Skip to content

Skip to table of contents

ਇਕ ਕੌਮ ਗੁਆਚੀ, ਪਰੰਤੂ ਸਾਰੇ ਨਹੀਂ

ਇਕ ਕੌਮ ਗੁਆਚੀ, ਪਰੰਤੂ ਸਾਰੇ ਨਹੀਂ

ਅਧਿਆਇ 79

ਇਕ ਕੌਮ ਗੁਆਚੀ, ਪਰੰਤੂ ਸਾਰੇ ਨਹੀਂ

ਇਕ ਫ਼ਰੀਸੀ ਦੇ ਘਰ ਦੇ ਬਾਹਰ ਇਕੱਠੇ ਹੋਏ ਲੋਕਾਂ ਦੇ ਨਾਲ ਯਿਸੂ ਦੇ ਵਿਚਾਰ-ਵਟਾਂਦਰੇ ਤੋਂ ਥੋੜ੍ਹੀ ਦੇਰ ਬਾਅਦ, ਕਈ ਲੋਕ ਉਸ ਨੂੰ “ਉਨ੍ਹਾਂ ਗਲੀਲੀਆਂ ਦਾ ਹਵਾਲ ਦੱਸਣ ਲੱਗੇ ਜਿਨ੍ਹਾਂ ਦਾ ਲਹੂ [ਰੋਮੀ ਹਾਕਮ ਪੁੰਤਿਯੁਸ] ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।” ਇਹ ਗਲੀਲੀ ਸ਼ਾਇਦ ਉਹੀ ਹਨ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਹਜ਼ਾਰਾਂ ਯਹੂਦੀਆਂ ਨੇ ਪਿਲਾਤੁਸ ਦਾ ਯਰੂਸ਼ਲਮ ਵਿਚ ਪਾਣੀ ਲਿਆਉਣ ਲਈ ਇਕ ਖਾਲ ਉਸਾਰਨ ਵਾਸਤੇ ਹੈਕਲ ਦੇ ਖਜ਼ਾਨੇ ਵਿੱਚੋਂ ਪੈਸੇ ਇਸਤੇਮਾਲ ਕਰਨ ਦੇ ਕਾਰਨ ਵਿਰੋਧ ਕੀਤਾ ਸੀ। ਯਿਸੂ ਨੂੰ ਇਹ ਮਾਮਲਾ ਦੱਸਣ ਵਾਲੇ ਸ਼ਾਇਦ ਇਹ ਸਲਾਹ ਦੇ ਰਹੇ ਹਨ ਕਿ ਗਲੀਲੀਆਂ ਨੇ ਆਪਣੇ ਬੁਰੇ ਕੰਮਾਂ ਦੇ ਕਾਰਨ ਬਿਪਤਾ ਸਹੀ ਹੈ।

ਪਰੰਤੂ, ਯਿਸੂ ਉਨ੍ਹਾਂ ਨੂੰ ਸੁਧਾਰਦੇ ਹੋਏ ਪੁੱਛਦਾ ਹੈ: ‘ਭਲਾ, ਤੁਸੀਂ ਸਮਝਦੇ ਹੋ ਭਈ ਏਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁਖ ਸਹੇ? ਨਹੀਂ,’ ਯਿਸੂ ਜਵਾਬ ਦਿੰਦਾ ਹੈ। ਫਿਰ ਉਹ ਇਹ ਘਟਨਾ ਯਹੂਦੀਆਂ ਨੂੰ ਚੇਤਾਵਨੀ ਦੇਣ ਲਈ ਇਸਤੇਮਾਲ ਕਰਦਾ ਹੈ: “ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।”

ਯਿਸੂ ਗੱਲ ਨੂੰ ਜਾਰੀ ਰੱਖਦੇ ਹੋਏ ਇਕ ਹੋਰ ਸਥਾਨਕ ਦੁਰਘਟਨਾ ਯਾਦ ਕਰਦਾ ਹੈ, ਸ਼ਾਇਦ ਇਹ ਵੀ ਉਸ ਖਾਲ ਦੇ ਉਸਾਰਨ ਨਾਲ ਸੰਬੰਧ ਰੱਖਦੀ ਹੈ। ਉਹ ਪੁੱਛਦਾ ਹੈ: “ਯਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਭਲਾ, ਤੁਸੀਂ ਏਹ ਸਮਝਦੇ ਹੋ ਜੋ ਓਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ?” ਨਹੀਂ, ਇਹ ਵਿਅਕਤੀ ਆਪਣੀ ਬੁਰਿਆਈ ਦੇ ਕਾਰਨ ਨਹੀਂ ਮਰੇ, ਯਿਸੂ ਕਹਿੰਦਾ ਹੈ। ਇਸ ਦੀ ਬਜਾਇ, ਆਮ ਤੌਰ ਤੇ ‘ਸਮੇਂ ਅਤੇ ਅਣਚਿਤਵੀ ਘਟਨਾ,’ ਅਜਿਹੀਆਂ ਦੁਰਘਟਨਾਵਾਂ ਦੇ ਲਈ ਜ਼ਿੰਮੇਵਾਰ ਹੁੰਦੀਆਂ ਹਨ। ਪਰੰਤੂ, ਯਿਸੂ ਇਕ ਵਾਰੀ ਫਿਰ ਚੇਤਾਵਨੀ ਦੇਣ ਦੇ ਲਈ ਇਸ ਮੌਕੇ ਦਾ ਇਸਤੇਮਾਲ ਕਰਦਾ ਹੈ: “ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।”

ਫਿਰ ਯਿਸੂ ਅੱਗੇ ਜਾ ਕੇ ਇਕ ਢੁੱਕਵਾਂ ਦ੍ਰਿਸ਼ਟਾਂਤ ਦਿੰਦੇ ਹੋਏ ਸਮਝਾਉਂਦਾ ਹੈ: “ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ। ਤਦ ਉਹ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ? ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਹ ਨੂੰ ਐਤਕੀ ਹੋਰ ਭੀ ਰਹਿਣ ਦਿਓ ਜਦ ਤੀਕੁਰ ਮੈਂ ਇਹ ਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ। ਸ਼ਾਇਤ ਅੱਗੇ ਨੂੰ ਫਲ ਲੱਗੇ। ਨਹੀਂ ਤਾਂ ਇਹ ਨੂੰ ਵਢਾ ਸੁੱਟੀਂ।”

ਯਿਸੂ ਨੇ ਤਿੰਨ ਵਰ੍ਹਿਆਂ ਤੋਂ ਜ਼ਿਆਦਾ ਸਮੇਂ ਲਈ ਯਹੂਦੀ ਕੌਮ ਵਿਚ ਨਿਹਚਾ ਉਤਪੰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰੰਤੂ ਸਿਰਫ਼ ਕੁਝ-ਕੁ ਸੈਂਕੜੇ ਚੇਲੇ ਹੀ ਉਸ ਦੀ ਮਿਹਨਤ ਦੇ ਫਲ ਦੇ ਤੌਰ ਤੇ ਗਿਣੇ ਜਾ ਸਕਦੇ ਹਨ। ਹੁਣ, ਆਪਣੀ ਸੇਵਕਾਈ ਦੇ ਇਸ ਚੌਥੇ ਵਰ੍ਹੇ ਦੇ ਦੌਰਾਨ, ਉਹ ਯਹੂਦਿਯਾ ਅਤੇ ਪੀਰਿਆ ਵਿਚ ਜੋਸ਼ ਨਾਲ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਦੁਆਰਾ ਪ੍ਰਤੀਕਾਤਮਕ ਤੌਰ ਤੇ ਯਹੂਦੀ ਹੰਜੀਰ ਦੇ ਦਰਖ਼ਤ ਦੇ ਆਲੇ-ਦੁਆਲੇ ਖੋਦ ਦੇ ਰੂੜੀ ਪਾਉਂਦੇ ਹੋਏ, ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਿਹਾ ਹੈ। ਫਿਰ ਵੀ ਕੋਈ ਲਾਭ ਨਹੀਂ! ਕੌਮ ਤੋਬਾ ਕਰਨ ਤੋਂ ਇਨਕਾਰ ਕਰਦੀ ਹੈ ਅਤੇ ਇਸ ਲਈ ਵਿਨਾਸ਼ ਪ੍ਰਾਪਤ ਕਰਨ ਦੀ ਸਥਿਤੀ ਵਿਚ ਹੈ। ਸਿਰਫ਼ ਕੌਮ ਦਾ ਇਕ ਬਕੀਆ ਹੀ ਪ੍ਰਤਿਕ੍ਰਿਆ ਦਿਖਾਉਂਦਾ ਹੈ।

ਇਸ ਦੇ ਥੋੜ੍ਹੀ ਦੇਰ ਬਾਅਦ ਯਿਸੂ ਇਕ ਸਬਤ ਦੇ ਦਿਨ ਤੇ ਇਕ ਯਹੂਦੀ ਸਭਾ-ਘਰ ਵਿਚ ਸਿੱਖਿਆ ਦੇ ਰਿਹਾ ਹੁੰਦਾ ਹੈ। ਉੱਥੇ ਉਹ ਇਕ ਔਰਤ ਨੂੰ ਦੇਖਦਾ ਹੈ ਜੋ, ਪਿਸ਼ਾਚਾਂ ਦੇ ਪ੍ਰਭਾਵ ਕਰਕੇ, 18 ਵਰ੍ਹਿਆਂ ਤੋਂ ਕੁੱਬੀ ਹੈ। ਦਇਆਪੂਰਵਕ ਢੰਗ ਨਾਲ, ਯਿਸੂ ਉਸ ਨੂੰ ਸੰਬੋਧਿਤ ਕਰਦਾ ਹੈ: “ਹੇ ਤ੍ਰੀਮਤ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈਂ।” ਇਸ ਤੇ ਉਹ ਉਸ ਉੱਤੇ ਆਪਣਾ ਹੱਥ ਰੱਖਦਾ ਹੈ, ਅਤੇ ਤੁਰੰਤ ਹੀ ਉਹ ਸਿੱਧੀ ਖੜ੍ਹੀ ਹੋ ਜਾਂਦੀ ਹੈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਦੀ ਹੈ।

ਪਰੰਤੂ, ਯਹੂਦੀ ਸਭਾ-ਘਰ ਦਾ ਪਰਧਾਨ ਅਫ਼ਸਰ ਗੁੱਸੇ ਹੁੰਦਾ ਹੈ। “ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ,” ਉਹ ਵਿਰੋਧ ਕਰਦਾ ਹੈ। “ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕਿ ਸਬਤ ਦੇ ਦਿਨ।” ਇਸ ਤਰ੍ਹਾਂ ਇਹ ਅਫ਼ਸਰ, ਯਿਸੂ ਦੀ ਚੰਗਾ ਕਰਨ ਦੀ ਸ਼ਕਤੀ ਨੂੰ ਸਵੀਕਾਰ ਕਰਦਾ ਹੈ ਪਰੰਤੂ ਸਬਤ ਦੇ ਦਿਨ ਤੇ ਚੰਗੇ ਹੋਣ ਲਈ ਆਉਣ ਤੇ ਲੋਕਾਂ ਦੀ ਨਿੰਦਿਆ ਕਰਦਾ ਹੈ!

“ਹੇ ਕਪਟੀਓ,” ਯਿਸੂ ਜਵਾਬ ਦਿੰਦਾ ਹੈ, “ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਯਾ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਆਉਣ ਨੂੰ ਨਹੀਂ ਲੈ ਜਾਂਦਾ? ਫੇਰ ਭਲਾ, ਇਹ ਤੀਵੀਂ ਜੋ ਅਬਰਾਹਾਮ ਦੀ ਧੀ ਹੈ ਜਿਹ ਨੂੰ ਸ਼ਤਾਨ ਨੇ ਵੇਖੋ ਅਠਾਰਾਂ ਵਰਿਹਾਂ ਤੋਂ ਬੰਨ੍ਹ ਰੱਖਿਆ ਹੈ ਇਹ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜੋਗ ਨਹੀਂ ਸੀ?”

ਖ਼ੈਰ, ਇਹ ਸੁਣਨ ਤੇ, ਯਿਸੂ ਦਾ ਵਿਰੋਧ ਕਰਨ ਵਾਲੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਪਰੰਤੂ, ਭੀੜ ਯਿਸੂ ਨੂੰ ਇਹ ਸਾਰੇ ਮਹਿਮਾ ਵਾਲੇ ਕੰਮ ਕਰਦੇ ਹੋਏ ਦੇਖ ਕੇ ਆਨੰਦ ਕਰਦੀ ਹੈ। ਇਸ ਦੇ ਜਵਾਬ ਵਿਚ ਯਿਸੂ ਪਰਮੇਸ਼ੁਰ ਦੇ ਰਾਜ ਦੇ ਬਾਰੇ ਦੋ ਭਵਿੱਖਸੂਚਕ ਦ੍ਰਿਸ਼ਟਾਂਤ ਦੁਹਰਾਉਂਦਾ ਹੈ, ਜਿਹੜੇ ਕਿ ਉਸ ਨੇ ਲਗਭਗ ਇਕ ਵਰ੍ਹੇ ਪਹਿਲਾਂ ਗਲੀਲ ਦੀ ਝੀਲ ਵਿਖੇ ਇਕ ਬੇੜੀ ਤੋਂ ਦੱਸੇ ਸਨ। ਲੂਕਾ 13:​1-21; ਉਪਦੇਸ਼ਕ ਦੀ ਪੋਥੀ 9:11; ਮੱਤੀ 13:​31-33.

▪ ਇੱਥੇ ਕਿਹੜੀਆਂ ਦੁਰਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਯਿਸੂ ਉਨ੍ਹਾਂ ਤੋਂ ਕੀ ਸਬਕ ਸਿਖਾਉਂਦਾ ਹੈ?

▪ ਹੰਜੀਰ ਦੇ ਨਿਸਫਲ ਦਰਖ਼ਤ, ਨਾਲ ਹੀ ਇਸ ਨੂੰ ਉਪਜਾਉ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਸੰਬੰਧ ਵਿਚ ਗੱਲਾਂ ਕਿਸ ਤਰ੍ਹਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ?

▪ ਪਰਧਾਨ ਅਫ਼ਸਰ ਕਿਸ ਤਰ੍ਹਾਂ ਯਿਸੂ ਦੀ ਚੰਗਾ ਕਰਨ ਦੀ ਕਾਬਲੀਅਤ ਨੂੰ ਸਵੀਕਾਰ ਕਰਦਾ ਹੈ, ਫਿਰ ਵੀ ਯਿਸੂ ਕਿਸ ਤਰ੍ਹਾਂ ਉਸ ਆਦਮੀ ਦੇ ਪਖੰਡ ਦਾ ਭੇਤ ਖੋਲ੍ਹਦਾ ਹੈ?