Skip to content

Skip to table of contents

ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀ

ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀ

ਅਧਿਆਇ 86

ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀ

ਯਿਸੂ ਨੇ ਫ਼ਰੀਸੀਆਂ ਨੂੰ ਇਕ ਗੁਆਚੀ ਹੋਈ ਭੇਡ ਅਤੇ ਇਕ ਗੁਆਚੇ ਹੋਏ ਦਰਾਖਮਾ ਸਿੱਕੇ ਦੇ ਮੁੜ ਪ੍ਰਾਪਤ ਹੋਣ ਦੇ ਬਾਰੇ ਦ੍ਰਿਸ਼ਟਾਂਤ ਦੱਸਣਾ ਹੁਣੇ ਹੀ ਸਮਾਪਤ ਕੀਤਾ ਹੈ ਕਿ ਉਹ ਹੁਣ ਇਕ ਹੋਰ ਦ੍ਰਿਸ਼ਟਾਂਤ ਸੁਣਾਉਂਦਾ ਹੈ। ਇਹ ਇਕ ਪ੍ਰੇਮਪੂਰਣ ਪਿਤਾ ਅਤੇ ਉਸ ਦੇ ਦੋ ਪੁੱਤਰਾਂ ਨਾਲ ਉਸ ਦੇ ਵਰਤਾਉ ਬਾਰੇ ਹੈ, ਜਿਨ੍ਹਾਂ ਵਿਚ ਗੰਭੀਰ ਕਮੀਆਂ ਹਨ।

ਪਹਿਲਾਂ ਤਾਂ ਛੋਟਾ ਪੁੱਤਰ ਹੈ, ਜਿਹੜਾ ਇਸ ਦ੍ਰਿਸ਼ਟਾਂਤ ਦਾ ਮੁੱਖ ਪਾਤਰ ਹੈ। ਉਹ ਆਪਣੀ ਵਿਰਾਸਤ ਇਕੱਠੀ ਕਰਦਾ ਹੈ, ਜਿਹੜੀ ਕਿ ਉਸ ਦਾ ਪਿਤਾ ਉਸ ਨੂੰ ਬੇਝਿਜਕ ਦੇ ਦਿੰਦਾ ਹੈ। ਫਿਰ ਉਹ ਘਰ ਛੱਡ ਕੇ ਇਕ ਬਹੁਤ ਹੀ ਅਨੈਤਿਕ ਜੀਵਨ-ਢੰਗ ਵਿਚ ਪੈ ਜਾਂਦਾ ਹੈ। ਪਰੰਤੂ ਜਿਉਂ-ਜਿਉਂ ਯਿਸੂ ਕਹਾਣੀ ਸੁਣਾਉਂਦਾ ਹੈ ਸੁਣੋ, ਅਤੇ ਦੇਖੋ ਕਿ ਤੁਸੀਂ ਪਤਾ ਲਗਾ ਸਕਦੇ ਹੋ ਜਾਂ ਨਹੀਂ ਕਿ ਇਹ ਪਾਤਰ ਕਿਨ੍ਹਾਂ ਨੂੰ ਦਰ­ਸਾਉਂਦੇ ਹਨ।

ਯਿਸੂ ਸ਼ੁਰੂ ਕਰਦਾ ਹੈ: “ਇੱਕ ਮਨੁੱਖ ਦੇ ਦੋ ਪੁੱਤ੍ਰ ਸਨ। ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ [ਪਿਤਾ] ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ।” ਇਸ ਛੋਟੇ ਪੁੱਤਰ ਨੇ ਮਿਲੇ ਮਾਲ ਨਾਲ ਕੀ ਕੀਤਾ?

ਯਿਸੂ ਸਮਝਾਉਂਦਾ ਹੈ: “ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ।” ਅਸਲ ਵਿਚ, ਉਹ ਆਪਣਾ ਪੈਸਾ ਕੰਜਰੀਆਂ ਨਾਲ ਰਹਿ ਕੇ ਖ਼ਰਚ ਕਰ ਦਿੰਦਾ ਹੈ। ਉਸ ਤੋਂ ਬਾਅਦ ਤੰਗੀ ਦਾ ਸਮਾਂ ਆਉਂਦਾ ਹੈ, ਜਿਵੇਂ ਕਿ ਯਿਸੂ ਅੱਗੇ ਦੱਸਦਾ ਹੈ:

“ਜਾਂ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ। ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ।”

ਸੂਰ ਚਰਾਉਣ ਦੇ ਕੰਮ ਲਈ ਮਜਬੂਰ ਹੋਣਾ ਕਿੰਨਾ ਹੀ ਅਪਮਾਨਜਨਕ ਹੈ, ਕਿਉਂਕਿ ਬਿਵਸਥਾ ਅਨੁਸਾਰ ਇਹ ਜਾਨਵਰ ਅਸ਼ੁੱਧ ਸਨ! ਪਰੰਤੂ ਇਸ ਪੁੱਤਰ ਨੂੰ ਜਿਸ ਚੀਜ਼ ਤੋਂ ਸਭ ਤੋਂ ਜ਼ਿਆਦਾ ਦੁੱਖ ਲੱਗਿਆ ਉਹ ਸੀ ਸਤਾਉਣ ਵਾਲੀ ਭੁੱਖ ਜਿਸ ਦੇ ਕਾਰਨ ਉਸ ਨੇ ਸੂਰਾਂ ਵਾਲਾ ਭੋਜਨ ਖਾਣ ਦੀ ਵੀ ਇੱਛਾ ਕੀਤੀ। ਆਪਣੇ ਭਿਆਨਕ ਸੰਕਟ ਦੇ ਕਾਰਨ, ਯਿਸੂ ਨੇ ਕਿਹਾ, ‘ਉਹ ਸੁਰਤ ਵਿੱਚ ਆਇਆ।’

ਆਪਣੀ ਕਹਾਣੀ ਨੂੰ ਜਾਰੀ ਰੱਖਦੇ ਹੋਏ, ਯਿਸੂ ਸਮਝਾਉਂਦਾ ਹੈ: ‘ਉਹ ਨੇ [ਆਪਣੇ ਆਪ ਨੂੰ] ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ।’

ਇੱਥੇ ਕੁਝ ਵਿਚਾਰਨ ਯੋਗ ਹੈ: ਜੇਕਰ ਉਸ ਦਾ ਪਿਤਾ ਉਸ ਦੇ ਖਿਲਾਫ਼ ਹੋ ਕੇ ਉਸ ਉੱਤੇ ਗੁੱਸੇ ਨਾਲ ਚਿਲਾਇਆ ਹੁੰਦਾ ਜਦੋਂ ਉਸ ਨੇ ਘਰ ਛੱਡਿਆ ਸੀ, ਤਾਂ ਸ਼ਾਇਦ ਪੁੱਤਰ ਇਸ ਮਾਮਲੇ ਵਿਚ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਕ ਮਨ ਨਹੀਂ ਹੁੰਦਾ। ਉਹ ਸ਼ਾਇਦ ਫ਼ੈਸਲਾ ਕਰਦਾ ਕਿ ਉਹ ਵਾਪਸ ਜਾ ਕੇ ਆਪਣੇ ਦੇਸ਼ ਵਿਚ ਕਿਸੇ ਹੋਰ ਥਾਂ ਕੰਮ ਲੱਭਣ ਦੀ ਕੋਸ਼ਿਸ਼ ਕਰੇਗਾ ਤਾਂਕਿ ਆਪਣੇ ਪਿਤਾ ਦਾ ਸਾਮ੍ਹਣਾ ਨਾ ਕਰਨਾ ਪਵੇ। ਪਰੰਤੂ, ਇਸ ਤਰ੍ਹਾਂ ਦਾ ਕੋਈ ਵੀ ਵਿਚਾਰ ਉਸ ਦੇ ਮਨ ਵਿਚ ਨਹੀਂ ਸੀ। ਘਰ ਹੀ ਸੀ ਜਿੱਥੇ ਉਹ ਹੋਣਾ ਚਾਹੁੰਦਾ ਸੀ!

ਸਪੱਸ਼ਟ ਤੌਰ ਤੇ, ਯਿਸੂ ਦੇ ਦ੍ਰਿਸ਼ਟਾਂਤ ਵਿਚ ਉਹ ਪਿਤਾ ਸਾਡੇ ਪ੍ਰੇਮਪੂਰਣ, ਦਿਆਲੂ ਸਵਰਗੀ ਪਿਤਾ, ਯਹੋਵਾਹ ਪਰਮੇਸ਼ੁਰ ਨੂੰ ਦਰਸਾਉਂਦਾ ਹੈ। ਅਤੇ ਸ਼ਾਇਦ ਤੁਸੀਂ ਇਹ ਵੀ ਪਛਾਣ ਲਿਆ ਹੋਣਾ ਹੈ ਕਿ ਗੁਆਚਿਆ, ਜਾਂ ਉਜਾੜੂ, ਪੁੱਤਰ ਗਿਆਤ ਪਾਪੀਆਂ ਨੂੰ ਦਰਸਾਉਂਦਾ ਹੈ। ਫ਼ਰੀਸੀਆਂ ਨੇ, ਜਿਨ੍ਹਾਂ ਦੇ ਨਾਲ ਯਿਸੂ ਗੱਲ ਕਰ ਰਿਹਾ ਹੈ, ਪਹਿਲਾਂ ਹੀ ਯਿਸੂ ਦਾ ਅਜਿਹਿਆਂ ਵਿਅਕਤੀਆਂ ਦੇ ਨਾਲ ਖਾਣਾ ਖਾਣ ਦੇ ਲਈ ਆਲੋਚਨਾ ਕੀਤੀ ਸੀ। ਪਰੰਤੂ ਵੱਡਾ ਪੁੱਤਰ ਕਿਸ ਨੂੰ ਦਰਸਾਉਂਦਾ ਹੈ?

ਜਦੋਂ ਗੁਆਚਿਆ ਪੁੱਤਰ ਲੱਭ ਜਾਂਦਾ ਹੈ

ਯਿਸੂ ਦੇ ਦ੍ਰਿਸ਼ਟਾਂਤ ਵਿਚ ਜਦੋਂ ਗੁਆਚਿਆ, ਜਾਂ ਉਜਾੜੂ, ਪੁੱਤਰ ਆਪਣੇ ਪਿਤਾ ਦੇ ਘਰ ਮੁੜਦਾ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਦਾ ਸੁਆਗਤ ਮਿਲਦਾ ਹੈ? ਸੁਣੋ ਜਿਉਂ-ਜਿਉਂ ਯਿਸੂ ਇਸ ਦੀ ਵਿਆਖਿਆ ਕਰਦਾ ਹੈ:

“ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ।” ਕਿੰਨਾ ਹੀ ਦਿਆਲੂ, ਨਿੱਘਾ ਪਿਤਾ, ਜੋ ਠੀਕ ਸਾਡੇ ਸਵਰਗੀ ਪਿਤਾ, ਯਹੋਵਾਹ ਨੂੰ ਦਰਸਾਉਂਦਾ ਹੈ!

ਸੰਭਵ ਹੈ ਕਿ ਪਿਤਾ ਨੇ ਆਪਣੇ ਪੁੱਤਰ ਦੇ ਬਦਚਲਣ ਜੀਵਨ ਬਾਰੇ ਸੁਣਿਆ ਹੈ। ਫਿਰ ਵੀ, ਉਹ ਬਿਨਾਂ ਕਿਸੇ ਲੰਬੀ-ਚੌੜੀ ਵਿਆਖਿਆ ਮੰਗੇ ਉਸ ਦਾ ਸੁਆਗਤ ਕਰਦਾ ਹੈ। ਯਿਸੂ ਵੀ ਅਜਿਹੀ ਸੁਆਗਤ ਕਰਨ ਵਾਲੀ ਆਤਮਾ ਰੱਖਦਾ ਹੈ। ਉਹ ਪਾਪੀਆਂ ਅਤੇ ਮਸੂਲੀਆਂ ਕੋਲ ਜਾਣ ਵਿਚ ਪਹਿਲ ਕਰਦਾ ਹੈ ਜਿਨ੍ਹਾਂ ਨੂੰ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਦੁਆਰਾ ਦਰਸਾਇਆ ਗਿਆ ਹੈ।

ਇਹ ਸੱਚ ਹੈ ਕਿ ਘਰ ਵਾਪਸ ਮੁੜ ਰਹੇ ਆਪਣੇ ਪੁੱਤਰ ਦੇ ਦੁਖੀ, ਉਦਾਸ ਚਿਹਰੇ ਨੂੰ ਦੇਖ ਕੇ ਯਿਸੂ ਦੇ ਦ੍ਰਿਸ਼ਟਾਂਤ ਦੇ ਸੂਝਵਾਨ ਪਿਤਾ ਨੂੰ ਉਸ ਦੀ ਤੋਬਾ ਦੇ ਬਾਰੇ ਕੁਝ ਤਾਂ ਅੰਦਾਜ਼ਾ ਹੈ। ਪਰੰਤੂ ਪਿਤਾ ਦੀ ਪ੍ਰੇਮਪੂਰਣ ਪਹਿਲ-ਕਦਮੀ ਪੁੱਤਰ ਲਈ ਆਪਣੇ ਪਾਪਾਂ ਨੂੰ ਸਵੀਕਾਰ ਕਰਨਾ ਆਸਾਨ ਬਣਾ ਦਿੰਦੀ ਹੈ, ਜਿਵੇਂ ਯਿਸੂ ਦੱਸਦਾ ਹੈ: “ਫਿਰ ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਸਦਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣਿਆਂ ਨੌਕਰਾਂ ਵਿੱਚੋਂ ਇਕ ਜਿਹਾ ਬਣਾ ਲਓ।’”​—⁠ਨਿ ਵ.

ਫਿਰ ਵੀ, ਇਹ ਸ਼ਬਦ ਅਜੇ ਪੁੱਤਰ ਦੇ ਬੁਲ੍ਹਾਂ ਵਿੱਚੋਂ ਨਿਕਲੇ ਹੀ ਹਨ ਕਿ ਪਿਤਾ ਕਦਮ ਚੁੱਕਦੇ ਹੋਏ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਹੈ: “ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ। ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ।” ਫਿਰ ਉਨ੍ਹਾਂ ਨੇ ‘ਖੁਸ਼ੀ ਕਰਨੀ’ ਸ਼ੁਰੂ ਕੀਤੀ।

ਇਸ ਸਮੇਂ ਦੇ ਦੌਰਾਨ, ਪਿਤਾ ਦਾ “ਵੱਡਾ ਪੁੱਤ੍ਰ ਖੇਤ ਵਿੱਚ ਸੀ।” ਬਾਕੀ ਕਹਾਣੀ ਸੁਣਦੇ ਹੋਏ ਦੇਖੋ ਜੇਕਰ ਤੁਸੀਂ ਉਸ ਦੀ ਪਛਾਣ ਕਰ ਸਕਦੇ ਹੋ ਜਾਂ ਨਹੀਂ ਕਿ ਉਹ ਕਿਸ ਨੂੰ ਦਰਸਾਉਂਦਾ ਹੈ। ਯਿਸੂ ਵੱਡੇ ਪੁੱਤਰ ਬਾਰੇ ਕਹਿੰਦਾ ਹੈ: “ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ। ਪਰ ਓਨ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।”

ਵੱਡੇ ਪੁੱਤਰ ਵਾਂਗ ਕੌਣ ਦਇਆ ਅਤੇ ਧਿਆਨ ਪਾਉਣ ਵਾਲੇ ਪਾਪੀਆਂ ਦੀ ਆਲੋਚਨਾ ਕਰਦੇ ਰਹੇ ਹਨ? ਕੀ ਇਹ ਗ੍ਰੰਥੀ ਅਤੇ ਫ਼ਰੀਸੀ ਨਹੀਂ? ਕਿਉਂ ਜੋ ਉਨ੍ਹਾਂ ਵੱਲੋਂ ਯਿਸੂ ਦੀ ਆਲੋਚਨਾ ਨੇ ਇਸ ਦ੍ਰਿਸ਼ਟਾਂਤ ਨੂੰ ਪ੍ਰੇਰਿਤ ਕੀਤਾ ਹੈ ਕਿਉਂਕਿ ਉਹ ਪਾਪੀਆਂ ਦਾ ਸੁਆਗਤ ਕਰਦਾ ਹੈ, ਸਪੱਸ਼ਟ ਤੌਰ ਤੇ ਉਹ ਹੀ ਇਸ ਵੱਡੇ ਪੁੱਤਰ ਦੁਆਰਾ ਦਰਸਾਏ ਗਏ ਹੋਣਗੇ।

ਯਿਸੂ ਆਪਣੀ ਕਹਾਣੀ ਪਿਤਾ ਦੀ ਆਪਣੇ ਵੱਡੇ ਪੁੱਤਰ ਦੇ ਪ੍ਰਤੀ ਬੇਨਤੀ ਨਾਲ ਸਮਾਪਤ ਕਰਦਾ ਹੈ: “ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ। ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।”

ਇਸ ਤਰ੍ਹਾਂ ਯਿਸੂ ਅਨਿਸ਼ਚਿਤ ਛੱਡ ਦਿੰਦਾ ਹੈ ਕਿ ਵੱਡਾ ਪੁੱਤਰ ਆਖ਼ਰਕਾਰ ਕੀ ਕਰਦਾ ਹੈ। ਬਾਅਦ ਵਿਚ, ਦਰਅਸਲ ਯਿਸੂ ਦੀ ਮੌਤ ਅਤੇ ਪੁਨਰ-ਉਥਾਨ ਤੋਂ ਮਗਰੋਂ, “ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ,” ਸੰਭਵ ਹੈ ਕਿ ਇਸ ‘ਵੱਡੇ ਪੁੱਤ੍ਰ’ ਵਰਗ ਵਿੱਚੋਂ ਵੀ ਕਈ ਉਨ੍ਹਾਂ ਵਿਚ ਸ਼ਾਮਲ ਸਨ ਜਿਨ੍ਹਾਂ ਨਾਲ ਯਿਸੂ ਇੱਥੇ ਗੱਲ ਕਰ ਰਿਹਾ ਹੈ।

ਪਰ ਇਨ੍ਹਾਂ ਆਧੁਨਿਕ ਸਮਿਆਂ ਵਿਚ ਦੋਨਾਂ ਪੁੱਤਰਾਂ ਦੁਆਰਾ ਕੌਣ ਦਰਸਾਏ ਜਾਂਦੇ ਹਨ? ਇਹ ਜ਼ਰੂਰ ਉਹ ਹੋਣਗੇ ਜਿਹੜੇ ਯਹੋਵਾਹ ਦਿਆਂ ਉਦੇਸ਼ਾਂ ਦੇ ਬਾਰੇ ਕਾਫ਼ੀ ਕੁਝ ਜਾਣਦੇ ਹਨ ਅਤੇ ਇਸ ਆਧਾਰ ਉੱਤੇ ਉਹ ਉਸ ਨਾਲ ਇਕ ਰਿਸ਼ਤਾ ਬਣਾ ਲੈਂਦੇ ਹਨ। ਵੱਡਾ ਪੁੱਤਰ “ਛੋਟੇ ਝੁੰਡ” ਜਾਂ ‘ਪਲੋਠਿਆਂ ਦੀ ਕਲੀਸਿਯਾ ਜਿਨ੍ਹਾਂ ਦੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ’ ਦੇ ਕੁਝ ਸਦੱਸਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵੱਡੇ ਪੁੱਤਰ ਵਰਗੇ ਸੁਭਾਉ ਨੂੰ ਅਪਣਾਇਆ। ਉਨ੍ਹਾਂ ਵਿਚ ਪਾਰਥਿਵ ਵਰਗ, ਅਰਥਾਤ ‘ਹੋਰ ਭੇਡਾਂ’ ਦਾ ਸੁਆਗਤ ਕਰਨ ਦੀ ਕੋਈ ਇੱਛਾ ਨਹੀਂ ਸੀ, ਜਿਨ੍ਹਾਂ ਬਾਰੇ ਉਹ ਮਹਿਸੂਸ ਕਰਦੇ ਸਨ ਕਿ ਇਹ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਰਹੇ ਹਨ।

ਦੂਜੇ ਪਾਸੇ, ਉਜਾੜੂ ਪੁੱਤਰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਉਨ੍ਹਾਂ ਨੂੰ ਦਰਸਾਉਂਦੇ ਹਨ ਜਿਹੜੇ ਸੰਸਾਰ ਦਾ ਆਨੰਦ ਲੈਣ ਲਈ ਨਿਕਲ ਜਾਂਦੇ ਹਨ। ਪਰੰਤੂ, ਅੰਤ ਵਿਚ ਇਹ ਤੋਬਾ ਕਰਦੇ ਹੋਏ ਵਾਪਸ ਮੁੜਦੇ ਹਨ ਅਤੇ ਫਿਰ ਤੋਂ ਪਰਮੇਸ਼ੁਰ ਦੇ ਸਰਗਰਮ ਸੇਵਕ ਬਣ ਜਾਂਦੇ ਹਨ। ਸੱਚ-ਮੁੱਚ ਹੀ, ਪਿਤਾ ਉਨ੍ਹਾਂ ਦੇ ਪ੍ਰਤੀ ਕਿੰਨਾ ਪ੍ਰੇਮਪੂਰਣ ਅਤੇ ਦਿਆਲੂ ਹੈ ਜਿਹੜੇ ਮਾਫ਼ੀ ਦੀ ਆਪਣੀ ਜ਼ਰੂਰਤ ਨੂੰ ਪਛਾਣ ਕੇ ਉਸ ਵੱਲ ਵਾਪਸ ਮੁੜ ਆਉਂਦੇ ਹਨ! ਲੂਕਾ 15:​11-32; ਲੇਵੀਆਂ 11:​7, 8; ਰਸੂਲਾਂ ਦੇ ਕਰਤੱਬ 6:7; ਲੂਕਾ 12:32; ਇਬਰਾਨੀਆਂ 12:23; ਯੂਹੰਨਾ 10:⁠16.

▪ ਯਿਸੂ ਕਿਨ੍ਹਾਂ ਨੂੰ ਇਹ ਦ੍ਰਿਸ਼ਟਾਂਤ, ਜਾਂ ਕਹਾਣੀ ਸੁਣਾਉਂਦਾ ਹੈ, ਅਤੇ ਕਿਉਂ?

▪ ਕਹਾਣੀ ਦਾ ਮੁੱਖ ਪਾਤਰ ਕੌਣ ਹੈ, ਅਤੇ ਉਸ ਦੇ ਨਾਲ ਕੀ ਹੁੰਦਾ ਹੈ?

▪ ਯਿਸੂ ਦੇ ਦਿਨਾਂ ਦਾ ਪਿਤਾ ਅਤੇ ਛੋਟਾ ਪੁੱਤਰ ਕਿਨ੍ਹਾਂ ਨੂੰ ਦਰਸਾਉਂਦੇ ਹਨ?

▪ ਯਿਸੂ ਕਿਸ ਤਰ੍ਹਾਂ ਆਪਣੇ ਦ੍ਰਿਸ਼ਟਾਂਤ ਦੇ ਦਿਆਲੂ ਪਿਤਾ ਦੇ ਉਦਾਹਰਣ ਦਾ ਅਨੁਕਰਣ ਕਰਦਾ ਹੈ?

▪ ਆਪਣੇ ਭਰਾ ਦੇ ਸੁਆਗਤ ਦੇ ਪ੍ਰਤੀ ਵੱਡੇ ਪੁਤਰ ਦਾ ਕੀ ਨਜ਼ਰੀਆ ਹੈ, ਅਤੇ ਕਿਸ ਤਰ੍ਹਾਂ ਫ਼ਰੀਸੀ ਵੱਡੇ ਪੁੱਤਰ ਵਾਂਗ ਵਰਤਾਉ ਕਰਦੇ ਹਨ?

▪ ਸਾਡੇ ਦਿਨਾਂ ਵਿਚ ਯਿਸੂ ਦਾ ਦ੍ਰਿਸ਼ਟਾਂਤ ਕਿਸ ਤਰ੍ਹਾਂ ਲਾਗੂ ਹੁੰਦਾ ਹੈ?