਿਓਂ, ਲੋਕਾਂ ਦੇ ਸਮੂਹਾਂ ਲਈ ਸਵਰਗ ਦੇ ਰਾਜ ਵਿਚ ਦਾਖ਼ਲ ਹੋਣ ਵਾਸਤੇ ਮੌਕਾ ਖੋਲ੍ਹਣਾ ਹੈ।

ਪਤਰਸ ਪਸ਼ਚਾਤਾਪੀ ਯਹੂਦੀਆਂ ਨੂੰ ਇਹ ਦਿਖਾਉਣ ਲਈ ਕਿ ਉਨ੍ਹਾਂ ਨੂੰ ਬਚਣ ਲਈ ਕੀ ਕਰਨਾ ਚਾਹੀਦਾ ਹੈ, 33 ਸਾ.ਯੁ. ਪੰਤੇਕੁਸਤ ਵਿਚ ਪਹਿਲੀ ਕੁੰਜੀ ਇਸਤੇਮਾਲ ਕਰੇਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਵਿਸ਼ਵਾਸੀ ਸਾਮਰੀਆਂ ਲਈ ਪਰਮੇਸ਼ੁਰ ਦੇ ਰਾਜ ਵਿਚ ਦਾਖ਼ਲ ਹੋਣ ਦੇ ਮੌਕੇ ਨੂੰ ਖੋਲ੍ਹਣ ਵਾਸਤੇ ਦੂਜੀ ਕੁੰਜੀ ਇਸਤੇਮਾਲ ਕਰੇਗਾ। ਫਿਰ, 36 ਸਾ.ਯੁ. ਵਿਚ ਉਹ ਅਸੁੰਨਤੀ ਗ਼ੈਰ-ਯਹੂਦੀਆਂ ਦੇ ਲਈ, ਕੁਰਨੇਲਿਯੁਸ ਅਤੇ ਉਸ ਦੇ ਦੋਸਤਾਂ ਦੇ ਲਈ, ਉਹੀ ਮੌਕੇ ਨੂੰ ਖੋਲ੍ਹਣ ਵਾਸਤੇ ਤੀਜੀ ਕੁੰਜੀ ਇਸਤੇਮਾਲ ਕਰੇਗਾ।

ਯਿਸੂ ਆਪਣੇ ਰਸੂਲਾਂ ਨਾਲ ਆਪਣੀ ਚਰਚਾ ਜਾਰੀ ਰੱਖਦਾ ਹੈ। ਉਹ ਉਨ੍ਹਾਂ ਨੂੰ ਆਪਣੇ ਦੁੱਖਾਂ ਅਤੇ ਮੌਤ ਬਾਰੇ ਜਿਨ੍ਹਾਂ ਦਾ ਉਹ ਜਲਦੀ ਹੀ ਯਰੂਸ਼ਲਮ ਵਿਚ ਸਾਮ੍ਹਣਾ ਕਰੇਗਾ, ਦੱਸ ਕੇ ਨਿਰਾਸ਼ ਕਰ ਦਿੰਦਾ ਹੈ। ਇਹ ਨਾ ਸਮਝਦੇ ਹੋਏ ਕਿ ਯਿਸੂ ਸਵਰਗੀ ਜੀਵਨ ਲਈ ਪੁਨਰ-ਉਥਿਤ ਕੀਤਾ ਜਾਵੇਗਾ, ਪਤਰਸ ਯਿਸੂ ਨੂੰ ਇਕ ਪਾਸੇ ਲੈ ਜਾਂਦਾ ਹੈ। “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ,” ਉਹ ਕਹਿੰਦਾ ਹੈ। “ਤੇਰੇ ਲਈ ਇਹ ਕਦੇ ਨਾ ਹੋਵੇਗਾ!” ਉਸ ਤੋਂ ਮੂੰਹ ਮੋੜਦੇ ਹੋਏ, ਯਿਸੂ ਜਵਾਬ ਦਿੰਦਾ ਹੈ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”

ਸਪੱਸ਼ਟ ਹੈ, ਰਸੂਲਾਂ ਤੋਂ ਇਲਾਵਾ ਦੂਜੇ ਵੀ ਯਿਸੂ ਦੇ ਨਾਲ ਸਫਰ ਕਰ ਰਹੇ ਹਨ, ਇਸ ਲਈ ਉਹ ਹੁਣ ਉਨ੍ਹਾਂ ਨੂੰ ਸੱਦ ਕੇ ਸਮਝਾਉਂਦਾ ਹੈ ਕਿ ਉਸ ਦਾ ਅਨੁਯਾਈ ਹੋਣਾ ਸੌਖਾ ਨਹੀਂ ਹੋਵੇਗਾ। “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ,” ਉਹ ਕਹਿੰਦਾ ਹੈ, “ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਇੰਜੀਲ ਦੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਬਚਾਵੇਗਾ।”

ਜੀ ਹਾਂ, ਜੇਕਰ ਉਨ੍ਹਾਂ ਨੇ ਉਸ ਦੀ ਕਿਰਪਾ ਦੇ ਯੋਗ ਸਾਬਤ ਹੋਣਾ ਹੈ, ਤਾਂ ਯਿਸੂ ਦੇ ਅਨੁਯਾਈਆਂ ਨੂੰ ਸਾਹਸੀ ਅਤੇ ਆਤਮ-ਬਲੀਦਾਨੀ ਹੋਣਾ ਚਾਹੀਦਾ ਹੈ। ਉਹ ਬਿਆਨ ਕਰਦਾ ਹੈ: “ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ­ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ।” ਮਰਕੁਸ 8:​22-38; ਮੱਤੀ 16:​­13-28; ਲੂਕਾ 9:​18-27.

▪ ਯਿਸੂ ਆਪਣੇ ਚੇਲਿਆਂ ਬਾਰੇ ਕਿਉਂ ਚਿੰਤਿਤ ਹੈ?

▪ ਯਿਸੂ ਦੀ ਸ਼ਨਾਖਤ ਬਾਰੇ ਲੋਕਾਂ ਦੇ ਕੀ ਨਜ਼ਰੀਏ ਹਨ?

▪ ਪਤਰਸ ਨੂੰ ਕਿਹੜੀਆਂ ਕੁੰਜੀਆਂ ਦਿੱਤੀਆਂ ਜਾਂਦੀਆਂ ਹਨ, ਅਤੇ ਉਹ ਕਿਵੇਂ ਇਸਤੇਮਾਲ ਕੀਤੀਆਂ ਜਾਣਗੀਆਂ?

▪ ਪਤਰਸ ਨੂੰ ਕੀ ਤਾੜਨਾ ਮਿਲਦੀ ਹੈ, ਅਤੇ ਕਿਉਂ?