Skip to content

Skip to table of contents

ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ

ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ

ਅਧਿਆਇ 100

ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ

ਸ਼ਾਇਦ ਯਿਸੂ ਅਜੇ ਵੀ ਜ਼ੱਕੀ ਦੇ ਘਰ ਵਿਚ ਹੀ ਹੈ, ਜਿੱਥੇ ਉਹ ਯਰੂਸ਼ਲਮ ਨੂੰ ਜਾਂਦੇ ਹੋਏ ਰਾਹ ਵਿਚ ਰੁਕਿਆ ਹੈ। ਉਸ ਦੇ ਚੇਲੇ ਵਿਸ਼ਵਾਸ ਕਰਦੇ ਹਨ ਕਿ ਜਦੋਂ ਉਹ ਯਰੂਸ਼ਲਮ ਪਹੁੰਚਣਗੇ, ਤਾਂ ਉਹ ਘੋਸ਼ਣਾ ਕਰ ਦੇਵੇਗਾ ਕਿ ਉਹ ਮਸੀਹਾ ਹੈ ਅਤੇ ਆਪਣਾ ਰਾਜ ਸਥਾਪਿਤ ਕਰ ਦੇਵੇਗਾ। ਇਸ ਵਿਚਾਰ ਨੂੰ ਸੁਧਾਰਨ ਲਈ ਅਤੇ ਇਹ ਦਿਖਾਉਣ ਲਈ ਕਿ ਰਾਜ ਅਜੇ ਕਾਫ਼ੀ ਦੂਰ ਹੈ, ਯਿਸੂ ਇਕ ਦ੍ਰਿਸ਼ਟਾਂਤ ਦਿੰਦਾ ਹੈ।

ਯਿਸੂ ਦੱਸਦਾ ਹੈ: “ਇੱਕ ਅਮੀਰ ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ।” ਯਿਸੂ ਉਹ “ਅਮੀਰ” ਹੈ, ਅਤੇ ਸਵਰਗ ਉਹ “ਦੂਰ ਦੇਸ” ਹੈ। ਜਦੋਂ ਯਿਸੂ ਉੱਥੇ ਪਹੁੰਚਦਾ ਹੈ, ਤਾਂ ਉਸ ਦਾ ਪਿਤਾ ਉਸ ਨੂੰ ਰਾਜਕੀ ਸ਼ਕਤੀ ਪ੍ਰਦਾਨ ਕਰੇਗਾ।

ਲੇਕਿਨ, ਜਾਣ ਤੋਂ ਪਹਿਲਾਂ ਅਮੀਰ ਆਦਮੀ ਦਸ ਨੌਕਰਾਂ ਨੂੰ ਬੁਲਾਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਚਾਂਦੀ ਦੀ ਇਕ ਅਸ਼ਰਫ਼ੀ ਦਿੰਦੇ ਹੋਏ ਕਹਿੰਦਾ ਹੈ: “ਜਦ ਤੀਕੁਰ ਮੈਂ ਨਾ ਆਵਾਂ ਤੁਸੀਂ ਬਣਜ ਬੁਪਾਰ ਕਰੋ।” ਪਹਿਲੀ ਪੂਰਤੀ ਵਿਚ ਦਸ ਨੌਕਰ ਯਿਸੂ ਦੇ ਮੁੱਢਲੇ ਚੇਲਿਆਂ ਨੂੰ ਦਰਸਾਉਂਦੇ ਹਨ। ਵੱਡੇ ਪੈਮਾਨੇ ਦੀ ਪੂਰਤੀ ਵਿਚ, ਇਹ ਉਨ੍ਹਾਂ ਸਾਰਿਆਂ ਨੂੰ ਚਿਤ੍ਰਿਤ ਕਰਦੇ ਹਨ, ਜੋ ਉਸ ਦੇ ਨਾਲ ਸਵਰਗੀ ਰਾਜ ਵਿਚ ਭਾਵੀ ਵਾਰਸ ਹਨ।

ਚਾਂਦੀ ਦੀਆਂ ਅਸ਼ਰਫ਼ੀਆਂ ਬਹੁਮੁੱਲੇ ਪੈਸੇ ਦੇ ਸਿੱਕੇ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ ਇਕ ਕਿਰਸਾਣਾ ਮਜ਼ਦੂਰ ਦੀ ਲਗਭਗ ਤਿੰਨ ਮਹੀਨਿਆਂ ਦੀ ਮਜ਼ਦੂਰੀ ਦੇ ਬਰਾਬਰ ਹੈ। ਪਰੰਤੂ ਅਸ਼ਰਫ਼ੀਆਂ ਕਿਸ ਚੀਜ਼ ਨੂੰ ਦਰਸਾਉਂਦੀਆਂ ਹਨ? ਅਤੇ ਨੌਕਰਾਂ ਨੇ ਉਨ੍ਹਾਂ ਨਾਲ ਕਿਸ ਕਿਸਮ ਦਾ ਵਪਾਰ ਕਰਨਾ ਹੈ?

ਅਸ਼ਰਫ਼ੀਆਂ ਉਸ ਮਾਲ-ਮਤਾ ਨੂੰ ਦਰਸਾਉਂਦੀਆਂ ਹਨ ਜਿਸ ਨੂੰ ਆਤਮਾ ਤੋਂ ਜੰਮੇ ਚੇਲੇ ਸਵਰਗੀ ਰਾਜ ਦੇ ਹੋਰ ਵਾਰਸਾਂ ਨੂੰ ਉਤਪੰਨ ਕਰਨ ਵਿਚ ਇਸਤੇਮਾਲ ਕਰ ਸਕਦੇ ਹਨ, ਜਦੋਂ ਤਾਈਂ ਯਿਸੂ ਵਾਅਦਾ ਕੀਤੇ ਹੋਏ ਰਾਜ ਵਿਚ ਰਾਜੇ ਦੇ ਤੌਰ ਤੇ ਨਹੀਂ ਆਉਂਦਾ ਹੈ। ਆਪਣੇ ਪੁਨਰ-ਉਥਾਨ ਅਤੇ ਆਪਣੇ ਚੇਲਿਆਂ ਨੂੰ ਪ੍ਰਗਟ ਹੋਣ ਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਪ੍ਰਤੀਕਾਤਮਕ ਅਸ਼ਰਫ਼ੀਆਂ ਦਿੱਤੀਆਂ ਤਾਂਕਿ ਉਹ ਹੋਰ ਚੇਲੇ ਬਣਾਉਣ ਅਤੇ ਇਸ ਤਰ੍ਹਾਂ ਸਵਰਗੀ-ਰਾਜ ਦੇ ਵਰਗ ਵਿਚ ਵਾਧਾ ਕਰਨ।

“ਪਰ,” ਯਿਸੂ ਜਾਰੀ ਰੱਖਦਾ ਹੈ, “ਉਹ ਦੇ ਸ਼ਹਿਰ ਦੇ ਰਹਿਣ ਵਾਲੇ [ਉਸ ਅਮੀਰ] ਨਾਲ ਵੈਰ ਰੱਖਦੇ ਸਨ ਅਤੇ ਉਹ ਦੇ ਪਿੱਛੇ ਕਾਸਦਾਂ ਦੀ ਜਬਾਨੀ ਕਹਾ ਭੇਜਿਆ ਭਈ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ।” ਇਹ ਸ਼ਹਿਰ ਦੇ ਰਹਿਣ ਵਾਲੇ ਇਸਰਾਏਲੀ, ਜਾਂ ਯਹੂਦੀ ਹਨ, ਜਿਸ ਵਿਚ ਉਸ ਦੇ ਚੇਲੇ ਸ਼ਾਮਲ ਨਹੀਂ ਹਨ। ਯਿਸੂ ਦੇ ਸਵਰਗ ਨੂੰ ਚਲੇ ਜਾਣ ਤੋਂ ਬਾਅਦ, ਇਨ੍ਹਾਂ ਯਹੂਦੀਆਂ ਨੇ ਉਸ ਦੇ ਚੇਲਿਆਂ ਨੂੰ ਸਤਾਉਣ ਦੇ ਦੁਆਰਾ ਇਹ ਪ੍ਰਗਟ ਕੀਤਾ ਕਿ ਉਹ ਉਸ ਨੂੰ ਆਪਣੇ ਰਾਜੇ ਦੇ ਤੌਰ ਤੇ ਨਹੀਂ ਚਾਹੁੰਦੇ ਸਨ। ਇਸ ਤਰ੍ਹਾਂ ਉਹ ਉਸ ਸ਼ਹਿਰ ਦੇ ਰਹਿਣ ਵਾਲਿਆਂ ਵਾਂਗ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਆਪਣੇ ਕਾਸਦਾਂ ਨੂੰ ਭੇਜਿਆ ਸੀ।

ਦਸ ਨੌਕਰ ਆਪਣੀਆਂ ਅਸ਼ਰਫ਼ੀਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਨ? ਯਿਸੂ ਸਮਝਾਉਂਦਾ ਹੈ: “ਐਉਂ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਓਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਸੱਦਣ ਦਾ ਹੁਕਮ ਕੀਤਾ ਤਾਂ ਜੋ ਮਲੂਮ ਕਰੇ ਭਈ ਉਨ੍ਹਾਂ ਬੁਪਾਰ ਕਰ ਕੇ ਕੀ ਖੱਟਿਆ। ਤਦ ਪਹਿਲੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਦਸ ਅਸ਼ਰਫ਼ੀਆਂ ਹੋਰ ਕਮਾਈਆਂ। ਤਾਂ ਓਨ ਉਸ ਨੂੰ ਆਖਿਆ, ਹੇ ਅੱਛੇ ਨੌਕਰ ਸ਼ਾਬਾਸ਼ੇ! ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਮਾਤਬਰ ਨਿੱਕਲਿਆ ਤੂੰ ਦਸਾਂ ਨਗਰਾਂ ਉੱਤੇ ਇਖ਼ਤਿਆਰ ਰੱਖ। ਅਤੇ ਦੂਏ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ। ਤਾਂ ਉਸ ਨੇ ਉਹ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਹੋ।”

ਦਸਾਂ ਅਸ਼ਰਫ਼ੀਆਂ ਵਾਲਾ ਨੌਕਰ ਪੰਤੇਕੁਸਤ 33 ਸਾ.ਯੁ. ਤੋਂ ਹੁਣ ਤੱਕ ਦੇ ਚੇਲਿਆਂ ਦੇ ਇਕ ਵਰਗ, ਜਾਂ ਸਮੂਹ ਨੂੰ ਦਰਸਾਉਂਦਾ ਹੈ, ਜਿਸ ਵਿਚ ਰਸੂਲ ਵੀ ਸ਼ਾਮਲ ਹਨ। ਉਹ ਨੌਕਰ ਜਿਸ ਨੇ ਪੰਜ ਅਸ਼ਰਫ਼ੀਆਂ ਪ੍ਰਾਪਤ ਕੀਤੀਆਂ ਵੀ ਉਸੇ ਸਮੇਂ ਦੇ ਦੌਰਾਨ ਦੇ ਇਕ ਸਮੂਹ ਨੂੰ ਦਰਸਾਉਂਦਾ ਹੈ ਜੋ ਆਪਣੇ ਮੌਕਿਆਂ ਅਤੇ ਯੋਗਤਾਵਾਂ ਦੇ ਅਨੁਸਾਰ ਧਰਤੀ ਉੱਤੇ ਆਪਣੇ ਰਾਜੇ ਦੇ ਮਾਲ-ਮਤਾ ਵਿਚ ਵਾਧਾ ਕਰਦਾ ਹੈ। ਦੋਨੋਂ ਸਮੂਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ, ਅਤੇ ਨਤੀਜੇ ਵਜੋਂ, ਬਹੁਤੇਰੇ ਸੁਹਿਰਦ ਵਿਅਕਤੀ ਮਸੀਹੀ ਬਣ ਜਾਂਦੇ ਹਨ। ਨੌਕਰਾਂ ਵਿੱਚੋਂ ਨੌਆਂ ਨੇ ਸਫਲਤਾਪੂਰਵਕ ਵਪਾਰ ਕੀਤਾ ਅਤੇ ਆਪਣੀ ਪੂੰਜੀ ਵਿਚ ਵਾਧਾ ਕੀਤਾ।

ਯਿਸੂ ਅੱਗੇ ਕਹਿੰਦਾ ਹੈ: “ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਏਹ ਤੁਹਾਡੀ ਅਸ਼ਰਫ਼ੀ ਹੈ ਜਿਹ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ। ਇਸ ਲਈ ਜੋ ਮੈਂ ਤੁਹਾਥੋਂ ਡਰਿਆ ਕਿਉਂ ਜੋ ਤੁਸੀਂ ਕਰੜੇ ਆਦਮੀ ਹੋ। ਜੋ ਤੁਸਾਂ ਨਹੀਂ ਧਰਿਆ ਸੋ ਚੁੱਕਦੇ ਅਤੇ ਜੋ ਨਹੀਂ ਬੀਜਿਆ ਸੋ ਵੱਢਦੇ ਹੋ। ਓਨ ਉਸ ਨੂੰ ਆਖਿਆ, ਓਇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੈਂ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਧਰਿਆ ਸੋ ਚੁੱਕਦਾ ਹਾਂ ਅਰ ਜੋ ਨਹੀਂ ਬੀਜਿਆ ਸੋ ਵੱਢਦਾ ਹਾਂ। ਫੇਰ ਤੈਂ ਮੇਰੇ ਰੁਪਏ ਸਰਾਫ਼ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਨ੍ਹਾਂ ਨੂੰ ਬਿਆਜ ਸੁੱਧਾ ਲੈਂਦਾ? ਅਤੇ ਉਸ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ, ਅਸ਼ਰਫ਼ੀ ਉਸ ਕੋਲੋਂ ਲੈ ਲਓ ਅਤੇ ਜਿਸ ਕੋਲ ਦਸ ਅਸ਼ਰਫ਼ੀਆਂ ਹਨ ਉਹ ਨੂੰ ਦਿਓ।”

ਦੁਸ਼ਟ ਨੌਕਰ ਲਈ, ਪ੍ਰਤੀਕਾਤਮਕ ਅਸ਼ਰਫ਼ੀ ਨੂੰ ਖੋਹ ਦੇਣ ਦਾ ਮਤਲਬ ਹੈ ਸਵਰਗੀ ਰਾਜ ਵਿਚ ਥਾਂ ਨੂੰ ਖੋਹ ਬੈਠਣਾ। ਜੀ ਹਾਂ, ਉਹ ਮਾਨੋ ਦਸ ਨਗਰਾਂ ਜਾਂ ਪੰਜ ਨਗਰਾਂ ਉੱਪਰ ਰਾਜ ਕਰਨ ਦਾ ਵਿਸ਼ੇਸ਼-ਸਨਮਾਨ ਖੋਹ ਦਿੰਦਾ ਹੈ। ਇਹ ਵੀ ਧਿਆਨ ਦਿਓ ਕਿ ਉਸ ਨੌਕਰ ਨੂੰ ਉਸ ਦੀ ਕੀਤੀ ਹੋਈ ਕਿਸੇ ਬੁਰਾਈ ਦੇ ਲਈ ਨਹੀਂ, ਪਰੰਤੂ ਇਸ ਦੀ ਬਜਾਇ ਆਪਣੇ ਸੁਆਮੀ ਦੇ ਰਾਜ ਦੇ ਧਨ ਨੂੰ ਵਧਾਉਣ ਲਈ ਕੰਮ ਕਰਨ ਤੋਂ ਅਸਫਲ ਹੋਣ ਦੇ ਕਾਰਨ ਦੁਸ਼ਟ ਐਲਾਨ ਕੀਤਾ ਜਾਂਦਾ ਹੈ।

ਜਦੋਂ ਦੁਸ਼ਟ ਨੌਕਰ ਦੀ ਅਸ਼ਰਫ਼ੀ ਪਹਿਲੇ ਨੌਕਰ ਨੂੰ ਦਿੱਤੀ ਜਾਂਦੀ ਹੈ ਤਾਂ ਇਹ ਇਤਰਾਜ਼ ਕੀਤਾ ਜਾਂਦਾ ਹੈ: “ਸੁਆਮੀ ਜੀ ਉਹ ਦੇ ਕੋਲ ਦਸ ਅਸ਼ਰਫ਼ੀਆਂ ਹਨ।” ਫਿਰ ਵੀ, ਯਿਸੂ ਜਵਾਬ ਦਿੰਦਾ ਹੈ: “ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਪਰ ਉਸ ਤੋਂ ਜਿਹ ਦੇ ਕੋਲ ਨਹੀਂ ਉਸ ਕੋਲੋਂ ਜੋ ਉਸ ਦਾ ਹੈ ਸੋ ਵੀ ਲੈ ਲਿਆ ਜਾਵੇਗਾ। ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਸੀ ਚਾਹੁੰਦੇ ਭਈ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਐੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ!” ਲੂਕਾ 19:​11-27; ਮੱਤੀ 28:​19, 20.

▪ ਯਿਸੂ ਦਾ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਕਿਹੜੀ ਗੱਲ ਤੋਂ ਪ੍ਰੇਰਿਤ ਹੁੰਦਾ ਹੈ?

▪ ਅਮੀਰ ਮਨੁੱਖ ਕੌਣ ਹੈ, ਅਤੇ ਉਹ ਦੇਸ ਕੀ ਹੈ ਜਿੱਥੇ ਉਹ ਜਾਂਦਾ ਹੈ?

▪ ਨੌਕਰ ਕੌਣ ਹਨ, ਅਤੇ ਅਸ਼ਰਫ਼ੀਆਂ ਕਿਸ ਚੀਜ਼ ਨੂੰ ਦਰਸਾਉਂਦੀਆਂ ਹਨ?

▪ ਸ਼ਹਿਰ ਦੇ ਰਹਿਣ ਵਾਲੇ ਕੌਣ ਹਨ, ਅਤੇ ਉਹ ਆਪਣੀ ਨਫ਼ਰਤ ਕਿਸ ਤਰ੍ਹਾਂ ਦਿਖਾਉਂਦੇ ਹਨ?

▪ ਇਕ ਨੌਕਰ ਨੂੰ ਦੁਸ਼ਟ ਕਿਉਂ ਆਖਿਆ ਗਿਆ ਹੈ, ਅਤੇ ਉਸ ਲਈ ਅਸ਼ਰਫ਼ੀ ਨੂੰ ਖੋਹ ਦੇਣ ਦਾ ਕੀ ਮਤਲਬ ਹੈ?