Skip to content

Skip to table of contents

ਅੰਤ ਦਿਆਂ ਦਿਨਾਂ ਦੇ ਲੱਛਣ

ਅੰਤ ਦਿਆਂ ਦਿਨਾਂ ਦੇ ਲੱਛਣ

ਅਧਿਆਇ 111

ਅੰਤ ਦਿਆਂ ਦਿਨਾਂ ਦੇ ਲੱਛਣ

ਹੁਣ ਮੰਗਲਵਾਰ ਦੁਪਹਿਰ ਦਾ ਸਮਾਂ ਹੈ। ਜਿਉਂ ਹੀ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੇਠਾਂ ਹੈਕਲ ਵੱਲ ਦੇਖ ਰਿਹਾ ਹੈ, ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਉਸ ਕੋਲ ਇਕਾਂਤ ਵਿਚ ਆਉਂਦੇ ਹਨ। ਉਹ ਹੈਕਲ ਦੇ ਬਾਰੇ ਚਿੰਤਿਤ ਹਨ, ਕਿਉਂਕਿ ਯਿਸੂ ਨੇ ਹੁਣੇ-ਹੁਣੇ ਪੂਰਵ-ਸੂਚਿਤ ਕੀਤਾ ਹੈ ਕਿ ਇਸ ਵਿਚ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ।

ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਕੁਝ ਹੋਰ ਵੀ ਗੱਲ ਹੈ ਜਿਉਂ ਹੀ ਉਹ ਯਿਸੂ ਕੋਲ ਆਉਂਦੇ ਹਨ। ਕੁਝ ਹਫ਼ਤੇ ਪਹਿਲਾਂ, ਉਸ ਨੇ ਆਪਣੀ “ਮੌਜੂਦਗੀ,” (ਨਿ ਵ) ਬਾਰੇ ਗੱਲ ਕੀਤੀ ਸੀ, ਜਿਸ ਸਮੇਂ ਦੇ ਦੌਰਾਨ “ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” ਅਤੇ ਇਸ ਤੋਂ ਪਹਿਲਾਂ ਵੀ ਇਕ ਅਵਸਰ ਤੇ, ਉਸ ਨੇ ਉਨ੍ਹਾਂ ਨੂੰ “ਰੀਤੀ-ਵਿਵਸਥਾ ਦੀ ­ਸਮਾਪਤੀ,” (ਨਿ ਵ) ਬਾਰੇ ਦੱਸਿਆ ਸੀ। ਇਸ ਕਰਕੇ ਰਸੂਲ ਬਹੁਤ ਜਿਗਿਆਸੂ ਹਨ।

“ਸਾਨੂੰ ਦੱਸ,” ਉਹ ਕਹਿੰਦੇ ਹਨ, “ਇਹ ਗੱਲਾਂ [ਜੋ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਵਿਚ ਪਰਿਣਿਤ ਹੋਣਗੀਆਂ] ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਨਿ ਵ) ਅਸਲ ਵਿਚ, ਉਨ੍ਹਾਂ ਦਾ ਸਵਾਲ ਤਿੰਨ ਹਿੱਸਿਆਂ ਵਾਲਾ ਹੈ। ਪਹਿਲਾ, ਉਹ ਯਰੂਸ਼ਲਮ ਅਤੇ ਇਸ ਦੀ ਹੈਕਲ ਦੇ ਅੰਤ ਬਾਰੇ ਜਾਣਨਾ ਚਾਹੁੰਦੇ ਹਨ, ਫਿਰ ਰਾਜ ਸ਼ਕਤੀ ਵਿਚ ਯਿਸੂ ਦੀ ਮੌਜੂਦਗੀ ਬਾਰੇ, ਅਤੇ ਆਖ਼ਰ ਵਿਚ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਬਾਰੇ।

ਆਪਣੇ ਲੰਬੇ ਜਵਾਬ ਵਿਚ, ਯਿਸੂ ਸਵਾਲ ਦੇ ਸਾਰੇ ਤਿੰਨਾਂ ਹਿੱਸਿਆਂ ਦੇ ਜਵਾਬ ਦਿੰਦਾ ਹੈ। ਉਹ ਇਕ ਲੱਛਣ ਮੁਹੱਈਆ ਕਰਦਾ ਹੈ ਜੋ ਸ਼ਨਾਖਤ ਕਰਦਾ ਹੈ ਕਿ ਯਹੂਦੀ ਰੀਤੀ-ਵਿਵਸਥਾ ਦਾ ਅੰਤ ਕਦੋਂ ਹੋਵੇਗਾ; ਪਰੰਤੂ ਉਹ ਇਸ ਤੋਂ ਵੀ ਵੱਧ ਮੁਹੱਈਆ ਕਰਦਾ ਹੈ। ਉਹ ਇਕ ਹੋਰ ਲੱਛਣ ਵੀ ਦਿੰਦਾ ਹੈ ਜੋ ਉਸ ਦੇ ਭਾਵੀ ਚੇਲਿਆਂ ਨੂੰ ਚੌਕਸ ਕਰੇਗਾ ਤਾਂਕਿ ਉਹ ਜਾਣ ਸਕਣ ਕਿ ਉਹ ਉਸ ਦੀ ਮੌਜੂਦਗੀ ਦੇ ਦੌਰਾਨ ਅਤੇ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਨੇੜੇ ਰਹਿ ਰਹੇ ਹਨ।

ਜਿਉਂ-ਜਿਉਂ ਵਰ੍ਹੇ ਬੀਤਦੇ ਜਾਂਦੇ ਹਨ, ਰਸੂਲ ਯਿਸੂ ਦੀ ਭਵਿੱਖਬਾਣੀ ਨੂੰ ਪੂਰਿਆਂ ਹੁੰਦੇ ਹੋਏ ਦੇਖਦੇ ਹਨ। ਜੀ ਹਾਂ, ਠੀਕ ਉਹੀ ਗੱਲਾਂ ਜਿਨ੍ਹਾਂ ਦੇ ਬਾਰੇ ਉਸ ਨੇ ਪੂਰਵ-ਸੂਚਨਾ ਦਿੱਤੀ ਸੀ, ਉਹ ਉਨ੍ਹਾਂ ਦੇ ਦਿਨਾਂ ਵਿਚ ਹੋਣੀਆਂ ਸ਼ੁਰੂ ਹੋਈਆਂ। ਇਸ ਕਰਕੇ, ਉਹ ਮਸੀਹੀ ਜਿਹੜੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ ਜੀਉਂਦੇ ਹਨ, ਯਹੂਦੀ ਰੀਤੀ-ਵਿਵਸਥਾ ਅਤੇ ਉਸ ਦੀ ਹੈਕਲ ਦੇ ਨਾਸ਼ ਦੁਆਰਾ ਬੇਖ਼ਬਰੇ ਨਹੀਂ ਫੜੇ ਜਾਂਦੇ ਹਨ।

ਫਿਰ ਵੀ, ਮਸੀਹ ਦੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੀ ਸਮਾਪਤੀ 70 ਸਾ.ਯੁ. ਵਿਚ ਨਹੀਂ ਹੁੰਦੀ ਹੈ। ਰਾਜ ਸ਼ਕਤੀ ਵਿਚ ਉਸ ਦੀ ਮੌਜੂਦਗੀ ਬਹੁਤ ਸਮੇਂ ਬਾਅਦ ਵਾਪਰਦੀ ਹੈ। ਪਰੰਤੂ ਕਦੋਂ? ਯਿਸੂ ਦੀ ਭਵਿੱਖਬਾਣੀ ਉੱਤੇ ਧਿਆਨ ਦੇਣ ਨਾਲ ਇਹ ਪ੍ਰਗਟ ਹੁੰਦਾ ਹੈ।

ਯਿਸੂ ਪੂਰਵ-ਸੂਚਿਤ ਕਰਦਾ ਹੈ ਕਿ “ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ” ਹੋਣਗੀਆਂ। ‘ਕੌਮ ਕੌਮ ਉੱਤੇ ਚੜ੍ਹਾਈ ਕਰੇਗੀ,’ ਉਹ ਕਹਿੰਦਾ ਹੈ, ਅਤੇ ਕਾਲ, ਭੁਚਾਲ, ਅਤੇ ਮਰੀਆਂ ਪੈਣਗੀਆਂ। ਉਸ ਦੇ ਚੇਲੇ ਨਫ਼ਰਤ ਕੀਤੇ ਜਾਣਗੇ ਅਤੇ ਮਾਰੇ ਜਾਣਗੇ। ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿਚ ਪਾਉਣਗੇ। ਕੁਧਰਮ ਵਿਚ ਵਾਧਾ ਹੋਵੇਗਾ, ਅਤੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ। ਉਸੇ ਸਮੇਂ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਨੂੰ ਗਵਾਹੀ ਦੇ ਤੌਰ ਤੇ ਪ੍ਰਚਾਰ ਕੀਤੀ ਜਾਵੇਗੀ।

ਭਾਵੇਂ ਕਿ ਯਿਸੂ ਦੀ ਭਵਿੱਖਬਾਣੀ ਦੀ ਇਕ ਸੀਮਿਤ ਪੂਰਤੀ 70 ਸਾ.ਯੁ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਹੋਈ ਹੈ, ਇਸ ਦੀ ਪ੍ਰਮੁੱਖ ਪੂਰਤੀ ਉਸ ਦੀ ਮੌਜੂਦਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਦੌਰਾਨ ਹੋਣੀ ਹੈ। 1914 ਤੋਂ ਲੈ ਕੇ ਹੁਣ ਤਕ ਦੀਆਂ ਸੰਸਾਰਕ ਘਟਨਾਵਾਂ ਦਾ ਧਿਆਨਪੂਰਵਕ ਪੁਨਰ-ਵਿਚਾਰ ਪ੍ਰਗਟ ਕਰਦਾ ਹੈ ਕਿ ਯਿਸੂ ਦੀ ਅਤਿ ਮਹੱਤਵਪੂਰਣ ਭਵਿੱਖਬਾਣੀ ਦੀ ਪ੍ਰਮੁੱਖ ਪੂਰਤੀ ਉਸੇ ਵਰ੍ਹੇ ਤੋਂ ਹੋ ਰਹੀ ਹੈ।

ਲੱਛਣ ਦਾ ਇਕ ਹੋਰ ਹਿੱਸਾ ਜੋ ਯਿਸੂ ਦਿੰਦਾ ਹੈ, ਉਹ ਹੈ “ਉਸ ਉਜਾੜਨ ਵਾਲੀ ਘਿਣਾਉਣੀ ਚੀਜ਼” ਦਾ ਪ੍ਰਗਟ ਹੋਣਾ। 66 ਸਾ.ਯੁ. ਵਿਚ ਉਹ ਘਿਣਾਉਣੀ ਚੀਜ਼ ਰੋਮੀ “ਫ਼ੌਜਾਂ” ਦੇ ਰੂਪ ਵਿਚ ਪ੍ਰਗਟ ਹੁੰਦੀ ਹੈ, ਜੋ ਯਰੂਸ਼ਲਮ ਨੂੰ ਘੇਰ ਲੈਂਦੀ ਹੈ ਅਤੇ ਉਸ ਦੀ ਹੈਕਲ ਦੀ ਕੰਧ ਨੂੰ ਨਸ਼ਟ ਕਰ ਦਿੰਦੀ ਹੈ। ਉਹ “ਘਿਣਾਉਣੀ ਚੀਜ਼,” ਉੱਥੇ ਖੜ੍ਹੀ ਹੈ ਜਿੱਥੇ ਇਸ ਨੂੰ ਨਹੀਂ ਹੋਣਾ ਚਾਹੀਦਾ ਹੈ।

ਲੱਛਣ ਦੀ ਪ੍ਰਮੁੱਖ ਪੂਰਤੀ ਵਿਚ, ਘਿਣਾਉਣੀ ਚੀਜ਼ ਰਾਸ਼ਟਰ-ਸੰਘ ਅਤੇ ਉਸ ਦਾ ਉਤਰਾਧਿਕਾਰੀ, ਸੰਯੁਕਤ ਰਾਸ਼ਟਰ-ਸੰਘ ਹੈ। ਮਸੀਹੀ-ਜਗਤ, ਵਿਸ਼ਵ ਸ਼ਾਂਤੀ ਦੇ ਇਸ ਸੰਗਠਨ ਨੂੰ ਪਰਮੇਸ਼ੁਰ ਦੇ ਰਾਜ ਦੀ ਇਵਜ਼ੀ ਸਮਝਦਾ ਹੈ। ਕਿੰਨਾ ਘਿਣਾਉਣਾ! ਇਸ ਲਈ, ਸਮਾਂ ਆਉਣ ਤੇ, ਸੰਯੁਕਤ ਰਾਸ਼ਟਰ-ਸੰਘ ਨਾਲ ਸੰਬੰਧਿਤ ਰਾਜਨੀਤਿਕ ਸ਼ਕਤੀਆਂ ਮਸੀਹੀ-ਜਗਤ (ਪ੍ਰਤਿਰੂਪੀ ਯਰੂਸ਼ਲਮ) ਦੇ ਖਿਲਾਫ਼ ਹੋ ਜਾਣਗੀਆਂ ਅਤੇ ਉਸ ਨੂੰ ਨਾਸ਼ ਕਰਨਗੀਆਂ।

ਇਸ ਤਰ੍ਹਾਂ ਯਿਸੂ ਪੂਰਵ-ਸੂਚਿਤ ਕਰਦਾ ਹੈ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” ਸੰਨ 70 ਸਾ.ਯੁ. ਵਿਚ ਯਰੂਸ਼ਲਮ ਦਾ ਨਾਸ਼ ਸੱਚ-ਮੁੱਚ ਹੀ ਇਕ ਵੱਡਾ ਕਸ਼ਟ ਹੈ, ਜਿਸ ਵਿਚ ਰਿਪੋਰਟ ਅਨੁਸਾਰ ਦਸ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ। ਯਿਸੂ ਦੀ ਭਵਿੱਖਬਾਣੀ ਦੇ ਇਸ ਭਾਗ ਦੀ ਪ੍ਰਮੁੱਖ ਪੂਰਤੀ ਹੋਰ ਵੀ ਜ਼ਿਆਦਾ ਵੱਡੀ ਹੋਵੇਗੀ।

ਅੰਤ ਦਿਆਂ ਦਿਨਾਂ ਦੇ ਦੌਰਾਨ ਭਰੋਸਾ

ਜਿਉਂ-ਜਿਉਂ ਮੰਗਲਵਾਰ, ਨੀਸਾਨ 11 ਦਾ ਦਿਨ ਖ਼ਤਮ ਹੁੰਦਾ ਹੈ, ਯਿਸੂ ਆਪਣੇ ਰਸੂਲਾਂ ਨਾਲ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੇ ਅੰਤ ਦੇ ਲੱਛਣ ਸੰਬੰਧੀ ਚਰਚਾ ਜਾਰੀ ਰੱਖਦਾ ਹੈ। ਉਹ ਉਨ੍ਹਾਂ ਨੂੰ ਝੂਠੇ ਮਸੀਹਾਂ ਦੇ ਪਿੱਛੇ ਲੱਗਣ ਬਾਰੇ ਚੇਤਾਵਨੀ ਦਿੰਦਾ ਹੈ। ਉਹ ਕਹਿੰਦਾ ਹੈ ਕਿ “ਜੇ ਹੋ ਸੱਕਦਾ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ” ਦੇਣ ਦੀਆਂ ਕੋਸ਼ਿਸ਼ਾਂ ਕਰਨਗੇ। ਪਰੰਤੂ, ਦੂਰ-ਦ੍ਰਿਸ਼ਟੀ ਵਾਲੀਆਂ ਗਿਰਝਾ ਵਾਂਗੂ, ਇਹ ਚੁਣੇ ਹੋਏ ਉੱਥੇ ਇਕੱਠੇ ਹੋਣਗੇ ਜਿੱਥੇ ਸੱਚਾ ਅਧਿਆਤਮਿਕ ਭੋਜਨ ਮਿਲਦਾ ਹੈ, ਅਰਥਾਤ ਸੱਚੇ ਮਸੀਹ ਦੇ ਕੋਲ ਉਸ ਦੀ ਅਦਿੱਖ ਮੌਜੂਦਗੀ ਦੇ ਸਮੇਂ। ਉਹ ਭੁਲਾਵੇਂ ਵਿਚ ਪੈ ਕੇ ਕਿਸੇ ਝੂਠੇ ਮਸੀਹ ਦੇ ਕੋਲ ਇਕੱਠੇ ਨਹੀਂ ਹੋਣਗੇ।

ਝੂਠੇ ਮਸੀਹ ਸਿਰਫ਼ ਇਕ ਦ੍ਰਿਸ਼ਟ ਪ੍ਰਗਟਾਵਾ ਕਰ ਸਕਦੇ ਹਨ। ਇਸ ਦੀ ਤੁਲਨਾ ਵਿਚ, ਯਿਸੂ ਦੀ ਮੌਜੂਦਗੀ ਅਦਿੱਖ ਹੋਵੇਗੀ। ਯਿਸੂ ਕਹਿੰਦਾ ਹੈ ਕਿ ਕਸ਼ਟ ਸ਼ੁਰੂ ਹੋਣ ਤੋਂ ਬਾਅਦ: “ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।” ਜੀ ਹਾਂ, ਇਹ ਮਨੁੱਖਜਾਤੀ ਦੀ ਹੋਂਦ ਦਾ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਹੋਵੇਗਾ। ਇਹ ਇਸ ਤਰ੍ਹਾਂ ਲੱਗੇਗਾ ਜਿਵੇਂ ਕਿ ਸੂਰਜ ਦਿਨ ਸਮੇਂ ਅਨ੍ਹੇਰਾ ਹੋ ਗਿਆ ਹੋਵੇ, ਅਤੇ ਜਿਵੇਂ ਕਿ ਚੰਦ ਰਾਤ ਦੇ ਵੇਲੇ ਆਪਣੀ ਚਾਨਣੀ ਨਾ ਦੇ ਰਿਹਾ ਹੋਵੇ।

“ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ,” ਯਿਸੂ ਜਾਰੀ ਰੱਖਦਾ ਹੈ। ਇਸ ਤਰ੍ਹਾਂ ਉਹ ਸੰਕੇਤ ਕਰਦਾ ਹੈ ਕਿ ਭੌਤਿਕ ਆਕਾਸ਼ ਨਹਿਸ਼ ਦਿੱਖ ਅਪਣਾ ਲੈਣਗੇ। ਉਸ ਸਮੇਂ ਡਰ ਅਤੇ ਹਿੰਸਾ, ਪਿਛਲੇ ਮਾਨਵ ਇਤਿਹਾਸ ਵਿਚ ਅਨੁਭਵ ਕੀਤੇ ਗਏ ਡਰ ਅਤੇ ਹਿੰਸਾ ਨਾਲੋਂ ਕਿਤੇ ਹੀ ਜ਼ਿਆਦਾ ਹੋਵੇਗਾ।

ਨਤੀਜੇ ਵਜੋਂ, ਯਿਸੂ ਕਹਿੰਦਾ ਹੈ ਕਿ “ਸਮੁੰਦਰ ਅਰ ਉਹਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।” ਦਰਅਸਲ, ਜਿਉਂ-ਜਿਉਂ ਮਾਨਵੀ ਹੋਂਦ ਦਾ ਇਹ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਆਪਣੇ ਅੰਤ ਦੇ ਨੇੜੇ ਆਉਂਦਾ ਹੈ, “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ।”

ਪਰੰਤੂ ਜਦੋਂ ‘ਮਨੁੱਖ ਦਾ ਪੁੱਤ੍ਰ ਆਪਣੇ ਸਮਰੱਥ ਨਾਲ’ ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਨਾਸ਼ ਕਰਨ ਲਈ ਆਉਂਦਾ ਹੈ ਤਾਂ ਸਾਰੇ ਨਹੀਂ ਪਿੱਟਣਗੇ। ‘ਚੁਣੇ ਹੋਏ,’ ਉਹ ­1,44,000 ਵਿਅਕਤੀ ਜਿਹੜੇ ਮਸੀਹ ਨਾਲ ਉਸ ਦੇ ਸਵਰਗੀ ਰਾਜ ਵਿਚ ਸਾਂਝੀ ਹੋਣਗੇ, ਨਹੀਂ ਪਿੱਟਣਗੇ ਅਤੇ ਨਾ ਹੀ ਉਨ੍ਹਾਂ ਦੇ ਸਾਥੀ, ਜਿਨ੍ਹਾਂ ਨੂੰ ਯਿਸੂ ਨੇ ਅੱਗੇ ‘ਹੋਰ ਭੇਡਾਂ’ ਸੱਦਿਆ ਸੀ। ਮਾਨਵ ਇਤਿਹਾਸ ਦੇ ਸਭ ਤੋਂ ਵੱਧ ਅੰਧਕਾਰ ਦੇ ਸਮੇਂ ਦੇ ਦੌਰਾਨ ਰਹਿਣ ਦੇ ਬਾਵਜੂਦ, ਇਹ ਲੋਕ ਯਿਸੂ ਦੇ ਹੌਸਲੇ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹਨ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”

ਤਾਂਕਿ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਉਸ ਦੇ ਚੇਲੇ ਅੰਤ ਦੀ ਨੇੜਤਾ ਨੂੰ ਨਿਸ਼ਚਿਤ ਕਰ ਸਕਣ, ਯਿਸੂ ਇਹ ਦ੍ਰਿਸ਼ਟਾਂਤ ਦਿੰਦਾ ਹੈ: “ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। ਜਦ ਉਨ੍ਹਾਂ ਦੇ ਪੱਤਰ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”

ਇਸ ਕਰਕੇ, ਜਦ ਉਸ ਦੇ ਚੇਲੇ ਲੱਛਣ ਦਿਆਂ ਬਹੁਤ ਵੱਖ-ਵੱਖ ਪਹਿਲੂਆਂ ਨੂੰ ਪੂਰੇ ਹੁੰਦੇ ਹੋਏ ਦੇਖਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਇਸ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ ਅਤੇ ਕਿ ਪਰਮੇਸ਼ੁਰ ਦਾ ਰਾਜ ਸਾਰੀ ਦੁਸ਼ਟਤਾ ਨੂੰ ਜਲਦੀ ਹੀ ਸਾਫ਼ ਕਰੇਗਾ। ਅਸਲ ਵਿਚ, ਅੰਤ ਉਨ੍ਹਾਂ ਲੋਕਾਂ ਦੇ ਜੀਵਨਕਾਲ ਵਿਚ ਹੀ ਵਾਪਰੇਗਾ ਜਿਨ੍ਹਾਂ ਨੇ ਯਿਸੂ ਦੀਆਂ ਸਾਰੀਆਂ ਪੂਰਵ-ਸੂਚਿਤ ਗੱਲਾਂ ਦੀ ਪੂਰਤੀ ਦੇਖੀ ਹੈ! ਉਨ੍ਹਾਂ ਚੇਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜਿਹੜੇ ਉਸ ਅਤਿ ਮਹੱਤਵਪੂਰਣ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਂਦੇ ਹੋਣਗੇ, ਯਿਸੂ ਕਹਿੰਦਾ ਹੈ:

“ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”

ਚਤੁਰ ਅਤੇ ਮੂਰਖ ਕੁਆਰੀਆਂ

ਯਿਸੂ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਦੇ ਲੱਛਣ ਲਈ ਆਪਣੇ ਰਸੂਲਾਂ ਦੀ ਬੇਨਤੀ ਦਾ ਜਵਾਬ ਦੇ ਰਿਹਾ ਸੀ। ਹੁਣ ਉਹ ਤਿੰਨ ਨੀਤੀ-ਕਥਾਵਾਂ, ਜਾਂ ਦ੍ਰਿਸ਼ਟਾਂਤਾਂ ਵਿਚ ਲੱਛਣ ਦੇ ਹੋਰ ਪਹਿਲੂ ਦਿੰਦਾ ਹੈ।

ਉਸ ਦੀ ਮੌਜੂਦਗੀ ਦੇ ਦੌਰਾਨ ਜੀਉਣ ਵਾਲੇ ਲੋਕ ਹਰੇਕ ਦ੍ਰਿਸ਼ਟਾਂਤ ਦੀ ਪੂਰਤੀ ਨੂੰ ਦੇਖ ਸਕਣਗੇ। ਉਹ ਪਹਿਲਾ ਦ੍ਰਿਸ਼ਟਾਂਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਹੈ: “ਉਸ ਵੇਲੇ ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈਕੇ ਲਾੜੇ ਦੇ ਮਿਲਨ ਨੂੰ ਨਿੱਕਲੀਆਂ। ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ।”

“ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ,” ਇਸ ਅਭਿਵਿਅਕਤੀ ਦੁਆਰਾ ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਸਵਰਗੀ ਰਾਜ ਦੇ ਵਾਰਸਾਂ ਵਿੱਚੋਂ ਅੱਧੇ ਮੂਰਖ ਹੋਣਗੇ ਅਤੇ ਅੱਧੇ ਚਤੁਰ ਵਿਅਕਤੀ ਹੋਣਗੇ! ਨਹੀਂ, ਬਲਕਿ ਉਸ ਦਾ ਮਤਲਬ ਹੈ ਕਿ ਸਵਰਗੀ ਰਾਜ ਦੇ ਸੰਬੰਧ ਵਿਚ, ਇਸ ਤਰ੍ਹਾਂ ਦਾ ਜਾਂ ਉਸ ਤਰ੍ਹਾਂ ਦਾ ਇਕ ਪਹਿਲੂ ਹੈ, ਜਾਂ ਰਾਜ ਨਾਲ ਸੰਬੰਧਿਤ ਵਿਸ਼ੇ ਫਲਾਨੀ-ਫਲਾਨੀ ਚੀਜ਼ ਵਰਗੇ ਹੋਣਗੇ।

ਦਸ ਕੁਆਰੀਆਂ ਸਾਰੇ ਮਸੀਹੀਆਂ ਨੂੰ ਸੰਕੇਤ ਕਰਦੀਆਂ ਹਨ ਜਿਹੜੇ ਸਵਰਗੀ ਰਾਜ ਵਿਚ ਜਾਣ ਦੀ ਸਥਿਤੀ ਵਿਚ ਹਨ ਜਾਂ ਹੋਣ ਦਾ ਦਾਅਵਾ ਕਰਦੇ ਹਨ। ਇਹ ਪੰਤੇਕੁਸਤ 33 ਸਾ.ਯੁ. ਵਿਚ ਸੀ ਕਿ ਮਸੀਹੀ ਕਲੀਸਿਯਾ ਨੂੰ ਪੁਨਰ-ਉਥਿਤ, ਮਹਿਮਾਯੁਕਤ ਲਾੜੇ, ਯਿਸੂ ਮਸੀਹ ਨਾਲ ਵਿਆਹ ਲਈ ਵਾਅਦਾ ਕੀਤਾ ਗਿਆ ਸੀ। ਪਰੰਤੂ ਵਿਆਹ ਸਵਰਗ ਵਿਚ ਭਵਿੱਖ ਵਿਚ ਕਿਸੇ ਅਨਿਸ਼ਚਿਤ ਸਮੇਂ ਤੇ ਹੋਣਾ ਸੀ।

ਦ੍ਰਿਸ਼ਟਾਂਤ ਵਿਚ, ਦਸ ਕੁਆਰੀਆਂ ਲਾੜੇ ਦਾ ਸੁਆਗਤ ਕਰਨ ਅਤੇ ਵਿਆਹ ਦੇ ਜਲੂਸ ਵਿਚ ਸ਼ਾਮਲ ਹੋਣ ਦੇ ਉਦੇਸ਼ ਨਾਲ ਨਿਕਲਦੀਆਂ ਹਨ। ਜਦੋਂ ਉਹ ਆਉਂਦਾ ਹੈ, ਤਾਂ ਉਹ ਆਪਣੀਆਂ ਮਸਾਲਾਂ ਨਾਲ ਜਲੂਸ ਵਾਲੇ ਰਾਹ ਵਿਚ ਰੌਸ਼ਨੀ ਕਰਨਗੀਆਂ, ਅਤੇ ਇਸ ਤਰ੍ਹਾਂ ਉਸ ਦਾ ਆਦਰ ਕਰਦੀਆਂ ਹਨ ਜਿਉਂ ਉਹ ਆਪਣੀ ਲਾੜੀ ਨੂੰ ਉਸ ਲਈ ਤਿਆਰ ਕੀਤੇ ਹੋਏ ਘਰ ਨੂੰ ਲਿਆਉਂਦਾ ਹੈ। ਪਰੰਤੂ, ਯਿਸੂ ਵਿਆਖਿਆ ਕਰਦਾ ਹੈ: “ਜਿਹੜੀਆਂ ਮੂਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ। ਅਤੇ ਜਦ ਲਾੜੇ ਨੇ ਚਿਰ ਲਾਇਆ ਓਹ ਸਭ ਊਂਘ ਪਈਆਂ ਅਤੇ ਸੌਂ ਗਈਆਂ”।

ਲਾੜੇ ਵੱਲੋਂ ਅਤਿ ਦੇਰੀ ਸੰਕੇਤ ਕਰਦੀ ਹੈ ਕਿ ਸੱਤਾਧਾਰੀ ਰਾਜੇ ਦੇ ਤੌਰ ਤੇ ਮਸੀਹ ਦੀ ਮੌਜੂਦਗੀ ਅਜੇ ਦੂਰ ਭਵਿੱਖ ਵਿਚ ਹੋਣੀ ਹੈ। ਉਹ ਆਖ਼ਰਕਾਰ ਸੰਨ 1914 ਵਿਚ ਆਪਣੇ ਸਿੰਘਾਸਣ ਤੇ ਆਉਂਦਾ ਹੈ। ਉਸ ਤੋਂ ਪਹਿਲਾਂ ਦੀ ਲੰਬੀ ਰਾਤ ਦੇ ਦੌਰਾਨ ਸਾਰੀਆਂ ਕੁਆਰੀਆਂ ਸੌਂ ਜਾਂਦੀਆਂ ਹਨ। ਪਰੰਤੂ ਉਨ੍ਹਾਂ ਨੂੰ ਇਸ ਲਈ ਦੋਸ਼ੀ ਨਹੀਂ ­ਠਹਿਰਾਇਆ ਜਾਂਦਾ ਹੈ। ਮੂਰਖ ਕੁਆਰੀਆਂ ਨੂੰ ਉਨ੍ਹਾਂ ਦੇ ਭਾਂਡਿਆਂ ਵਿਚ ਤੇਲ ਨਾ ਹੋਣ ਦੇ ਕਾਰਨ ਦੋਸ਼ੀ ਠਹਿਰਾਇਆ ਜਾਂਦਾ ਹੈ। ਯਿਸੂ ਵਿਆਖਿਆ ਕਰਦਾ ਹੈ ਕਿ ਕਿਸ ਤਰ੍ਹਾਂ ਕੁਆਰੀਆਂ ਲਾੜੇ ਦੇ ਪਹੁੰਚਣ ਤੋਂ ਪਹਿਲਾਂ ਜਾਗਦੀਆਂ ਹਨ: “ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ। ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਕੇ ਆਪਣੇ ਲਈ ਮੁੱਲ ਲਓ।”

ਤੇਲ ਉਸ ਚੀਜ਼ ਨੂੰ ਸੰਕੇਤ ਕਰਦਾ ਹੈ ਜੋ ਪ੍ਰਕਾਸ਼ਕਾਰੀਆਂ ਦੇ ਤੌਰ ਤੇ ਸੱਚੇ ਮਸੀਹੀਆਂ ਦੀ ਚਮਕ ਨੂੰ ਕਾਇਮ ਰੱਖਦੀ ਹੈ। ਇਹ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ, ਜਿਸ ਨੂੰ ਮਸੀਹੀ ਘੁਟ ਕੇ ਫੜੀ ਰੱਖਦੇ ਹਨ, ਨਾਲ ਹੀ ਪਵਿੱਤਰ ਆਤਮਾ, ਜਿਹੜੀ ਉਸ ਬਚਨ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਅਧਿਆਤਮਿਕ ਤੇਲ ਚਤੁਰ ਕੁਆਰੀਆਂ ਨੂੰ ਯੋਗ ਬਣਾਉਂਦਾ ਹੈ ਕਿ ਉਹ ਵਿਆਹ ਦੀ ਦਾਅਵਤ ਨੂੰ ਜਾਣ ਵਾਲੇ ਜਲੂਸ ਦੇ ਦੌਰਾਨ ਲਾੜੇ ਦੇ ਸੁਆਗਤ ਵਿਚ ਰੌਸ਼ਨੀ ਪਾਉਣ। ਪਰੰਤੂ ਮੂਰਖ ਕੁਆਰੀਆਂ ਦੇ ਆਪਣੇ ਆਪ ਵਿਚ, ਅਰਥਾਤ ਆਪਣੇ ਭਾਂਡਿਆਂ ਵਿਚ, ਲੋੜੀਂਦਾ ਅਧਿਆਤਮਿਕ ਤੇਲ ਨਹੀਂ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ ਕਿ ਕੀ ਹੁੰਦਾ ਹੈ:

“ਜਦ ਓਹ [ਮੂਰਖ ਕੁਆਰੀਆਂ ਤੇਲ] ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ! ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।”

ਮਸੀਹ ਦੇ ਆਪਣੇ ਸਵਰਗੀ ਰਾਜ ਵਿਚ ਪਹੁੰਚਣ ਤੋਂ ਬਾਅਦ, ਮਸਹ ਕੀਤੇ ਹੋਏ ਸੱਚੇ ਮਸੀਹੀਆਂ ਦਾ ਚਤੁਰ ਕੁਆਰੀਆਂ ਦਾ ਵਰਗ, ਵਾਪਸ ਆਏ ਹੋਏ ਲਾੜੇ ਦੀ ਵਡਿਆਈ ਵਿਚ ਇਸ ਅੰਧਕਾਰ ਭਰੀ ਦੁਨੀਆਂ ਵਿਚ ਰੌਸ਼ਨੀ ਪਾਉਣ ਦੇ ਆਪਣੇ ਵਿਸ਼ੇਸ਼-ਸਨਮਾਨ ਦੇ ਪ੍ਰਤੀ ਜਾਗਦਾ ਹੈ। ਪਰੰਤੂ ਮੂਰਖ ਕੁਆਰੀਆਂ ਦੁਆਰਾ ਚਿਤ੍ਰਿਤ ਕੀਤੇ ਹੋਏ ਲੋਕ, ਇਹ ਸੁਆਗਤੀ ਵਡਿਆਈ ਦੇਣ ਦੇ ਲਈ ਤਿਆਰ ਨਹੀਂ ਹਨ। ਇਸ ਲਈ ਜਦੋਂ ਸਮਾਂ ਆਉਂਦਾ ਹੈ, ਤਾਂ ਮਸੀਹ ਸਵਰਗ ਵਿਚ ਉਨ੍ਹਾਂ ਲਈ ਵਿਆਹ ਦੀ ਦਾਅਵਤ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਹੈ। ਉਹ ਉਨ੍ਹਾਂ ਨੂੰ ਬਾਕੀ ਸਾਰੇ ਬੁਰਿਆਰਾਂ ਦੇ ਨਾਲ ਨਾਸ਼ ਹੋਣ ਲਈ, ਸੰਸਾਰ ਦੀ ਸਭ ਤੋਂ ਗਹਿਰੀ ਰਾਤ ਦੇ ਅਨ੍ਹੇਰੇ ਵਿਚ ਬਾਹਰ ਛੱਡ ਦਿੰਦਾ ਹੈ। “ਇਸ ਕਰਕੇ ਜਾਗਦੇ ਰਹੋ,” ਯਿਸੂ ਸਮਾਪਤ ਕਰਦਾ ਹੈ, “ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”

ਤੋੜਿਆਂ ਦਾ ਦ੍ਰਿਸ਼ਟਾਂਤ

ਯਿਸੂ ਜ਼ੈਤੂਨ ਦੇ ਪਹਾੜ ਉੱਤੇ ਆਪਣੇ ਰਸੂਲਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਉਨ੍ਹਾਂ ਨਾਲ ਆਪਣੇ ਚਰਚੇ ਨੂੰ ਜਾਰੀ ਰੱਖਦਾ ਹੈ, ਅਤੇ ਇਹ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿੱਚੋਂ ਦੂਜਾ ਹੈ। ਕੁਝ ਦਿਨ ਪਹਿਲਾਂ, ਜਦੋਂ ਉਹ ਯਰੀਹੋ ਵਿਖੇ ਸੀ, ਉਸ ਨੇ ਇਹ ਦਿਖਾਉਣ ਲਈ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਰਾਜ ਅਜੇ ਕਾਫ਼ੀ ਸਮੇਂ ਬਾਅਦ ਭਵਿੱਖ ਵਿਚ ਆਵੇਗਾ। ਹੁਣ ਜਿਹੜਾ ਦ੍ਰਿਸ਼ਟਾਂਤ ਉਹ ਦੱਸਦਾ ਹੈ, ਜਦ ਕਿ ਇਸ ਦੇ ਕਈ ਸਮਾਨ ਪਹਿਲੂ ਹਨ, ਇਹ ਆਪਣੀ ਪੂਰਤੀ ਵਿਚ ਮਸੀਹ ਦੀ ਰਾਜ ਸ਼ਕਤੀ ਵਿਚ ਮੌਜੂਦਗੀ ਦੇ ਦੌਰਾਨ ਹੋਣ ਵਾਲੇ ਕਾਰਜਾਂ ਨੂੰ ਵਰਣਿਤ ਕਰਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਉਸ ਦੇ ਚੇਲਿਆਂ ਨੂੰ ਧਰਤੀ ਉੱਤੇ ਰਹਿੰਦਿਆਂ, ‘ਉਸ ਦੇ ਮਾਲ’ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।

ਯਿਸੂ ਸ਼ੁਰੂ ਕਰਦਾ ਹੈ: “ਇਹ ਗੱਲ [ਯਾਨੀ ਕਿ, ਰਾਜ ਦੇ ਨਾਲ ਸੰਬੰਧਿਤ ਹਾਲਾਤਾਂ] ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।” ਯਿਸੂ ਉਹ ਆਦਮੀ ਹੈ, ਜਿਹੜਾ ਸਵਰਗ ਨੂੰ ਸਫਰ ਕਰਨ ਤੋਂ ਪਹਿਲਾਂ, ਆਪਣੇ ਚਾਕਰਾਂ​— ਉਹ ਚੇਲੇ ਜੋ ਸਵਰਗੀ ਰਾਜ ਹਾਸਲ ਕਰਨਗੇ​— ਨੂੰ ਆਪਣਾ ਮਾਲ ਸੌਂਪਦਾ ਹੈ। ਇਹ ਮਾਲ ਭੌਤਿਕ ਜਾਇਦਾਦ ਨਹੀਂ ਹੈ, ਬਲਕਿ ਇਹ ਇਕ ਵਾਹੇ ਹੋਏ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿਚ ਉਸ ਨੇ ਹੋਰ ਚੇਲੇ ਉਤਪੰਨ ਕਰਨ ਦੀ ਸੰਭਾਵਨਾ ਕਾਇਮ ਕੀਤੀ ਹੈ।

ਯਿਸੂ ਸਵਰਗ ਨੂੰ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਮਾਲ ਨੂੰ ਆਪਣੇ ਚਾਕਰਾਂ ਨੂੰ ਸੌਂਪ ਦਿੰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਉਹ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤਕ ਰਾਜ ਸੰਦੇਸ਼ ਨੂੰ ਪ੍ਰਚਾਰ ਕਰਨ ਦੇ ਦੁਆਰਾ ਵਾਹੇ ਹੋਏ ਖੇਤਰ ਵਿਚ ਕੰਮ ਕਰਦੇ ਰਹਿਣ ਦੀ ਹਿਦਾਇਤ ਦਿੰਦੇ ਹੋਏ ਇੰਜ ਕਰਦਾ ਹੈ। ਜਿਵੇਂ ਯਿਸੂ ਕਹਿੰਦਾ ਹੈ: “ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।”

ਅੱਠ ਤੋੜੇ​— ਮਸੀਹ ਦਾ ਮਾਲ​— ਇਸ ਤਰ੍ਹਾਂ ਚਾਕਰਾਂ ਦੀਆਂ ਯੋਗਤਾਵਾਂ, ਜਾਂ ਅਧਿਆਤਮਿਕ ਸੰਭਾਵਨਾਵਾਂ, ਦੇ ਅਨੁਸਾਰ ਵੰਡੇ ਜਾਂਦੇ ਹਨ। ਚਾਕਰ ਚੇਲਿਆਂ ਦੇ ਵਰਗਾਂ ਨੂੰ ਦਰਸਾਉਂਦੇ ਹਨ। ਪਹਿਲੀ ਸਦੀ ਵਿਚ, ਉਹ ਵਰਗ ਜਿਸ ਨੇ ਪੰਜ ਤੋੜੇ ਪ੍ਰਾਪਤ ਕੀਤੇ ਸਨ, ਸਪੱਸ਼ਟ ਤੌਰ ਤੇ ਰਸੂਲਾਂ ਨੂੰ ਵੀ ਸ਼ਾਮਲ ਕਰਦਾ ਸੀ। ਯਿਸੂ ਅੱਗੇ ਦੱਸਦਾ ਹੈ ਕਿ ਪੰਜ ਅਤੇ ਦੋ ਤੋੜੇ ਪ੍ਰਾਪਤ ਕਰਨ ਵਾਲੇ ਦੋਨਾਂ ਚਾਕਰਾਂ ਨੇ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਆਪਣੇ ਕੰਮ ਦੇ ਦੁਆਰਾ ਉਨ੍ਹਾਂ ਨੂੰ ਦੁਗਣਾ ਕੀਤਾ। ਪਰੰਤੂ, ਜਿਸ ਚਾਕਰ ਨੂੰ ਇਕ ਤੋੜਾ ਮਿਲਿਆ ਸੀ ਉਸ ਨੇ ਜਾ ਕੇ ਉਸ ਨੂੰ ਧਰਤੀ ਵਿਚ ਲੁਕਾ ਦਿੱਤਾ।

“ਬਹੁਤ ਚਿਰ ਪਿੱਛੋਂ,” ਯਿਸੂ ਜਾਰੀ ਰੱਖਦਾ ਹੈ, “ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।” ਮਸੀਹ ਲੇਖਾ ਲੈਣ ਲਈ ਕੇਵਲ 20ਵੀਂ ਸਦੀ ਵਿਚ, ਕੋਈ 1,900 ਵਰ੍ਹਿਆਂ ਬਾਅਦ ਹੀ ਵਾਪਸ ਆਇਆ, ਇਸ ਲਈ ਇਹ ਸੱਚ-ਮੁੱਚ ਹੀ “ਬਹੁਤ ਚਿਰ ਪਿੱਛੋਂ” ਸੀ। ਫਿਰ ਯਿਸੂ ਵਿਆਖਿਆ ਕਰਦਾ ਹੈ:

“ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ। ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।” ਉਸੇ ਤਰ੍ਹਾਂ, ਦੋ ਤੋੜੇ ਪ੍ਰਾਪਤ ਕਰਨ ਵਾਲੇ ਚਾਕਰ ਨੇ ਆਪਣੇ ਤੋੜਿਆਂ ਨੂੰ ਦੁਗਣਾ ਕੀਤਾ, ਅਤੇ ਉਸ ਨੇ ਵੀ ਉਹੋ ਪ੍ਰਸ਼ੰਸਾ ਅਤੇ ਇਨਾਮ ਪ੍ਰਾਪਤ ਕੀਤਾ।

ਫਿਰ ਵੀ, ਇਹ ਮਾਤਬਰ ਚਾਕਰ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਕਿਸ ਤਰ੍ਹਾਂ ਦਾਖ਼ਲ ਹੁੰਦੇ ਹਨ? ਖ਼ੈਰ, ਉਨ੍ਹਾਂ ਦੇ ਮਾਲਕ, ਯਿਸੂ ਮਸੀਹ ਦੀ ਖ਼ੁਸ਼ੀ ਰਾਜ ਪ੍ਰਾਪਤ ਕਰਨ ਦੀ ਖ਼ੁਸ਼ੀ ਹੈ ਜਦੋਂ ਉਹ ਸਵਰਗ ਵਿਚ ਆਪਣੇ ਪਿਤਾ ਦੇ ਕੋਲ ਗਿਆ ਸੀ। ਜਿੱਥੇ ਤਕ ਆਧੁਨਿਕ ਸਮੇਂ ਦੇ ਮਾਤਬਰ ਚਾਕਰਾਂ ਦਾ ਸਵਾਲ ਉਠਦਾ ਹੈ, ਉਹ ਰਾਜ ਦੀਆਂ ਹੋਰ ਜ਼ਿੰਮੇਵਾਰੀਆਂ ਸੌਂਪੇ ਜਾਣ ਤੇ ਬਹੁਤ ਆਨੰਦਿਤ ਹੁੰਦੇ ਹਨ, ਅਤੇ ਜਿਉਂ ਹੀ ਉਹ ਆਪਣੇ ਪਾਰਥਿਵ ਜੀਵਨ ਨੂੰ ਸਮਾਪਤ ਕਰਦੇ ਹਨ, ਉਹ ਸਵਰਗੀ ਰਾਜ ਵਿਚ ਪੁਨਰ-ਉਥਿਤ ਕੀਤੇ ਜਾਣ ਦੀ ਉੱਚਤਮ ਖ਼ੁਸ਼ੀ ਪ੍ਰਾਪਤ ਕਰਨਗੇ। ਪਰੰਤੂ ਤੀਜੇ ਚਾਕਰ ਬਾਰੇ ਕੀ?

“ਸੁਆਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ,” ਇਹ ਚਾਕਰ ਸ਼ਿਕਵਾ ਕਰਦਾ ਹੈ। “ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਏਹ ਆਪਣਾ ਲੈ ਲਓ।” ਇਸ ਚਾਕਰ ਨੇ ਜਾਣ-ਬੁੱਝ ਕੇ ਵਾਹੇ ਹੋਏ ਖੇਤਰ ਵਿਚ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਤੋਂ ਇਨਕਾਰ ਕੀਤਾ। ਇਸ ਲਈ ਮਾਲਕ ਉਸ ਨੂੰ “ਦੁਸ਼ਟ ਅਤੇ ਆਲਸੀ” ਸੱਦਦਾ ਹੈ ਅਤੇ ਉਸ ਨੂੰ ਸਜ਼ਾ ਸੁਣਾਉਂਦਾ ਹੈ: “ਉਹ ਤੋੜਾ ਉਸ ਕੋਲੋਂ ਲੈ ਲਓ ਅਤੇ . . . ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ। ਓੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” ਜਿਹੜੇ ਇਸ ਦੁਸ਼ਟ ਚਾਕਰ ਵਰਗ ਦੇ ਹਨ, ਉਹ ਬਾਹਰ ਸੁੱਟੇ ਜਾਣ ਦੇ ਕਾਰਨ, ਹਰ ਤਰ੍ਹਾਂ ਦੀ ਅਧਿਆਤਮਿਕ ਖ਼ੁਸ਼ੀ ਤੋਂ ਵਾਂਝੇ ਕੀਤੇ ਜਾਂਦੇ ਹਨ।

ਇਹ ਉਨ੍ਹਾਂ ਸਾਰਿਆਂ ਲਈ ਜਿਹੜੇ ਮਸੀਹ ਦੇ ਅਨੁਯਾਈ ਹੋਣ ਦਾ ਦਾਅਵਾ ਕਰਦੇ ਹਨ, ਇਕ ਗੰਭੀਰ ਸਬਕ ਪੇਸ਼ ਕਰਦਾ ਹੈ। ਜੇਕਰ ਉਨ੍ਹਾਂ ਨੇ ਉਸ ਦੀ ਪ੍ਰਸ਼ੰਸਾ ਅਤੇ ਇਨਾਮ ਦਾ ਆਨੰਦ ਲੈਣਾ ਹੈ, ਅਤੇ ਬਾਹਰ ਅੰਧਘੋਰ ਵਿਚ ਸੁੱਟੇ ਜਾਣ ਤੋਂ ਅਤੇ ਅੰਤਿਮ ਨਾਸ਼ ਤੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲੈਣ ਦੁਆਰਾ ਆਪਣੇ ਸਵਰਗੀ ਮਾਲਕ ਦੇ ਮਾਲ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਕੀ ਤੁਸੀਂ ਇਸ ਕੰਮ ਵਿਚ ਮਿਹਨਤੀ ਹੋ?

ਜਦੋਂ ਮਸੀਹ ਰਾਜ ਸ਼ਕਤੀ ਵਿਚ ਆਉਂਦਾ ਹੈ

ਯਿਸੂ ਅਜੇ ਵੀ ਆਪਣੇ ਰਸੂਲਾਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਹੈ। ਆਪਣੀ ਮੌਜੂਦ­ਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ ਲਈ ਉਨ੍ਹਾਂ ਦੀ ਬੇਨਤੀ ਦੇ ਜਵਾਬ ਵਿਚ, ਉਹ ਹੁਣ ਉਨ੍ਹਾਂ ਨੂੰ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿਚ ਆਖ਼ਰੀ ­ਦ੍ਰਿਸ਼ਟਾਂਤ ਦੱਸਦਾ ਹੈ। ਯਿਸੂ ਸ਼ੁਰੂ ਕਰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।”

ਮਾਨਵ ਦੂਤਾਂ ਨੂੰ ਉਨ੍ਹਾਂ ਦੀ ਸਵਰਗੀ ਮਹਿਮਾ ਵਿਚ ਨਹੀਂ ਦੇਖ ਸਕਦੇ ਹਨ। ਇਸ ਲਈ ਮਨੁੱਖ ਦੇ ਪੁੱਤਰ, ਯਿਸੂ ਮਸੀਹ ਦਾ ਦੂਤਾਂ ਨਾਲ ਆਉਣਾ ਜ਼ਰੂਰ ਹੀ ਮਾਨਵੀ ਅੱਖਾਂ ਲਈ ਅਦਿੱਖ ਹੋਵੇਗਾ। ਇਹ ਆਗਮਨ ਸੰਨ 1914 ਵਿਚ ਵਾਪਰਦਾ ਹੈ। ਪਰੰਤੂ ਕਿਹੜੇ ਮਕਸਦ ਲਈ? ਯਿਸੂ ਵਿਆਖਿਆ ਕਰਦਾ ਹੈ: “ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।”

ਕਿਰਪਾ ਵਾਲੇ ਪੱਖ ਵਿਚ ਵੱਖਰੇ ਕੀਤਿਆਂ ਹੋਇਆਂ ਦਾ ਕੀ ਹੋਵੇਗਾ, ਇਸ ਦਾ ਵਰਣਨ ਕਰਦੇ ਹੋਏ ਯਿਸੂ ਕਹਿੰਦਾ ਹੈ: “ਤਦ ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਇਸ ਦ੍ਰਿਸ਼ਟਾਂਤ ਦੀਆਂ ਭੇਡਾਂ ਮਸੀਹ ਨਾਲ ਸਵਰਗ ਵਿਚ ਸ਼ਾਸਨ ਨਹੀਂ ਕਰਨ­ਗੀਆਂ ਬਲਕਿ ਰਾਜ ਦੀ ਪਾਰਥਿਵ ਪਰਜਾ ਬਣਨ ਦੇ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ। ‘ਸੰਸਾਰ ਦਾ ਮੁੱਢ’ ਉਦੋਂ ਹੋਇਆ, ਜਦੋਂ ਆਦਮ ਅਤੇ ਹਵਾਹ ਨੇ ਪਹਿਲੀ ਵਾਰ ਬੱਚਿਆਂ ਨੂੰ ਪੈਦਾ ਕੀਤਾ, ਜੋ ਮਨੁੱਖਜਾਤੀ ਦੇ ਨਿਸਤਾਰੇ ਲਈ ਪਰਮੇਸ਼ੁਰ ਦੇ ਪ੍ਰਬੰਧ ਤੋਂ ਲਾਭ ਲੈ ਸਕਦੇ ਸਨ।

ਪਰੰਤੂ ਭੇਡਾਂ ਰਾਜੇ ਦੇ ਕਿਰਪਾ ਵਾਲੇ ਸੱਜੇ ਪੱਖ ਵਿਚ ਕਿਉਂ ਵੱਖਰੀਆਂ ਕੀਤੀਆਂ ਗਈਆਂ ਹਨ? ਰਾਜਾ ਜਵਾਬ ਦਿੰਦਾ ਹੈ: “ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ। ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ।”

ਜਦੋਂ ਕਿ ਭੇਡਾਂ ਧਰਤੀ ਉੱਤੇ ਹਨ, ਉਹ ਜਾਣਨਾ ਚਾਹੁੰਦੀਆਂ ਹਨ ਕਿ ਉਹ ਕਿਸ ਤਰ੍ਹਾਂ ਆਪਣੇ ਸਵਰਗੀ ਰਾਜਾ ਲਈ ਇਹ ਚੰਗੇ ਕੰਮ ਕਰ ਸਕੀਆਂ ਹਨ। “ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ,” ਉਹ ਪੁੱਛਦੀਆਂ ਹਨ, “ਯਾ ਤਿਹਾਇਆ ਅਤੇ ਪਿਲਾਇਆ? ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਯਾ ਨੰਗਾ ਵੇਖਿਆ ਅਤੇ ਪਹਿਨਾਇਆ? ਕਦ ਅਸਾਂ ਤੈਨੂੰ ਰੋਗੀ ਯਾ ਕੈਦੀ ਵੇਖਿਆ ਅਰ ਤੇਰੇ ਕੋਲ ਆਏ?”

“ਮੈਂ ਤੁਹਾਨੂੰ ਸਤ ਆਖਦਾ ਹਾਂ,” ਰਾਜਾ ਜਵਾਬ ਦਿੰਦਾ ਹੈ, “ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।” ਮਸੀਹ ਦੇ ਭਰਾ, 1,44,000 ਜਿਹੜੇ ਸਵਰਗ ਵਿਚ ਉਸ ਦੇ ਨਾਲ ਰਾਜ ਕਰਨਗੇ, ਦੇ ਧਰਤੀ ਉੱਤੇ ਬਾਕੀ ਰਹਿੰਦੇ ਵਿਅਕਤੀ ਹਨ। ਅਤੇ ਉਨ੍ਹਾਂ ਨਾਲ ਚੰਗਾ ਕਰਨਾ, ਯਿਸੂ ਕਹਿੰਦਾ ਹੈ, ਖ਼ੁਦ ਉਸ ਦੇ ਨਾਲ ਚੰਗਾ ਕਰਨ ਦੇ ਬਰਾਬਰ ਹੈ।

ਅੱਗੇ, ਰਾਜਾ ਬੱਕਰੀਆਂ ਨੂੰ ਸੰਬੋਧਿਤ ਕਰਦਾ ਹੈ। “ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾਂ ਸਾਂ ਅਰ ਤੁਸਾਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਖ਼ਬਰ ਨਾ ਲਈ।”

ਪਰੰਤੂ, ਬੱਕਰੀਆਂ ਸ਼ਿਕਵਾ ਕਰਦੀਆਂ ਹਨ: “ਪ੍ਰਭੁ ਜੀ ਕਦ ਅਸਾਂ ਤੈਨੂੰ ਭੁੱਖਾ ਯਾ ਤਿਹਾਇਆ ਯਾ ਪਰਦੇਸੀ ਯਾ ਨੰਗਾ ਯਾ ਰੋਗੀ ਯਾ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ?” ਬੱਕਰੀਆਂ ਦਾ ਉਸੇ ਆਧਾਰ ਉੱਤੇ ਪ੍ਰਤਿਕੂਲ ਨਿਆਉਂ ਹੁੰਦਾ ਹੈ ਜਿਸ ਆਧਾਰ ਉੱਤੇ ਭੇਡਾਂ ਦਾ ਅਨੁਕੂਲ ਨਿਆਉਂ ਹੁੰਦਾ ਹੈ। “ਜਦ ਤੁਸਾਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ [ਮੇਰੇ ਭਰਾਵਾਂ ਦੇ] ਨਾਲ ਇਹ ਨਾ ਕੀਤਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਮੇਰੇ ਨਾਲ ਨਾ ਕੀਤਾ।”

ਸੋ ਰਾਜ ਸ਼ਕਤੀ ਵਿਚ ਮਸੀਹ ਦੀ ਮੌਜੂਦਗੀ, ਵੱਡੇ ਕਸ਼ਟ ਵਿਚ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਥੋੜ੍ਹਾ ਚਿਰ ਪਹਿਲਾਂ, ਨਿਆਉਂ ਦਾ ਇਕ ਸਮਾਂ ਹੋਵੇਗਾ। ਬੱਕਰੀਆਂ ‘ਸਦੀਪਕ ਸਜ਼ਾ ਵਿੱਚ ਜਾਣਗੀਆਂ ਪਰ ਧਰਮੀ [ਭੇਡਾਂ] ਸਦੀਪਕ ਜੀਉਣ ਵਿੱਚ।’ ਮੱਤੀ 24:​2–25:46; 13:​40, 49; ਮਰਕੁਸ 13:​3-37; ਲੂਕਾ 21:​7-36; 19:​43, 44; 17:​­20-30; 2 ਤਿਮੋਥਿਉਸ 3:​1-5; ਯੂਹੰਨਾ 10:16; ਪਰਕਾਸ਼ ਦੀ ਪੋਥੀ 14:​1-3.

▪ ਰਸੂਲਾਂ ਦੇ ਸਵਾਲ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ, ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਹੋਰ ਕਿਹੜੀ ਗੱਲ ਹੈ?

▪ ਯਿਸੂ ਦੀ ਭਵਿੱਖਬਾਣੀ ਦਾ ਕਿਹੜਾ ਹਿੱਸਾ 70 ਸਾ.ਯੁ. ਵਿਚ ਪੂਰਾ ਹੁੰਦਾ ਹੈ, ਪਰੰਤੂ ਉਦੋਂ ਕੀ ਨਹੀਂ ਵਾਪਰਦਾ ਹੈ?

▪ ਯਿਸੂ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਕਦੋਂ ਹੁੰਦੀ ਹੈ, ਪਰੰਤੂ ਇਸ ਦੀ ਪ੍ਰਮੁੱਖ ਪੂਰਤੀ ਕਦੋਂ ਹੁੰਦੀ ਹੈ?

▪ ਆਪਣੀ ਪਹਿਲੀ ਅਤੇ ਆਖ਼ਰੀ ਪੂਰਤੀ ਵਿਚ ਘਿਣਾਉਣੀ ਚੀਜ਼ ਕੀ ਹੈ?

▪ ਯਰੂਸ਼ਲਮ ਦੇ ਨਾਸ਼ ਹੋਣ ਦੇ ਸਮੇਂ ਵੱਡੇ ਕਸ਼ਟ ਦੀ ਆਖ਼ਰੀ ਪੂਰਤੀ ਕਿਉਂ ਨਹੀਂ ਹੋਈ?

▪ ਸੰਸਾਰ ਦੀਆਂ ਕਿਹੜੀਆਂ ਹਾਲਤਾਂ ਮਸੀਹ ਦੀ ਮੌਜੂਦਗੀ ਨੂੰ ਚਿੰਨ੍ਹਿਤ ਕਰਦੀਆਂ ਹਨ?

▪ ਕਦੋਂ “ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ,” ਪਰੰਤੂ ਮਸੀਹ ਦੇ ਅਨੁਯਾਈ ਕੀ ਕਰਦੇ ਹੋਣਗੇ?

▪ ਆਪਣੇ ਭਾਵੀ ਚੇਲਿਆਂ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ ਕਿ ਕਦੋਂ ਅੰਤ ਨੇੜੇ ਹੈ ਯਿਸੂ ਕਿਹੜਾ ਦ੍ਰਿਸ਼ਟਾਂਤ ਦਿੰਦਾ ਹੈ?

▪ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਆਪਣੇ ਚੇਲਿਆਂ ਨੂੰ ਯਿਸੂ ਕਿਹੜੀ ਚੇਤਾਵਨੀ ਦਿੰਦਾ ਹੈ?

▪ ਦਸ ਕੁਆਰੀਆਂ ਦੁਆਰਾ ਕੌਣ ਦਰਸਾਏ ਜਾਂਦੇ ਹਨ?

▪ ਮਸੀਹੀ ਕਲੀਸਿਯਾ ਨੂੰ ਕਦੋਂ ਲਾੜੇ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ, ਪਰੰਤੂ ਲਾੜਾ ਕਦੋਂ ਆਪਣੀ ਲਾੜੀ ਨੂੰ ਵਿਆਹ ਦੀ ਦਾਅਵਤ ਵਿਚ ਲਿਜਾਣ ਲਈ ਆਉਂਦਾ ਹੈ?

▪ ਤੇਲ ਕਿਸ ਚੀਜ਼ ਨੂੰ ਦਰਸਾਉਂਦਾ ਹੈ, ਅਤੇ ਇਸ ਦਾ ਹੋਣਾ ਕੁਆਰੀਆਂ ਨੂੰ ਕੀ ਕਰਨ ਦੇ ਯੋਗ ਬਣਾਉਂਦਾ ਹੈ?

▪ ਵਿਆਹ ਦੀ ਦਾਅਵਤ ਕਿੱਥੇ ਹੁੰਦੀ ਹੈ?

▪ ਮੂਰਖ ਕੁਆਰੀਆਂ ਕਿਹੜਾ ਮਹਾਨ ਇਨਾਮ ਗੁਆ ਬੈਠਦੀਆਂ ਹਨ, ਅਤੇ ਅੰਤ ਵਿਚ ਉਨ੍ਹਾਂ ਦਾ ਕੀ ਹੁੰਦਾ ਹੈ?

▪ ਤੋੜਿਆਂ ਦਾ ਦ੍ਰਿਸ਼ਟਾਂਤ ਕਿਹੜਾ ਸਬਕ ਸਿਖਾਉਂਦਾ ਹੈ?

▪ ਚਾਕਰ ਕੌਣ ਹਨ, ਅਤੇ ਉਨ੍ਹਾਂ ਨੂੰ ਸੌਂਪਿਆ ਗਿਆ ਮਾਲ ਕੀ ਹੈ?

▪ ਮਾਲਕ ਕਦੋਂ ਲੇਖਾ ਲੈਣ ਆਉਂਦਾ ਹੈ, ਅਤੇ ਉਹ ਕੀ ਪਾਉਂਦਾ ਹੈ?

▪ ਉਹ ਖ਼ੁਸ਼ੀ ਕੀ ਹੈ ਜਿਸ ਵਿਚ ਮਾਤਬਰ ਚਾਕਰ ਦਾਖ਼ਲ ਹੁੰਦੇ ਹਨ, ਅਤੇ ਤੀਜੇ ਚਾਕਰ, ਅਰਥਾਤ ਦੁਸ਼ਟ ਚਾਕਰ ਦਾ ਕੀ ਹੁੰਦਾ ਹੈ?

▪ ਮਸੀਹ ਦੀ ਮੌਜੂਦਗੀ ਕਿਉਂ ਜ਼ਰੂਰ ਅਦਿੱਖ ਹੋਣੀ ਹੈ, ਅਤੇ ਉਸ ਸਮੇਂ ਉਹ ਕਿਹੜਾ ਕੰਮ ਕਰਦਾ ਹੈ?

▪ ਭੇਡਾਂ ਕਿਸ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ?

▪ ‘ਸੰਸਾਰ ਦਾ ਮੁੱਢ’ ਕਦੋਂ ਹੋਇਆ ਸੀ?

▪ ਭੇਡਾਂ ਜਾਂ ਬੱਕਰੀਆਂ ਦੇ ਤੌਰ ਤੇ ਲੋਕਾਂ ਦਾ ਨਿਆਉਂ ਕਿਸ ਆਧਾਰ ਤੇ ਕੀਤਾ ਜਾਂਦਾ ਹੈ?