Skip to content

Skip to table of contents

ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ

ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ

ਅਧਿਆਇ 106

ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ

ਯਿਸੂ ਹੈਕਲ ਵਿਖੇ ਹੈ। ਉਸ ਨੇ ਹੁਣੇ ਹੀ ਧਾਰਮਿਕ ਆਗੂਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਜਿਹੜੇ ਇਹ ਜਾਣਨ ਦੀ ਮੰਗ ਕਰਦੇ ਸਨ ਕਿ ਉਹ ਕਿਸ ਦੇ ਇਖ਼ਤਿਆਰ ਨਾਲ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਉਲਝਣ ਵਿੱਚੋਂ ਨਿਕਲਦੇ, ਯਿਸੂ ਪੁੱਛਦਾ ਹੈ: “ਤੁਸੀਂ ਕੀ ਸਮਝਦੇ ਹੋ?” ਅਤੇ ਫਿਰ ਇਕ ਦ੍ਰਿਸ਼ਟਾਂਤ ਦੇ ਜ਼ਰੀਏ, ਉਹ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਉਹ ਅਸਲ ਵਿਚ ਕਿਸ ਕਿਸਮ ਦੇ ਵਿਅਕਤੀ ਹਨ।

“ਇੱਕ ਮਨੁੱਖ ਦੇ ਦੋ ਪੁੱਤ੍ਰ ਸਨ,” ਯਿਸੂ ਦੱਸਦਾ ਹੈ। “ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ। ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ। ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ?” ਯਿਸੂ ਪੁੱਛਦਾ ਹੈ।

“ਪਹਿਲੇ ਨੇ,” ਉਸ ਦੇ ਵਿਰੋਧੀ ਜਵਾਬ ਦਿੰਦੇ ਹਨ।

ਇਸ ਲਈ ਯਿਸੂ ਸਮਝਾਉਂਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।” ਇਕ ਤਰੀਕੇ ਤੋਂ, ਮਸੂਲੀਆਂ ਅਤੇ ਕੰਜਰੀਆਂ ਨੇ ਪਹਿਲਾਂ ਤਾਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਨਕਾਰ ਕੀਤਾ। ਪਰੰਤੂ ਫਿਰ, ਪਹਿਲੇ ਪੁੱਤਰ ਵਾਂਗ, ਉਨ੍ਹਾਂ ਨੇ ਤੋਬਾ ਕੀਤੀ ਅਤੇ ਉਸ ਦੀ ਸੇਵਾ ਕੀਤੀ। ਦੂਜੇ ਪਾਸੇ, ਧਾਰਮਿਕ ਆਗੂ, ਦੂਜੇ ਪੁੱਤਰ ਵਾਂਗ, ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰੰਤੂ ਜਿਵੇਂ ਯਿਸੂ ਟਿੱਪਣੀ ਕਰਦਾ ਹੈ: “ਯੂਹੰਨਾ [ਬਪਤਿਸਮਾ ਦੇਣ ਵਾਲਾ] ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ।”

ਯਿਸੂ ਫਿਰ ਦਿਖਾਉਂਦਾ ਹੈ ਕਿ ਉਨ੍ਹਾਂ ਧਾਰਮਿਕ ਆਗੂਆਂ ਦੀ ਅਸਫਲਤਾ ਸਿਰਫ਼ ਪਰਮੇਸ਼ੁਰ ਦੀ ਸੇਵਾ ਨੂੰ ਨਜ਼ਰਅੰਦਾਜ਼ ਕਰਨ ਵਿਚ ਹੀ ਨਹੀਂ ਹੈ। ਨਹੀਂ, ਪਰੰਤੂ ਉਹ ਸੱਚ-ਮੁੱਚ ਹੀ ਦੁਸ਼ਟ ਅਤੇ ਬੁਰੇ ਆਦਮੀ ਹਨ। ਯਿਸੂ ਦੱਸਦਾ ਹੈ: “ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ। ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ। ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।”

“ਚਾਕਰ” ਉਹ ਨਬੀ ਹਨ ਜਿਨ੍ਹਾਂ ਨੂੰ “ਘਰ ਦਾ ਮਾਲਕ,” ਯਹੋਵਾਹ ਪਰਮੇਸ਼ੁਰ ਆਪਣੇ “ਅੰਗੂਰੀ ਬਾਗ਼” ਦੇ “ਮਾਲੀਆਂ” ਕੋਲ ਭੇਜਦਾ ਹੈ। ਇਹ ਮਾਲੀ ਇਸਰਾਏਲ ਦੀ ਕੌਮ, ਉਹ ਕੌਮ ਜਿਸ ਨੂੰ ਬਾਈਬਲ ਪਰਮੇਸ਼ੁਰ ਦੇ “ਅੰਗੂਰੀ ਬਾਗ਼” ਦੇ ਤੌਰ ਤੇ ਪਛਾਣ ਕਰਵਾਉਂਦੀ ਹੈ, ਦੇ ਮੁੱਖ ਪ੍ਰਤੀਨਿਧ ਹਨ।

ਕਿਉਂਕਿ “ਮਾਲੀ,” “ਚਾਕਰਾਂ” ਨਾਲ ਦੁਰ-ਵਿਵਹਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ, ਯਿਸੂ ਸਮਝਾਉਂਦਾ ਹੈ: “ਓੜਕ [ਅੰਗੂਰੀ ਬਾਗ਼ ਦੇ ਮਾਲਕ] ਨੇ ਆਪਣੇ ਪੁੱਤ੍ਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤ੍ਰ ਦਾ ਆਦਰ ਕਰਨਗੇ। ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤ੍ਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਦੇ ਮਾਰ ਸੁੱਟਿਆ।”

ਹੁਣ, ਧਾਰਮਿਕ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ, ਯਿਸੂ ਪੁੱਛਦਾ ਹੈ: “ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?”

ਧਾਰਮਿਕ ਆਗੂ ਜਵਾਬ ਦਿੰਦੇ ਹਨ: “ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰਾਂ ਨਾਸ ਕਰੂ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪੁਚਾਉਣਗੇ।”

ਇਸ ਤਰ੍ਹਾਂ ਉਹ ਅਣਜਾਣਪੁਣੇ ਵਿਚ ਆਪਣੇ ਉੱਪਰ ਆਪ ਹੀ ਨਿਆਉਂ ਦੀ ਘੋਸ਼ਣਾ ਕਰ ਲੈਂਦੇ ਹਨ, ਕਿਉਂਕਿ ਉਹ ਵੀ ਯਹੋਵਾਹ ਦੀ ਇਸਰਾਏਲ ਦੇ ਰਾਸ਼ਟਰੀ “ਅੰਗੂਰੀ ਬਾਗ਼” ਦੇ ਇਸਰਾਏਲੀ “ਮਾਲੀਆਂ” ਵਿਚ ਸ਼ਾਮਲ ਹਨ। ਅਜਿਹੇ ਮਾਲੀਆਂ ਤੋਂ ਜਿਹੜੇ ਫਲ ਦੀ ਯਹੋਵਾਹ ਆਸ਼ਾ ਕਰਦਾ ਹੈ, ਉਹ ਹੈ ਉਸ ਦੇ ਪੁੱਤਰ, ਸੱਚੇ ਮਸੀਹਾ ਉੱਤੇ ਨਿਹਚਾ। ਉਨ੍ਹਾਂ ਦਾ ਅਜਿਹੇ ਫਲ ਲਿਆਉਣ ਤੋਂ ਚੁੱਕ ਜਾਣ ਦੇ ਕਾਰਨ, ਯਿਸੂ ਚੇਤਾਵਨੀ ਦਿੰਦਾ ਹੈ: “ਭਲਾ ਤੁਸਾਂ ਲਿਖਤਾਂ ਵਿੱਚ [ਜ਼ਬੂਰ 118:​22, 23 ਵਿਖੇ] ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ। ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।”

ਗ੍ਰੰਥੀ ਅਤੇ ਮੁੱਖ ਜਾਜਕ ਹੁਣ ਸਮਝ ਜਾਂਦੇ ਹਨ ਕਿ ਯਿਸੂ ਉਨ੍ਹਾਂ ਦੇ ਬਾਰੇ ਬੋਲ ਰਿਹਾ ਹੈ, ਅਤੇ ਉਹ ਉਸ ਨੂੰ, ਅਰਥਾਤ ਹੱਕੀ “ਵਾਰਸ” ਨੂੰ, ਮਾਰ ਦੇਣਾ ਚਾਹੁੰਦੇ ਹਨ। ਇਸ ਲਈ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਕ ਹੋਣ ਦਾ ਵਿਸ਼ੇਸ਼-ਸਨਮਾਨ ਇਕ ਕੌਮ ਦੇ ਤੌਰ ਤੇ ਉਨ੍ਹਾਂ ਤੋਂ ਲੈ ਲਿਆ ਜਾਵੇਗਾ, ਅਤੇ ‘ਅੰਗੂਰੀ ਬਾਗ਼ ਦੇ ਮਾਲੀਆਂ’ ਦੀ ਇਕ ਨਵੀਂ ਕੌਮ ਉਤਪੰਨ ਕੀਤੀ ਜਾਵੇਗੀ, ਜਿਹੜੀ ਉਚਿਤ ਫਲ ਪੈਦਾ ਕਰੇਗੀ।

ਕਿਉਂਕਿ ਧਾਰਮਿਕ ਆਗੂ ਭੀੜ ਤੋਂ ਡਰਦੇ ਹਨ, ਜਿਹੜੀ ਯਿਸੂ ਨੂੰ ਇਕ ਨਬੀ ਸਮਝਦੀ ਹੈ, ਉਹ ਇਸ ਮੌਕੇ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਮੱਤੀ 21:​28-46; ਮਰਕੁਸ 12:​1-12; ਲੂਕਾ 20:​9-19; ਯਸਾਯਾਹ 5:​1-7.

▪ ਯਿਸੂ ਦੇ ਪਹਿਲੇ ਦ੍ਰਿਸ਼ਟਾਂਤ ਵਿਚ ਦੋ ਬੱਚੇ ਕਿਨ੍ਹਾਂ ਨੂੰ ਦਰਸਾਉਂਦੇ ਹਨ?

▪ ਦੂਸਰੇ ਦ੍ਰਿਸ਼ਟਾਂਤ ਵਿਚ, “ਘਰ ਦਾ ਮਾਲਕ,” “ਅੰਗੂਰੀ ਬਾਗ਼,” “ਮਾਲੀ,” “ਚਾਕਰ,” ਅਤੇ “ਵਾਰਸ” ਕਿਨ੍ਹਾਂ ਨੂੰ ਦਰਸਾਉਂਦੇ ਹਨ?

▪ ‘ਅੰਗੂਰੀ ਬਾਗ਼ ਦੇ ਮਾਲੀਆਂ’ ਦਾ ਕੀ ਹੋਵੇਗਾ, ਅਤੇ ਉਨ੍ਹਾਂ ਦੀ ਥਾਂ ਕੌਣ ਲੈਣਗੇ?