Skip to content

Skip to table of contents

ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ

ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ

ਅਧਿਆਇ 131

ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ

ਕਿਸੇ ਇਕ ਸਮੇਂ ਤੇ ਯਿਸੂ ਆਪਣੇ ਸਾਰੇ 11 ਰਸੂਲਾਂ ਨੂੰ ਗਲੀਲ ਦੇ ਪਹਾੜ ਤੇ ਆਪਣੇ ਨਾਲ ਮਿਲਣ ਦਾ ਪ੍ਰਬੰਧ ਕਰਦਾ ਹੈ। ਸਪੱਸ਼ਟ ਹੈ ਕਿ ਦੂਜੇ ਚੇਲਿਆਂ ਨੂੰ ਵੀ ਇਸ ਸਭਾ ਦੇ ਬਾਰੇ ਦੱਸਿਆ ਜਾਂਦਾ ਹੈ, ਅਤੇ ਕੁੱਲ ਮਿਲਾ ਕੇ 500 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ। ਇਹ ਕਿੰਨਾ ਹੀ ਖ਼ੁਸ਼ੀ ਵਾਲਾ ਇਕ ਮਹਾਂ-ਸੰਮੇਲਨ ਸਾਬਤ ਹੁੰਦਾ ਹੈ ਜਦੋਂ ਯਿਸੂ ਪ੍ਰਗਟ ਹੋ ਕੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰਦਾ ਹੈ!

ਬਾਕੀ ਹੋਰ ਗੱਲਾਂ ਦੇ ਨਾਲ, ਯਿਸੂ ਵੱਡੀ ਭੀੜ ਨੂੰ ਵਿਆਖਿਆ ਕਰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਸਵਰਗ ਅਤੇ ਧਰਤੀ ਉੱਤੇ ਸਾਰਾ ਇਖ਼ਤਿਆਰ ਦਿੱਤਾ ਹੈ। ਉਹ ਤਾਕੀਦ ਕਰਦਾ ਹੈ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”

ਇਸ ਬਾਰੇ ਸੋਚੋ! ਆਦਮੀਆਂ, ਔਰਤਾਂ, ਅਤੇ ਬੱਚੇ ਸਾਰਿਆਂ ਨੂੰ ਇਹੋ ਹੀ ਚੇਲੇ-​ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਦਾ ਹੁਕਮ ਮਿਲਦਾ ਹੈ। ਵਿਰੋਧੀ ਉਨ੍ਹਾਂ ਦੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਪਰੰਤੂ ਯਿਸੂ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ: “ਵੇਖੋ! ਮੈਂ ਇਸ ਰੀਤੀ-ਵਿਵਸਥਾ ਦੀ ਸਮਾਪਤੀ ਤਕ ਹਰ ਵੇਲੇ ਤੁਹਾਡੇ ਨਾਲ ਹਾਂ।” (ਨਿ ਵ) ਯਿਸੂ ਆਪਣੇ ਅਨੁਯਾਈਆਂ ਨੂੰ ਉਨ੍ਹਾਂ ਦੀ ਸੇਵਕਾਈ ਪੂਰੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਨਾਲ ਪਵਿੱਤਰ ਆਤਮਾ ਦੇ ਜ਼ਰੀਏ ਰਹਿੰਦਾ ਹੈ।

ਕੁੱਲ ਮਿਲਾ ਕੇ, ਆਪਣੇ ਪੁਨਰ-ਉਥਾਨ ਤੋਂ ਬਾਅਦ ਯਿਸੂ 40 ਦਿਨਾਂ ਦੇ ਸਮੇਂ ਲਈ ਆਪਣੇ ਆਪ ਨੂੰ ਆਪਣੇ ਚੇਲਿਆਂ ਦੇ ਸਾਮ੍ਹਣੇ ਜੀਵਿਤ ਪ੍ਰਗਟ ਕਰਦਾ ਹੈ। ਇਨ੍ਹਾਂ ਪ੍ਰਗਟਾ­ਵਿਆਂ ਦੇ ਦੌਰਾਨ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਹਿਦਾਇਤਾਂ ਦਿੰਦਾ ਹੈ, ਅਤੇ ਉਹ ਜ਼ੋਰ ਦਿੰਦਾ ਹੈ ਕਿ ਉਸ ਦੇ ਚੇਲੇ ਹੋਣ ਦੇ ਨਾਤੇ ਉਨ੍ਹਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ। ਇਕ ਮੌਕੇ ਤੇ ਉਹ ਆਪਣੇ ਮਤਰੇਏ ਭਰਾ ਯਾਕੂਬ ਨੂੰ ਵੀ ਪ੍ਰਗਟ ਹੁੰਦਾ ਹੈ ਅਤੇ ਇਸ ਇਕ ਸਮੇਂ ਦੇ ਅਵਿਸ਼ਵਾਸੀ ਨੂੰ ਕਾਇਲ ਕਰ ਦਿੰਦਾ ਹੈ ਕਿ ਉਹ ਸੱਚ-ਮੁੱਚ ਹੀ ਮਸੀਹ ਹੈ।

ਜਦੋਂ ਰਸੂਲ ਅਜੇ ਗਲੀਲ ਵਿਚ ਹੀ ਹੁੰਦੇ ਹਨ, ਤਾਂ ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਨੂੰ ਯਰੂਸ਼ਲਮ ਵਾਪਸ ਮੁੜਨ ਦੀ ਹਿਦਾਇਤ ਦਿੰਦਾ ਹੈ। ਜਦੋਂ ਉਹ ਉਨ੍ਹਾਂ ਨੂੰ ਉੱਥੇ ਮਿਲਦਾ ਹੈ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਹੈ: “ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ। ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”

ਬਾਅਦ ਵਿਚ ਯਿਸੂ ਫਿਰ ਆਪਣੇ ਰਸੂਲਾਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਬੈਤਅਨੀਆ ਤਕ ਲੈ ਜਾਂਦਾ ਹੈ, ਜਿਹੜਾ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਉੱਤੇ ਸਥਿਤ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਜਲਦੀ ਹੀ ਸਵਰਗ ਨੂੰ ਚੱਲੇ ਜਾਣ ਬਾਰੇ ਉਸ ਦੀਆਂ ਦੱਸੀਆਂ ਸਾਰੀਆਂ ਗੱਲਾਂ ਦੇ ਬਾਵਜੂਦ, ਉਹ ਹਾਲੇ ਵੀ ਵਿਸ਼ਵਾਸ ਕਰਦੇ ਹਨ ਕਿ ਉਸ ਦਾ ਰਾਜ ਧਰਤੀ ਉੱਤੇ ਸਥਾਪਿਤ ਕੀਤਾ ਜਾਵੇਗਾ। ਇਸ ਲਈ ਉਹ ਪੁੱਛਦੇ ਹਨ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?”

ਉਨ੍ਹਾਂ ਦੀਆਂ ਗ਼ਲਤ-ਫ਼ਹਿਮੀਆਂ ਨੂੰ ਸੁਧਾਰਨ ਦੀ ਬਜਾਇ, ਯਿਸੂ ਸਿਰਫ਼ ਇਹ ਜਵਾਬ ਦਿੰਦਾ ਹੈ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” ਫਿਰ, ਜਿਹੜਾ ਕੰਮ ਉਨ੍ਹਾਂ ਨੇ ਕਰਨਾ ਹੈ ਉਸ ਉੱਤੇ ਇਕ ਵਾਰੀ ਫਿਰ ਜ਼ੋਰ ਦਿੰਦੇ ਹੋਏ, ਉਹ ਕਹਿੰਦਾ ਹੈ: “ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।”

ਉਨ੍ਹਾਂ ਦੇ ਦੇਖਦੇ ਹੀ, ਯਿਸੂ ਸਵਰਗ ਵੱਲ ਉੱਪਰ ਨੂੰ ਚੜ੍ਹਣ ਲੱਗਦਾ ਹੈ, ਅਤੇ ਫਿਰ ਇਕ ਬੱਦਲ ਉਸ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਕਰ ਦਿੰਦਾ ਹੈ। ਆਪਣੀ ਸਰੀਰਕ ਦੇਹ ਨੂੰ ਅਭੌਤਿਕ ਬਣਾਉਣ ਤੋਂ ਬਾਅਦ, ਉਹ ਇਕ ਆਤਮਿਕ ਵਿਅਕਤੀ ਦੇ ਤੌਰ ਤੇ ਸਵਰਗ ਨੂੰ ਚੜ੍ਹ ਜਾਂਦਾ ਹੈ। ਜਿਵੇਂ 11 ਲਗਾਤਾਰ ਆਕਾਸ਼ ਵੱਲ ਤੱਕਦੇ ਰਹਿੰਦੇ ਹਨ, 2 ਮਨੁੱਖ ਚਿੱਟੇ ਕੱਪੜੇ ਪਹਿਨੇ ਉਨ੍ਹਾਂ ਦੇ ਇਕ ਪਾਸੇ ਪ੍ਰਗਟ ਹੁੰਦੇ ਹਨ। ਭੌਤਿਕ ਸਰੀਰ ਧਾਰੇ ਹੋਏ ਇਹ ਦੂਤ ਪੁੱਛਦੇ ਹਨ: “ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਓਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ।”

ਯਿਸੂ ਨੇ ਹੁਣੇ ਬਿਨਾਂ ਕਿਸੇ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਆਪਣੇ ਵਫ਼ਾਦਾਰ ਅਨੁਯਾਈਆਂ ਦੇ ਦੇਖਦਿਆਂ ਹੀ ਧਰਤੀ ਨੂੰ ਛੱਡਿਆ ਹੈ। ਸੋ ਉਸੇ ਤਰ੍ਹਾਂ ਉਹ ਵਾਪਸ ਆਵੇਗਾ​— ਬਿਨਾਂ ਜਨਤਕ ਧੂਮ-ਧਮਾਕੇ ਦੇ ਅਤੇ ਸਿਰਫ਼ ਉਸ ਦੇ ਵਫ਼ਾਦਾਰ ਅਨੁਯਾਈ ਹੀ ਸਮਝ ਸਕਣਗੇ ਕਿ ਉਹ ਵਾਪਸ ਆ ਗਿਆ ਹੈ ਅਤੇ ਉਸ ਨੇ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਸ਼ੁਰੂ ਕਰ ਦਿੱਤੀ ਹੈ।

ਰਸੂਲ ਹੁਣ ਜ਼ੈਤੂਨ ਦੇ ਪਹਾੜ ਤੋਂ ਉਤਰਦੇ ਹਨ, ਅਤੇ ਕਿਦਰੋਨ ਦੀ ਘਾਟੀ ਪਾਰ ਕਰ ਕੇ ਇਕ ਵਾਰੀ ਫਿਰ ਯਰੂਸ਼ਲਮ ਵਿਚ ਦਾਖ਼ਲ ਹੁੰਦੇ ਹਨ। ਯਿਸੂ ਦੇ ਹੁਕਮ ਦੇ ਅਨੁਸਾਰ ਉਹ ਉੱਥੇ ਹੀ ਰਹਿੰਦੇ ਹਨ। ਦਸ ਦਿਨਾਂ ਬਾਅਦ, 33 ਸਾ.ਯੁ. ਦੇ ਪੰਤੇਕੁਸਤ ਨਾਮਕ ਯਹੂਦੀ ਤਿਉਹਾਰ ਤੇ, ਜਦੋਂ ਕਿ ਲਗਭਗ 120 ਚੇਲੇ ਯਰੂਸ਼ਲਮ ਦੇ ਇਕ ਉਪਰਲੇ ਕਮਰੇ ਵਿਚ ਇਕੱਠੇ ਹੋਏ ਹੁੰਦੇ ਹਨ, ਤਾਂ ਇਕ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਵਰਗੀ ਗੂੰਜ ਅਚਾਨਕ ਸਾਰੇ ਘਰ ਨੂੰ ਭਰ ਦਿੰਦੀ ਹੈ। ਅੱਗ ਜਿਹੀਆਂ ਜੀਭਾਂ ਦਿਖਾਈ ਦੇਣ ਲੱਗਦੀਆਂ ਹਨ, ਅਤੇ ਹਰੇਕ ਹਾਜ਼ਰ ਵਿਅਕ­ਤੀ ਦੇ ਉੱਪਰ ਇਕ-ਇਕ ਕਰਕੇ ਠਹਿਰ ਜਾਂਦੀ ਹੈ, ਅਤੇ ਸਾਰੇ ਚੇਲੇ ਵੱਖੋ-ਵੱਖ ਭਾਸ਼ਾਵਾਂ ਵਿਚ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਹ ਪਵਿੱਤਰ ਆਤਮਾ ਦਾ ਵਹਾਉ ਹੈ, ਜਿਸ ਦੇ ਬਾਰੇ ਯਿਸੂ ਨੇ ਵਾਅਦਾ ਕੀਤਾ ਸੀ! ਮੱਤੀ 28:​16-20; ਲੂਕਾ 24:​49-52; 1 ਕੁਰਿੰਥੀਆਂ 15:​5-7; ਰਸੂਲਾਂ ਦੇ ਕਰਤੱਬ 1:​3-15; 2:​1-4.

▪ ਯਿਸੂ ਪਹਾੜ ਉੱਤੇ ਵਿਦਾਇਗੀ ਦੇ ਸਮੇਂ ਕਿਨ੍ਹਾਂ ਨੂੰ ਹਿਦਾਇਤਾਂ ਦਿੰਦਾ ਹੈ, ਅਤੇ ਇਹ ਹਿਦਾਇਤਾਂ ਕੀ ਹਨ?

▪ ਯਿਸੂ ਆਪਣੇ ਚੇਲਿਆਂ ਨੂੰ ਕੀ ਦਿਲਾਸਾ ਦਿੰਦਾ ਹੈ, ਅਤੇ ਉਹ ਉਨ੍ਹਾਂ ਨਾਲ ਕਿਸ ਤਰ੍ਹਾਂ ਰਹੇਗਾ?

▪ ਯਿਸੂ ਆਪਣੇ ਪੁਨਰ-ਉਥਾਨ ਤੋਂ ਬਾਅਦ ਕਿੰਨੀ ਦੇਰ ਤਕ ਆਪਣੇ ਚੇਲਿਆਂ ਨੂੰ ਪ੍ਰਗਟ ਹੁੰਦਾ ਹੈ, ਅਤੇ ਉਹ ਉਨ੍ਹਾਂ ਨੂੰ ਕੀ ਸਿੱਖਿਆ ਦਿੰਦਾ ਹੈ?

▪ ਯਿਸੂ ਕਿਸ ਵਿਅਕਤੀ ਨੂੰ ਪ੍ਰਗਟ ਹੁੰਦਾ ਹੈ ਜੋ ਸਪੱਸ਼ਟ ਤੌਰ ਤੇ ਉਸ ਦੀ ਮੌਤ ਤੋਂ ਪਹਿਲਾਂ ਇਕ ਚੇਲਾ ਨਹੀਂ ਸੀ?

▪ ਯਿਸੂ ਆਪਣੇ ਰਸੂਲਾਂ ਨਾਲ ਕਿਹੜੀਆਂ ਆਖ਼ਰੀ ਦੋ ਮੁਲਾਕਾਤਾਂ ਕਰਦਾ ਹੈ, ਅਤੇ ਇਨ੍ਹਾਂ ਮੌਕਿਆਂ ਤੇ ਕੀ ਵਾਪਰਦਾ ਹੈ?

▪ ਇਹ ਕਿਵੇਂ ਹੈ ਕਿ ਜਿਸ ਤਰੀਕੇ ਨਾਲ ਯਿਸੂ ਜਾਂਦਾ ਹੈ ਉਸੇ ਤਰ੍ਹਾਂ ਉਹ ਵਾਪਸ ਆਵੇਗਾ?

▪ ਸੰਨ 33 ਸਾ.ਯੁ. ਦੇ ਪੰਤੇਕੁਸਤ ਤੇ ਕੀ ਵਾਪਰਦਾ ਹੈ?