Skip to content

Skip to table of contents

ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ

ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ

ਅਧਿਆਇ 70

ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ

ਜਦੋਂ ਯਹੂਦੀ ਲੋਕ ਯਿਸੂ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਯਰੂਸ਼ਲਮ ਛੱਡ ਕੇ ਚਲਾ ਨਹੀਂ ਜਾਂਦਾ ਹੈ। ਬਾਅਦ ਵਿਚ, ਸਬਤ ਦੇ ਦਿਨ ਤੇ, ਉਹ ਅਤੇ ਉਸ ਦੇ ਚੇਲੇ ਨਗਰ ਵਿਚ ਜਾ ਰਹੇ ਹੁੰਦੇ ਹਨ ਜਦੋਂ ਉਹ ਇਕ ਆਦਮੀ ਨੂੰ ਦੇਖਦੇ ਹਨ ਜਿਹੜਾ ਜਨਮ ਤੋਂ ਅੰਨ੍ਹਾ ਹੈ। ਚੇਲੇ ਯਿਸੂ ਨੂੰ ਪੁੱਛਦੇ ਹਨ: “ਸੁਆਮੀ ਜੀ ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ ਜੋ ਇਹ ਅੰਨ੍ਹਾਂ ਜੰਮਿਆ ਹੈ?”

ਸ਼ਾਇਦ ਚੇਲੇ, ਕੁਝ ਰੱਬੀਆਂ ਵਾਂਗ, ਵਿਸ਼ਵਾਸ ਕਰਦੇ ਹਨ ਕਿ ਇਕ ਵਿਅਕਤੀ ਆਪਣੀ ਮਾਂ ਦੀ ਕੁੱਖ ਵਿਚ ਪਾਪ ਕਰ ਸਕਦਾ ਹੈ। ਪਰੰਤੂ ਯਿਸੂ ਜਵਾਬ ਦਿੰਦਾ ਹੈ: “ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹ ਦੇ ਮਾਪਿਆਂ ਨੇ ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ।” ਉਸ ਆਦਮੀ ਦਾ ਅੰਨ੍ਹਾਪਨ ਉਸ ਦੇ ਦੁਆਰਾ ਜਾਂ ਉਸ ਦੇ ਮਾਪਿਆਂ ਦੁਆਰਾ ਕੀਤੀ ਗਈ ਕਿਸੇ ਇਕ ਖ਼ਾਸ ਗ਼ਲਤੀ ਜਾਂ ਪਾਪ ਦਾ ਨਤੀਜਾ ਨਹੀਂ ਹੈ। ਪਹਿਲੇ ਆਦਮੀ ਆਦਮ ਦੇ ਪਾਪ ਦੇ ਨਤੀਜੇ ਵਜੋਂ ਸਾਰੇ ਮਾਨਵ ਅਪੂਰਣ ਹਨ, ਅਤੇ ਇਸ ਤਰ੍ਹਾਂ ਅੰਨ੍ਹੇ ਪੈਦਾ ਹੋਣ ਵਰਗੀਆਂ ਖਾਮੀਆਂ ਦੇ ਪ੍ਰਭਾਵ ਅਧੀਨ ਹਨ। ਹੁਣ ਆਦਮੀ ਦੇ ਵਿਚ ਇਹ ਖਾਮੀ ਯਿਸੂ ਨੂੰ ਪਰਮੇਸ਼ੁਰ ਦੇ ਕੰਮਾਂ ਨੂੰ ਪ੍ਰਗਟ ਕਰਨ ਲਈ ਇਕ ਮੌਕਾ ਪ੍ਰਸਤੁਤ ਕਰਦੀ ਹੈ।

ਯਿਸੂ ਇਨ੍ਹਾਂ ਕੰਮਾਂ ਨੂੰ ਕਰਨ ਦੀ ਅਤਿ-ਆਵੱਸ਼ਕਤਾ ਉੱਤੇ ਜ਼ੋਰ ਦਿੰਦਾ ਹੈ। “ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹ ਦੇ ਕੰਮ ਕਰੀਏ ਜਿਨ੍ਹ ਮੈਨੂੰ ਘੱਲਿਆ,” ਉਹ ਕਹਿੰਦਾ ਹੈ। “ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਨਹੀਂ ਕੰਮ ਕਰ ਸੱਕਦਾ। ਜਦ ਤੀਕੁ ਮੈਂ ਜਗਤ ਵਿੱਚ ਹਾਂ ਮੈਂ ਜਗਤ ਦਾ ਚਾਨਣ ਹਾਂ।” ਜਲਦੀ ਹੀ ਯਿਸੂ ਦੀ ਮੌਤ ਉਸ ਨੂੰ ਕਬਰ ਦੇ ਅੰਧਕਾਰ ਵਿਚ ਸੁੱਟ ਦੇਵੇਗੀ ਜਿੱਥੇ ਉਹ ਹੋਰ ਕੋਈ ਕੰਮ ਨਹੀਂ ਕਰ ਸਕੇਗਾ। ਇਸ ਸਮੇਂ ਦੇ ਦੌਰਾਨ, ਉਹ ਜਗਤ ਦੇ ਲਈ ਚਾਨਣ ਦਾ ਇਕ ਸ੍ਰੋਤ ਹੈ।

ਇਹ ਗੱਲਾਂ ਕਹਿਣ ਦੇ ਬਾਅਦ, ਯਿਸੂ ਧਰਤੀ ਉੱਤੇ ਥੁੱਕਦਾ ਹੈ ਅਤੇ ਥੁੱਕ ਨਾਲ ਥੋੜ੍ਹੀ ਚਿਕਣੀ ਮਿੱਟੀ ਬਣਾਉਂਦਾ ਹੈ। ਉਹ ਇਸ ਨੂੰ ਅੰਨ੍ਹੇ ਦੀਆਂ ਅੱਖਾਂ ਉੱਤੇ ਲਗਾ ਕੇ ਕਹਿੰਦਾ ਹੈ: “ਜਾਹ ਸਿਲੋਆਮ ਦੇ ਕੁੰਡ ਵਿੱਚ . . . ਧੋ ਸੁੱਟ।” ਆਦਮੀ ਆਗਿਆ ਮੰਨਦਾ ਹੈ। ਅਤੇ ਜਦੋਂ ਉਹ ਇੰਜ ਕਰਦਾ ਹੈ, ਤਾਂ ਉਹ ਦੇਖ ਸਕਦਾ ਹੈ! ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰੀ ਦੇਖਣ ਤੇ, ਉਹ ਵਾਪਸ ਆ ਕੇ ਕਿੰਨਾ ਖ਼ੁਸ਼ ਹੁੰਦਾ ਹੈ!

ਗੁਆਂਢੀ ਅਤੇ ਹੋਰ ਜਿਹੜੇ ਉਸ ਨੂੰ ਜਾਣਦੇ ਹਨ ਹੈਰਾਨ ਹੋਏ। “ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ?” ਉਹ ਪੁੱਛਦੇ ਹਨ। “ਇਹ ਉਹੋ ਹੈ,” ਕਈ ਜਵਾਬ ਦਿੰਦੇ ਹਨ। ਪਰੰਤੂ ਦੂਜੇ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆਉਂਦਾ ਹੈ: “ਨਹੀਂ ਪਰ ਉਸ ਵਰਗਾ ਹੈ।” ਪਰ ਉਹ ਆਦਮੀ ਕਹਿੰਦਾ ਹੈ: “ਮੈਂ ਉਹੋ ਹਾਂ।”

“ਫੇਰ ਤੇਰੀਆਂ ਅੱਖਾਂ ਕਿਸ ਤਰਾਂ ਖੁਲ੍ਹ ਗਈਆਂ?” ਲੋਕੀ ਜਾਣਨਾ ਚਾਹੁੰਦੇ ਹਨ।

“ਉਸ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ!”

“ਉਹ ਕਿੱਥੇ ਹੈ?” ਉਹ ਪੁੱਛਦੇ ਹਨ।

“ਮੈਂ ਨਹੀਂ ਜਾਣਦਾ,” ਉਹ ਜਵਾਬ ਦਿੰਦਾ ਹੈ।

ਹੁਣ ਲੋਕੀ ਇਕ ਸਮੇਂ ਦੇ ਉਸ ਅੰਨ੍ਹੇ ਨੂੰ ਆਪਣੇ ਧਾਰਮਿਕ ਆਗੂਆਂ, ਫ਼ਰੀਸੀਆਂ, ਕੋਲ ਲੈ ਜਾਂਦੇ ਹਨ। ਉਹ ਵੀ ਉਸ ਨੂੰ ਪੁੱਛਣ ਲੱਗਦੇ ਹਨ ਕਿ ਉਹ ਕਿਸ ਤਰ੍ਹਾਂ ਸੁਜਾਖਾ ਹੋਇਆ ਹੈ। “ਓਨ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਰ ਹੁਣ ਵੇਖਦਾ ਹਾਂ,” ਆਦਮੀ ਸਮਝਾਉਂਦਾ ਹੈ।

ਯਕੀਨਨ, ਫ਼ਰੀਸੀਆਂ ਨੂੰ ਚੰਗਾ ਹੋਏ ਭਿਖਾਰੀ ਦੇ ਨਾਲ ਖ਼ੁਸ਼ ਹੋਣਾ ਚਾਹੀਦਾ ਹੈ! ਪਰੰਤੂ ਇਸ ਦੀ ਬਜਾਇ, ਉਹ ਯਿਸੂ ਦੀ ਨਿੰਦਿਆ ਕਰਦੇ ਹਨ। “ਇਹ ਮਨੁੱਖ ਪਰਮੇਸ਼ੁਰ ਦੀ ਵੱਲੋਂ ਨਹੀਂ,” ਉਹ ਦਾਅਵਾ ਕਰਦੇ ਹਨ। ਉਹ ਇੰਜ ਕਿਉਂ ਕਹਿੰਦੇ ਹਨ? ਕਿਉਂਕਿ ਉਹ “ਸਬਤ ਦੇ ਦਿਨ ਨੂੰ ਨਹੀਂ ਮੰਨਦਾ।” ਅਤੇ ਫਿਰ ਵੀ ਦੂਜੇ ਫ਼ਰੀਸੀ ਅਚੰਭਾ ਕਰਦੇ ਹਨ: “ਪਾਪੀ ਮਨੁੱਖ ਏਹੋ ਜੇਹੇ ਨਿਸ਼ਾਨ ਕਿੱਕੁਰ ਵਿਖਾਲ ਸੱਕਦਾ ਹੈ?” ਇਸ ਲਈ ਉਨ੍ਹਾਂ ਵਿਚ ਫੁੱਟ ਪੈ ਜਾਂਦੀ ਹੈ।

ਇਸ ਲਈ, ਉਹ ਆਦਮੀ ਨੂੰ ਪੁੱਛਦੇ ਹਨ: “ਉਹ ਨੇ ਜੋ ਤੇਰੀਆਂ ਅੱਖਾਂ ਖੋਲ੍ਹੀਆਂ ਤੂੰ ਉਹ ਦੇ ਵਿਖੇ ਕੀ ਕਹਿੰਦਾ ਹੈਂ?”

“ਉਹ ਨਬੀ ਹੈ,” ਉਹ ਜਵਾਬ ਦਿੰਦਾ ਹੈ।

ਫ਼ਰੀਸੀ ਇਹ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ। ਉਹ ਯਕੀਨ ਕਰਦੇ ਹਨ ਕਿ ਲੋਕਾਂ ਨੂੰ ਮੂਰਖ ਬਣਾਉਣ ਲਈ ਯਿਸੂ ਅਤੇ ਇਸ ਆਦਮੀ ਦਰਮਿਆਨ ਜ਼ਰੂਰ ਕੋਈ ਗੁਪਤ ਸਮਝੌਤਾ ਹੋਇਆ ਹੋਵੇਗਾ। ਇਸ ਲਈ ਮਾਮਲਾ ਸੁਲਝਾਉਣ ਲਈ, ਉਹ ਭਿਖਾਰੀ ਦੇ ਮਾਪਿਆਂ ਨੂੰ ਸਵਾਲ ਕਰਨ ਲਈ ਸੱਦਦੇ ਹਨ। ਯੂਹੰਨਾ 8:59; 9:​1-18.

▪ ਆਦਮੀ ਦੇ ਅੰਨ੍ਹੇਪਨ ਲਈ ਕੀ ਜ਼ਿੰਮੇਵਾਰ ਹੈ, ਅਤੇ ਕੀ ਨਹੀਂ ਹੈ?

▪ ਉਹ ਰਾਤ ਕੀ ਹੈ ਜਦੋਂ ਕੋਈ ਆਦਮੀ ਕੰਮ ਨਹੀਂ ਕਰ ਸਕਦਾ ਹੈ?

▪ ਜਦੋਂ ਉਹ ਆਦਮੀ ਚੰਗਾ ਹੋਇਆ, ਤਾਂ ਉਸ ਨੂੰ ਜਾਣਨ ਵਾਲਿਆਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?

▪ ਉਸ ਆਦਮੀ ਦੇ ਚੰਗਾ ਹੋਣ ਤੇ ਫ਼ਰੀਸੀਆਂ ਵਿਚ ਕਿਸ ਤਰ੍ਹਾਂ ਫੁੱਟ ਪੈ ਜਾਂਦੀ ਹੈ?