Skip to content

Skip to table of contents

ਇਕ ਕੋੜ੍ਹੀ ਲਈ ਦਇਆ

ਇਕ ਕੋੜ੍ਹੀ ਲਈ ਦਇਆ

ਅਧਿਆਇ 25

ਇਕ ਕੋੜ੍ਹੀ ਲਈ ਦਇਆ

ਜਿਉਂ ਹੀ ਯਿਸੂ ਅਤੇ ਉਸ ਦੇ ਚੇਲੇ ਗਲੀਲ ਦਿਆਂ ਨਗਰਾਂ ਦੀ ਯਾਤਰਾ ਕਰਦੇ ਹਨ, ਉਨ੍ਹਾਂ ਅਦਭੁਤ ਕੰਮਾਂ ਦੀ ਖ਼ਬਰ ਜੋ ਉਹ ਕਰ ਰਿਹਾ ਹੈ, ਸਾਰੇ ਜ਼ਿਲ੍ਹੇ ਵਿਚ ਫੈਲ ਜਾਂਦੀ ਹੈ। ਉਸ ਦੇ ਕੰਮਾਂ ਦੀ ਖ਼ਬਰ ਇਕ ਅਜਿਹੇ ਨਗਰ ਵਿਚ ਪਹੁੰਚਦੀ ਹੈ ਜਿੱਥੇ ਇਕ ਆਦਮੀ ਕੋੜ੍ਹ ਨਾਲ ਬੀਮਾਰ ਹੈ। ਵੈਦ ਲੂਕਾ ਉਸ ਨੂੰ “ਕੋੜ੍ਹ ਦਾ ਭਰਿਆ” ਹੋਇਆ ਕਹਿ ਕੇ ਬਿਆਨ ਕਰਦਾ ਹੈ। ਇਸ ਦੀ ਵਧੀ ਹੋਈ ਦਸ਼ਾ ਵਿਚ, ਇਹ ਭਿਆਨਕ ਬੀਮਾਰੀ ਹੌਲੀ-ਹੌਲੀ ਸਰੀਰ ਦੇ ਵਿਭਿੰਨ ਹਿੱਸਿਆਂ ਨੂੰ ਵਿਗਾੜ ਦਿੰਦੀ ਹੈ। ਇਸ ਲਈ ਇਹ ਕੋੜ੍ਹੀ ਇਕ ਤਰਸਯੋਗ ਹਾਲਤ ਵਿਚ ਹੈ।

ਜਦੋਂ ਯਿਸੂ ਨਗਰ ਵਿਚ ਪਹੁੰਚਦਾ ਹੈ, ਤਾਂ ਕੋੜ੍ਹੀ ਉਸ ਦੇ ਨੇੜੇ ਆਉਂਦਾ ਹੈ। ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ, ਇਕ ਕੋੜ੍ਹੀ ਨੇ ਚੇਤਾਵਨੀ ਲਈ “ਅਸ਼ੁੱਧ! ਅਸ਼ੁੱਧ!” ਪੁਕਾਰਨਾ ਹੁੰਦਾ ਹੈ, ਤਾਂ ਜੋ ਦੂਜਿਆਂ ਨੂੰ ਜ਼ਿਆਦਾ ਨਜ਼ਦੀਕ ਆਉਣ ਅਤੇ ਰੋਗ ਦੇ ਖ਼ਤਰੇ ਵਿਚ ਪੈਣ ਤੋਂ ਬਚਾਇਆ ਜਾ ਸਕੇ। ਹੁਣ ਕੋੜ੍ਹੀ ਯਿਸੂ ਦੇ ਅੱਗੇ ਮੂੰਹ ਦੇ ਭਾਰ ਡਿੱਗ ਕੇ ਬੇਨਤੀ ਕਰਦਾ ਹੈ: “ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।”

ਇਸ ਆਦਮੀ ਦਾ ਯਿਸੂ ਵਿਚ ਕਿੰਨਾ ਭਰੋਸਾ ਹੈ! ਫਿਰ ਵੀ, ਉਸ ਦੀ ਬੀਮਾਰੀ ਦੇ ਕਾਰਨ ਉਹ ਕਿੰਨਾ ਤਰਸਯੋਗ ਪਰਤੀਤ ਹੁੰਦਾ ਹੋਵੇਗਾ! ਯਿਸੂ ਕੀ ਕਰੇਗਾ? ਤੁਸੀਂ ਕੀ ਕਰਦੇ? ਯਿਸੂ ਦਇਆ ਨਾਲ ਪ੍ਰਭਾਵਿਤ ਹੋ ਕੇ ਆਪਣਾ ਹੱਥ ਵਧਾਉਂਦਾ ਹੈ ਅਤੇ ਉਸ ਆਦਮੀ ਨੂੰ ਛੋਹ ਕੇ ਕਹਿੰਦਾ ਹੈ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” ਅਤੇ ਤੁਰੰਤ ਹੀ ਉਸ ਤੋਂ ਕੋੜ੍ਹ ਚਲਿਆ ਜਾਂਦਾ ਹੈ।

ਕੀ ਤੁਸੀਂ ਆਪਣੇ ਲਈ ਇਸ ਤਰ੍ਹਾਂ ਦਾ ਇਕ ਦਇਆਵਾਨ ਰਾਜਾ ਚਾਹੋਗੇ? ਯਿਸੂ ਜਿਸ ਤਰੀਕੇ ਨਾਲ ਇਸ ਕੋੜ੍ਹੀ ਨਾਲ ਵਰਤਾਉ ਕਰਦਾ ਹੈ, ਇਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਸ ਦੇ ਰਾਜ ਸ਼ਾਸਨ ਦੇ ਦੌਰਾਨ, ਬਾਈਬਲ ਦੀ ਇਹ ਭਵਿੱਖਬਾਣੀ ਪੂਰੀ ਹੋਵੇਗੀ: “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” ਜੀ ਹਾਂ, ਯਿਸੂ ਫਿਰ ਸਾਰੇ ਪੀੜਿਤ ਲੋਕਾਂ ਦੀ ਮਦਦ ਕਰਨ ਦੀ ਆਪਣੇ ਦਿਲ ਦੀ ਇੱਛਾ ਪੂਰੀ ਕਰੇਗਾ।

ਕੋੜ੍ਹੀ ਨੂੰ ਚੰਗਾ ਕਰਨ ਤੋਂ ਪਹਿਲਾਂ ਹੀ, ਯਿਸੂ ਦੀ ਸੇਵਕਾਈ ਲੋਕਾਂ ਵਿਚ ਵੱਡੀ ਉਤੇਜ­ਨਾ ਪੈਦਾ ਕਰਦੀ ਆ ਰਹੀ ਹੈ। ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਵਿਚ, ਯਿਸੂ ਹੁਣ ਚੰਗੇ ਕੀਤੇ ਆਦਮੀ ਨੂੰ ਹੁਕਮ ਦਿੰਦਾ ਹੈ: “ਵੇਖ ਕਿਸੇ ਨੂੰ ਕੁਝ ਨਾ ਦੱਸੀਂ।” ਫਿਰ ਉਹ ਉਸ ਨੂੰ ਹਿਦਾਇਤ ਦਿੰਦਾ ਹੈ: “ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ।”

ਪਰੰਤੂ ਇਹ ਆਦਮੀ ਇੰਨਾ ਖ਼ੁਸ਼ ਹੁੰਦਾ ਹੈ ਕਿ ਉਹ ਉਸ ਚਮਤਕਾਰ ਨੂੰ ਆਪਣੇ ਤਾਈਂ ਰੱਖ ਹੀ ਨਹੀਂ ਸਕਦਾ। ਉਹ ਜਾ ਕੇ ਇਹ ਖ਼ਬਰ ਸਾਰੇ ਪਾਸੇ ਫੈਲਾਉਣੀ ਸ਼ੁਰੂ ਕਰ ਦਿੰਦਾ ਹੈ, ਅਤੇ ਉਹ ਲੋਕਾਂ ਵਿਚ ਅਜਿਹੀ ਰੁਚੀ ਅਤੇ ਜਿਗਿਆਸਾ ਉਤਪੰਨ ਕਰਦਾ ਹੈ ਕਿ ਯਿਸੂ ਕਿਸੇ ਨਗਰ ਵਿਚ ਖੁੱਲ੍ਹੇਆਮ ਨਹੀਂ ਜਾ ਸਕਦਾ ਹੈ। ਇਸ ਤਰ੍ਹਾਂ, ਯਿਸੂ ਸੁੰਨਸਾਨ ਥਾਵਾਂ ਤੇ ਠਹਿਰਦਾ ਹੈ ਜਿੱਥੇ ਕੋਈ ਨਹੀਂ ਰਹਿੰਦਾ, ਅਤੇ ਸਾਰੇ ਪਾਸਿਆਂ ਤੋਂ ਲੋਕੀ ਉਸ ਨੂੰ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਚੰਗੇ ਹੋਣ ਲਈ ਆਉਂਦੇ ਹਨ। ਲੂਕਾ 5:​12-16; ਮਰਕੁਸ 1:​40-45; ਮੱਤੀ 8:​2-4; ਲੇਵੀਆਂ 13:45; 14:​10-13; ਜ਼ਬੂਰ 72:13; ਯਸਾਯਾਹ 42:​1, 2.

▪ ਕੋੜ੍ਹ ਦਾ ਕੀ ਪ੍ਰਭਾਵ ਹੋ ਸਕਦਾ ਹੈ, ਅਤੇ ਇਕ ਕੋੜ੍ਹੀ ਨੇ ਕੀ ਚੇਤਾਵਨੀ ਦੇਣੀ ਹੁੰਦੀ ਸੀ?

▪ ਇਕ ਕੋੜ੍ਹੀ ਯਿਸੂ ਅੱਗੇ ਕਿਸ ਤਰ੍ਹਾਂ ਬੇਨਤੀ ਕਰਦਾ ਹੈ, ਅਤੇ ਯਿਸੂ ਦੀ ਪ੍ਰਤਿਕ੍ਰਿਆ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

▪ ਚੰਗਾ ਹੋਇਆ ਆਦਮੀ ਕਿਸ ਤਰ੍ਹਾਂ ਯਿਸੂ ਦੀ ਆਗਿਆ ਮੰਨਣ ਵਿਚ ਅਸਫਲ ਹੁੰਦਾ ਹੈ, ਅਤੇ ਕੀ ਨਤੀਜੇ ਹੁੰਦੇ ਹਨ?